ਪਾਠ-6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ
ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 1-15 ਸ਼ਬਦਾਂ ਵਿੱਚ ਦਿਓ:-
ਪ੍ਰ.1. ਹੁਕਮਨਾਮੇ ਵਿੱਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
ਉੱਤਰ-ਹੁਕਮਨਾਮਿਆਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਕਿ ਅੱਗੇ ਤੋਂ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਆਗੂ ਹੋਵੇਗਾ । ਉਹ ਮੁਗਲਾਂ ਵਿਰੁੱਧ ਧਰਮ- ਯੁੱਧ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ।
ਪ੍ਰ.2. ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ?
ਉੱਤਰ-ਮੁਗਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ।
ਪ੍ਰ.3. ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ ?
ਉੱਤਰ-ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਉੱਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਤੇ ਬਾਜ਼ਲ ਬੇਗ ਵੀ ਰਹਿੰਦੇ ਸਨ ।
ਪ੍ਰ.4. ਬੰਦਾ ਸਿੰਘ ਬਹਾਦਰ ਵੱਲੋਂ ਭੂਣਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ ?
ਉੱਤਰ-ਕਿਉਂਕਿ ਕੁਝ ਮੁਗਲ ਸੈਨਿਕ ਜ਼ਮੀਨ ਦੇ ਉਗਰਾਹੇ ਹੋਏ ਮਾਮਲੇ ਦੇ ਧਨ ਨਾਲ ਭੂਣਾ ਪਿੰਡ ਠਹਿਰੇ ਹੋਏ ਸਨ। ਆਪਣੀ ਸੈਨਿਕ ਲੋੜ ਨੂੰ ਮੁੱਖ ਰੱਖਦਿਆਂ ਬੰਦਾ ਸਿੰਘ ਬਹਾਦਰ ਨੇ ਭੂਣਾ ‘ਤੇ ਹਮਲਾ ਕੀਤਾ।
ਪ੍ਰ.5. ਬੰਦਾ ਸਿੰਘ ਬਹਾਦਰ ਨੇ ਸਢੌਰਾ ਉੱਤੇ ਕਿਉਂ ਹਮਲਾ ਕੀਤਾ ?
ਉੱਤਰ- ਕਿਉਂਕਿ ਸਢੌਰੇ ਦਾ ਹਾਕਮ ਉਸਮਾਨ ਖਾਂ ਹਿੰਦੂ ਲੋਕਾਂ ‘ਤੇ ਅੱਤਿਆਚਾਰ ਕਰਦਾ ਸੀ ਅਤੇ ਉਸ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਤਲ ਕਰਵਾ ਦਿੱਤਾ ਸੀ ।
ਪ੍ਰ.6. ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹਿੰਦ ਤੇ ਹਮਲੇ ਦੇ ਕੀ ਕਾਰਨ ਸਨ ?
ਉੱਤਰ-ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਬਹੁਤ ਤਸੀਹੇ ਦਿੱਤੇ ਸਨ। ਉਸ ਨੂੰ ਸਬਕ ਸਿਖਾਉਣ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕੀਤਾ।
ਪ੍ਰ.7. ਰਾਹੋਂ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-ਜਲੰਧਰ ਦੁਆਬੇ ਦੇ ਸਿੱਖਾਂ ਨੇ ਮੁਗਲ ਰਾਜ ਨੂੰ ਖ਼ਤਮ ਕਰਨ ਲਈ ਅਤੇ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਇਹ ਲੜਾਈ ਕੀਤੀ।
ਪ੍ਰ.8. ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ? ਇਸ ਦੀ ਬੰਦਾ ਬਹਾਦਰ ਨਾਲ ਕਿਸ ਸਥਾਨ ਤੇ ਲੜਾਈ ਹੋਈ।
ਉੱਤਰ-ਵਜ਼ੀਰ ਖਾਂ ਸਰਹਿੰਦ ਦਾ ਸੂਬੇਦਾਰ ਸੀ। ਉਸ ਦੀ ਬੰਦਾ ਬਹਾਦਰ ਨਾਲ ਚੱਪੜ-ਚਿੜੀ ਦੇ ਸਥਾਨ ‘ਤੇ ਲੜਾਈ ਹੋਈ।
ਪ੍ਰ.9. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ ।
ਉੱਤਰ-19 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ।
ਪ੍ਰ.10. ਕਰੋੜਸਿੰਘੀਆ ਮਿਸਲ ਦਾ ਨਾਂ ਕਿਵੇਂ ਪਿਆ।
ਉੱਤਰ-ਇਸ ਮਿਸਲ ਦੇ ਬਾਨੀ ਕਰੋੜਾ ਸਿੰਘ ਦੇ ਨਾਮ ਤੇ।
ਪ੍ਰ.11. ਸਦਾ ਕੌਰ ਕੌਣ ਸੀ ?
ਉੱਤਰ-ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਅਤੇ ਕਨੱਈਆ ਮਿਸਲ ਦੀ ਨੇਤਾ ਸੀ ।
ਅ) 50-60 ਸ਼ਬਦਾਂ ਵਾਲੇ ਉੱਤਰ-
ਪ੍ਰ.1. ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ ।
ਉੱਤਰ-ਆਪਣੇ ਅੰਤਲੇ ਦਿਨਾਂ ਵਿੱਚ ਜਦੋਂ ਗੁਰੂ ਜੀ ਦੱਖਣ ਵਿੱਚ ਗਏ ਤਾਂ ਉੱਥੇ ਨੰਦੇੜ ਸਾਹਿਬ ਵਿਖੇ ਉਨ੍ਹਾਂ ਦੀ ਮੁਲਾਕਾਤ ਮਾਧੋ ਦਾਸ ਬੈਰਾਗੀ ਨਾਲ ਹੋਈ । ਗੁਰੂ ਜੀ ਨੇ ਉਸ ਨੂੰ ਆਪਣਾ ਸਿੰਘ ਸਜਾ ਕੇ ਉਸ ਨੂੰ ਗੁਰਬਖ਼ਸ਼ ਸਿੰਘ ਦਾ ਨਾਂ ਦਿੱਤਾ । ਪਰ ਮਾਧੋਦਾਸ ‘ਬੰਦਾ ਬਹਾਦਰ’ ਦੇ ਨਾਂ ਨਾਲ ਮਸ਼ਹੂਰ ਹੋਇਆ । ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਕੀਤੇ ਗਏ ਮੁਗਲ ਸਰਕਾਰ ਦੇ ਜ਼ੁਲਮਾਂ ਬਾਰੇ ਸੁਣਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਬੰਦਾ ਸਿੰਘ ਬਹਾਦਰ ਨੇ ਜਦੋਂ ਗੁਰੂ ਜੀ ਦੇ ਪਰਿਵਾਰ ਦੀ ਸ਼ਹੀਦੀ ਬਾਰੇ ਜਾਣਿਆ ਤਾਂ ਉਸ ਦਾ ਖੂਨ ਖੌਲਣ ਲੱਗ ਪਿਆ। ਉਸ ਨੇ ਪੰਜਾਬ ਜਾਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ । ਉਹ ਅੱਤਿਆਚਾਰੀ ਮੁਗਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦੇਣੀ ਚਾਹੁੰਦਾ ਸੀ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਖੰਡਾ ਅਤੇ ਇਕ ਨਗਾਰਾ ਉਸ ਨੂੰ ਆਪਣੀ ਸ਼ਕਤੀ ਦੇ ਚਿੰਨ੍ਹ ਵਜੋਂ ਦਿੱਤਾ । ਉਨ੍ਹਾਂ ਨੇ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਨੂੰ ਵੀ ਉਸਦੇ ਨਾਲ ਪੰਜਾਬ ਜਾਣ ਦਾ ਹੁਕਮ ਦਿੱਤਾ। ਵਿਦਾਈ ਦੇ ਮੌਕੇ ‘ਤੇ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ‘ਹੁਕਮਨਾਮੇ’ ਵੀ ਦਿੱਤੇ। ਉਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਕਿ ਅੱਗੇ ਤੋਂ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਆਗੂ ਹੋਵੇਗਾ ਅਤੇ ਮੁਗਲਾਂ ਵਿਰੁੱਧ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਦਾ ਉਹ ਸਾਥ ਦੇਣ।
ਪ੍ਰ.2.ਬੰਦਾ ਸਿੰਘ ਬਹਾਦਰ ਦੀ ਸਮਾਏ ਦੀ ਜਿੱਤ ‘ਤੇ ਨੋਟ ਲਿਖੋ ।
ਉੱਤਰ-ਭੂਣਾ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣੇ ਵੱਲ ਵਧਿਆ । ਗੁਰੂ ਤੇਗ ਬਹਾਦਰ ਜੀ ਦਾ ਜੱਲਾਦ ਸੱਯਦ ਜਲਾਲਉੱਦੀਨ ਉੱਥੋਂ ਦਾ ਰਹਿਣ ਵਾਲਾ ਸੀ। ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ) ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਤੇ ਬਾਜ਼ਲ ਬੇਗ ਵੀ ਸਮਾਣੇ ਦੇ ਹੀ ਸਨ । 26 ਨਵੰਬਰ 1709 ਈਸਵੀ ਨੂੰ ਸਵੇਰੇ ਹੀ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ ।ਕਈ ਘੰਟਿਆਂ ਤੱਕ ਸ਼ਹਿਰ ਦੀਆਂ ਗਲੀਆਂ ਵਿੱਚ ਲੜਾਈ ਹੁੰਦੀ ਰਹੀ । ਸਿੱਟੇ ਵਜੋਂ ਸਿੱਖਾਂ ਨੇ ਸਮਾਣਾ ਦੇ ਸੁੰਦਰ ਮਹਿਲਾਂ ਨੂੰ ਨਸ਼ਟ ਕਰ ਦਿੱਤਾ ।ਲਗਪਗ ਦੱਸ ਹਜ਼ਾਰ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸੱਯਦ ਜਲਾਲਉੱਦੀਨ, ਸ਼ਾਸ਼ਲ ਬੇਗ ਤੇ ਬਾਜ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ ।ਬੰਦਾ ਸਿੰਘ ਬਹਾਦਰ ਨੂੰ ਜਿੱਤ ਹਾਸਲ ਹੋਈ ।ਉਸ ਨੂੰ ਬਹੁਤ ਸਾਰਾ ਧਨ ਵੀ ਮਿਲਿਆ । ਫਤਿਹ ਸਿੰਘ ਨੂੰ ਸਮਾਣੇ ਦੇ ਇਲਾਕੇ ਦਾ ਹਾਕਮ ਥਾਪ ਦਿੱਤਾ ਗਿਆ।
ਪ੍ਰ.3.ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਤੰਗ ਕੀਤਾ ਸੀ । ਉਸ ਨੇ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਯੁੱਧਾਂ ਵਿੱਚ ਗੁਰੂ ਜੀ ਦੇ ਖ਼ਿਲਾਫ਼ ਫ਼ੌਜ ਭੇਜੀ ਸੀ । ਇੱਥੇ ਹੀ ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ । ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੂੰ ਵਜ਼ੀਰ ਖ਼ਾਨ ਤੇ ਬਹੁਤ ਗੁੱਸਾ ਸੀ।ਜਿਉਂ ਹੀ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਵੱਲ ਵਧਣ ਦੀਆਂ ਖਬਰਾਂ ਪਹੁੰਚੀਆਂ ਤਾਂ ਹਜ਼ਾਰਾਂ ਲੋਕ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ ਇੱਕ ਹਜ਼ਾਰ ਸੈਨਿਕਾਂ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਜਾ ਰਲਿਆ।ਦੂਜੇ ਪਾਸੇ ਵਜ਼ੀਰ ਖਾਂ ਦੀ ਫ਼ੌਜ ਦੀ ਗਿਣਤੀ ਲਗਪਗ ਵੀਹ ਹਜ਼ਾਰ ਸੀ । ਉਸ ਦੀ ਸੈਨਾ ਵਿੱਚ ਘੋੜ ਸਵਾਰਾਂ ਤੋਂ ਬਿਨ੍ਹਾਂ ਬੰਦੂਕਚੀ, ਤੋਪਚੀ ਅਤੇ ਹਾਥੀ ਸਵਾਰ ਵੀ ਸਨ ।ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵੱਲ ਚੱਪੜ-ਚਿੜੀ ਦੇ ਸਥਾਨ ਤੇ 22 ਮਈ 1787 ਈਸਵੀ ਨੂੰ ਦੋਹਾਂ ਫ਼ੌਜਾਂ ਦਾ ਟਾਕਰਾ ਹੋਇਆ । ਛੇਤੀ ਹੀ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਲੁੱਟ-ਮਾਰ ਲਈ ਸਿੱਖਾਂ ਦੀ ਫ਼ੌਜ ਵਿੱਚ ਭਰਤੀ ਹੋਏ ਲੋਕਾਂ ਨੇ ਨੱਸਣਾ ਸ਼ੁਰੂ ਕਰ ਦਿੱਤਾ ।ਸਿੱਖ ਸੈਨਿਕਾਂ ਦੇ ਹੌਸਲੇ ਢਾਹੁਣ ਲਈ ਸੁੱਚਾ ਨੰਦ ਦਾ ਭਤੀਜਾ ਵੀ ਆਪਣੇ ਸੈਨਿਕਾਂ ਨਾਲ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ । ਇਸ ਤੇ ਸੈਨਿਕਾਂ ਦੇ ਹੌਸਲੇ ਵਧਾਉਣ ਲਈ ਬੰਦਾ ਸਿੰਘ ਬਹਾਦਰ ਆਪ ਅੱਗੇ ਵਧਿਆ। ਸਿੱਖ ਬੜੀ ਦਲੇਰੀ ਨਾਲ ਵੈਰੀ ਉੱਤੇ ਟੁੱਟ ਪਏ। ਫਤਿਹ ਸਿੰਘ ਨੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਵੈਰੀ ਦੀ ਸੈਨਾ ਵਿੱਚ ਭਗਦੜ ਮੱਚ ਗਈ । ਬਹੁਤ ਵੱਡੀ ਗਿਣਤੀ ਵਿੱਚ ਵੈਰੀ ਦੇ ਸੈਨਿਕ ਸਿੱਖਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਹੋਏ ।ਚੱਪੜ-ਚਿੜੀ ਦੀ ਜਿੱਤ ਮਗਰੋਂ 24 ਮਈ 1787 ਈਸਵੀ ਨੂੰ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਕਿਲੇ ‘ਤੇ ਹਮਲਾ ਕੀਤਾ। ਸਿੱਟੇ ਵਜੋਂ ਪੰਜ ਸੌ ਸਿੱਖ ਉਸ ਲੜਾਈ ਵਿੱਚ ਮਾਰੇ ਗਏ। ਪਰ ਸਿੱਖ ਸਰਹਿੰਦ ਉੱਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਗਏ । ਵਜ਼ੀਰ ਖਾਂ ਦੇ ਖ਼ਜ਼ਾਨੇ ਵਿੱਚੋਂ ਲਗਪਗ ਦੋ ਕਰੋੜ ਰੁਪਏ ਸਿੱਖਾਂ ਦੇ ਹੱਥ ਲੱਗੇ । ਸੁੱਚਾ ਨੰਦ ਅਤੇ ਹੋਰ ਕਰਮਚਾਰੀਆਂ ਦੇ ਘਰਾਂ ਵਿੱਚੋਂ ਵੀ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਮਿਲਿਆ ।
ਪ੍ਰ.4.ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ ।
ਉੱਤਰ- 1715 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਾੜੀ ਇਲਾਕੇ ਤੋਂ ਉੱਤਰ ਕੇ ਕਲਾਨੌਰ ਅਤੇ ਬਟਾਲਾ ਉੱਤੇ ਫਿਰ ਆਪਣਾ ਅਧਿਕਾਰ ਜਮ੍ਹਾਂ ਲਿਆ । ਛੇਤੀ ਹੀ ਅਬਦੁਸ ਸਮਦ ਖ਼ਾਨ ਦੀ ਅਗਵਾਈ ਵਿਚ ਮੁਗਲਾਂ ਨੇ ਇੱਕ ਵਿਸ਼ਾਲ ਸੈਨਾ ਇਕੱਠੀ ਕੀਤੀ ਅਤੇ ਬੰਦਾ ਸਿੰਘ ਬਹਾਦਰ ਵਿਰੁੱਧ ਚੜ੍ਹਾਈ ਕਰ ਦਿੱਤੀ ।ਉਸ ਸਮੇਂ ਬੰਦਾ ਸਿੰਘ ਬਹਾਦਰ ਕੋਟ ਮਿਰਜ਼ਾ ਜਾਨ ਵਿਖੇ ਸੀ । ਮੁਗਲ ਸੈਨਾ ਅਚਾਨਕ ਹੀ ਸਿੱਖਾਂ ਉੱਤੇ ਟੁੱਟ ਪਈ । ਸਿੱਖਾਂ ਨੇ ਉਨ੍ਹਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ। ਪਰ ਸਿੱਖ ਗੁਰਦਾਸ ਨੰਗਲ (ਗੁਰਦਾਸਪੁਰ ਤੋਂ ਛੇ ਕਿਲੋਮੀਟਰ ਦੂਰ ਪੱਛਮ ਵਿੱਚ ) ਵੱਲ ਪਿੱਛੇ ਹੱਟ ਗਏ। ਉੱਥੇ ਉਨ੍ਹਾਂ ਨੇ ਦੁਨੀ ਚੰਦ ਦੀ ਹਵੇਲੀ ਵਿੱਚ ਸ਼ਰਨ ਲਈ।ਦੁਸ਼ਮਣ ਨੂੰ ਦੂਰ ਰੱਖਣ ਲਈ ਸਿੱਖਾਂ ਨੇ ਹਵੇਲੀ ਦੁਆਲੇ ਖਾਈ ਪੁੱਟ ਕੇ ਉਸ ਵਿੱਚ ਪਾਈ ਭਰ ਦਿੱਤਾ। ਅਪਰੈਲ 1715 ਈਸਵੀ ਨੂੰ ਮੁਗਲ ਸੈਨਾ ਨੇ ਉਸ ਹਵੇਲੀ ਨੂੰ ਘੇਰਾ ਪਾ ਲਿਆ ।ਸਿੱਖਾਂ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਨੇ ਮੁਗਲਾਂ ਦੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ।ਅੱਠ ਮਹੀਨਿਆਂ ਤੱਕ ਉਹ ਘੇਰਾਬੰਦੀ ਜਾਰੀ ਰਹੀ ।ਅੰਤ ਨੂੰ ਸਿੱਖਾਂ ਕੋਲ ਭੋਜਨ ਸਮੱਗਰੀ ਖਤਮ ਹੋ ਗਈ ।ਕਈ ਦਿਨਾਂ ਤਕ ਉਹ ਘਾਹ, ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ। ਬਿਨੋਦ ਸਿੰਘ ਹਵੇਲੀ ਛੱਡ ਕੇ ਜਾਣਾ ਚਾਹੁੰਦਾ ਸੀ ਪਰ ਬੰਦਾ ਸਿੰਘ ਬਹਾਦਰ ਮਰਦੇ ਦਮ ਤਕ ਲੜਨਾ ਚਾਹੁੰਦਾ ਸੀ। ਅੰਤ ਨੂੰ ਵਿਨੋਦ ਸਿੰਘ ਅਤੇ ਉਸ ਦੇ ਸਾਥੀ ਉਹ ਗੜ੍ਹੀ ਛੱਡ ਗਏ । ਸਿੱਟੇ ਵਜੋਂ ਸਿੱਖਾਂ ਦੀ ਤਾਕਤ ਘਟ ਗਈ ।ਇਸ ਹਾਲਤ ਵਿੱਚ ਉਨ੍ਹਾਂ ਨੂੰ ਹੋਰ ਲੜਨਾ ਅਸੰਭਵ ਹੋ ਗਿਆ। ਇਸ ਲਈ 7 ਦਸੰਬਰ 1715 ਈਸਵੀ ਨੂੰ ਹਮਲਾਵਰ ਹਵੇਲੀ ਉੱਤੇ ਅਧਿਕਾਰ ਕਰਨ ਵਿਚ ਸਫ਼ਲ ਹੋ ਗਏ ।ਬੰਦਾ ਸਿੰਘ ਬਹਾਦਰ ਅਤੇ ਉਸ ਦੇ 200 ਸਾਥੀਆਂ ਨੂੰ ਕੈਦ ਕਰ ਲਿਆ ਗਿਆ।
ਪ੍ਰ.5.ਸਭ ਤੋਂ ਪਹਿਲੀ ਮਿਸਲ ਕਿਹੜੀ ਸੀ ? ਉਸਦਾ ਹਾਲ ਲਿਖੋ ।
ਉੱਤਰ-ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲਾਂ ਕਾਇਮ ਹੋਣ ਵਾਲੀ ਮਿਸਲ ਸੀ ।ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ।ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫ਼ੈਜ਼ਲਪੁਰ ਪਿੰਡ ਉੱਤੇ ਕਬਜ਼ਾ ਕੀਤਾ। ਉਸ ਨੇ ਉਸਦਾ ਨਾਂ ‘ਸਿੰਘਪੁਰ’ ਰੱਖਿਆ ।ਇਸ ਲਈ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ। 1753 ਈਸਵੀ ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਪਿੱਛੋਂ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨੇਤਾ ਬਣਿਆ । ਉਹ ਇੱਕ ਬਹਾਦਰ ਅਤੇ ਸੁਯੋਗ ਸਰਦਾਰ ਸੀ। ਉਸ ਨੇ ਆਪਣੀ ਮਿਸਲ ਦਾ ਵਿਸਥਾਰ ਕੀਤਾ। ਜਲੰਧਰ, ਨੂਰਪੁਰ, ਬਹਿਰਾਮਪੁਰ ਅਤੇ ਪੱਟੀ ਆਦਿ ਪ੍ਰਦੇਸ਼ ਉਸ ਦੀ ਮਿਸਲ ਵਿੱਚ ਸ਼ਾਮਿਲ ਸਨ। ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ। ਉਹ ਆਪਣੇ ਪਿਤਾ ਵਾਂਗ ਬਹਾਦਰ ਅਤੇ ਦਲੇਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਹਰਾ ਕੇ ਉਸ ਦੀ ਮਿਸਲ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 100-120 ਸ਼ਬਦਾਂ ਵਿੱਚ ਲਿਖੋ ।
ਪ੍ਰ.1.ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ- ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਕੀਤੇ ਗਏ ਮੁਗਲ ਸਰਕਾਰ ਦੇ ਜ਼ੁਲਮਾਂ ਬਾਰੇ ਸੁਣਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਬੰਦਾ ਸਿੰਘ ਬਹਾਦਰ ਨੇ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣਿਆ ਤਾਂ ਉਸ ਦਾ ਖੂਨ ਖੌਲਣ ਲੱਗ ਪਿਆ। ਇਸ ਤੇ ਉਸ ਨੇ ਪੰਜਾਬ ਜਾਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ। ਉਹ ਅੱਤਿਆਚਾਰੀ ਮੁਗਲ ਕਰਮਚਾਰੀਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜਾ ਦੇਈ ਚਾਹੁੰਦਾ ਸੀ । ਉਹਨਾਂ ਨੇ ਬੰਦਾ ਸਿੰਘ ਬਹਾਦਰ ਦੀ ਪ੍ਰਾਰਥਨਾ ਸਵੀਕਾਰ ਕਰ ਲਈ । ਉਹਨਾਂ ਨੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਖੰਡਾ ਅਤੇ ਇੱਕ ਨਗਾਰਾ ਉਸ ਨੂੰ ਆਪਣੀ ਸ਼ਕਤੀ ਦੇ ਚਿੰਨ੍ਹ ਵਜੋਂ ਦਿੱਤਾ । ਉਹਨਾਂ ਨੇ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ ਨੂੰ ਵੀ ਉਸ ਦੇ ਨਾਲ ਪੰਜਾਬ ਜਾਣ ਦਾ ਹੁਕਮ ਦਿੱਤਾ । ਵਿਦਾਈ ਦੇ ਮੌਕੇ ‘ ਤੇ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ‘ ਹੁਕਮਨਾਮੇ ’ ਵੀ ਦਿੱਤੇ। ਉਹਨਾਂ ਹੁਕਮਨਾਮਿਆਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਕਿ ਅੱਗੇ ਤੋਂ ਬੰਦਾ ਸਿੰਘ ਬਹਾਦਰ ਉਹਨਾਂ ਦਾ ਰਾਜਨੀਤਿਕ ਆਗੂ ਹੋਵੇਗਾ । ਉਹ ਮੁਗਲਾਂ ਵਿਰੁੱਧ ਧਰਮ – ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ। ਦਿੱਲੀ ਪਹੁੰਚਦਿਆਂ ਹੀ ਬੰਦਾ ਸਿੰਘ ਬਹਾਦਰ ਨੇ ਮਾਲਵਾ, ਦੁਆਬਾ ਅਤੇ ਮਾਝੇ ਦੇ ਸਿੱਖਾਂ ਦੇ ਨਾਂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਦਿੱਲੀ ਵਿੱਖੇ ਇਕੱਠੇ ਹੋ ਗਏ। ਸੈਨਾ ਦਾ ਨਿਰਮਾਣ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਅਨੁਯਾਈਆਂ ਨੇ ਬੜੇ ਜੋਸ਼ ਨਾਲ ਅਤਿਆਚਾਰੀ ਮੁਗਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵੱਲ ਕੂਚ ਕਰ ਦਿੱਤਾ।
1. ਸੋਨੀਪਤ ‘ਤੇ ਹਮਲਾ (1708 ਈ.)-ਦਿੱਲੀ ਤੋਂ ਪੰਜਾਬ ਵੱਲ ਕੂਚ ਕਰਦੇ ਸਮੇਂ ਬੰਦਾ ਸਿੰਘ ਬਹਾਦਰ ਨੇ ਸੋਨੀਪਤ ‘ਤੇ ਹਮਲਾ ਕੀਤਾ । ਉਸ ਵੇਲੇ ਭਾਵੇਂ ਉਸ ਨਾਲ ਕੇਵਲ 500 ਸਿੱਖ ਸਨ, ਪਰ ਉੱਥੋਂ ਦਾ ਫੌਜਦਾਰ ਸਿੱਖਾਂ ਦੀ ਬਹਾਦਰੀ ਸੁਣ ਕੇ ਹੀ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਕਰ ਸਕਿਆ। ਫੌਜਦਾਰ ਅਤੇ ਉਸ ਦੀ ਸੈਨਾ ਸ਼ਹਿਰ ਛੱਡ ਕੇ ਭੱਜ ਗਈ।
2.ਭੂਣਾ (ਕੈਥਲ) ਦੇ ਸ਼ਾਹੀ ਖਜ਼ਾਨੇ ਦੀ ਲੁੱਟ – ਸੋਨੀਪਤ ਤੋਂ ਜਦ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਕੁਝ ਮੁਗਲ ਸੈਨਿਕ ਜ਼ਮੀਨ ਦੇ ਉਗਰਾਹੇ ਹੋਏ ਮਾਮਲੇ ਦੇ ਧਨ ਨਾਲ ਭੂਣਾ ਪਿੰਡ ਠਹਿਰੇ ਹੋਏ ਹਨ। ਆਪਣੀ ਸੈਨਿਕ ਲੋੜ ਨੂੰ ਮੁੱਖ ਰੱਖਦਿਆਂ ਬੰਦਾ ਸਿੰਘ ਬਹਾਦਰ ਨੇ ‘ਭੂਣਾ ‘ ਤੇ ਹੱਲਾ ਬੋਲ ਦਿੱਤਾ । ਕੈਥਲ ਦੇ ਫੌਜ਼ਦਾਰ ਨੇ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਦਾ ਯਤਨ ਕੀਤਾ ਪਰ ਹਾਰ ਖਾਧੀ। ਬੰਦਾ ਸਿੰਘ ਬਹਾਦਰ ਨੇ ਮੁਗਲਾਂ ਤੋਂ ਸਾਰਾ ਧਨ ਖੋਹ ਲਿਆ।
3. ਸਮਾਣੇ ਦੀ ਜਿੱਤ :- ਭੂਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣੇ ਵੱਲ ਵਧਿਆ। ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਅਤੇ ਬਾਜ਼ਲ ਬੇਗ ਵੀ ਸਮਾਣੇ ਦੇ ਹੀ ਸਨ। 26 ਨਵੰਬਰ, 1709 ਨੂੰ ਸਵੇਰੇ ਹੀ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ। ਕਈ ਘੰਟਿਆਂ ਤੱਕ ਸ਼ਹਿਰ ਦੀਆਂ ਗਲੀਆਂ ਵਿੱਚ ਲੜਾਈ ਹੁੰਦੀ ਰਹੀ । ਸਿੱਟੇ ਵਜੋਂ ਸਿੱਖਾਂ ਨੇ ਸਮਾਣਾ ਦੇ ਸੁੰਦਰ ਮਹਿਲਾਂ ਨੂੰ ਨਸ਼ਟ ਕਰ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਜਿੱਤ ਹਾਸਲ ਹੋਈ । ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਨੂੰ ਬਹੁਤ ਸਾਰਾ ਧਨ ਵੀ ਮਿਲਿਆ। ਫ਼ਤਿਹ ਸਿੰਘ ਨੂੰ ਸਮਾਣੇ ਦੇ ਇਲਾ ਕੇ ਦਾ ਹਾਕਮ ਥਾਪਿਆ ਗਿਆ।
4. ਘੁੜਾਮ ਦੀ ਜਿੱਤ (1709 ਈ.): – ਸਮਾਣਾ ਵਿੱਚ ਇੱਕ ਹਫ਼ਤਾ ਠਹਿਰਨ ਪਿੱਛੋਂ ਬੰਦਾ ਬਹਾਦਰ ਨੇ ਘੁੜਾਮ ਉੱਤੇ ਹੱਲਾ ਬੋਲ ਦਿੱਤਾ। ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ ਪਰ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ । ਘੁੜਾਮ ਵਿੱਚੋਂ ਵੀ ਉਹਨਾਂ ਨੂੰ ਬਹੁਤ ਸਾਰਾ ਧਨ ਅਤੇ ਮਾਲ ਮਿਲਿਆ।
5. ਕਪੂਰੀ ਉੱਤੇ ਹਮਲਾ: – ਘੁੜਾਮ ਤੋਂ ਬੰਦਾ ਸਿੰਘ ਬਹਾਦਰ ਠਸਕਾ, ਸ਼ਾਹਬਾਦ ਅਤੇ ਮੁਸਤਫਾਬਾਦ ਹੁੰਦਾ ਹੋਇਆ ਕਪੂਰੀ ਪੁੱਜਾ। ਉਥੋਂ ਦਾ ਹਾਕਮ ਕਦਮਉੱਦੀਨ ਬਹੁਤ ਹੀ ਵਿਭਚਾਰੀ ਸੀ ਅਤੇ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਉਸ ਦੀ ਹਵੇਲੀ ਨੂੰ ਵੀ ਜਲਾ ਕੇ ਸੁਆਹ ਕਰ ਦਿੱਤਾ ।
6 ਸਢੌਰਾ ਦੀ ਜਿੱਤ (1710 ਈ.): – ਸਢੌਰੇ ਦਾ ਹਾਕਮ ਉਸਮਾਨ ਖਾਂ ਹਿੰਦੂ ਲੋਕਾਂ ਉੱਤੇ ਅੱਤਿਆਚਾਰ ਕਰਦਾ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿ ਉਸ ਨੇ ਭੰਗਾਈ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਇਸੇ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ। ਸਿੱਖਾਂ ਨੇ ਛੇਤੀ ਹੀ ਉਸਮਾਨ ਖਾਂ ਨੂੰ ਹਰਾ ਦਿੱਤਾ। ਉਹਨਾਂ ਨੇ ਸ਼ਹਿਰ ਨੂੰ ਖੂਬ ਲੁੱਟਿਆ। ਬਹੁਤ ਸਾਰੇ ਹਿੰਦੂ ਅਤੇ ਸਿੱਖ ਕਿਸਾਨ ਜਿਹੜੇ ਉਸਮਾਨ ਖਾਂ ਦੇ ਸਤਾਏ ਹੋਏ ਸਨ, ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਗਏ। ਜਿਨ੍ਹਾਂ ਮੁਸਲਮਾਨਾਂ ਨੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਸ਼ਰਨ ਲਈ ਸੀ, ਉਹਨਾਂ ਨੂੰ ਵੀ ਸਿੱਖਾਂ ਨੇ ਨਾ ਬਖ਼ਸ਼ਿਆ। ਅੱਜ-ਕੱਲ੍ਹ ਉਸ ਹਵੇਲੀ ਦਾ ਨਾਂ ‘ਕਤਲ ਗੜ੍ਹੀ’ ਹੈ।
7.ਮੁਖ਼ਲਿਸਪੁਰ ਦੀ ਜਿੱਤ (1710 ਈ.) : – ਸਢੌਰਾ ਤੋਂ ਚਲ ਕੇ ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਪੁਰ ਤੇ ਹਮਲਾ ਕੀਤਾ । ਉਸ ਨੇ ਉਸ ਨੂੰ ਜਿੱਤ ਕੇ ਸਹਿਜੇ ਹੀ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ। ਉੱਥੋਂ ਦੇ ਕਿਲ੍ਹੇ ਦਾ ਨਾਂ ਬਦਲ ਕੇ ‘ਲੋਹਗੜ੍ਹ ‘ ਰੱਖ ਦਿੱਤਾ। ਬਾਅਦ ਵਿੱਚ ਇਹ ਨਗਰ ਹੀ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ।
8.ਚੱਪੜ-ਚਿੜੀ ਦੀ ਲੜਾਈ ਅਤੇ ਸਰਹਿੰਦ ਦੀ ਜਿੱਤ ( 1710 ਈ.) : – ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ। ਇੱਥੋਂ ਦੇ ਸੂਬੇਦਾਰ ਵਜੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਤੰਗ ਕੀਤਾ ਸੀ । ਉਸ ਨੇ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਯੁੱਧਾਂ ਵਿੱਚ ਗੁਰੂ ਜੀ ਦੇ ਖਿਲਾਫ਼ ਫੌਜ ਭੇਜੀ ਸੀ। ਇੱਥੇ ਹੀ ਉਹਨਾਂ ਦੇ ਛੋਟੇ ਸਾਹਿਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ । ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੂੰ ਵਜ਼ੀਰ ਖਾਂ ‘ਤੇ ਗੁੱਸਾ ਸੀ । ਜਿਉਂ ਹੀ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਵੱਲ ਵਧਣ ਦੀਆਂ ਖਬਰਾਂ ਪਹੁੰਚੀਆਂ ਤਾਂ ਹਜ਼ਾਰਾਂ ਲੋਕ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ। ਸਰਹਿੰਦ ਦੇ ਕਰਮਚਾਰੀ, ਸੁੱਚਾ ਨੰਦ ਦਾ ਭਤੀਜਾ ਵੀ 1,000 ਸੈਨਿਕਾਂ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਜਾ ਰਲਿਆ। ਦੂਜੇ ਪਾਸ ਵਜ਼ੀਰ ਖ਼ਾ ਦੀ ਫੌਜ ਦੀ ਗਿਣਤੀ ਲਗਭਗ 20,000 ਸੀ । ਉਸ ਦੀ ਸੈਨਾ ਵਿੱਚ ਘੋੜ ਸਵਾਰਾਂ ਤੋਂ ਬਿਨਾਂ ਬੰਦੂਕਚੀ, ਤੋਪਚੀ ਅਤੇ ਹਾਥੀ ਸਵਾਰ ਵੀ ਸਨ। ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵੱਲ ਚੱਪੜ – ਚਿੜੀ ਦੇ ਸਥਾਨ ‘ ਤੇ 22 ਮਈ, 1710 ਈ . ਨੂੰ ਦੋਹਾਂ ਫੌਜਾਂ ਦਾ ਟਾਕਰਾ ਹੋਇਆ। ਛੇਤੀ ਹੀ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਲੁੱਟ ਮਾਰ ਲਈ ਸਿੱਖਾਂ ਦੀ ਫੌਜ ਵਿੱਚ ਭਰਤੀ ਹੋਏ ਲੋਕਾਂ ਨੇ ਨੱਸਣਾ ਸ਼ੁਰੂ ਕਰ ਦਿੱਤਾ । ਸਿੱਖ ਸੈਨਿਕਾਂ ਦੇ ਹੌਸਲੇ ਢਾਉਣ ਲਈ ਸੁੱਚਾ ਨੰਦ ਦਾ ਭਤੀਜਾ ਵੀ ਆਪਣੇ ਸੈਨਿਕਾਂ ਨਾਲ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ। ਇਸ ਤੇ ਸੈਨਿਕਾਂ ਦੇ ਹੌਂਸਲੇ ਵਧਾਉਣ ਲਈ ਬੰਦਾ ਸਿੰਘ ਬਹਾਦਰ ਆਪ ਅੱਗੇ ਵਧਿਆ। ਸਿੱਖ ਬੜੀ ਦਲੇਰੀ ਨਾਲ ਵੈਰੀ ਉੱਤੇ ਟੁੱਟ ਪਏ । ਫਤਿਹ ਸਿੰਘ ਨੇ ਵਜ਼ੀਰ ਖ਼ਾਂ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ । ਵੈਰੀ ਦੀ ਸੈਨਾ ਵਿੱਚ ਭਗਦੜ ਮੱਚ ਗਈ। ਬੜੀ ਵੱਡੀ ਗਿਣਤੀ ਵਿੱਚ ਵੈਰੀ ਦੇ ਸੈਨਿਕ ਸਿੱਖਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਹੋਏ। ਚੱਪੜ – ਚਿੜੀ ਦੀ ਜਿੱਤ ਮਗਰੋਂ 24 ਮਈ, 1710 ਈ : ਨੂੰ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਕਿਲ੍ਹੇ ਤੇ ਹਮਲਾ ਕੀਤਾ । ਸਿੱਟੇ ਵਜੋਂ 500 ਸਿੱਖ ਉਸ ਲੜਾਈ ਵਿੱਚ ਮਾਰੇ ਗਏ। ਪਰ ਸਿੱਖ ਸਰਹਿੰਦ ਉੱਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਗਏ। ਵਜ਼ੀਰ ਖ਼ਾਂ ਦੇ ਖ਼ਜ਼ਾਨੇ ਵਿੱਚੋਂ ਲਗਪਗ ਦੋ ਕਰੋੜ ਰੁਪਏ ਸਿੱਖਾਂ ਦੇ ਹੱਥ ਲੱਗੇ। ਸੁੱਚਾ ਨੰਦ ਅਤੇ ਹੋਰ ਕਰਮਚਾਰੀਆਂ ਦੇ ਘਰਾਂ ਵਿੱਚੋਂ ਵੀ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਮਿਲਿਆ। ਵਜ਼ੀਰ ਖ਼ਾਂ ਦੀ ਲਾਸ਼ ਨੂੰ ਇੱਕ ਰੁੱਖ ‘ ਤੇ ਟੰਗ ਦਿੱਤਾ ਗਿਆ। ਸੁੱਚਾ ਨੰਦ ਜਿਸ ਨੇ ਸਿੱਖਾਂ ਉੱਤੇ ਅੱਤਿਆਚਾਰ ਕਰਵਾਏ ਸਨ, ਨੂੰ ਗਿਫਤਾਰ ਕਰਕੇ ਉਸ ਦੇ ਨੱਕ ਵਿੱਚ ਨਕੇਲ ਪਾਈ ਗਈ । ਸ਼ਹਿਰ ਵਿੱਚ ਉਸ ਦਾ ਜਲੂਸ ਕੱਢਿਆ ਗਿਆ। ਸਿੱਖ ਸੈਨਿਕਾਂ ਨੇ ਸ਼ਹਿਰ ਵਿੱਚ ਲੁੱਟ-ਮਾਰ ਵੀ ਕੀਤੀ।
ਪ੍ਰ.3.ਬੰਦਾ ਸਿੰਘ ਬਹਾਦਰ ਵੱਲੋਂ ਗੰਗਾ-ਜਮੁਨਾ ਇਲਾਕੇ ਵਿੱਚ ਲੜੀਆਂ ਗਈਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ – ਸਰਹਿੰਦ ਦੀ ਜਿੱਤ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਬਾਜ਼ ਸਿੰਘ ਨੂੰ ਸਰਹਿੰਦ ਦਾ ਹਾਕਮ ਨਿਯੁਕਤ ਕੀਤਾ । ਰਾਮ ਸਿੰਘ ਅਤੇ ਬਿਨੋਦ ਸਿੰਘ ਨੂੰ ਥਾਨੇਸਰ ਦੇ ਰਾਜ ਪ੍ਰਬੰਧ ਦੀ ਜ਼ੁੰਮੇਵਾਰੀ ਸੌਂਪੀ। ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਪੁਰ ਨਾਮੀ ਪਹਾੜੀ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ। ਉੱਥੋਂ ਦੇ ਕਿਲ੍ਹੇ ਦੀ ਲੋੜ ਅਨੁਸਾਰ ਮੁਰੰਮਤ ਕੀਤੀ ਗਈ। ਉਸ ਕਿਲ੍ਹੇ ਦਾ ਨਾਂ ‘ ਲੋਹਗੜ੍ਹ ‘ ਰੱਖਿਆ ਗਿਆ। ਬੰਦਾ ਸਿੰਘ ਬਹਾਦਰ ਹੁਣ ਅਮਲੀ ਰੂਪ ।ਵਿੱਚ ਹਾਕਮ ਬਣ ਗਿਆ ਸੀ। ਬੰਦਾ ਸਿੰਘ ਬਹਾਦਰ ਨੇ ਜਿੱਤੇ ਹੋਏ ਇਲਾਕਿਆਂ ਵਿੱਚੋਂ ਜ਼ਿੰਮੀਦਾਰੀ ਪ੍ਰਥਾ ਖਤਮ ਕਰ ਦਿੱਤੀ। ਉਸ ਨੇ ਵਾਹੀਕਾਰਾਂ ਨੂੰ ਧਰਤੀ ਦਾ ਮਾਲਕ ਬਣਾਉਣ ਦਾ ਸ਼ਲਾਘਾਯੋਗ ਕੰਮ ਕੀਤਾ ।
*ਗੰਗਾ ਜਮੁਨਾ ਦੇ ਇਲਾਕਿਆਂ ਦੀ ਜਿੱਤ – ਬੰਦਾ ਸਿੰਘ ਬਹਾਦਰ ਦੇ ਪਿੰਡ ਦੇ ਵਾਸੀ ਵੀ ਸਿੱਖ ਸੱਜ ਗਏ ਸਨ। ਜਲਾਲਾਬਾਦ ਦਾ ਫੌਜਦਾਰ ਜਲਾਲ ਖ਼ਾਂ ਇਹ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਉੱਥੋਂ ਦੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ। ਕੈਦੀ ਸਿੱਖਾਂ ਨੂੰ ਛੁਡਾਉਣ ਲਈ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਨਾਲ ਉਨਾਰਸਾ ਵੱਲ ਚੱਲ ਪਏ। ਜਮੁਨਾ ਨਦੀ ਨੂੰ ਪਾਰ ਕਰ ਕੇ ਸਿੰਘਾਂ ਨੇ ਪਹਿਲਾਂ ਸਹਾਰਨਪੁਰ ਉੱਤੇ ਹਮਲਾ ਕੀਤਾ। ਉੱਥੋਂ ਦਾ ਫ਼ੌਜਦਾਰ ਅਲੀ ਹਾਮਿਦ ਖਾਂ ਦਿੱਲੀ ਵੱਲ ਭੱਜ ਗਿਆ। ਉਸ ਦੇ ਕਰਮਚਾਰੀਆਂ ਨੇ ਸਿੰਘਾਂ ਦਾ ਟਾਕਰਾ ਕੀਤਾ ਪਰ ਉਹ ਹਾਰ ਗਏ। ਸਿੰਘਾਂ ਨੇ ਸਹਾਰਨਪੁਰ ਦਾ ਨਾਂ ਬਦਲ ਕੇ ‘ ਭਾਗ ਨਗਰ ‘ ਰੱਖ ਦਿੱਤਾ । ਸਹਾਰਨਪੁਰ ਤੋਂ ਬੰਦਾ ਸਿੰਘ ਬਹਾਦਰ ਨੇ ਬੇਹਾਤ ਵੱਲ ਕੂਚ ਕੀਤਾ। ਉੱਥੋਂ ਦੇ ਪੀਰਜ਼ਾਦੇ ਹਿੰਦੂਆਂ ਉੱਤੇ ਅੱਤਿਆਚਾਰ ਕਰਦੇ ਸਨ। ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੇ ਪੀਰਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੇਹਾਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਅੰਬੇਤਾਂ ਉੱਤੇ ਹਮਲਾ ਕੀਤਾ। ਉੱਥੋਂ ਦੇ ਪਠਾਣ ਬੜੇ ਅਮੀਰ ਸਨ। ਉਹਨਾਂ ਨੇ ਸਿੱਖਾਂ ਦਾ ਕੋਈ ਵਿਰੋਧ ਨਾ ਕੀਤਾ। ਸਿੱਟੇ ਵਜੋਂ ਸਿੱਖਾਂ ਨੂੰ ਬੜਾ ਧਨ ਮਿਲਿਆ। 21 ਜੁਲਾਈ, 1710 ਈ : ਨੂੰ ਸਿੱਖਾਂ ਨੇ ਨਾਨੋਤਾ ਉੱਤੇ ਚੜ੍ਹਾਈ ਕੀਤੀ। ਉੱਥੋਂ ਦੇ ਸ਼ੇਖਜਾਦੇ, ਜੋ ਤੀਰ ਚਲਾਉਣ ਵਿੱਚ ਮਾਹਿਰ ਸਨ, ਸਿੱਖਾਂ ਅੱਗੇ ਡਟ ਗਏ। ਪਰ ਉਹਨਾਂ ਦੇ 300 ਸ਼ੇਖਜ਼ਾਦੇ ਮਾਰੇ ਗਏ। ਸਿੱਖਾਂ ਦੀ ਜਿੱਤ ਹੋਈ। ਇੱਥੋਂ ਬੰਦਾ ਬਹਾਦਰ ਨੇ ਆਪਣੇ ਮੁੱਖ ਵੈਰੀ ਉਨਾਰਸਾ ਦੇ ਜਲਾਲ ਖਾਂ ਨੂੰ ਆਪਣੇ ਦੂਤ ਰਾਹੀਂ ਇੱਕ ਪੱਤਰ ਭੇਜਿਆ। ਉਸ ਨੇ ਲਿਖਿਆ ਕਿ ਉਹ ਕੈਦੀ ਸਿੱਖਾਂ ਨੂੰ ਛੱਡ ਦੇਵੇ ਅਤੇ ਨਾਲੇ ਉਸ ਦੀ ਈਨ ਮੰਨ ਲਵੇ । ਪਰ ਜਲਾਲ ਖਾਂ ਨੇ ਬੰਦਾ ਸਿੰਘ ਬਹਾਦਰ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ। ਉਸ ਨੇ ਦੂਤ ਦਾ ਨਿਰਾਦਰ ਵੀ ਕੀਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਉਨਾਰਸਾ ਉੱਤੇ ਹਮਲਾ ਕਰ ਦਿੱਤਾ। ਘਮਸਾਨ ਦਾ ਯੁੱਧ ਹੋਇਆ। ਜਿੱਤ ਸਿੱਖਾਂ ਦੀ ਹੀ ਹੋਈ।
ਪ੍ਰ.4. ਪੰਜਾਬ ਦੀਆਂ ਤਿੰਨ ਮਿਸਲਾਂ ਦਾ ਹਾਲ ਲਿਖੋ ।
ਉੱਤਰ- ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦੇ ਅਰਥ ਹਨ-ਬਰਾਬਰ ਜਾਂ ਇੱਕੋ ਜਿਹਾ । ਹਰ ਮਿਸਲ ਦਾ ਇੱਕ ਜਥੇਦਾਰ ਹੁੰਦਾ ਸੀ ਅਤੇ ਉਸਦੇ ਪੈਰੋਕਾਰ ਆਪਸ ਵਿੱਚ ਊਚ-ਨੀਚ ਦਾ ਕੋਈ ਫ਼ਰਕ ਨਹੀਂ ਸਮਝਦੇ ਸਨ ਤੇ ਇੱਕ -ਦੂਜੇ ਨੂੰ ਬਰਾਬਰ ਮੰਨਦੇ ਸਨ । ਇਹਨਾਂ ਮਿਸਲਾਂ
ਦੀ ਕੁੱਲ ਗਿਣਤੀ 12 ਸੀ । ਤਿੰਨ ਮਿਸਲਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1. ਆਹਲੂਵਾਲੀਆ ਮਿਸਲ: – ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇਹ ਮਿਸਲ ਬੜੀ ਸ਼ਕਤੀਸ਼ਾਲੀ ਸੀ । ਸੁਲਤਾਨਪੁਰ ਲੋਧੀ, ਕਪੂਰਥਲਾ, ਹੁਸ਼ਿਆਰਪੁਰ, ਨੂਰ ਮਹਿਲ ਆਦਿ ਪ੍ਰਦੇਸ਼ਾਂ ਉੱਤੇ ਆਹਲੂਵਾਲੀਆ ਮਿਸਲ ਦਾ ਅਧਿਕਾਰ ਸੀ। ਰਣਜੀਤ ਸਿੰਘ ਦੇ ਚੰਗੇ ਭਾਗਾਂ ਨੂੰ 1783 ਈ . ਵਿੱਚ ਉਸ ਮਿਸਲ ਦੇ ਉੱਸਰਈਏ ਅਤੇ ਸਭ ਤੋਂ ਵੱਧ ਤਾਕਤਵਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ । 1783 ਤੋਂ 1801 ਈ : ਤੱਕ ਉਸ ਮਿਸਲ ਦਾ ਨੇਤਾ ਭਾਗ ਸਿੰਘ ਸੀ । ਉਸ ਪਿੱਛੋਂ ਉਸ ਦਾ ਉੱਤਰਾਧਿਕਾਰੀ ਫਤਿਹ ਸਿੰਘ ਆਹਲੂਵਾਲੀਆ ਬਣਿਆ। ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਉਸ ਨਾਲ ਦੋਸਤਾਨਾ ਸੰਬੰਧ ਕਾਇਮ ਕਰ ਲਏ। ਰਣਜੀਤ ਸਿੰਘ ਨੇ ਉਸ ਦੀ ਤਾਕਤ ਅਤੇ ਸੇਵਾਵਾਂ ਦੀ ਆਪਣੇ ਰਾਜ ਦੇ ਵਿਸਥਾਰ ਲਈ ਵਰਤੋਂ ਕੀਤੀ
2. ਰਾਮਗੜ੍ਹੀਆਂ ਮਿਸਲ :- ਰਾਮਗੜ੍ਹੀਆਂ ਮਿਸਲ ਪੰਜਾਬ ਦੀਆਂ ਪ੍ਰਸਿੱਧ ਮਿਸਲਾਂ ਵਿੱਚੋਂ ਇੱਕ ਮਿਸਲ ਸੀ । ਇਸ ਮਿਸਲ ਦਾ ਸਭ ਤੋਂ ਤਾਕਤਵਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੀ । ਜਿਸ ਵੇਲੇ ਰਣਜੀਤ ਸਿੰਘ ਤਾਕਤ ਵਿੱਚ ਆਇਆ ਤਾਂ ਉਸ ਸਮੇਂ ਉਹ ਬੁੱਢਾ ਹੋ ਚੁੱਕਾ ਸੀ। 1803 ਈ : ਵਿੱਚ ਉਸ ਦੇ ਚਲਾਣੇ ਮਗਰੋਂ ਜੋਧ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਉਹ ਵੀ ਇੱਕ ਬਹਾਦਰ ਯੋਧਾ ਅਤੇ ਯੋਗ ਨੇਤਾ ਸੀ । ਉਸ ਦੀ ਸ਼ਕਤੀ ਨੂੰ ਦੇਖਦਿਆਂ ਰਣਜੀਤ ਸਿੰਘ ਨੇ ਉਸ ਨਾਲ ਦੋਸਤੀ ਪਾ ਲਈ ਸੀ । ਜਦੋਂ ਤੱਕ ਜੋਧ ਸਿੰਘ ਜਿਉਂਦਾ ਰਿਹਾ ਰਣਜੀਤ ਸਿੰਘ ਨੇ ਉਸ ਨਾਲ ਲੜਾਈ ਮੁੱਲ ਨਾ ਲਈ। ਸ੍ਰੀ ਹਰਗੋਬਿੰਦਪੁਰ, ਕਲਾਨੌਰ, ਬਟਾਲਾ, ਕਾਦੀਆਂ, ਰਿਆੜਕੀ ਆਦਿ ਇਲਾਕੇ ਉਸ ਮਿਸਲ ਦੇ ਹੇਠ ਆਉਂਦੇ ਸਨ।
3. ਸ਼ੁਕਰਚੱਕੀਆ ਮਿਸਲ : – ਸ਼ੁਕਰਚੱਕੀਆ ਮਿਸਲ ਦਾ ਮੋਢੀ ਚੜ੍ਹਤ ਸਿੰਘ ਸੀ । ਉਸ ਨੇ ਗੁਜਰਾਂਵਾਲਾ, ਅਹਿਮਦਾਬਾਦ, ਵਜ਼ੀਰਾਬਾਦ, ਜਲਾਲਪੁਰ, ਪਿੰਡ ਦਾਦਨ ਖਾਂ ਆਦਿ ਇਲਾਕਿਆਂ ਉੱਤੇ ਕਬਜ਼ਾ ਕੀਤਾ ਸੀ। ਚੜ੍ਹਤ ਸਿੰਘ ਤੋਂ ਪਿੱਛੋਂ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਉਸ ਨੇ ਰਸੂਲ ਨਗਰ (ਰਾਮ ਨਗਰ), ਅਲੀਪੁਰ (ਅਕਾਲਗੜ੍ਹ) ਨੂੰ ਜਿੱਤ ਕੇ ਆਪਣੀ ਮਿਸਲ ਦਾ ਵਿਸਥਾਰ ਕੀਤਾ। ਉਸ ਦੀਆਂ ਇਹਨਾਂ ਜਿੱਤਾਂ ਤੋਂ ਪ੍ਰਭਾਵਿਤ ਹੋ ਕੇ ਕਈ ਸਰਦਾਰਾਂ ਨੇ ਭੰਗੀ ਮਿਸਲ ਨੂੰ ਛੱਡ ਕੇ ਮਹਾਂ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ। ਇਸ ਦੇ ਪਿੱਛੋਂ ਮਹਾਂ ਸਿੰਘ ਨੇ ਮੁਲਤਾਨ, ਬਹਾਵਲਪੁਰ, ਪਿੰਡ ਭੱਟੀਆਂ, ਸ਼ਾਹੀਵਾਲ ਆਦਿ ਇਲਾਕਿਆਂ ਵਿੱਚ ਸਾਰੇ ਹੀ ਭੰਗੀ ਸਰਦਾਰਾਂ ਨੂੰ ਕੱਢ ਦਿੱਤਾ । 1792 ਈ : ਵਿੱਚ ਮਹਾਂ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਣਜੀਤ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ।