ਪਾਠ 4: ਖੇਤੀਬਾੜੀ – ਵਿਸ਼ਾ: ਸਮਾਜਿਕ ਸਿੱਖਿਆ ਸ਼੍ਰੇਣੀ: ਦਸਵੀਂ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:
(i) ਹਰੀ ਕ੍ਰਾਂਤੀ ਦਾ ਪਿਤਾਮਾ ਹੇਠ ਲਿਖਿਆਂ ਵਿੱਚੋਂ ਕਿਸਨੂੰ ਮੰਨਿਆ ਜਾ ਸਕਦਾ ਹੈ ?
(ੳ) ਐੱਮ. ਐੱਸ. ਸਵਾਮੀਨਾਥਨ
(ਅ) ਐੱਮ. ਐੱਸ. ਰੰਧਾਵਾ
(ੲ) ਐੱਮ. ਐੱਸ.ਜੋਸ਼ੀ
(ਸ) ਐੱਮ. ਐੱਸ.ਕ੍ਰਿਸ਼ਨਾਮੂਰਤੀ
ਉੱਤਰ:- ਐੱਮ. ਐੱਸ. ਸਵਾਮੀਨਾਥਨ
(ii) ਖੇਤੀਬਾੜੀ , ਆਰਥਿਕ ਕਿਰਿਆ ਕਹਾਉਂਦੀ ਹੈ।
(ੳ) ਮੁੱਢਲੀ
(ਅ) ਸਹਾਇਕ
(ੲ) ਤੀਸਰੇ ਦਰਜੇ ਦੀ
(ਸ) ਚੌਥੇ ਦਰਜੇ ਦੀ
(iii) ਦੇਸ਼ ਦੇ ਕਿੰਨੇ ਫ਼ੀਸਦੀ ਕਾਮੇ ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਅਧੀਨ ਹਨ ?
ਉੱਤਰ:- ਮੁੱਢਲੀ
(ੳ) 40%
(ਅ) 42%
(ੲ) 44%
(ਸ) 45%
ਉੱਤਰ:- 44%
(iv) ਖੇਤੀਬਾੜੀ (ਜ਼ਰਾਇਤ) ਦੀ ਕਿਹੜੀ ਕਿਸਮ ਪ੍ਰਾਚੀਨ ਕਹਾਉਂਦੀ ਹੈ ?
(ੳ) ਗੁਜ਼ਾਰਾ ਜਾਂ ਨਿਰਬਾਹ ਖੇਤੀ
(ੲ) ਵਿਆਪਕ ਖੇਤੀ
(ਅ) ਸਥਾਨ-ਅੰਤਰੀ ਖੇਤੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
ਉੱਤਰ:- ਗੁਜ਼ਾਰਾ ਜਾਂ ਨਿਰਬਾਹ ਖੇਤੀ
(v) HYV ਸੀਡਜ਼ ਤੋਂ ਭਾਵ ਕਿਹੋ ਜਿਹੇ ਬੀਜ ਹੈ?
(ੳ) ਹਾਈ ਯੀਲਡਿੰਗ ਵੈਰਾਇਟੀ
(ੲ) ਹਿਊਮਿਡ ਯੈਲੋ ਵੈਰਾਇਟੀ
(ਅ) ਹਿਮਾਲਿਅਨ ਯੀਲਡਿੰਗ ਵੈਰਾਇਟੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
ਉੱਤਰ:- ਹਾਈ ਯੀਲਡਿੰਗ ਵੈਰਾਇਟੀ
(vi) “ਆਪ੍ਰੇਸ਼ਨ ਫ਼ਲੈਂਡਾ ਕਿਸ ਨਾਲ ਸੰਬੰਧਿਤ ਹੈ?
(ੳ) ਭਾਰਤ ‘ਚ ਹੜ੍ਹਾਂ ਨਾਲ
(ਅ) ਦੁੱਧ ਉਤਪਾਦਨ ਨਾਲ
(ੲ) ਅੰਡਿਆਂ ਦੇ ਉਤਪਾਦਨ ਨਾਲ
(ਸ) ਦਰਿਆਵਾਂ ਨੂੰ ਜੋੜਨ ਨਾਲ
ਉੱਤਰ:- ਦੁੱਧ ਉਤਪਾਦਨ ਨਾਲ
(vii) ਚਾਹ, ਕੌਫੀ ਤੇ ਤੰਬਾਕੂ ਕਿਹੋ ਜਿਹੀਆਂ ਫ਼ਸਲਾਂ ਹਨ?
(ੳ) ਨਕਦ ਫ਼ਸਲਾਂ
(ਅ) ਪੇਅ ਪਦਾਰਥ ਫ਼ਸਲਾਂ
(ੲ) ਖੁਰਾਕੀ ਫ਼ਸਲਾਂ
(ਸ) ੳ ਅਤੇ ਅ ਦੋਹੇਂ
ਉੱਤਰ:- ਪੇਅ ਪਦਾਰਥ ਫ਼ਸਲਾਂ
(viii) ਸੰਸਾਰ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ ਕਿਹੜਾ ਹੈ?
(ੳ) ਪੰਜਾਬ ਦਾ ਮੈਦਾਨ
(ਅ) ਕਸ਼ਮੀਰ ਦੀ ਘਾਟੀ
(ੲ) ਤਾਮਿਲਨਾਡੂ ਦੇ ਘਾਟ
(ਸ) ਸੁੰਦਰਬਨ
ਉੱਤਰ:- ਸੁੰਦਰਬਨ
(ix) ਤਰਾਈ ਖੇਤਰ ਕਿਸ ਉਤਪਾਦਨ ਨਾਲ ਸੰਬੰਧਿਤ ਹੈ ?
(ੳ) ਚਾਹ ਉਤਪਾਦਨ
(ਅ) ਤੰਬਾਕੂ ਉਤਪਾਦਨ
(ੲ) ਗੰਨਾ ਉਤਪਾਦਨ
(ਸ) ਕਪਾਹ ਉਤਪਾਦਨ
ਉੱਤਰ:- ਗੰਨਾ ਉਤਪਾਦਨ
(x) ਸਹੀ ਮਿਲਾਨ ਕਰੋ:-
(i) ਝੋਨਾ, ਅਰਹਰ, ਮਾਂਹ (c) ਸਾਉਣੀ ਦੀਆਂ ਫ਼ਸਲਾਂ
(ii) ਵੀ. ਕੁਰੀਅਨ (a) ਚਿੱਟੀ ਕ੍ਰਾਂਤੀ
(iii) ਐੱਮ. ਐੱਸ.ਰੰਧਾਵਾ (d) ਪੰਜਾਬ ਖੇਤੀਬਾੜੀ ਯੂਨੀਵਰਸਿਟੀ
(iv) ਬਾਜਰਾ, ਸਰੋਂ, ਕਣਕ (b) ਹਾੜ੍ਹੀ ਦੀਆਂ ਫ਼ਸਲਾਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਕੁ ਸ਼ਬਦਾਂ ਤੱਕ ਦਿਓ:-
(i) ਭਾਰਤ ਦਾ ਕਿਹੜਾ ਰਾਜ ‘ਮਸਾਲਿਆਂ ਦਾ ਬਾਗ਼ ਹੈ’ ਤੇ ਕਿਉਂ?
ਉੱਤਰ:- ਭਾਰਤ ਵਿਚ ਕੇਰਲਾ ਨੂੰ ‘ਮਸਾਲਿਆਂ ਦੇ ਬਾਗ’ ਦੇ ਨਾਮ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਭਾਰਤ ਦਾ ਕੇਰਲ ਰਾਜ ਨੀਵੇਂ ਅਕਸ਼ਾਸ਼ਾਂ
ਵਿੱਚ ਸਥਿੱਤ ਹੋਣ ਕਰਕੇ ਗਰਮ ਅਤੇ ਤਰ ਜਲਵਾਯੂ ਵਾਲਾ ਰਾਜ ਹੈ। ਇਸ ਦੇ ਤੱਟੀ ਮੈਦਾਨਾਂ ਵਿਚ ਨਦੀਆਂ ਦੁਆਰਾ ਲਿਆ ਕੇ ਉਪਜਾਊ ਜਲੌਢੀ ਮਿੱਟੀ, ਮਾਲਾਬਾਰ ਦੇ ਇਲਾਕੇ ਅਤੇ ਪੱਛਮੀ ਘਾਟ ਦੀਆਂ ਮਿੱਟੀਆਂ ਮਸਾਲਿਆਂ ਦੀ ਖੇਤੀ ਲਈ ਸਭ ਤੋਂ ਬੇਹਤਰੀਨ ਹਨ। ਕੇਰਲ ਵਿੱਚ ਕਾਲੀ ਮਿਰਚ, ਹਲਦੀ, ਛੋਟੀ ਇਲਾਇਚੀ, ਲੌਂਗ, ਵਨੇਲਾ, ਕੈਮਬੋਜ, ਸੁਪਾਰੀ, ਦਾਲਚੀਨੀ ਅਤੇ ਕੈਮੀਆਂ ਆਦਿ ਦੀ ਪੈਦਾਵਰ ਕੀਤੀ ਜਾਂਦੀ ਹੈ।
(ii) ਭਾਰਤ ਵਿਚ ਖੇਤੀਬਾੜੀ ਦੇ ਵਿਕਾਸ ਪ੍ਰਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭੂਮਿਕਾ ਉੱਤੇ ਨੋਟ ਲਿਖੋ?
ਉੱਤਰ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ, ਸੰਨ 1962 ਵਿਚ ਕੀਤੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਵਿਚ ਅਨਾਜ ਦੇ ਉਤਪਾਦਨ ਤੇ ਹਰੀ ਕ੍ਰਾਂਤੀ ਦੀ ਕਾਮਯਾਬੀ ਵਿੱਚ ਸਭ ਤੋਂ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਦੁਧਾਰੂ ਪਸ਼ੂਆਂ ਅਤੇ ਮੁਰਗੀ ਪਾਲਣ ਦੇ ਵਿਕਾਸ ਵਿੱਚ ਵੀ ਖੇਤੀਬਾੜੀ ਯੂਨੀਵਰਸਿਟੀ ਨੇ ਸਾਥ ਦਿੱਤਾ ਹੈ। ਖੇਤੀਬਾੜੀ ਸੰਬੰਧੀ ਖੋਜਾਂ, ਸਿੱਖਿਆ ਵਿੱਚ ਪ੍ਰਾਪਤੀਆਂ ਕਾਰਨ ਸੰਨ 1995 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ‘ਬੈਸਟ ਯੂਨੀਵਰਸਿਟੀ’ ਦਾ ਖਿਤਾਬ ਦਿੱਤਾ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਖੇਤੀਬਾੜੀ ਕਾਲਜ, ਘਰੋਗੀ ਵਿਗਿਆਨ ਦਾ ਕਾਲਜ, ਬੇਸਿਕ ਸਾਇੰਸਿਜ਼ ਅਤੇ ਹਿਊਮੈਨਟੀਜ਼ ਦੇ ਚਾਰ ਕਾਲਜ ਹਨ। ਇਹਨਾਂ ਦੇ 28 ਵਿਭਾਗ ਹਨ ਜਿਨ੍ਹਾਂ ਨਾਲ 31 ਮਾਸਟਰ ਡਿਗਰੀਆਂ ਤੇ ਪੀ.ਐਚ. ਡੀ ਪ੍ਰੋਗਰਾਮ ਜੁੜੇ ਹੋਏ ਹਨ।
(iii) ਗਲੋਬਲ ਹੰਗਰ ਇੰਡੈਕਸ ਤੋਂ ਕੀ ਭਾਵ ਹੈ?
ਉੱਤਰ:- ਗਲੋਬਲ ਹੰਗਰ ਇੰਡੈਕਸ ਨੂੰ ਸੰਸਾਰ ਭੁੱਖਮਰੀ ਦਾ ਸੂਚਕ ਅੰਕ ਕਿਹਾ ਗਿਆ ਹੈ।ਜੇਕਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਲੋਚਨਾਤਮਕ ਅਧਿਐਨ ਕਰਨਾ ਹੋਵੇ ਤਾਂ ਭੁੱਖਮਰੀ ਸਭ ਤੋਂ ਵਧੀਆ ਮਾਪਦੰਡ ਹੋ ਸਕਦਾ ਹੈ। ਇਹ ਸੂਚਕ ਅੰਕ 4 ਸੰਕੇਤਾਂ ‘ਤੇ ਅਧਾਰਿਤ ਹੈ :-
- ਘੱਟ ਕੈਲੋਰੀ ਵਾਲੇ ਭੋਜਨ ਤੱਕ ਪਹੁੰਚ ਵਾਲੀ ਆਬਾਦੀ।
- ਘੱਟ ਭਾਰ ਦੇ ਕੱਦ ਵਾਲੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਪ੍ਰਤੀਸ਼ਤ
- ਕੁਪੋਸ਼ਨ ਦੇ ਸ਼ਿਕਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦੀ ਦਰ
(iv) ਸਾਡੇ ਲਈ ਖੇਤੀਬਾੜੀ ਦਾ ਕੀ ਮਹੱਤਵ ਹੈ?
ਉੱਤਰ:- ਭਾਰਤ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਾਹੀਯੋਗ ਜ਼ਮੀਨ ਹੈ। ਇਸ ਸਮੇਂ 43% ਜ਼ਮੀਨ ਖੇਤੀਬਾੜੀ ਅਧੀਨ ਹੈ। ਪਿੰਡਾਂ ਵਿੱਚ ਰਹਿਣ ਵਾਲੇ ਲਗਭਗ 88 ਕਰੋੜ ਲੋਕਾਂ ਦੀ ਜ਼ਿੰਦਗੀ ਤੇ ਸੁਰੱਖਿਆ ਖੇਤੀ ਤੇ ਨਿਰਭਰ ਕਰਦੀ ਹੈ। ਭਾਰਤ ਵਿੱਚ ਵੰਨ- ਸਵੰਨੇ ਜਲਵਾਯੂ ਮਿਲਣ ਕਾਰਨ ਇੱਥੇ ਭਿੰਨ ਭਿੰਨ ਪ੍ਰਕਾਰ ਦੀਆਂ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ। ਵੱਖ-ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ਖੇਤੀਬਾੜੀ ਤੋਂ ਹੀ ਪੂਰੀਆਂ ਹੁੰਦੀਆਂ ਹਨ।
(v) ਵਪਾਰਕ ਖੇਤੀ ਉੱਤੇ ਇੱਕ ਨੋਟ ਲਿਖੋ।
ਉੱਤਰ:- ਇਸ ਕਿਸਮ ਦੀ ਖੇਤੀ, ਉਤਪਾਦਾਂ ਨੂੰ ਸਿੱਧੇ ਬਾਜ਼ਾਰ ਵਿੱਚ ਵੇਚਣ ਲਈ ਕੀਤੀ ਜਾਂਦੀ ਹੈ। ਇਸ ਤਰਾਂ ਦੀ ਖੇਤੀ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਆਧੁਨਿਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਭਾਰਤ ਵਿਚ ਇਸ ਕਿਸਮ ਦੀ ਖੇਤੀ ਆਮ ਨਹੀਂ ਹੈ ਪਰੰਤੂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਦੇ ਕਈ ਇਲਾਕਿਆਂ ਵਿਚ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਚਾਹ, ਕੌਫੀ, ਰਬੜ, ਨਾਰੀਅਲ,
ਕੇਲਾ, ਗੰਨਾ ਅਤੇ ਮਸਾਲੇ ਆਦਿ ਸਿੱਧੇ ਬਾਜ਼ਾਰ ਵਿੱਚ ਭੇਜਣ ਲਈ ਉਗਾਏ ਜਾਂਦੇ ਹਨ। ਇਨ੍ਹਾਂ ਵਸਤਾਂ ਦਾ ਕੌਮਾਂਤਰੀ ਵਪਾਰ ਹੁੰਦਾ ਹੈ।
(vi) ਸਾਉਣੀ ਦੀਆਂ ਫ਼ਸਲਾਂ ਸੰਬੰਧੀ ਇਕ ਨੋਟ ਲਿਖੋ?
ਉੱਤਰ:- ਸਾਉਣੀ ਜਾਂ ਖ਼ਰੀਫ਼ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਝੋਨਾ, ਅਰਹਰ, ਮੂੰਗੀ, ਮਾਂਹ, ਗੰਨਾ, ਸੋਇਆਬੀਨ, ਜਵਾਰ, ਬਾਜਰਾ, ਮੂੰਗਫਲੀ, ਪਟਸਨ, ਤੇਲ ਆਦਿ ਮੁੱਖ ਫਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਨੂੰ ਬੀਜਣ ਦਾ ਸਮਾਂ 1 ਜੂਨ ਤੋਂ ਅਕਤੂਬਰ ਦੇ ਮੱਧ ਤੱਕ ਹੁੰਦਾ ਹੈ। ਇਨ੍ਹਾਂ ਫ਼ਸਲਾਂ ਲਈ ਨਮੀ ਭਰਪੂਰ ਦੱਖਣੀ-ਪੱਛਮੀ ਮੌਨਸੂਨ ਵਰਖਾ ਕਾਫੀ ਲਾਭਦਾਇਕ ਸਿੱਧ ਹੁੰਦੀ ਹੈ। ਇਹ ਫ਼ਸਲਾਂ ਜ਼ਿਆਦਾਤਰ ਗਰਮ ਤੇ ਤਰ ਮੌਸਮ ਉੱਤੇ ਨਿਰਭਰ ਕਰਦੀਆਂ ਹਨ।
(vii) ਘੱਟੋ ਘੱਟ ਸਮਰਥਨ ਮੁੱਲ ਮਿੱਥਣ ਦੇ ਕੋਈ ਤਿੰਨ ਕਾਰਨ ਲਿਖੋ?
ਉੱਤਰ:- ਘੱਟੋ-ਘੱਟ ਸਮਰਥਨ ਮੁੱਲ (MSP)ਉਹ ਮੁੱਲ ਹੈ, ਜਿਸ ‘ਤੇ ਸਰਕਾਰ ਕਿਸਾਨਾਂ ਕੋਲੋਂ ਅਨਾਜ਼ ਦੀ ਖਰੀਦ ਕਰਦੀ ਹੈ। ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲੱਗਿਆਂ ਹੇਠ ਲਿਖੇ ਕਾਰਕਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ:-
(1) ਮੰਗ ਅਤੇ ਪੂਰਤੀ
(2) ਉਤਪਾਦਨ ਦੀ ਲਾਗਤ
(3) ਅੰਤਰਰਾਸ਼ਟਰੀ ਤੇ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਦਾ ਉਤਰਾਅ-ਚੜਾਅ
(4) ਫਸਲਾਂ ਦੇ ਮੁੱਲ ਵਿੱਚ ਆਪਸੀ ਫ਼ਰਕ
(5) ਖੇਤੀਬਾੜੀ ਤੇ ਗੈਰ-ਖੇਤੀ ਵਸਤਾਂ ਦੇ ਵਪਾਰ ਦੀਆਂ ਸ਼ਰਤਾਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਕੁ ਸ਼ਬਦਾਂ ਤੱਕ ਦਿਓ:-
(1) ਖੇਤੀਬਾੜੀ ਦੀਆਂ ਕਿਸਮਾਂ ਉੱਤੇ ਵਿਸਤ੍ਰਿਤ ਨੋਟ ਲਿਖੋ?
ਉੱਤਰ:- ਭਾਰਤ ਵਿਚ ਭਿੰਨ-ਭਿੰਨ ਪ੍ਰਕਾਰ ਦੇ ਭੂਗੋਲਿਕ ਅਤੇ ਵਾਤਾਵਰਨ ਵਖਰੇਵਿਆਂ ਕਾਰਨ ਕਈ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ:-
1. ਸਥਾਨ-ਅੰਤਰੀ ਖੇਤੀ: ਸਥਾਨ-ਅੰਤਰੀ ਖੇਤੀ ਸਿਰਫ਼ ਪੱਛੜੇ ਜੰਗਲੀ ਇਲਾਕਿਆਂ ਵਿਚ ਕੀਤੀ ਜਾਂਦੀ ਹੈ।ਅਜਿਹੀ ਖੇਤੀ ਵਿੱਚ ਕਿਸਾਨ ਜੰਗਲਾਂ ਨੂੰ ਸਾੜ ਕੇ ਜਾਂ ਦਰੱਖਤ ਕੱਟ ਕੇ ਜ਼ਮੀਨ ਨੂੰ ਵਾਹੀ ਯੋਗ ਬਣਾਉਂਦਾ ਹੈ ਤੇ ਰਵਾਇਤੀ ਸੰਦਾਂ ਨਾਲ ਦੋ-ਤਿੰਨ ਸਾਲ ਤੱਕ ਖੇਤੀ ਕਰਦਾ
ਹੈ।
2.ਨਿਰਬਾਹ ਖੇਤੀ: ਕਿਸਾਨ ਦੁਆਰਾ ਜਦੋਂ ਸਿਰਫ਼ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਫ਼ਸਲਾਂ ਉਗਾਈਆ ਜਾਣ ਤੇ ਉਪਜ ਨੂੰ ਬਾਜ਼ਾਰ
ਵਿੱਚ ਵਿਕਰੀ ਲਈ ਨਾ ਲੈ ਕੇ ਜਾਇਆ ਜਾਵੇ, ਕਿਸ ਕਿਸਮ ਦੀ ਖੇਤੀ ਨੂੰ ਨਿਰਬਾਹ ਖੇਤੀ ਕਿਹਾ ਜਾਂਦਾ ਹੈ।
3. ਸੰਘਣੀ ਖੇਤੀ: ਅਬਾਦੀ ਦੇ ਵੱਧਣ ਨਾਲ ਜੋਤਾਂ ਲਗਾਤਾਰ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ। ਕਿਸਾਨ ਅਜਿਹੇ ਛੋਟੇ ਜ਼ਮੀਨ ਦੇ ਟੁੱਕੜਿਆਂ ਵਿੱਚੋਂ ਵੱਧ ਝਾੜ ਦੇਣ ਵਾਲੇ ਬੀਜ, ਰੂੜੀ ਦੀ ਖਾਦ, ਰਸਾਇਣਿਕ ਖਾਦਾਂ, ਕੀਟ ਨਾਸ਼ਕ ਤੇ ਸਿੰਚਾਈ ਸਹੂਲਤਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਝਾੜ ਲੈਣ ਦੀ ਕੋਸ਼ਿਸ਼ ਕਰਦੇ ਹਨ।
4. ਵਿਆਪਕ ਖੇਤੀ: ਵਿਆਪਕ ਖੇਤੀ ਵਿੱਚ ਜੋਤਾਂ ਦਾ ਆਕਾਰ ਵੱਡਾ ਹੁੰਦਾ ਹੈ। ਬੀਜ ਬੀਜਣ ਤੋਂ ਲੈ ਕੇ ਫ਼ਸਲ ਦੇ ਕੱਟਣ ਤੱਕ ਜ਼ਿਆਦਾਤਰ
ਕੰਮ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ।
5. ਵਪਾਰਕ ਖੇਤੀ: ਇਸ ਕਿਸਮ ਦੀ ਖੇਤੀ, ਉਤਪਾਦਾਂ ਨੂੰ ਸਿੱਧੇ ਬਾਜ਼ਾਰ ਵਿੱਚ ਵੇਚਣ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੇਤੀ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਆਧੁਨਿਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ।
6. ਰੋਪੜ ਖੇਤੀ: ਰੋਪਣ ਖੇਤੀ ਵਿੱਚ ਵਿਗਿਆਨਕ ਢੰਗਾਂ ਨਾਲ ਫਸਲਾਂ ਰੋਪਿਤ ਕਰ ਕੇ ਉਗਾਈਆਂ ਜਾਂਦੀਆਂ ਹਨ।ਅਜਿਹੀ ਖੇਤੀ ਦਾ
ਮੰਤਵ ਉਪਜਾਂ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ।
7. ਲੰਬਕਾਰੀ ਜਾ ਖੜ੍ਹੀ ਖੇਤੀ: ਲੰਬਕਾਰੀ ਖੇਤੀ ਖਾਸ ਵਾਤਾਵਰਨ ਹਾਲਾਤਾਂ ਵਿਚ ਟਰੇਆਂ ਵਿੱਚ ਮਿੱਟੀ, ਪਾਈ ‘ਤੇ ਉੱਨਤ ਬੀਜਾਂ ਦਾ ਇਸਤੇਮਾਲ ਕਰਕੇ ਕੀਤੀ ਜਾਂਦੀ ਹੈ। ਖੇਤੀ ਮਜ਼ਦੂਰਾਂ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ।
8. ਮਿਸ਼ਰਤ ਖੇਤੀ: ਮਿਸ਼ਰਤ ਖੇਤੀ ਵਿੱਚ ਫ਼ਸਲਾਂ ਉਗਾਉਣ ਦੇ ਨਾਲ-ਨਾਲ ਪਸ਼ੂ ਪਾਲਣ ਵੀ ਸ਼ਾਮਲ ਹੈ।ਅਜਿਹੀ ਖੇਤੀ ਜ਼ਿਆਦਾ ਵੱਸੋਂ ਵਾਲੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ।
(ii) ਭਾਰਤ ਵਿੱਚ ਖੇਤੀਬਾੜੀ ਦੇ ਮੌਸਮਾਂ ਬਾਰੇ ਵਿਆਖਿਆ ਕਰੋ?
ਉੱਤਰ:-ਭਾਰਤ ਵਿਚ ਵੰਨ-ਸੁਵੰਨੀ ਜਲਵਾਯੂ ਮਿਲਣ ਕਾਰਨ, ਵੱਖੋ-ਵੱਖਰੇ ਭੌਤਿਕ, ਸਮਾਜਿਕ ਤੇ ਆਰਥਿਕ ਹਾਲਤਾਂ ਵਿਚ ਵੱਖੋ- ਵੱਖਰੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਭਾਰਤ ਵਿੱਚ ਖੇਤੀਬਾੜੀ ਦੇ ਮੁੱਖ ਮੌਸਮਾਂ ਵਿੱਚ ਖਰੀਫ਼ ਜਾਂ ਸਾਉਣੀ ਦੀ ਫ਼ਸਲ, ਜ਼ਾਇਦ/ ਜੈਦ-। ਫ਼ਸਲ, ਰੱਬੀ ਜਾਂ ਹਾੜ੍ਹੀ ਦੀ ਫ਼ਸਲ ਅਤੇ ਜ਼ਾਇਦ/ ਜ਼ੈਦ-2 ਫ਼ਸਲਾਂ ਹਨ।
1.ਖਰੀਫ਼ ਜਾਂ ਸਾਉਣੀ ਦੀ ਫ਼ਸਲ:- ਸਾਉਣੀ ਜਾਂ ਖ਼ਰੀਫ਼ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਝੋਨਾ, ਅਰਹਰ, ਮੂੰਗੀ, ਮਾਂਹ, ਗੰਨਾ,
ਸੋਇਆਬੀਨ, ਜਵਾਰ, ਬਾਜਰਾ, ਮੂੰਗਫਲੀ, ਪਟਸਨ, ਤਿੱਲ ਆਦਿ ਮੁੱਖ ਫਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਨੂੰ ਬੀਜਣ ਦਾ ਸਮਾਂ 1 ਜੂਨ ਤੋਂ ਅਕਤੂਬਰ ਦੇ ਮੱਧ ਤੱਕ ਹੁੰਦਾ ਹੈ। ਇਨ੍ਹਾਂ ਫ਼ਸਲਾਂ ਲਈ ਨਮੀ ਭਰਪੂਰ ਦੱਖਈ -ਪੱਛਮੀ ਮੌਨਸੂਨ ਵਰਖਾ ਕਾਫੀ ਲਾਭਦਾਇਕ ਸਿੱਧ ਹੁੰਦੀ ਹੈ। ਇਹ ਫ਼ਸਲਾਂ ਜ਼ਿਆਦਾਤਰ ਗਰਮ ਤੇ ਤਰ ਮੌਸਮ ਉੱਤੇ ਨਿਰਭਰ ਕਰਦੀਆਂ ਹਨ।
2. ਜ਼ਾਇਦ ਜ਼ੈਦ-I ਫ਼ਸਲਾਂ:- ਜ਼ੈਦ ਫ਼ਸਲਾਂ ਵਿਚ ਮੁੱਖ ਤੌਰ ‘ਤੇ ਸਬਜੀਆਂ ਅਤੇ ਚਾਰਾ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਨੂੰ ਬੀਜਣ ਦਾ ਸਮਾਂ ਅਕਤੂਬਰ ਤੋਂ ਨਵੰਬਰ ਤੱਕ ਹੁੰਦਾ ਹੈ। ਮੌਨਸੂਨ ਦੀ ਵਾਪਸੀ, ਘੱਟਦਾ ਤਾਪਮਾਨ ਤੇ ਵੱਧ ਨਮੀ ਵਾਲਾ ਜਲਵਾਯੂ ਇਹਨਾਂ ਫ਼ਸਲਾਂ ਲਈ ਲਾਹੇਵੰਦ ਹੁੰਦਾ ਹੈ।
3.ਰੱਬੀ ਜਾਂ ਹਾੜ੍ਹੀ ਦੀ ਫ਼ਸਲ:- ਰੱਬੀ ਜਾਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਜੌਂ, ਸਰੋਂ, ਕਣਕ, ਅਲਸੀ, ਮਟਰ, ਸੂਰਜਮੁਖੀ, ਮਸਰ ਤੇ ਛੋਲੇ ਆਦਿ ਸ਼ਾਮਲ ਹਨ।ਇਹ ਫ਼ਸਲਾਂ ਅਕਤੂਬਰ ਤੋਂ ਲੈ ਕੇ ਮੱਧ ਮਾਰਚ ਤੱਕ ਸਰਦੀਆਂ ਦੇ ਮਹੀਨਿਆਂ ਵਿੱਚ ਬੀਜੀਆਂ ਜਾਂਦੀਆਂ ਹਨ।
4. ਜ਼ਾਇਦ ਜ਼ੈਦ-2 ਫ਼ਸਲਾਂ:- ਜ਼ੈਦ ਫ਼ਸਲਾਂ ਵਿਚ ਮੁੱਖ ਤੌਰ ‘ਤੇ ਸਬਜੀਆਂ ਅਤੇ ਚਾਰਾ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਨੂੰ ਬੀਜਣ ਦਾ ਸਮਾਂ ਮੱਧ ਮਾਰਚ ਤੋਂ ਮਈ ਤੱਕ ਹੁੰਦਾ ਹੈ। ਨਿੱਘੀ ਧੁੱਪ, ਗਰਮ ਅਤੇ ਖੁਸ਼ਕ ਮੌਸਮ ਵਾਲਾ ਜਲਵਾਯੂ ਇਹਨਾਂ ਫ਼ਸਲਾਂ ਲਈ ਲਾਹੇਵੰਦ ਹੁੰਦਾ ਹੈ।
(iii) ਭਾਰਤ ਵਿਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ?
ਉੱਤਰ:- ਕਪਾਹ ਨੂੰ ਰੇਸ਼ੇ ਵਾਲੀਆਂ ਫ਼ਸਲਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕਪਾਹ ਦੇ ਉਤਪਾਦਨ ਲਈ ਲੋੜੀਂਦੀਆਂ ਹਾਲਤਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-
1. ਤਾਪਮਾਨ:- ਕਪਾਹ ਦੇ ਉਤਪਾਦਨ ਲਈ ਤਾਪਮਾਨ 20° ਸੈਲਸੀਅਸ ਤੋਂ 30° ਤੱਕ ਹੋਣਾ ਚਾਹੀਦਾ ਹੈ। ਕੋਹਰੇ ਤੋਂ ਬਗੈਰ ਮੌਸਮ ਦੇ ਘੱਟੋ-ਘੱਟ 210 ਦਿਨ ਹੋਏ ਚਾਹੀਦੇ ਹਨ।
2. ਮਿੱਟੀ:- ਕਪਾਹ ਦੇ ਉਤਪਾਦਨ ਲਈ ਕਾਲੀ ਮਿੱਟੀ ਜਾਂ ਰੈਗੁਰ ਮਿੱਟੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ।
3. ਕਿਸਮਾਂ:-ਕਪਾਹ ਦੀਆਂ ਪ੍ਰਮੁੱਖ ਤੌਰ ਤੇ ਤਿੰਨ ਕਿਸਮਾਂ ਹੁੰਦੀਆਂ ਹਨ। ਲੰਬੇ ਰੇਸ਼ੇ ਵਾਲੀ ਕਪਾਹ,ਦਰਮਿਆਨੇ ਰੇਸ਼ੇ ਵਾਲੀ ਕਪਾਹ, ਛੋਟੇ ਰੇਸ਼ੇ ਵਾਲੀ ਕਪਾਹ, ਲੰਬੇ ਰੇਸ਼ੇ ਵਾਲੀ ਕਪਾਹ ਨੂੰ ਸਭ ਤੋਂ ਉੱਤਮ ਕਿਸਮ ਦੀ ਕਪਾਹ ਮੰਨਿਆ ਜਾਂਦਾ ਹੈ।
4. ਕਪਾਹ ਉਤਪਾਦਕ ਰਾਜ:- ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਰਾਜਾਂ ਵਿੱਚ ਗੁਜਰਾਤ, ਤਾਮਿਲਨਾਡੂ, ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਰਾਜ ਹਨ। (iv) ਹੇਠ ਲਿਖਿਆ ਤੋਂ ਜਾਣੂ ਕਰਵਾਓ:-
(ੳ) ਦੇਸ਼ ਦਾ ਕੈਫੀ ਹਾਊਸ:- ਕਰਨਾਟਕ ਨੂੰ ਭਾਰਤ ਦਾ ਕੌਫੀ ਹਾਊਸ ਕਿਹਾ ਜਾਂਦਾ ਹੈ। ਭਾਰਤ ਦੀ ਦੋ ਤਿਹਾਈ ਕੌਫੀ ਸਿਰਫ਼ ਕਰਨਾਟਕਾ ਵਿੱਚ ਪੈਦਾ ਹੁੰਦੀ ਹੈ। ਕਰਨਾਟਕ ਦੇ ਚਿਕਮੰਗਲੂਰ, ਕੈਡਗੂ ਤੇ ਹਸਨ ਜ਼ਿਲ੍ਹੇ ਕੌਫੀ ਦੀ ਖੇਤੀ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ। ਕੌਡਗੂ ਜ਼ਿਲ੍ਹੇ ਵਿੱਚ ਕਰਨਾਟਕ ਦੀ 50% ਕੌਫੀ ਪੈਦਾ ਹੁੰਦੀ ਹੈ।ਮੈਸੂਰ ਅਤੇ ਸ਼ਿਮੋਗਾ ਜ਼ਿਲ੍ਹੇ ਵੀ ਕੌਫੀ ਦੇ ਉਤਪਾਦਨ ਲਈ ਪ੍ਰਸਿੱਧ ਹਨ। ਰੋਬਸਟਾ ਅਤੇ ਅਰੇਬਿਕਾ ਕਿਸਮ ਦੀ ਕੌਫੀ ਦੀ, ਸੰਸਾਰ ਵਿੱਚ ਕਾਫੀ ਮੰਗ ਹੈ। 80% ਕੌਫੀ ਪੱਛਮੀ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ।
(ਅ) ਭਾਰਤ ਦਾ ਚਾਹ ਬਾਗ਼: ਆਸਾਮ ਨੂੰ ਭਾਰਤ ਦੇ ਚਾਹ ਦੇ ਬਾਗ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਚਾਹ ਦੀ ਝਾੜੀ ਊਸ਼ਣ ਅਤੇ ਉਪ- ਊਸ਼ਣ ਜਲਵਾਯੂ ਦਾ ਪੌਦਾ ਹੈ, ਆਸਾਮ ਦੀ ਗਰਮ ਅਤੇ ਤਰ ਜਲਵਾਯੂ ਵਿੱਚ ਵਧੀਆ ਵੱਧਦਾ ਫੁੱਲਦਾ ਹੈ। 20° ਤੋਂ ੩੦° ਸੈਲਸੀਅਸ ਤਾਪਮਾਨ ਅਤੇ 150 ਤੋਂ 300 ਸੈਂਟੀਮੀਟਰ ਸਾਲਾਨਾ ਵਰਖਾ ਚਾਹ ਦੀ ਖੇਤੀ ਲਈ ਬੇਹਤਰੀਨ ਹੈ। ਇਸ ਤੋਂ ਇਲਾਵਾ ਨਮੀ, ਤੇਲ ਤੇ ਸਵੇਰ ਦੀ ਧੁੰਦ ਚਾਹ ਦੇ ਪੌਦੇ ਦੇ ਵਧਣ-ਫੁੱਲਣ ਲਈ ਵਧੀਆ ਹਨ। ਇਹ ਸਾਰੀਆਂ ਜਲਵਾਯੂ ਵਿਸ਼ੇਸ਼ਤਾਵਾਂ ਅਸਾਮ ਰਾਜ ਦੇ ਵਿਚ ਪਾਈਆਂ ਜਾਂਦੀਆਂ ਹਨ। ਭਾਰਤ ਦੇ ਕੁੱਲ ਚਾਹ ਉਤਪਾਦਨ ਦਾ 52% ਹਿੱਸਾ ਆਸਾਮ ਵਿੱਚ ਪੈਦਾ ਹੁੰਦਾ ਹੈ।
(ੲ) ਅਨਾਜ ਸੁਰੱਖਿਆ:- ਸੰਸਾਰ ਅਨਾਜ ਸੁਰੱਖਿਆ ਦਾ ਸੂਚਕ ਅੰਕ ਸਾਲ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਸੂਚੀ ਵਿੱਚ ਦਰਜ 70% ਮੁਲਕ ਆਪਣੀ ਵੱਧਦੀ ਹੋਈ ਆਬਾਦੀ ਨੂੰ ਅਨਾਜ ਮੁੱਹਈਆ ਕਰਵਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਹਨ। ਸੰਸਾਰ ਦੀ ਤੇਜ਼ੀ ਨਾਲ ਵੱਧਦੀ ਅਬਾਦੀ ਤੇ ਘੱਟ ਰਹੇ ਅਨਾਜ ਦੇ ਉਤਪਾਦਨ ਨਾਲ ਦਿਨੋਂ-ਦਿਨ ਅਨਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਸੰਸਾਰ ਦਾ ਇਹ ਅਨਾਜ ਸੁਰੱਖਿਆ ਦਾ ਸੂਚਕ ਅੰਕ 113 ਦੇਸ਼ਾਂ ਚੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ 28 ਸੰਕੇਤਾਂ ‘ਤੇ ਆਧਾਰਿਤ ਹੈ। ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਅਨਾਜ ਸੁਰੱਖਿਆ ਦਾ ਅਧਿਐਨ ਇਹਨਾਂ ਸੰਕੇਤਾਂ ‘ਤੇ ਅਧਾਰਤ ਹੁੰਦਾ ਹੈ। ਸਾਲ 2022 ਵਿੱਚ, ਭਾਰਤ ਦਾ 113 ਦੇਸ਼ਾਂ ਵਿੱਚੋਂ 71 ਵਾਂ ਸਥਾਨ ਹੈ।
(ਸ) ਰਵਾਇਤੀ ਗੰਨਾ ਉਤਪਾਦਕ ਪੇਟੀ:- ਤਰਾਈ ਦੇ ਖੇਤਰ ਨੂੰ ਰਵਾਇਤੀ ਗੰਨਾ ਉਤਪਾਦਕ ਪੇਟੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਤਰਾਈ ਦਾ ਇਲਾਕਾ ਹਿਮਾਲਿਆ ਦੇ ਪੈਰਾਂ ਵਿਚ ਦਲਦਲੀ ਭੂਮੀ ਵਾਲਾ ਇਲਾਕਾ ਹੈ ਜੋ ਪੱਛਮ ਤੋਂ ਪੂਰਬ ਤੱਕ ਹਿਮਾਲਿਆ ਦੇ ਨਾਲ- ਨਾਲ ਚੱਲਦਾ ਹੈ। ਤਰਾਈ ਦੀ ਗੰਨਾ ਪੇਟੀ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਤੇ ਆਸਾਮ ਰਾਜਾਂ ਵਿੱਚ ਯਮੁਨਾ ਤੋਂ ਬ੍ਰਹਮਪੁੱਤਰ ਦਰਿਆਵਾਂ ਵਿਚਾਲੇ ਚਲਦੀ ਹੈ। ਇੱਥੇ ਗਰਮ ਤੇ ਤਰ ਜਲਵਾਯੂ ਹਾਲਾਤਾਂ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਦੀਆਂ ਹਨ। ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਉਤਪਾਦਨ ਕਰਨ ਵਾਲਾ ਰਾਜ ਹੈ।
(v) ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਯੂਨੀਵਰਸਿਟੀਆਂ ਦੀ ਕੀ ਭੂਮਿਕਾ ਹੈ?
ਉੱਤਰ:-ਯੂਨੀਵਰਸਿਟੀਆਂ ਨੇ ਭਾਰਤੀ ਖੇਤੀਬਾੜੀ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ ਹੈ। ਅਨਾਜ ਦੇ ਉਤਪਾਦਨ ਅਤੇ ਹਰੀ ਕ੍ਰਾਂਤੀ ਦੇ ਉਤਪਾਦਨ ਦੀ ਕਾਮਯਾਬੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ। ਦੁਧਾਰੂ ਪਸ਼ੂਆਂ ਅਤੇ ਮੁਰਗੀ ਪਾਲਣ ਦੇ ਵਿਕਾਸ ਵਿੱਚ ਵੀ ਯੂਨੀਵਰਸਿਟੀਆਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਫਸਲਾਂ ਦੀ ਕਟਾਈ ਤੋਂ ਬਾਅਦ ਜਿਣਸਾਂ ਦੀ ਬਰਬਾਦੀ ਨੂੰ ਰੋਕਣਾ, ਕਿਸਾਨਾਂ ਦੇ ਮੁਨਾਫੇ ਤੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਕਰਨ, ਖੇਤੀ ਬਿਜ਼ਨੈੱਸ, ਸੁਰੱਖਿਅਤ ਖਾਏ ਨੂੰ ਘਰੇਲੂ ਤੇ ਵਿਦੇਸ਼ੀ ਮੰਡੀਆਂ ਵਿੱਚ ਬਰਾਮਦ ਕਰਨ ਵਿੱਚ ਵੀ ਯੂਨੀਵਰਸਿਟੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਤਿਆਰ ਕਰਤਾ: ਰਣਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਤਿੱਬੜ, ਗੁਰਦਾਸਪੁਰ।
ਪੜਚੋਲ ਕਰਤਾ : ਮਨਦੀਪ ਕੌਰ, ਸ.ਸ.ਮਿਸਟ੍ਰੈਸ, ਸ.ਕੰ.ਸ.ਸ.ਸ.ਦਾਖਾ, (ਲੁਧਿਆਣਾ)