ਪਾਠ: 4 ਭਾਰਤੀ ਅਰਥ ਵਿਵਸਥਾ ਵਿੱਚ ਸੇਵਾ ਖੇਤਰ ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ:-
ਖਾਲੀ ਥਾਵਾਂ ਭਰੋ :-
(i) ਮਲਕੀਅਤ ਦੇ ਆਧਾਰ ‘ਤੇ ਅਰਥ ਵਿਵਸਥਾ ਤਿੰਨ (ਸਰਵਜਨਕ ਖੇਤਰ, ਨਿੱਜੀ ਖੇਤਰ ਅਤੇ ਮਿਸ਼ਰਿਤ ਖੇਤਰ) ਤਰ੍ਹਾਂ ਦੀ ਹੁੰਦੀ ਹੈ।
(ii) ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਅਧਾਰ ‘ਤੇ ਅਰਥਵਿਵਸਥਾ ਤਿੰਨ (ਪ੍ਰਾਥਮਿਕ ਖੇਤਰ, ਗੌਣ ਖੇਤਰ, ਸੇਵਾ ਖੇਤਰ) ਤਰ੍ਹਾਂ ਦੀ ਹੁੰਦੀ ਹੈ।
(iii) ਕੰਮ ਦੀਆਂ ਸਥਿੱਤੀਆਂ ਦੇ ਆਧਾਰ ‘ਤੇ ਅਰਥਵਿਵਸਥਾ ਦੋ (ਸੰਗਠਿਤ ਅਤੇ ਅਸੰਗਠਿਤ ਖੇਤਰ) ਤਰ੍ਹਾਂ ਦੀ ਹੁੰਦੀ ਹੈ।
(iv) ਸਰਵਜਨਕ ਖੇਤਰ ਵਿਚ ਸਾਰੀਆਂ ਆਰਥਿਕ ਕਿਰਿਆਵਾਂ ਤੇ ਸਰਕਾਰ ਦਾ ਪੂਰਾ ਨਿਯੰਤਰਣ ਹੁੰਦਾ ਹੈ।
(v) ਨਿੱਜੀ ਖੇਤਰ ਸਿਰਫ਼ ਲਾਭ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੰਮ ਕਰਦਾ ਹੈ।
(viii) ਸਾਲ 2018-19 ਵਿੱਚ ਸੇਵਾ ਖੇਤਰ ਦੀ ਵਿਕਾਸ ਦਰ 7.50 ਪ੍ਰਤੀਸ਼ਤ ਸੀ।
(ix) ਕਿਸੇ ਦੇਸ਼ ਵਿੱਚ ਮੌਜੂਦ ਅਨੁਭਵੀ ਅਤੇ ਕਾਬਲ ਲੋਕਾਂ ਦੇ ਭੰਡਾਰ ਨੂੰ ਮਨੁੱਖੀ ਪੂੰਜੀ ਕਿਹਾ ਜਾਂਦਾ ਹੈ।
(x) 2011 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਚ 21.9 ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।
(ਖਾਲੀ ਥਾਂ vi ਅਤੇ vii ਨੂੰ ਅਧਿਆਪਕ ਸਾਹਿਬਾਨ ਆਪਣੇ ਪੱਧਰ ਤੇ Google ਦੀ ਸਹਾਇਤਾ ਨਾਲ ਕਰਵਾ ਲੈਣ ਜੀ)
ਬਹੁ-ਵਿਕਲਪੀ ਚੋਣ ਪ੍ਰਸ਼ਨ:-
(i) ਹੇਠਾਂ ਲਿਖਿਆਂ ਵਿੱਚੋਂ ਕਿਹੜੀ ਆਰਥਿਕ ਕਿਰਿਆ ਨੂੰ ਗੌਣ ਖੇਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ?
(ੳ) ਖੁਦਾਈ
(ਅ) ਨਿਰਮਾਣ
(ੲ) ਯਾਤਾਯਾਤ ਤੇ ਸੰਚਾਰ
(ਸ) ਉਪਰੋਕਤ ਸਾਰੇ
ਉੱਤਰ:- ਨਿਰਮਾਣ
(ii) 2020-21 ਵਿੱਚ ਸੇਵਾ ਖੇਤਰ ਦਾ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ ਕਿੰਨੇ ਪ੍ਰਤੀਸ਼ਤ ਸੀ?
(8) 50.4%
(ਅ) 51.3%
(ੲ) 52.8%
(ਸ) 53.98%
ਉੱਤਰ:- 53.98%
(iii) ਯੋਜਨਾਕਾਲ ਦੇ ਦੌਰਾਨ, ਭਾਰਤ ਵਿਚ ਸੇਵਾ ਖੇਤਰ ਦੀ ਵਿਕਾਸ ਦਰ ਕਿੰਨ੍ਹੇ ਪ੍ਰਤੀਸ਼ਤ ਰਹੀ ਹੈ?
(ੳ) 8
(ਅ)9
(ੲ) 10
(ਸ) 11
ਉੱਤਰ:-9
(iv) ਹੇਠ ਲਿਖਿਆਂ ਵਿੱਚੋਂ ਕਿਸ ਨੂੰ ਮਨੁੱਖੀ ਪੂੰਜੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ?
(ੳ) ਅਧਿਆਪਕ
(ਅ)ਡਾਕਟਰ
(ੲ) ਇੰਜੀਨੀਅਰ
(ਸ) ਉਪਰੋਕਤ ਸਾਰੇ
ਉੱਤਰ:- ਉਪਰੋਕਤ ਸਾਰੇ
(v) ਆਮਦਨ ਦੇ ਪੱਖੋਂ ਕਿਹੜੇ ਖੇਤਰ, ਅਰਥ ਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਵਾਉਂਦੇ ਹਨ?
(ੳ) ਪ੍ਰਾਥਮਿਕ ਅਤੇ ਗੌਣ ਖੇਤਰ
(ਅ) ਪ੍ਰਾਥਮਿਕ ਅਤੇ ਸੇਵਾ ਖੇਤਰ
(ੲ) ਗੌਣ ਅਤੇ ਸੇਵਾ ਖੇਤਰ
(ਸ) ਸੇਵਾ ਖੇਤਰ
ਉੱਤਰ:- ਸੇਵਾ ਖੇਤਰ
(ਇਸ MCQ ਦੀ ਚੌਥੀ ਆਪਸ਼ਨ ਬਦਲੀ ਗਈ ਹੈ, ਅਧਿਆਪਕ ਸਾਹਿਬਾਨ ਆਪਣੇ ਪੱਧਰ ‘ਤੇ ਵੀ ਚੈੱਕ ਕਰ ਲੈਣ ਜੀ)
(vi) ਭਾਰਤ ਦੀ ਜਨਸੰਖਿਆ ਦੀ ਸਾਲਾਨਾ ਵਾਧਾ ਦਰ ਕਿੰਨੇ ਪ੍ਰਤੀਸ਼ਤ ਹੈ?
(ੳ) 1.6
(ਅ) 1.7
(ੲ) 1.8
(ਸ) 1.9
ਉੱਤਰ:-1.7
(vii) ਵਰਤਮਾਨ ਸਮੇਂ ਵਿਚ ਸਰਕਾਰ ਦੁਆਰਾ ਸਿਹਤ ਅਤੇ ਸਿੱਖਿਆ ਤੇ ਕੁੱਲ ਘਰੇਲੂ ਉਤਪਾਦਨ ਦਾ ਕਿੰਨ੍ਹੇ ਪ੍ਰਤੀਸ਼ਤ ਖਰਚ ਕੀਤਾ ਜਾ
ਰਿਹਾ ਹੈ?
(ੳ) 4
(ਅ)5
(ੲ)6
(ਸ) 7
ਉੱਤਰ:-4
(viii)ਸੇਵਾ ਖੇਤਰ, ਭਾਰਤ ਦੇ ਵਿਦੇਸ਼ੀ ਵਪਾਰ ਵਿਚ …………… ਪ੍ਰਤੀਸ਼ਤ ਯੋਗਦਾਨ ਦੇ ਰਿਹਾ ਹੈ।
(ੳ) 19
(ਅ)20
(ੲ)21
(ਸ) 22
ਉੱਤਰ:-20
ਸਹੀ/ ਗ਼ਲਤ :-
(i) ਸਰਕਾਰੀ ਖੇਤਰ ਲੋਕਾਂ ਦੇ ਕਲਿਆਣ ਦੇ ਉਦੇਸ਼ ਲਈ ਕੰਮ ਕਰਦਾ ਹੈ। (ਸਹੀ)
(ii) ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਲਈ ਪੱਕੀਆਂ ਤਨਖਾਹਾਂ ਅਤੇ ਕੰਮ ਕਰਨ ਦੇ ਪੱਕੇ ਨਿਯਮ ਹੁੰਦੇ ਹਨ। (ਗ਼ਲਤ)
(iii) ਵਿਕਾਸ ਦੇ ਨਾਲ-ਨਾਲ, ਪ੍ਰਾਥਮਿਕ ਖੇਤਰ ਦੀ ਤੁਲਨਾਤਮਕ ਮਹੱਤਤਾ ਵਿਚ ਵਾਧਾ ਹੁੰਦਾ ਹੈ। (ਸਹੀ)
(iv)ਸੇਵਾ ਖੇਤਰ ਵਿੱਚ ਉਹਨਾਂ ਕਿਰਿਆਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਹੁੰਦੀ ਹੈ। (ਗ਼ਲਤ)
(v) ਪ੍ਰਤੱਖ ਵਿਦੇਸ਼ੀ ਨਿਵੇਸ਼ ਇਕ ਦੇਸ਼ ਦੇ ਨਿੱਜੀ ਖੇਤਰ ਦੁਆਰਾ ਕੀਤਾ ਜਾਂਦਾ ਹੈ। (ਗ਼ਲਤ)
(vi) ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਸ਼ਹਿਰੀ ਖੇਤਰਾਂ ਵਿੱਚ ਵੱਧ ਕੇਂਦਰਿਤ ਹਨ। (ਸਹੀ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਅਰਥਵਿਵਸਥਾ ਤੋਂ ਕੀ ਭਾਵ ਹੈ?
ਉੱਤਰ:- ਅਰਥਵਿਵਸਥਾ ਤੋ ਭਾਵ ਉਸ ਪ੍ਰਬੰਧ ਤੋਂ ਹੈ ਜਿਸ ਦੇ ਮੁਤਾਬਿਕ ਆਰਥਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਸਾਨੂੰ ਆਰਥਿਕ ਕਿਰਿਆਵਾਂ ਦੇ ਸੁਭਾਅ ਅਤੇ ਪੱਧਰ ਬਾਰੇ ਜਾਣਕਾਰੀ ਮਿਲਦੀ ਹੈ। ਅਰਥਵਿਵਸਥਾ ਨੂੰ ਕਿਸੇ ਵਿਸ਼ੇਸ਼ ਖੇਤਰ ਜਾਂ ਸੀਮਾ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ।
(ii) ਸਰਵਜਨਕ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਸਰਵਜਨਕ ਖੇਤਰ ਨੂੰ ਸਰਕਾਰੀ ਖੇਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਸਾਰੇ ਖੇਤਰਾਂ ਦੀ ਮਲਕੀਅਤ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਤੇ ਸਰਕਾਰ ਜਾਂ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਕਿਸੇ ਏਜੰਸੀ ਦਾ ਅਧਿਕਾਰ ਹੁੰਦਾ ਹੈ।
(iii) ਸਰਵਜਨਕ ਖੇਤਰ ਅਧੀਨ ਆਉਣ ਵਾਲੇ ਕਿਸੇ ਦੋ ਉਤਪਾਦਨ ਖੇਤਰਾਂ ਦਾ ਨਾਂ ਦੱਸੋ?
ਉੱਤਰ:- ਪਰਮਾਣੂ ਊਰਜਾ, ਰੇਲਵੇ, ਸਿੱਖਿਆ, ਸਿਹਤ ਅਤੇ ਊਰਜਾ ਖੇਤਰ
(iv) ਨਿੱਜੀ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਨਿੱਜੀ ਖੇਤਰ ਨੂੰ ਪੂੰਜੀਵਾਦੀ ਖੇਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਸਾਰੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਹਨਾਂ
ਤੇ ਨਿੱਜੀ ਖੇਤਰ ਦਾ ਪੂਰਾ ਅਧਿਕਾਰ ਹੁੰਦਾ ਹੈ। ਇਹ ਖੇਤਰ ਸਿਰਫ਼ ਅਧਿਕਤਮ ਲਾਭ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੰਮ ਕਰਦਾ ਹੈ।
(v) ਸੰਗਠਿਤ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਇਹ ਉਹ ਖੇਤਰ ਹੁੰਦਾ ਹੈ ਜੋ ਕੇ ਪੂਰੀ ਤਰ੍ਹਾਂ ਸੰਗਠਿਤ ਹੁੰਦਾ ਹੈ ਭਾਵ ਇਸ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਸ਼ੇਸ਼ ਨਿਯਮਾਂ ਅਤੇ ਕਾਨੂੰਨਾਂ ਅਧੀਨ ਹੇਠ ਕੰਮ ਕਰਦੇ ਹਨ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਨਿਸ਼ਚਿਤ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮ ਹੁੰਦੇ ਹਨ।
(vi) ਅਸੰਗਠਿਤ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮਾਂ ਦੇ ਪੱਖੋਂ ਕੋਈ ਵੀ ਨਿਯਮ ਅਤੇ ਕਾਨੂੰਨ ਨਹੀਂ ਹੁੰਦੇ।
(vii) ਅਸੰਗਠਿਤ ਖੇਤਰ ਵਿੱਚ ਕਿਸ ਤਰ੍ਹਾਂ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ?
ਉੱਤਰ:- ਛੋਟੇ ਅਤੇ ਸੀਮਾਂਤ ਮਜ਼ਦੂਰ, ਭੂਮੀਹੀਣ ਕਿਸਾਨ, ਠੇਕੇ ਤੇ ਰੱਖੇ ਮਜ਼ਦੂਰ ਅਤੇ ਕੱਚੇ ਮਜ਼ਦੂਰ,ਘਰੇਲੂ ਨੌਕਰ, ਮੱਛੀਆਂ ਫੜਨ ਵਾਲੇ,
ਸਬਜੀਆਂ ਤੇ ਫਲ ਵੇਚਣ ਵਾਲੇ ਅਤੇ ਅਖ਼ਬਾਰ ਵੰਡਣ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
(viii) ਪ੍ਰਾਥਮਿਕ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਪ੍ਰਾਥਮਿਕ ਖੇਤਰ ਤੋਂ ਭਾਵ ਇੱਕ ਅਜਿਹੇ ਖੇਤਰ ਤੋਂ ਹੈ ਜਿਸਦਾ ਸੰਬੰਧ ਉਹਨਾਂ ਕਿਰਿਆਵਾਂ ਦੇ ਨਾਲ ਹੈ ਜੋ ਕਿ ਸਿੱਧੇ ਤੌਰ ਤੇ ਕੁਦਰਤ ‘ਤੇ ਨਿਰਭਰ ਕਰਦੀਆਂ ਹਨ ਕਿਉਂਕਿ ਇਨ੍ਹਾਂ ਕਿਰਿਆਵਾਂ ਵਿੱਚ ਕੁਦਰਤ ਦੁਆਰਾ ਦਿੱਤੇ ਗਏ ਸਾਧਨ ਜਿਵੇਂ ਕਿ ਭੂਮੀ, ਪਾਈ ਬਨਸਪਤੀ ਅਤੇ ਖਣਿਜ ਪਦਾਰਥਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
(ix) ਪ੍ਰਾਥਮਿਕ ਖੇਤਰ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਕਿਰਿਆਵਾਂ ਦਾ ਵਰਨਣ ਕਰੋ?
ਉੱਤਰ:- ਮੱਛੀ ਪਾਲਣ, ਡੇਅਰੀ ਫਾਰਮਿੰਗ।
(x) ਗੌਣ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਿਹਾ ਜਾਂਦਾ ਹੈ। ਇਹ ਖੇਤਰ ਪ੍ਰਾਥਮਿਕ ਖੇਤਰ ਦੁਆਰਾ ਪ੍ਰਦਾਨ ਕਰਵਾਏ ਗਏ ਸਾਧਨਾਂ ਦੀ ਕੱਚੇ ਮਾਲ ਦੇ ਤੌਰ ‘ਤੇ ਵਰਤੋਂ ਕਰਦਾ ਹੈ ਅਤੇ ਇੱਕ ਉਤਪਾਦਨ ਕਿਰਿਆ ਦੇ ਦੁਆਰਾ ਇਸ ਕੱਚੇ ਮਾਲ ਨੂੰ ਅੰਤਿਮ ਵਸਤੂਆਂ ਵਿੱਚ ਬਦਲਦਾ ਹੈ।
(xi) ਗੌਣ ਖੇਤਰ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਕਿਰਿਆਵਾਂ ਦਾ ਵਰਨਣ ਕਰੋ?
ਉੱਤਰ:- ਗੌਣ ਖੇਤਰ ਵਿੱਚ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ, ਕੱਪੜਾ ਰੰਗਣ ਵਾਲੇ, ਲੋਹਾ-ਇਸਪਾਤ, ਪਲਾਸਟਿਕ, ਕਾਰਾਂ ਬਣਾਉਣ ਵਾਲੀਆਂ ਫਰਮਾਂ ਅਤੇ ਫੈਕਟਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
(xii) ਸੇਵਾ ਖੇਤਰ ਤੋਂ ਕੀ ਭਾਵ ਹੈ?
ਉੱਤਰ:- ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਅਰਥ ਅਵਸਥਾ ਦਾ ਤੀਜਾ ਸਭ ਤੋਂ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ। ਇਹ ਖੇਤਰ ਵਸਤੂਆਂ ਦੇ ਪ੍ਰਤੱਖ ਉਤਪਾਦਨ ਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਖੇਤਰ ਪ੍ਰਾਥਮਿਕ ਖੇਤਰ ਅਤੇ ਗੌਣ ਖੇਤਰ ਨੂੰ ਆਪਣੀਆਂ ਵਸਤੂਆਂ ਬਣਾਉਣ ਅਤੇ ਉਨ੍ਹਾਂ ਦੀ ਵੰਡ ਕਰਨ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ।
(xiii) ਸੇਵਾ ਖੇਤਰ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਕਿਰਿਆਵਾਂ ਦਾ ਵਰਣਨ ਕਰੋ?
ਉੱਤਰ:- ਇਸ ਖੇਤਰ ਵਿੱਚ ਬੈਂਕਿੰਗ ਸੇਵਾਵਾਂ, ਬੀਮਾ ਸੇਵਾਵਾਂ, ਯਾਤਾਯਾਤ ਦੇ ਸਾਧਨਾਂ ਦੀਆਂ ਸੇਵਾਵਾਂ ਅਤੇ ਸੰਚਾਰ ਦੇ ਸਾਧਨਾਂ ਦੀਆਂ ਸ਼ਾਮਲ ਕੀਤਾ ਜਾਂਦਾ ਹੈ।
(xiv) ਵਿਦੇਸ਼ੀ ਵਪਾਰ ਤੋਂ ਕੀ ਭਾਵ ਹੈ?
ਉੱਤਰ:-ਵਿਦੇਸ਼ੀ ਵਪਾਰ ਉਹ ਵਪਾਰ ਹੈ, ਜੋ ਵੱਖ-ਵੱਖ ਦੇਸ਼ਾਂ ਦੇਸ਼ਾਂ ਦੇ ਵਿਚਕਾਰ ਨਿਰਯਾਤ ਅਤੇ ਆਯਾਤ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਉਸ ਨੂੰ ਵਿਦੇਸ਼ੀ ਵਪਾਰ ਕਿਹਾ ਜਾਂਦਾ ਹੈ।
(xv) ਮਨੁੱਖੀ ਪੂੰਜੀ ਤੋਂ ਕੀ ਕੀ ਭਾਵ ਹੈ?
ਉੱਤਰ:-ਮਨੁੱਖੀ ਪੂੰਜੀ ਤੋਂ ਭਾਵ ਕਿਸੇ ਦੇਸ ਵਿਚ ਕੁਸ਼ਲ ਅਤੇ ਯੋਗ ਵਿਅਕਤੀਆਂ ਦੇ ਕੁੱਲ ਭੰਡਾਰ ਤੋਂ ਹੁੰਦਾ ਹੈ।
(xvi) FDI ਦਾ ਪੂਰਾ ਨਾਮ ਕੀ ਹੈ?
ਉੱਤਰ:- Foreign Direct Investment.(ਪ੍ਰਤੱਖ ਵਿਦੇਸ਼ੀ ਨਿਵੇਸ਼)
(xvii) ਸੇਵਾ ਖੇਤਰ ਦਾ ਵਿਕਾਸ ਹੋਣ ਦੇ ਨਾਲ-ਨਾਲ ਅਰਥਵਿਵਸਥਾ ਵਿੱਚ ਕਿਹੜੇ ਨਵੇਂ ਖੇਤਰਾਂ ਦਾ ਵਿਕਾਸ ਹੁੰਦਾ ਹੈ?
ਉੱਤਰ:- ਹੋਟਲ, ਨਿੱਜੀ ਹਸਪਤਾਲ, ਨਿੱਜੀ ਸਕੂਲ, ਮਨੋਰੰਜਨ, ਪਾਰਕ ਆਦਿ।
(xviii) ਭਾਰਤ ਦੇ ਦੋ ਅਜਿਹੇ ਰਾਜਾਂ ਦੇ ਨਾਂ ਦੱਸੋ, ਜੋ ਕਿ ਸਿੱਖਿਆ ਅਤੇ ਸਿਹਤ ਦੇ ਪੱਖੋਂ ਵਿਕਸਿਤ ਰਾਜ ਹਨ?
ਉੱਤਰ:- ਮਹਾਂਰਾਸ਼ਟਰ ਅਤੇ ਪੰਜਾਬ।
(xix) ਭਾਰਤ ਸਰਕਾਰ ਦੁਆਰਾ ਸਿਹਤ ਅਤੇ ਸਿੱਖਿਆ ‘ਤੇ ਆਪਣੇ ਕੁੱਲ ਘਰੇਲੂ ਉਤਪਾਦਨ ਦਾ ਕਿੰਨ੍ਹੇ ਪ੍ਰਤੀਸ਼ਤ ਖਰਚ ਕੀਤਾ ਜਾ
ਰਿਹਾ ਹੈ ?
ਉੱਤਰ:- ਭਾਰਤ ਸਰਕਾਰ ਦੁਆਰਾ ਸਿਹਤ ਅਤੇ ਸਿੱਖਿਆ ‘ਤੇ ਆਪਣੇ ਕੁੱਲ ਘਰੇਲੂ ਉਤਪਾਦਨ ਦਾ ੫ % ਖਰਚ ਕੀਤਾ ਜਾ ਰਿਹਾ ਹੈ।
(xx) ਪਿਛਲੇ ਕੁਝ ਸਮੇਂ ਵਿਚ ਪੈਦਾ ਹੋਣ ਵਾਲੀਆਂ ਦੋ ਖਤਰਨਾਕ ਬਿਮਾਰੀਆਂ ਦੇ ਨਾਂ ਦੱਸੋ?
ਉੱਤਰ:- ਕਰੋਨਾ,ਕੈਂਸਰ ਅਤੇ ਏਡਜ਼
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਤੱਕ ਦਿਓ:-
(1) ਮਲਕੀਅਤ ਦੇ ਆਧਾਰ ‘ਤੇ ਅਰਥ ਵਿਵਸਥਾ ਦੀਆਂ ਕਿਸਮਾਂ ਦਾ ਵਰਣਨ ਕਰੋ?
ਉੱਤਰ:-ਮਲਕੀਅਤ ਤੋਂ ਭਾਵ ਹੈ ਕਿ ਕਿਹੜਾ ਖੇਤਰ ਅਰਥਵਿਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੈ? ਭਾਵ ਕਿਹੜਾ ਖੇਤਰ ਅਰਥਵਿਵਸਥਾ ਵਿਚ ਆਰਥਿਕ ਕਿਰਿਆਵਾਂ ਨੂੰ ਚਲਾ ਰਿਹਾ ਹੈ?ਇਸ ਆਧਾਰ ਤੇ ਅਰਥ ਵਿਵਸਥਾ ਦਾ ਤਿੰਨ ਖੇਤਰਾਂ ਵਿਚ ਨਿਰਮਾਣ ਕੀਤਾ ਜਾ ਸਕਦਾ ਹੈ:-
1. ਸਰਵਜਨਕ ਖੇਤਰ: – ਸਰਵਜਨਕ ਖੇਤਰ ਨੂੰ ਸਰਕਾਰੀ ਖੇਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਸਾਰੇ ਖੇਤਰਾਂ ਦੀ ਮਲਕੀਅਤ
ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਤੇ ਸਰਕਾਰ ਜਾਂ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਕਿਸੇ ਏਜੰਸੀ ਦਾ ਅਧਿਕਾਰ ਹੁੰਦਾ ਹੈ।
2. ਨਿੱਜੀ ਖੇਤਰ: -ਨਿੱਜੀ ਖੇਤਰ ਨੂੰ ਪੂੰਜੀਵਾਦੀ ਖੇਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਸਾਰੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਹਨਾਂ ਤੇ ਨਿੱਜੀ ਖੇਤਰ ਦਾ ਪੂਰਾ ਅਧਿਕਾਰ ਹੁੰਦਾ ਹੈ। ਇਹ ਖੇਤਰ ਸਿਰਫ਼ ਅਧਿਕਤਮ ਲਾਭ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੰਮ ਕਰਦਾ ਹੈ।
3. ਮਿਸ਼ਰਤ ਖੇਤਰ: – ਮਿਸ਼ਰਤ ਖੇਤਰ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਮਿਲ ਕੇ ਕੰਮ ਕਰਦੇ ਹਨ। ਅਰਥਵਿਵਸਥਾ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ‘ਤੇ ਸਰਕਾਰ ਆਪਣਾ ਅਧਿਕਾਰ ਰੱਖਦੀ ਹੈ ਅਤੇ ਘੱਟ ਮਹੱਤਵਪੂਰਨ ਖੇਤਰਾਂ ਨੂੰ ਨਿੱਜੀ ਖੇਤਰ ਨੂੰ ਸੌਂਪ ਦਿੰਦੀ ਹੈ।
(2) ਕੰਮ ਕਰਨ ਦੀਆਂ ਸਥਿਤੀਆਂ ਦੇ ਅਧਾਰ ‘ਤੇ ਅਰਥਵਿਵਸਥਾ ਦੀਆ ਕਿਸਮਾਂ ਦਾ ਵਰਣਨ ਕਰੋ?
ਉੱਤਰ:- ਕੰਮ ਦੀਆਂ ਸਥਿਤੀਆਂ ਤੋਂ ਭਾਵ ਕਰਮਚਾਰੀ ਦੇ ਕੰਮ ਕਰਨ ਲਈ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਤੇ ਸਥਿਤੀਆਂ ਤੋਂ ਹੈ। ਇਸ ਆਧਾਰ ‘ਤੇ ਕਿਸੇ ਅਰਥਵਿਵਸਥਾ ਵਿਚ ਦੋ ਖੇਤਰ ਹੁੰਦੇ ਹਨ ਜੋ ਇਸ ਪ੍ਰਕਾਰ ਹਨ:-
ਸੰਗਠਿਤ ਖੇਤਰ:-ਇਹ ਉਹ ਖੇਤਰ ਹੁੰਦਾ ਹੈ ਜੋ ਕੇ ਪੂਰੀ ਤਰ੍ਹਾਂ ਸੰਗਠਿਤ ਹੁੰਦਾ ਹੈ ਭਾਵ ਇਸ ਵਿਚ ਕੰਮ ਕਰਨ ਵਾਲੇ ਕਰਮਚਾਰੀ ਵਿਸ਼ੇਸ਼ ਨਿਯਮਾਂ ਅਤੇ ਕਾਨੂੰਨਾਂ ਅਧੀਨ ਕੰਮ ਕਰਦੇ ਹਨ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਨਿਸ਼ਚਿਤ ਤਨਖਾਹਾਂ,ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮ ਹੁੰਦੇ ਹਨ। ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
2. ਅਸੰਗਠਿਤ ਖੇਤਰ: – ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ
ਨਿਯਮ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮਾਂ ਦੇ ਪੱਖੋਂ ਕੋਈ ਵੀ ਨਿਯਮ ਅਤੇ ਕਾਨੂੰਨ ਨਹੀਂ ਹੁੰਦੇ ਅਤੇ ਨਿਯਮ ਕੰਮ ਦੇਣ ਵਾਲੇ ਦੀ ਮਰਜ਼ੀ ਉੱਪਰ ਨਿਰਭਰ ਕਰਦੇ ਹਨ। ਛੋਟੇ ਅਤੇ ਸੀਮਾਂਤ ਮਜ਼ਦੂਰ, ਭੂਮੀਹੀਣ ਕਿਸਾਨ, ਠੇਕੇ ਤੇ ਰੱਖੇ ਮਜ਼ਦੂਰ ਅਤੇ ਕੱਚੇ ਮਜ਼ਦੂਰ,ਘਰੇਲੂ ਨੌਕਰ, ਮੱਛੀਆਂ ਫੜਨ ਵਾਲੇ, ਸਬਜੀਆਂ ਤੇ ਫਲ ਵੇਚਣ ਵਾਲੇ ਅਤੇ ਅਖ਼ਬਾਰ ਵੰਡਣ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
(3) ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਕੰਮ ਕਰਨ ਦੀਆਂ ਸਥਿੱਤੀਆਂ ‘ਤੇ ਨੋਟ ਲਿਖੋ?
ਉੱਤਰ:- ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮਾਂ ਦੇ ਪੱਖੋਂ ਕੋਈ ਵੀ ਨਿਯਮ ਅਤੇ ਕਾਨੂੰਨ ਨਹੀਂ ਹੁੰਦੇ। ਇਹ ਖੇਤਰ ਸੰਗਠਿਤ ਖੇਤਰ ਦੇ ਬਿਲਕੁੱਲ ਵਿਪਰੀਤ ਹੁੰਦਾ ਹੈ ਕਿਉਂਕਿ ਇਸ ਖੇਤਰ ਵਿੱਚ ਇਹ ਸਾਰੇ ਨਿਯਮ ਅਤੇ ਕਾਨੂੰਨ ਪੂਰੀ ਤਰ੍ਹਾਂ ਨਾਲ ਕੰਮ ਦੇਣ ਵਾਲੇ ਵਿਅਕਤੀ ਦੀ ਮਰਜ਼ੀ ‘ਤੇ ਨਿਰਭਰ ਕਰਦੇ ਹਨ। ਮਾਲਕ, ਕਰਮਚਾਰੀਆਂ ਤੋਂ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਲੈਂਦਾ ਹੈ। ਉਹ ਆਪਣੀ ਮਰਜ਼ੀ ਦੇ ਮੁਤਾਬਕ ਤਨਖਾਹ ਪ੍ਰਦਾਨ ਕਰਦਾ ਹੈ।ਮਜ਼ਦੂਰਾਂ ਨੂੰ ਪੱਕਾ ਕੰਮ, ਪੱਕੀ ਤਨਖ਼ਾਹ ਅਤੇ ਹੋਰ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਨਹੀਂ ਹੁੰਦੇ। ਉਹਨਾਂ ਨੂੰ ਛੁੱਟੀ ਦੇ ਲਾਭ ਅਤੇ ਸਹੀ ਕੰਮ ਕਰਨ ਦੀਆਂ ਸਥਿੱਤੀਆ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ। ਛੋਟੇ ਅਤੇ ਸੀਮਾਂਤ ਮਜ਼ਦੂਰ, ਭੂਮੀਹੀਣ ਕਿਸਾਨ, ਠੇਕੇ ਤੇ ਰੱਖੇ ਮਜ਼ਦੂਰ ਅਤੇ ਕੱਚੇ ਮਜ਼ਦੂਰ,ਘਰੇਲੂ ਨੌਕਰ, ਮੱਛੀਆਂ ਫੜਨ ਵਾਲੇ, ਸਬਜੀਆਂ ਤੇ ਫਲ ਵੇਚਣ ਵਾਲੇ ਅਤੇ ਅਖ਼ਬਾਰ ਵੰਡਣ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
(4) ਸੰਗਠਿਤ ਖੇਤਰ ਅਤੇ ਅਸੰਗਠਿਤ ਖੇਤਰ ਵਿੱਚ ਅੰਤਰ ਸਪੱਸ਼ਟ ਕਰੋ?
ਉੱਤਰ:- ਸੰਗਠਿਤ ਖੇਤਰ ਅਤੇ ਅਸੰਗਠਿਤ ਖੇਤਰ ਵਿਚ ਅੰਤਰ ਹੇਠ ਲਿਖੇ ਅਨੁਸਾਰ ਹੈ:-
ਸੰਗਠਿਤ ਖੇਤਰ
1.ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
2. ਇਸ ਖੇਤਰ ਵਿੱਚ ਕੰਮ ਕਰਨ ਵਾਲੇ ਦੇ ਵਿਸ਼ੇਸ ਨਿਯਮਾਂ ਅਤੇ ਕਾਨੂੰਨਾਂ ਹੇਠ ਕੰਮ ਕਰਦੇ ਹਨ।
3. ਇਸ ਖੇਤਰ ਵਿਚ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮ ਹੁੰਦੇ ਹਨ।
4. ਇਸ ਖੇਤਰ ਦੇ ਕਰਮਚਾਰੀ ਇਕ ਬਹੁਤ ਹੀ ਪ੍ਰਬੰਧਤ ਅਤੇ ਨਿਯੰਤਰਿਤ ਖੇਤਰ ਵਿੱਚ ਕੰਮ ਕਰਦੇ ਹਨ।
5. ਇਸ ਖੇਤਰ ਵਿੱਚ ਛੁੱਟੀ ਦੇ ਲਾਭ ਅਤੇ ਕੰਮ ਕਰਨ ਦੀਆਂ ਸਥਿੱਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਅਸੰਗਠਿਤ ਖੇਤਰ
1.ਛੋਟੇ ਅਤੇ ਸੀਮਾਂਤ ਮਜ਼ਦੂਰ, ਭੂਮੀਹੀਣ ਕਿਸਾਨ, ਠੇਕੇ ਤੇ ਰੱਖੇ ਮਜ਼ਦੂਰ ਅਤੇ ਕੱਚੇ ਮਜ਼ਦੂਰ, ਘਰੇਲੂ ਨੌਕਰ, ਮੱਛੀਆਂ ਫੜਨ ਵਾਲੇ, ਸਬਜੀਆਂ ਤੇ ਫਲ ਵੇਚਣ ਵਾਲੇ ਅਤੇ ਅਖ਼ਬਾਰ ਵੰਡਣ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
2. ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਕੋਈ ਵੀ ਵਿਸ਼ੇਸ ਨਿਯਮ ਅਤੇ ਕਾਨੂੰਨ ਨਹੀਂ ਬਣਾਏ ਜਾਂਦੇ ਹਨ।
3. ਇਸ ਖੇਤਰ ਵਿਚ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਨਿਯਮ ਨਹੀਂ ਹੁੰਦੇ ਹਨ।
4. ਇਸ ਖੇਤਰ ਵਿੱਚ ਮਾਲਕ ਕਰਮਚਾਰੀਆਂ ਤੋਂ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਲੈਂਦਾ ਹੈ।
5. ਇਸ ਖੇਤਰ ਵਿੱਚ ਛੁੱਟੀ ਦੇ ਲਾਭ ਅਤੇ ਕੰਮ ਕਰਨ ਦੀਆਂ ਕੋਈ ਵੀ ਸਥਿੱਤੀਆਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਹਨ।
(5) ਕੰਮ ਦੇ ਸੁਭਾਅ ਦੇ ਅਧਾਰ ‘ਤੇ ਅਰਥਵਿਵਸਥਾ ਦੀਆ ਕਿਸਮਾਂ ਦਾ ਵਰਣਨ ਕਰੋ?
ਉੱਤਰ:- ਕੰਮ ਦੇ ਸੁਭਾਅ ਦੇ ਆਧਾਰ ਤੋਂ ਭਾਵ ਹੈ ਕਿ ਲੋਕਾਂ ਦੁਆਰਾ ਕਿਸ ਤਰ੍ਹਾਂ ਦੀਆਂ ਆਰਥਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਇਸ ਆਧਾਰ ‘ਤੇ ਅਰਥ ਵਿਵਸਥਾ ਦੇ ਹੇਠ ਲਿਖੇ ਖੇਤਰ ਹੋ ਸਕਦੇ ਹਨ :-
1.ਪ੍ਰਾਥਮਿਕ ਖੇਤਰ: – ਪ੍ਰਾਥਮਿਕ ਖੇਤਰ ਤੋਂ ਭਾਵ ਇੱਕ ਅਜਿਹੇ ਖੇਤਰ ਤੋਂ ਹੈ ਜਿਸਦਾ ਸੰਬੰਧ ਉਹਨਾਂ ਕਿਰਿਆਵਾਂ ਦੇ ਨਾਲ ਹੈ ਜੋ ਕਿ ਸਿੱਧੇ
ਤੌਰ ਤੇ ਕੁਦਰਤ ‘ਤੇ ਨਿਰਭਰ ਕਰਦੀਆਂ ਹਨ ਕਿਉਂਕਿ ਇਨ੍ਹਾਂ ਕਿਰਿਆਵਾਂ ਵਿੱਚ ਕੁਦਰਤ ਦੁਆਰਾ ਦਿੱਤੇ ਗਏ ਸਾਧਨ ਜਿਵੇਂ ਕਿ ਭੂਮੀ, ਪਾਈ ਬਨਸਪਤੀ ਅਤੇ ਖਣਿਜ ਪਦਾਰਥਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਪ੍ਰਾਥਮਿਕ ਖੇਤਰ ਦੁਆਰਾ ਕੀਤੀਆਂ ਜਾਣ ਵਾਲੀਆਂ ਮੁੱਖ ਕਿਰਿਆਵਾਂ ਵਿੱਚ ਮੱਛੀ ਪਾਲਣ ਅਤੇ ਡੇਅਰੀ ਫਾਰਮਿੰਗ ਪ੍ਰਮੁੱਖ ਹਨ।
2.ਗੌਣ ਖੇਤਰ: – ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਿਹਾ ਜਾਂਦਾ ਹੈ। ਇਹ ਖੇਤਰ ਪ੍ਰਾਥਮਿਕ ਖੇਤਰ ਦੁਆਰਾ ਪ੍ਰਦਾਨ ਕਰਵਾਏ ਗਏ ਸਾਧਨਾਂ ਦੀ ਕੱਚੇ ਮਾਲ ਦੇ ਤੌਰ ‘ਤੇ ਵਰਤੋਂ ਕਰਦਾ ਹੈ ਅਤੇ ਇੱਕ ਉਤਪਾਦਨ ਕਿਰਿਆ ਦੇ ਦੁਆਰਾ ਇਸ ਕੱਚੇ ਮਾਲ ਨੂੰ ਅੰਤਿਮ ਵਸਤੂਆਂ ਵਿੱਚ ਬਦਲਦਾ ਹੈ। ਗੌਣ ਖੇਤਰ ਵਿੱਚ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ, ਕੱਪੜਾ ਰੰਗਣ ਵਾਲੇ, ਲੋਹਾ -ਇਸਪਾਤ, ਪਲਾਸਟਿਕ, ਕਾਰਾਂ ਬਣਾਉਣ ਵਾਲੀਆਂ ਫਰਮਾਂ ਅਤੇ ਫੈਕਟਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
3.ਸੇਵਾ ਖੇਤਰ: – ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਅਰਥ ਅਵਸਥਾ ਦਾ ਤੀਜਾ ਸਭ ਤੋਂ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ। ਇਹ ਖੇਤਰ ਵਸਤੂਆਂ ਦੇ ਪ੍ਰਤੱਖ ਉਤਪਾਦਨ ਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਖੇਤਰ ਪ੍ਰਾਥਮਿਕ ਖੇਤਰ ਅਤੇ ਗੌਣ ਖੇਤਰ ਨੂੰ ਆਪਣੀਆਂ ਵਸਤੂਆਂ ਬਣਾਉਣ ਅਤੇ ਉਨ੍ਹਾਂ ਦੀ ਵੰਡ ਕਰਨ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ। ਇਸ ਖੇਤਰ ਵਿੱਚ ਬੈਂਕਿੰਗ ਸੇਵਾਵਾਂ, ਬੀਮਾ ਸੇਵਾਵਾਂ, ਯਾਤਾਯਾਤ ਦੇ ਸਾਧਨਾਂ ਦੀਆਂ ਸੇਵਾਵਾਂ ਅਤੇ ਸੰਚਾਰ ਦੇ ਸਾਧਨਾਂ ਦੀਆਂ ਸ਼ਾਮਲ ਕੀਤਾ ਜਾਂਦਾ ਹੈ।
(6) ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਸੇਵਾ ਖੇਤਰ ਦੁਆਰਾ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ?
ਉੱਤਰ:- ਸੇਵਾ ਖੇਤਰ ਦੁਆਰਾ ਭਾਰਤੀ ਅਰਥਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਹ ਖੇਤਰ ਭਾਰਤ ਦੇ ਕੁਲ ਘਰੇਲੂ ਉਤਪਾਦਨ ਵਿੱਚ ਯੋਗਦਾਨ ਦੇਣ ਵਾਲੇ ਵੱਖ-ਵੱਖ ਖੇਤਰਾਂ ਵਿਚੋਂ ਇੱਕ ਖੇਤਰ ਹੈ। ਭਾਰਤ ਦੇ ਸੇਵਾ ਖੇਤਰ ਦਾ ਯੋਗਦਾਨ ਜੋ ਕਿ ਸਥਿਰ ਕੀਮਤਾਂ ਤੇ 1950-51 ਵਿੱਚ ਕੁੱਲ ਘਰੇਲੂ ਉਤਪਾਦਨ ਦਾ 28.5% ਸੀ, 2020-21 ਵਿੱਚ ਵੱਧ ਕੇ 53.89% ਹੋ ਗਿਆ ਹੈ। ਇਸ ਤੋਂ ਭਾਵ ਹੈ ਕਿ ਸੇਵਾ ਖੇਤਰ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੇ ਅੱਧੇ ਭਾਗ ਤੋਂ ਵੀ ਵੱਧ ਯੋਗਦਾਨ ਪ੍ਰਦਾਨ ਕਰਵਾ ਰਿਹਾ ਹੈ।
(7) ਅਰਥ ਸ਼ਾਸਤਰ ਦੇ ਵੱਖ-ਵੱਖ ਖੇਤਰਾਂ ਦੇ ਤੁਲਨਾਤਮਕ ਮਹੱਤਵ ਦਾ ਵਰਣਨ ਕਰੋ?
ਉੱਤਰ:- ਮਨੁੱਖ ਕਈ ਤਰਾਂ ਦੀਆਂ ਆਰਥਿਕ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕਰਦਾ ਹੈ। ਹਰੇਕ ਵਿਅਕਤੀ ਇਹ ਕਿਰਿਆਵਾਂ
ਇਕ ਜਾਂ ਦੂਜੇ ਖੇਤਰ ਵਿੱਚ ਰਹਿ ਕੇ ਕਰਦਾ ਹੈ। ਇਨ੍ਹਾਂ ਖੇਤਰਾਂ ਦੇ ਅਧਾਰ ‘ਤੇ ਹੀ ਅਰਥ-ਵਿਵਸਥਾ ਦੇ ਵੱਖ-ਵੱਖ ਖੇਤਰਾਂ ਦਾ ਤੁਲਨਾਤਮਕ
ਮਹੱਤਵ ਇਸ ਪ੍ਰਕਾਰ ਹੈ:-
1. ਪ੍ਰਾਥਮਿਕ ਖੇਤਰ, ਗੌਣ ਖੇਤਰ ਨੂੰ ਵੱਖ-ਵੱਖ ਵਸਤੂਆਂ ਦਾ ਉਤਪਾਦਨ ਕਰਨ ਲਈ ਕੱਚਾ ਮਾਲ ਪ੍ਰਦਾਨ ਕਰਵਾਉਂਦਾ ਹੈ।
2. ਪ੍ਰਾਥਮਿਕ ਖੇਤਰ, ਗੌਣ ਖੇਤਰ ਦੁਆਰਾ ਬਣਾਈਆਂ ਗਈਆਂ ਵਸਤੂਆਂ ਅਤੇ ਸੇਵਾ ਖੇਤਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦਾ ਖਰੀਦਦਾਰ ਵੀ ਹੁੰਦਾ ਹੈ।
3. ਪ੍ਰਾਥਮਿਕ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ ਖਾਣ- ਪੀਣ ਦੀਆਂ ਵਸਤੂਆਂ ਜਿਵੇਂ ਕਿ ਕਣਕ, ਚੌਲ ਅਤੇ ਦਾਲਾਂ ਆਦਿ ਪ੍ਰਦਾਨ ਕਰਵਾਉਂਦਾ ਹੈ।
4. ਪ੍ਰਾਥਮਿਕ ਅਤੇ ਸੇਵਾ ਖੇਤਰ ਨੂੰ ਆਪਣਾ ਵਿਕਾਸ ਕਰਨ ਦੀ ਨਵੀਆਂ ਤਕਨੀਕਾਂ ਦੀ ਲੋੜ ਹੁੰਦੀ ਹੈ ਅਤੇ ਇਹ ਨਵੀਆਂ ਤਕਨੀਕਾਂ ਇਹਨਾਂ ਦੋਹਾਂ ਖੇਤਰਾਂ ਨੂੰ ਗੌਣ ਖੇਤਰ ਦੁਆਰਾ ਪ੍ਰਦਾਨ ਕਰਵਾਈਆਂ ਜਾਂਦੀਆਂ ਹਨ।
5. ਗੌਣ ਖੇਤਰ, ਪ੍ਰਾਥਮਿਕ ਖੇਤਰ ਨੂੰ ਵਧੀਆ ਬੀਜ, ਖਾਦਾਂ, ਦਵਾਈਆਂ ਆਦਿ ਪ੍ਰਦਾਨ ਕਰਵਾਉਂਦਾ ਹੈ ਤਾਂ ਕਿ ਇਹ ਖੇਤਰ ਵਿਕਾਸ ਕਰ ਸਕੇ।
6. ਗੌਣ ਖੇਤਰ, ਪਰਾਥਮਿਕ ਖੇਤਰ ਵਿਚ ਪਾਈ ਜਾਣ ਵਾਲੀ ਛੁਪੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਨ ਵਿਚ ਮਦਦ ਕਰਦਾ ਹੈ।
7. ਗੌਣ ਖੇਤਰ, ਪ੍ਰਾਥਮਿਕ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ ਬਹੁਤ ਸਾਰੀਆਂ ਜੀਵਨ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ।
8. ਪ੍ਰਾਥਮਿਕ ਅਤੇ ਗੌਣ ਖੇਤਰ ਨੂੰ ਆਪਣਾ ਵਿਕਾਸ ਕਰਨ ਲਈ ਵਿੱਤ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਸੇਵਾ ਕੇਂਦਰਾਂ ਦੁਆਰਾ ਪ੍ਰਦਾਨ ਕਰਵਾਇਆ ਜਾਂਦਾ ਹੈ।
9. ਸੇਵਾ ਖੇਤਰ, ਪ੍ਰਾਥਮਿਕ ਅਤੇ ਗੌਣ ਖੇਤਰ ਨੂੰ ਯਾਤਾਯਾਤ ਸੇਵਾਵਾਂ ਅਤੇ ਸੰਚਾਰ ਦੀਆਂ ਸੇਵਾਵਾਂ ਉਪਲੱਬਧ ਕਰਵਾਉਂਦਾ ਹੈ।
(8) ਸੇਵਾ ਖੇਤਰ ਦੁਆਰਾ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ?
ਉੱਤਰ:- ਸੇਵਾ ਖੇਤਰ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰਵਾਉਂਦਾ ਹੈ। 2018-19 ਵਿੱਚ ਸੇਵਾ ਖੇਤਰ ਦੁਆਰਾ 208 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਕੀਤੇ ਗਏ, ਜਦਕਿ 126.1 ਬਿਲੀਅਨ ਅਮਰੀਕੀ ਡਾਲਰ ਦੇ ਆਯਾਤ ਕੀਤੇ ਗਏ। 2018-19ਵਿੱਚ ਸੇਵਾ ਖੇਤਰ ਦੁਆਰਾ ਕੀਤੇ ਜਾਣ ਵਾਲੇ ਨਿਰਯਾਤਾਂ ਦੀ ਵਿਕਾਸ ਦਰ 6.6% ਪ੍ਰਤੀਸ਼ਤ ਰਹੀ ਹੈ, ਜਦੋਂ ਕਿ ਇਸ ਖੇਤਰ ਦੁਆਰਾ ਕੀਤੇ ਜਾਣ ਵਾਲੇ ਆਯਾਤਾਂ ਦੀ ਵਿਕਾਸ ਦਰ 7.3% ਰਹੀ ਹੈ।
(9) ਸੇਵਾ ਖੇਤਰ ਦੁਆਰਾ ਮਨੁੱਖੀ ਪੂੰਜੀ ਨਿਰਮਾਣ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ?
ਉੱਤਰ:- ਮਨੁੱਖੀ ਪੂੰਜੀ ਤੋਂ ਭਾਵ ਕਿਸੇ ਦੇਸ ਵਿਚ ਕੁਸ਼ਲ ਅਤੇ ਯੋਗ ਵਿਅਕਤੀਆਂ ਦੇ ਕੁੱਲ ਭੰਡਾਰ ਤੋਂ ਹੁੰਦਾ ਹੈ। ਕਿਸੇ ਵੀ ਅਰਥ ਵਿਵਸਥਾ ਦੇ ਵਿਕਾਸ ਦੇ ਲਈ ਮਨੁੱਖੀ ਪੂੰਜੀ ਨਿਰਮਾਣ ਨੂੰ ਇੱਕ ਪੂਰਵ-ਸ਼ਰਤ ਮੰਨਿਆ ਜਾਂਦਾ ਹੈ। ਸੇਵਾ ਖੇਤਰ ਭਾਰਤ ਵਿਚ ਮਨੁੱਖੀ ਪੂੰਜੀ ਦਾ ਨਿਰਮਾਣ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰਵਾ ਰਿਹਾ ਹੈ। ਇਹ ਖੇਤਰ ਆਪਣੀਆਂ ਸਿਹਤ ਸੁਵਿਧਾਵਾਂ, ਸਿੱਖਿਆ, ਸੰਚਾਰ, ਤਕਨੀਕ, ਕੌਂਸਲ ਨਿਰਮਾਣ, ਸੈਰ-ਸਪਾਟਾ, ਖੇਡ ਅਤੇ ਕਲਾ ਸੰਬੰਧੀ ਸੇਵਾਵਾਂ ਦੀ ਮਦਦ ਨਾਲ ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਹੋਣ ਵਾਲੇ ਸੁਧਾਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰਵਾ ਰਿਹਾ ਹੈ।
(10) ਸੇਵਾ ਖੇਤਰ ਦੁਆਰਾ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ?
ਉੱਤਰ:- ਭਾਰਤ ਕੁਦਰਤੀ ਸਾਧਨਾਂ ਦੀ ਮੌਜੂਦਗੀ ਦੇ ਪੱਖੋਂ ਕਾਫ਼ੀ ਵਿਕਸਤ ਹੈ, ਪਰ ਫਿਰ ਵੀ ਭਾਰਤ ਨੂੰ ਇਕ ਵਿਕਾਸਸ਼ੀਲ ਦੇਸ਼ ਕਿਹਾ ਜਾਂਦਾ ਹੈ। ਭਾਰਤ ਦੀ ਮੁੱਖ ਸਮੱਸਿਆ ਕੁਦਰਤੀ ਸਾਧਨਾਂ ਦੀ ਕਮੀ ਨਹੀਂ, ਬਲਕਿ ਇਹਨਾਂ ਦੀ ਘੱਟ ਵਰਤੋਂ ਹੋਣਾ ਹੈ। ਇਹਨਾਂ ਸਾਧਨਾਂ ਦਾ ਵਿਦੇਸ਼ੀ ਨਿਵੇਸ਼ ਕਰਨ ਨਾਲ ਅਰਥ ਵਿਵਸਥਾ ਦਾ ਵਿਕਾਸ ਹੁੰਦਾ ਹੈ। ਇਸ ਸੰਬੰਧ ਵਿੱਚ ਭਾਰਤ ਵਿੱਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ ਭਾਰਤ ਦੀ ਮਦਦ ਕਰ ਸਕਦਾ ਹੈ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾ ਸਕਦਾ ਹੈ। ਭਾਰਤ ਵਿੱਚ ਸਭ ਤੋਂ ਵੱਧ ਪ੍ਰਤੱਖ ਵਿਦੇਸ਼ੀ ਨਿਵੇਸ਼ ਸੇਵਾ ਖੇਤਰ ਵਿਚ ਹੁੰਦਾ ਹੈ। 2018-19 ਵਿੱਚ ਸੇਵਾ ਖੇਤਰ ਵਿੱਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ ਵੱਧ ਕੇ 63.7% ਹੋ ਗਿਆ ਹੈ।
(11) ਸੇਵਾ ਖੇਤਰ ਦੁਆਰਾ ਅਰਥਵਿਵਸਥਾ ਦੇ ਢਾਂਚੇ ਦੇ ਨਿਰਮਾਣ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ?
ਉੱਤਰ:- ਸੇਵਾ ਖੇਤਰ ਭਾਰਤ ਵਿਚ ਆਰਥਿਕ ਢਾਂਚੇ ਦਾ ਨਿਰਮਾਣ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਜਿਸ ਵਿੱਚ ਮੁੱਖ ਤੌਰ ‘ਤੇ ਯਾਤਾਯਾਤ ਦੇ ਸਾਧਨਾਂ ਅਤੇ ਸੰਚਾਰ ਦੇ ਸਾਧਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਸ ਵਿਚ ਮੁੱਖ ਤੌਰ ਤੇ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲਾਂ, 4G ਮੋਬਾਈਲ ਸੇਵਾਵਾਂ ਅਤੇ ਤੇਜ਼ ਗਤੀ ਨਾਲ ਮਿਲਣ ਵਾਲੀਆਂ ਇੰਟਰਨੈੱਟ ਸੇਵਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ । ਇਹਨਾਂ ਸੇਵਾਵਾਂ ਦੀ ਮਦਦ ਨਾਲ, ਭਾਰਤ ਆਪਣੇ ਆਪ ਨੂੰ ਵਿਸ਼ਵ ਅਰਥਵਿਵਸਥਾ ਨਾਲ ਚੰਗੀ ਤਰ੍ਹਾਂ ਜੋੜ ਸਕਦਾ ਹੈ।
(12) ਸੇਵਾ ਖੇਤਰ ਅਰਥ ਵਿਵਸਥਾ ਨੂੰ ਸਥਿਰਤਾ ਕਿਵੇਂ ਪ੍ਰਦਾਨ ਕਰਵਾਉਂਦਾ ਹੈ?
ਉੱਤਰ:- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਉਸ ਦੇਸ਼ ਦੀ ਅਰਥਵਿਵਸਥਾ ਵਿੱਚ ਸਥਿਰਤਾ ਹੋਈ ਜ਼ਰੂਰੀ ਹੈ। ਅਰਥ ਵਿਵਸਥਾ ਦੀ ਸਥਿਰਤਾ ਲਈ ਜ਼ਰੂਰੀ ਹੈ ਕਿ ਪ੍ਰਾਥਮਿਕ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰਾਂ ਵਿੱਚ ਸਥਿਰਤਾ ਬਣੀ ਰਹੇ। ਪਰ ਖੇਤੀ ਵਰਗੇ ਪ੍ਰਾਥਮਿਕ ਖੇਤਰ ਵਿਚ ਕੰਮ ਕਰ ਰਹੇ ਲੋਕ, ਪੂਰੀ ਤਰ੍ਹਾਂ ਨਾਲ ਮਾਨਸੂਨ ‘ਤੇ ਨਿਰਭਰ ਕਰਦੇ ਹਨ। ਜੇਕਰ ਮਾਨਸੂਨ ਉਹਨਾਂ ਦਾ ਸਾਥ ਦਿੰਦਾ ਹੈ, ਤਾਂ ਉਹ ਖੇਤੀ ਤੋਂ ਇੱਕ ਚੰਗੀ ਆਮਦਨ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹਨ। ਇਸ ਲਈ ਖੇਤੀ ਵਿਚ ਕੰਮ ਕਰ ਰਹੇ ਲੋਕਾਂ ਦੀ ਆਮਦਨ ਸਥਿਰ ਨਹੀਂ ਹੁੰਦੀ। ਪਰ ਸੇਵਾ ਖੇਤਰ ਵਿਚ ਕੰਮ ਕਰ ਰਹੇ ਲੋਕ ਜਿਵੇਂ ਕਿ ਅਧਿਆਪਕ, ਡਾਕਟਰ ਅਤੇ ਇੰਜੀਨੀਅਰ ਆਦਿ ਉੱਪਰ ਮਾਨਸੂਨ ਦਾ ਇੰਨਾ ਵੱਧ ਪ੍ਰਭਾਵ ਨਹੀਂ ਹੁੰਦਾ ਜਿਸ ਕਰਕੇ ਇਸ ਖੇਤਰ ਵਿੱਚ ਕੰਮ ਕਰ ਰਹੇ ਲੋਕ ਇੱਕ ਸਥਿਰ ਆਮਦਨ ਪ੍ਰਾਪਤ ਕਰਦੇ ਹਨ। ਇਸ ਕਰਕੇ ਇਹ ਖੇਤਰ ਆਪਣੇ ਆਪ ਵਿਚ ਕੰਮ ਕਰ ਰਹੇ ਲੋਕਾਂ ਨੂੰ ਸਥਿਰ ਆਮਦਨ ਪ੍ਰਦਾਨ ਕਰਵਾ ਕੇ ਅਰਥਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਵਾ ਸਕਦਾ ਹੈ।
(13) ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਦੇ ਵੱਖ ਵੱਖ ਕਾਰਨਾਂ ਦੀ ਵਿਆਖਿਆ ਕਰੋ?
ਉੱਤਰ:- ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਦਾ ਪਤਾ, ਇਸਦੇ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ, ਰੁਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ, ਦੇਸ਼ ਦੇ ਲੋਕਾਂ ਨੂੰ ਪ੍ਰਦਾਨ ਕਰਵਾਈਆਂ ਜਾਣ ਵਾਲ਼ੀਆਂ ਬੇਸ਼ਕੀਮਤੀ ਸੇਵਾਵਾਂ ਆਦਿ ਤੋਂ ਸਪੱਸ਼ਟ ਹੋ ਜਾਂਦਾ ਹੈ। ਸਮੇਂ ਦੇ ਨਾਲ -ਨਾਲ ਇਸ ਖੇਤਰ ਦੇ ਵਿਕਾਸ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਹਨ:- 1. ਲੋਕਾਂ ਦੁਆਰਾ ਜਰੂਰੀ ਸੇਵਾਵਾਂ ਦੀ ਵੱਧਦੀ ਹੋਈ ਮੰਗ ਜਿਵੇਂ ਕਿ ਸਿੱਖਿਆ, ਸਿਹਤ, ਯਾਤਾਯਾਤ ਦੇ ਸਾਧਨ, ਸੰਚਾਰ ਦੇ ਸਾਧਨ, ਪ੍ਰਸ਼ਾਸਨਿਕ ਸੇਵਾਵਾਂ, ਸੁਰੱਖਿਆ, ਬੈਂਕਿੰਗ ਆਦਿ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਲਈ ਇਹਨਾਂ ਜ਼ਰੂਰੀ ਸੇਵਾਵਾਂ ਨੂੰ ਪ੍ਰਦਾਨ ਕਰਵਾਉਣ ਲਈ ਸੇਵਾ ਖੇਤਰ ਦਾ ਵਿਕਾਸ ਹੋਣਾ ਜ਼ਰੂਰੀ ਹੋ ਜਾਂਦਾ ਹੈ।
2.ਸਮੇਂ-ਸਮੇਂ ਤੇ ਲੋਕਾਂ ਦੁਆਰਾ ਨਵੀਆਂ ਸੇਵਾਵਾਂ ਦੀ ਮੰਗ ਵੀ ਕੀਤੀ ਜਾਣ ਲੱਗ ਜਾਂਦੀ ਹੈ ਅਤੇ ਲੋਕਾਂ ਦੀਆਂ ਇਹਨਾਂ ਲਗਾਤਾਰ ਵੱਧਦੀਆਂ ਲੋੜਾਂ ਦੀ ਪੂਰਤੀ ਸਿਰਫ਼ ਸੇਵਾ ਖੇਤਰ ਦਾ ਵਿਕਾਸ ਕਰ ਕੇ ਹੀ ਕੀਤੀ ਜਾ ਸਕਦੀ ਹੈ।
3.ਵਿਕਾਸ ਦੇ ਨਾਲ-ਨਾਲ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਸ ਕਰਕੇ ਉਹ ਨਵੀਆਂ ਸੁਵਿਧਾਵਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਜਿਵੇਂ ਕਿ ਸੈਰ-ਸਪਾਟਾ ਖੇਤਰ ਅਤੇ ਮਨੋਰੰਜਨ ਪਾਰਕ ਆਦਿ। ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਸੇਵਾ ਖੇਤਰ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ।
4.ਸੇਵਾ ਖੇਤਰ, ਅਰਥ ਵਿਵਸਥਾ ਦੇ ਹੋਰ ਖੇਤਰਾਂ ਜਿਵੇਂ ਕਿ ਪ੍ਰਾਥਮਿਕ ਖੇਤਰ ਅਤੇ ਗੌਣ ਖੇਤਰ ਦੇ ਵਿਕਾਸ ਵਿੱਚ ਵੀ ਮਦਦ ਕਰਦਾ ਹੈ।
(14) ਸਿੱਖਿਆ ਖੇਤਰ ਵਿੱਚ ਸਰਕਾਰ ਦੇ ਵੱਧ ਨਿਵੇਸ਼ ਦੀ ਲੋੜ ਕਿਉਂ ਹੈ?
ਉੱਤਰ:- ਸਿੱਖਿਆ ਨੂੰ ਇਕ ਵਿਅਕਤੀ ਦੀ ਮੂਲਭੂਤ ਜ਼ਰੂਰਤ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਇਸ ਸੁਵਿਧਾ ਤੋਂ ਬਿਨਾਂ ਵਿਅਕਤੀ ਲਈ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਾ ਨਾਮੁਮਕਿਨ ਹੈ। ਇਸ ਸੁਵਿਧਾ ਨੂੰ ਦੇਸ਼ ਦੇ ਸਾਰੇ ਲੋਕਾਂ ਤੱਕ ਪਹੁੰਚਾਉਣਾ ਅਤੇ ਨਾਗਰਿਕਾਂ ਦੀ ਸਾਖ਼ਰਤਾ ਨੂੰ ਯਕੀਨੀ ਬਣਾਉਣਾ ਇੱਕ ਦੇਸ਼ ਦੀ ਸਰਕਾਰ ਦੇ ਲਈ ਮਹੱਤਵਪੂਰਨ ਹੋ ਜਾਂਦਾ ਹੈ। ਪਰ ਜਿੱਥੋਂ ਤੱਕ ਭਾਰਤੀ ਅਰਥ-ਵਿਵਸਥਾ ਦੀ ਗੱਲ ਹੈ ਕਿ ਭਾਰਤ ਸਰਕਾਰ ਇਨ੍ਹਾਂ ਸੁਵਿਧਾਵਾਂ ਨੂੰ ਹੁਣ ਵੀ ਖਾਸ ਤੌਰ ‘ਤੇ ਪੇਂਡੂ ਲੋਕਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਊਣ ਵਿਚ ਕਾਮਯਾਬ ਨਹੀਂ ਹੋਈ ਹੈ ਪਰੰਤੂ ਅਰਥ ਵਿਵਸਥਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ। ਜੇਕਰ ਸਿੱਖਿਆ ਦੇ ਖੇਤਰ ਵਿੱਚ ਜ਼ਿਆਦਾ ਨਿਵੇਸ਼ ਹੋਵੇਗਾ ਤਾਂ ਮਨੁੱਖੀ ਪੂੰਜੀ ਦਾ ਵੀ ਵਿਕਾਸ ਹੋਵੇਗਾ।
(15) ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਸਰਕਾਰ ਦੇ ਵੱਧ ਨਿਵੇਸ਼ ਦੀ ਲੋੜ ਕਿਉਂ ਹੈ?
ਉੱਤਰ:-ਸਿਹਤ ਨੂੰ ਵੀ ਇਕ ਵਿਅਕਤੀ ਦੀ ਮੂਲਭੂਤ ਜ਼ਰੂਰਤ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਇਸ ਸੁਵਿਧਾ ਤੋਂ ਬਿਨਾਂ ਵਿਅਕਤੀ ਲਈ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਾ ਨਾਮੁਮਕਿਨ ਹੈ। ਇਸ ਸੁਵਿਧਾ ਨੂੰ ਦੇਸ਼ ਦੇ ਸਾਰੇ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣਾ ਇੱਕ ਦੇਸ਼ ਦੀ ਸਰਕਾਰ ਦੇ ਲਈ ਮਹੱਤਵਪੂਰਨ ਹੋ ਜਾਂਦਾ ਹੈ। ਪਰ ਜਿੱਥੋਂ ਤੱਕ ਭਾਰਤੀ ਅਰਥ-ਵਿਵਸਥਾ ਦੀ ਗੱਲ ਹੈ ਕਿ ਭਾਰਤ ਸਰਕਾਰ ਇਨ੍ਹਾਂ ਸੁਵਿਧਾਵਾਂ ਨੂੰ ਹੁਣ ਵੀ ਸਾਡੇ ਤੱਕ ਖਾਸ ਤੌਰ ‘ਤੇ ਪੇਂਡੂ ਲੋਕਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਊਣ ਵਿਚ ਕਾਮਯਾਬ ਨਹੀਂ ਹੋਈ ਹੈ। ਪਰੰਤੂ ਅਰਥ ਵਿਵਸਥਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਸਿਹਤ ਦੇ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ। ਜੇਕਰ ਅੱਜਕਲ੍ਹ ਵੇਖਿਆ ਜਾਵੇ ਤਾਂ ਕੋਰੋਨਾ, ਕੈਂਸਰ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਵਿਸਵ ਭਰ ਵਿੱਚ ਇਕ ਵੱਡਾ ਖਤਰਾ ਬਣ ਕੇ ਸਾਹਮਣੇ ਆਈਆਂ ਹਨ। ਇਸ ਲਈ ਸਿਹਤ ਉੱਪਰ ਵੱਧ ਨਿਵੇਸ਼, ਅੱਜ ਸਮੇਂ ਦੀ ਜ਼ਰੂਰਤ ਵੀ ਬਣ ਚੁੱਕੀ ਹੈ।
(16) ਭਾਰਤ ਵਿਚ ਪਾਈ ਜਾਣ ਵਾਲੀ ਘੋਰ ਗਰੀਬੀ ਸੇਵਾ ਖੇਤਰ ਦੇ ਵਿਕਾਸ ਵਿੱਚ ਇੱਕ ਰੁਕਾਵਟ ਕਿਵੇਂ ਹੈ?
ਉੱਤਰ:- ਗਰੀਬੀ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਲੋਕ ਘੋਰ ਗਰੀਬੀ ਵਿੱਚ ਰਹਿੰਦੇ ਹਨ। ਗਰੀਬੀ, ਘੱਟ ਸਾਖ਼ਰਤਾ ਦਰ ਅਤੇ ਸਿਹਤ ਸੁਵਿਧਾਵਾਂ ਦੀ ਘੱਟ ਪ੍ਰਾਪਤੀ ਦਾ ਕਾਰਨ ਹੈ। ਗਰੀਬੀ ਜਿੱਥੇ ਗਰੀਬ ਵਿਅਕਤੀ ਨੂੰ ਸਿੱਖਿਆ ਅਤੇ ਸਿਹਤ ਦੀ ਪ੍ਰਾਪਤੀ ਹੋਣ ਤੋਂ ਰੋਕਦੀ ਹੈ, ਉੱਥੇ ਦੂਜੇ ਪਾਸੇ ਗਰੀਬੀ ਦੇ ਪੱਧਰ ਨੂੰ ਹੋਰ ਵਧਾ ਦਿੰਦੀ ਹੈ। ਭਾਰਤ ਦੀ ਜਨਗਣਨਾ 2011 ਦੇ ਮੁਤਾਬਿਕ ਭਾਰਤ ਦੀ 21.9% ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਜੇਕਰ ਭਾਰਤ ਸਰਕਾਰ ਸਾਰੇ ਨਾਗਰਿਕਾਂ ਨੂੰ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਸਹੀ ਰੂਪ ਵਿੱਚ ਪ੍ਰਦਾਨ ਕਰਵਾਉਣਾ ਚਾਹੁੰਦੀ ਹੈ, ਤਾਂ ਉਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਸੁਵਿਧਾਵਾਂ ਵਿਚ ਸਰਕਾਰ ਭਾਰੀ ਮਾਤਰਾ ਵਿੱਚ ਨਿਵੇਸ਼ ਕਰੇ ਤਾਂ ਕਿ ਇਹਨਾਂ ਸੁਵਿਧਾਵਾਂ ਦਾ ਲੋਕਾਂ ਦੀ ਪਹੁੰਚ ਵਿੱਚ ਹੋਣਾ ਯਕੀਨੀ ਬਣਾਇਆ ਜਾ ਸਕੇ।
(17) ਸਾਬਿਤ ਕਰੋ ਕਿ ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹਨ?
ਉੱਤਰ:-ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਸੰਬੰਧੀ ਮੁੱਖ ਸਮੱਸਿਆ ਇਹ ਹੈ ਇਹ ਸੁਵਿਧਾਵਾਂ ਮੁੱਖ ਤੌਰ ‘ਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹਨ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕ ਇਹਨਾਂ ਦੀ ਗੈਰ-ਮੌਜੂਦਗੀ ਨਾਲ ਪੀੜਿਤ ਹਨ। ਪੇਂਡੂ ਇਲਾਕਿਆਂ ਵਿੱਚ ਸਿਰਫ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ ਅਤੇ ਇਸ ਕਰਕੇ ਇਥੋਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਪੇਂਡੂ ਇਲਾਕਿਆਂ ਵਿਚ ਸਿਰਫ਼ ਪ੍ਰਾਥਮਿਕ ਸਿਹਤ ਕੇਂਦਰ ਹਨ ਇਸ ਲਈ ਕਿਸੇ ਅਪਾਤਕਾਲੀਨ ਕਾਲ ਵਿਚ ਇਹਨਾਂ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਿੱਚ ਸਥਿੱਤ ਵੱਡੇ ਹਸਪਤਾਲਾਂ ਵੱਲ ਜਾਣਾ ਪੈਂਦਾ ਹੈ। ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕ ਤਾਂ ਹੀ ਇਨ੍ਹਾਂ ਸੁਵਿਧਾਵਾਂ ਦਾ ਆਨੰਦ ਮਾਣ ਸਕਦੇ ਹਨ ਜੇਕਰ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਸੁਵਿਧਾਵਾਂ ਨੂੰ ਪ੍ਰਦਾਨ ਕਰਵਾਉਣ ਲਈ ਭਾਰੀ ਮਾਤਰਾ ਵਿਚ ਨਿਵੇਸ਼ ਕਰੇ।
(18) ਸਾਬਿਤ ਕਰੋ ਕਿ ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੇ ਪੱਖੋਂ ਖੇਤਰੀ ਅਸਮਾਨਤਾ ਪਾਈ ਜਾਂਦੀ ਹੈ?
ਉੱਤਰ:-ਭਾਰਤ ਦੇ ਸਾਰੇ ਰਾਜ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਬਰਾਬਰ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਭਾਰਤ ਦੇ ਕੁਝ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜਿਵੇਂ ਕਿ ਮਹਾਂਰਾਸ਼ਟਰ, ਨਵੀਂ ਦਿੱਲੀ, ਪੰਜਾਬ ਆਦਿ, ਇਹ ਸੁਵਿਧਾਵਾਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਇੱਥੋਂ ਦੇ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਜਦਕਿ ਭਾਰਤ ਦੇ ਕਈ ਹੋਰ ਰਾਜ ਜਿਵੇਂ ਕਿ ਛੱਤੀਸਗੜ੍ਹ, ਉੜੀਸਾ, ਉੱਤਰ ਪ੍ਰਦੇਸ਼ ਆਦਿ ਅਜਿਹੇ ਰਾਜ ਹਨ, ਜੋ ਇਨ੍ਹਾਂ ਸੁਵਿਧਾਵਾਂ ਨੂੰ ਆਪਣੇ ਲੋਕਾਂ ਤੱਕ ਪੁਚਾਉਣ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਨ, ਇੱਥੋਂ ਦੇ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ।
(19) ਭਾਰਤ ਦੀ ਜਨਸੰਖਿਆ ਵਿੱਚ ਹੋਣ ਵਾਲਾ ਵਾਧਾ ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਵਿਚ ਰੁਕਾਵਟ ਕਿਵੇਂ ਹੈ?
ਉੱਤਰ:- ਜਨਸੰਖਿਆ ਵਿੱਚ ਸਾਲਾਨਾ ਵਾਧਾ ਦਰ ਦਾ ਭਾਵ ਹੈ ਕਿ ਜਨਸੰਖਿਆ ਵਿੱਚ ਬਹੁਤ ਤੇਜ਼ੀ ਨਾਲ ਹੋਣ ਵਾਲਾ ਵਾਧਾ। ਭਾਰਤ ਦੀ ਜਨਸੰਖਿਆ ਦੀ ਵਾਧਾ ਦਰ ਸਲਾਨਾ 1.7% ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸ ਨਾਲ ਵਰਤਮਾਨ ਸਮੇਂ ਵਿੱਚ ਮੌਜੂਦ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੀ ਕਮੀ ਹੋ ਗਈ ਹੈ। ਲੋਕਾਂ ਵਿੱਚ ਮੁੰਡਾ ਹੋਣ ਦੀ ਇੱਛਾ ਦੇ ਵੱਧ ਹੋਣ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਭਾਰਤ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਲਗਾਤਾਰ ਵੱਧਦੀ ਹੋਈ ਜਨਸੰਖਿਆ ਦੀਆਂ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੀ ਵੱਧਦੀ ਹੋਈ ਮੰਗ ਨੂੰ ਪੂਰਾ ਕਰਨ ਲਈ ਪ੍ਰਬੰਧ ਕਰੇ। ਜਿਸ ਨਾਲ ਇਹਨਾਂ ਲੋਕਾਂ ਨੂੰ ਉਹਨਾਂ ਦੇ ਜੀਵਨ ਦੀਆਂ ਮੂਲਭੂਤ ਸੁਵਿਧਾਵਾਂ ਦੀ ਪ੍ਰਾਪਤੀ ਕਰਵਾਈ ਜਾ ਸਕੇ ਅਤੇ ਇਸ ਕਰਕੇ ਸਰਕਾਰ ਨੂੰ ਇਨ੍ਹਾਂ ਸੁਵਿਧਾਵਾਂ ਵਿੱਚ ਲਗਾਤਾਰ ਭਾਰੀ ਮਾਤਰਾ ਵਿੱਚ ਨਿਵੇਸ਼ ਕਰਨ ਦੀ ਲੋੜ ਹੈ। ਜਨਸੰਖਿਆ ਦੇ ਵੱਧਣ ਨਾਲ ਸਿੱਖਿਆ ਅਤੇ ਸਿਹਤ ਸੁਵਿਧਾਵਾਂ, ਜੋ ਸੇਵਾ ਖੇਤਰ ਵਿੱਚ ਸ਼ਾਮਲ ਹਨ, ਦੀ ਬਹੁਤ ਕਮੀ ਹੈ। ਕਿਸੇ ਦੇਸ਼ ਦਾ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਉਸ ਦੇਸ਼ ਦੇ ਸੇਵਾ ਖੇਤਰ ਦਾ ਵਿਕਾਸ ਸੰਭਵ ਹੋਵੇ ਕਿਉਂਕਿ ਪ੍ਰਾਥਮਿਕ ਅਤੇ ਗੌਣ ਖੇਤਰਾ ਦਾ ਵਿਕਾਸ ਵੀ ਸੇਵਾ ਦੇ ਵਿਕਾਸ ‘ਤੇ ਹੀ ਨਿਰਭਰ ਕਰਦਾ ਹੈ।
(20) ਢਾਂਚੇ ਦੀ ਕਮੀ ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਵਿੱਚ ਇੱਕ ਰੁਕਾਵਟ ਕਿਵੇਂ ਹੈ?
ਉੱਤਰ:- ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਵਿੱਚ ਢਾਂਚਾਗਤ ਵਿਕਾਸ ਅਤੇ ਸੁਵਿਧਾਵਾਂ ਦੀ ਭਾਰੀ ਕਮੀ ਹੈ। ਪ੍ਰਾਥਮਿਕ ਪੱਧਰ ‘ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਨੁਪਾਤ 34:1 ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਹੀ ਸਿਹਤ ਸੁਵਿਧਾਵਾਂ ਦੇ ਪੱਖੋਂ ਵੀ ਭਾਰਤ ਵਿੱਚ 1000 ਮਰੀਜ਼ਾਂ ਦੇ ਪਿੱਛੇ ਇੱਕ (1) ਡਾਕਟਰ ਵੀ ਨਹੀਂ ਹੈ।
ਭਾਰਤ ਵਿੱਚ 2019 ਦੇ ਅੰਕੜਿਆਂ ਦੇ ਮੁਤਾਬਕ, ਭਾਰਤ ਵਿੱਚ ਡਾਕਟਰ ਅਤੇ ਮਰੀਜ਼ਾਂ ਦਾ ਅਨੁਪਾਤ 1:1456 ਸੀ ਅਤੇ ਇਸ ਦੇ ਨਾਲ-ਨਾਲ ਭਾਰਤ ਵਿੱਚ ਹਜ਼ਾਰ ਮਰੀਜ਼ਾਂ ਦੇ ਪਿੱਛੇ ਹਸਪਤਾਲਾਂ ਵਿਚ ਇਕ ਬਿਸਤਰ ਤੋਂ ਵੀ ਘੱਟ ਹੈ। 2019 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਅਨੁਪਾਤ 24:1 ਹੈ ਜੋ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਹ ਭਾਰਤ ਵਿੱਚ ਸਿੱਖਿਆ ਸੁਵਿਧਾਵਾਂ ਦੇ ਪਿਛੜੇ ਪੱਧਰ ਨੂੰ ਦਰਸਾਉਂਦਾ ਹੈ। ਸਿਹਤ ਅਤੇ ਸਿੱਖਿਆ ਸੰਸਥਾਵਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਵੱਡੇ ਪੱਧਰ ‘ਤੇ ਸੇਵਾ ਖੇਤਰ ਵਿੱਚ ਨਿਵੇਸ਼ ਕਰਨ ਦੀ ਲੋੜ ਹੈ।