8. ਤੁਰਨ ਦਾ ਹੁਨਰ – ਨਰਿੰਦਰ ਸਿੰਘ ਕਪੂਰ
••• ਸਾਰ •••
ਕੇਵਲ ਸਬਰ-ਸੰਤੋਖ ਵਾਲ਼ਾ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ। ਜਿਹੜੇ ਠੀਕ ਤੁਰ ਨਹੀਂ ਸਕਦੇ ਉਹ ਗ਼ਲਤ ਨਿਸ਼ਾਨਿਆਂ ’ਤੇ ਪਹੁੰਚ ਜਾਂਦੇ ਹਨ। ਜਦੋਂ ਵਿਅਕਤੀ ਇੱਕ ਥਾਂ ’ਤੇ ਰਹਿ ਕੇ ਅੱਕ ਜਾਂਦਾ ਹੈ ਤਾਂ ਉਹ ਦੂਰ ਨਿਕਲ਼ ਜਾਣਾ ਚਾਹੁੰਦਾ ਹੈ। ਤੁਰਨਾ ਅਸਲ ਵਿੱਚ ਹਲਕੇ-ਫੁੱਲ ਹੋਣ ਦਾ ਹੁਨਰ ਹੈ। ਯਾਤਰੀ, ਜਿਗਿਆਸੂ, ਅਭਿਲਾਸੀ ਦੇ ਅਰਥ ਤੁਰਨ ਵਾਲ਼ੇ ਵਿਅਕਤੀ ਤੋਂ ਹੀ ਹਨ। ਪੰਜਾਬੀ ਸੱਭਿਆਚਾਰ ਦਰਿਆਵਾਂ ਦਾ ਸੱਭਿਆਚਾਰ ਅਤੇ ਨਿਰੰਤਰ ਵਹਿਣ ਵਿੱਚ ਪਿਆਂ ਦਾ ਸੱਭਿਆਚਾਰ ਹੈ। ਅਜੋਕੇ ਸਮੇਂ ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ ਇਸ ਲਈ ਕਾਰਾਂ, ਗੱਡੀਆਂ ਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ। ਤੁਰਨ ਦੇ ਅਵਸਰਾਂ ਦਾ ਲਾਭ ਨਾ ਪ੍ਰਾਪਤ ਕਰਨ ਕਰਕੇ ਉਸ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਤੁਰਨ ਨਾਲ਼ ਸਾਡੇ ਅੰਦਰ ਸ੍ਵੈਵਿਸ਼ਵਾਸ ਉਪਜਦਾ ਹੈ। ਇਸ ਤੋਂ ਹੀ ਕਿਸੇ ਦੀ ਅਜ਼ਾਦੀ ਮਾਪੀ ਜਾ ਸਕਦੀ ਹੈ। ਤੁਰਨ ਵਾਲ਼ਾ ਵਿਅਕਤੀ ਆਪਣੇ-ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ। ਸਾਨੂੰ ਆਪਣੇ ਗਿਆਨ-ਇੰਦਰੇ ਖੋਲ੍ਹ ਕੇ ਤੁਰਨਾ ਚਾਹੀਦਾ ਹੈ। ਭਾਵੇਂ ਤੁਰਨ ਨਾਲ਼ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਜੋ ਗਿਆਨ ਸਾਡੇ ਕੋਲ਼ ਹੁੰਦਾ ਹੈ ਉਸ ਦੀ ਪੁਸ਼ਟੀ ਹੋ ਜਾਂਦੀ ਹੈ। ਤੁਰਨ ਕਰਕੇ ਸਾਡਾ ਕੁਦਰਤ ਨਾਲ਼ ਨਾਤਾ ਜੁੜਦਾ ਹੈ ਜੋ ਸਾਡੇ ਮਨ ਨੂੰ ਅਮੀਰ ਤੇ ਦਿਲ ਨੂੰ ਵਿਸ਼ਾਲ ਕਰਦਾ ਹੈ। ਪੰਛੀਆਂ, ਦਰੱਖਤਾਂ, ਫੁੱਲਾਂ ਅਤੇ ਘਾਹ ਨਾਲ਼ ਦੋਸਤੀ ਰੱਖਣ ਵਾਲ਼ਾ ਮਨੁੱਖ ਖ਼ੁਸ਼ ਰਹਿ ਸਕਦਾ ਹੈ। ਉਮਰ ਕੋਈ ਵੀ ਹੋਵੇ, ਤੁਰਨਾ ਚੰਗਾ ਹੈ। ਅਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਆਖਦੇ ਹਨ। ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ। ਬਹੁਤ ਤੇਜ਼ ਤੁਰਨਾ ਅਸ਼ਿਸ਼ਟਤਾ ਦੀ ਨਿਸ਼ਾਨੀ ਹੈ। ਤੁਰਨ ਨਾਲ਼ ਜਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ। ਜੇਕਰ ਚਿਹਰੇ ’ਤੇ ਝੁਰੜੀਆਂ ਨਹੀਂ ਚਾਹੀਦੀਆਂ ਤਾਂ ਤੁਰ ਕੇ ਬੂਟਾਂ ਵਿੱਚ ਝੁਰੜੀਆਂ ਪਾ ਲੈਣੀਆਂ ਚਾਹੀਦੀਆਂ ਹਨ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਲੇਖਕ ਅਨੁਸਾਰ ਕਿਹੜਾ ਵਿਅਕਤੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ?
ਉੱਤਰ – ਲੇਖਕ ਅਨੁਸਾਰ ਕੇਵਲ ਸਬਰ-ਸੰਤੋਖ ਵਾਲ਼ਾ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਸਾਹਸ ਅਤੇ ਸਿਦਕ ਕਰਕੇ ਵਿਖਾ ਸਕਦਾ ਹੈ।
ਪ੍ਰਸ਼ਨ 2. ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਕਿਉਂ ਵੱਧ ਗਈਆਂ ਹਨ ਅਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?
ਉੱਤਰ – ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ ਇਸ ਲਈ ਕਾਰਾਂ, ਗੱਡੀਆਂ ਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ। ਜਿਹੜੇ ਤੁਰਨ ਦੇ ਅਵਸਰ ਮਨੁੱਖ ਨੂੰ ਮਿਲ਼ਦੇ ਹਨ, ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦੇ। ਇਸ ਕਰਕੇ ਹੀ ਉਸ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ।
ਪ੍ਰਸ਼ਨ 3. ‘ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ।’ ਇਸ ਕਥਨ ਦੀ ਵਿਆਖਿਆ ਕਰੋ।
ਉੱਤਰ – ‘ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ।’ ਇਹ ਕਥਨ ਬਿਲਕੁਲ ਸਹੀ ਹੈ ਕਿਉਂਕਿ ਅਮੀਰ ਲੋਕ ਆਪ ਤੁਰਨ ਦੀ ਥਾਂ ਅਰਾਮ ਕਰਦੇ ਹਨ ਅਤੇ ਨੌਕਰ ਉਹਨਾਂ ਦੇ ਸਾਰਾ ਦਿਨ ਕੰਮ ਕਰਨ ਲਈ ਤੁਰਦੇ-ਫਿਰਦੇ ਰਹਿੰਦੇ ਹਨ। ਇਸ ਲਈ ਨੌਕਰਾਂ ਦੀ ਸਿਹਤ ਠੀਕ ਰਹਿੰਦੀ ਹੈ।
ਪ੍ਰਸ਼ਨ 4. ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ?
ਉੱਤਰ – ਪੈਦਲ ਤੁਰਨ ਨਾਲ਼ ਸਰੀਰ ਤੰਦਰੁਸ਼ਤ ਰਹਿੰਦਾ ਹੈ। ਤੁਰਨ ਨਾਲ਼ ਸ੍ਵੈਵਿਸ਼ਵਾਸ ਉਪਜਦਾ ਹੈ। ਤੁਰਨਾ ਅਸਲ ਵਿੱਚ ਹਲਕੇ-ਫੁੱਲ ਹੋਣ ਦਾ ਹੁਨਰ ਹੈ। ਤੁਰਨ ਨਾਲ਼ ਸਰੀਰਕ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਤੁਰਨ ਨਾਲ਼ ਮਨੁੱਖ ਆਪਣੇ-ਆਪ ਨੂੰ ਪ੍ਰਕਿਰਤੀ ਦੇ ਨੇੜੇ ਮਹਿਸੂਸ ਕਰਦਾ ਹੈ।
ਪ੍ਰਸ਼ਨ 5. ਤੁਰਨ ਨਾਲ਼ ਸਾਨੂੰ ਕਿਹੜੇ-ਕਿਹੜੇ ਨੈਤਿਕ ਅਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ?
ਉੱਤਰ – ਤੁਰਨ ਨਾਲ਼ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲ਼ਦੀ ਹੈ। ਤੁਰਨ ਨਾਲ਼ ਵਿਅਕਤੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਸ ਵਿੱਚ ਸ੍ਵੈਵਿਸ਼ਵਾਸ, ਸਬਰ-ਸੰਤੋਖ, ਸਾਹਸ, ਧੀਰਜ ਅਤੇ ਸਿਦਕ ਉਪਜਦਾ ਹੈ।
ਪ੍ਰਸ਼ਨ 6. ਲੇਖਕ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਕਿਵੇਂ ਹੋ ਜਾਂਦਾ ਹੈ?
ਉੱਤਰ – ਤੁਰਨ ਵਾਲ਼ਾ ਵਿਅਕਤੀ ਆਪਣੇ-ਆਪ ਨੂੰ ਕੁਦਰਤ ਦੇ ਹਵਾਲ਼ੇ ਕਰ ਦਿੰਦਾ ਹੈ। ਤੁਰਨ ਨਾਲ਼ ਸਾਡਾ ਪ੍ਰਕਿਰਤੀ ਨਾਲ਼ ਨਾਤਾ ਜੁੜਦਾ ਹੈ। ਇਹ ਨਾਤਾ ਸਾਡੇ ਮਨ ਨੂੰ ਅਮੀਰ ਤੇ ਦਿਲ ਨੂੰ ਵਿਸ਼ਾਲ ਕਰਦਾ ਹੈ। ਉਹ ਹੀ ਮਨੁੱਖ ਖ਼ੁਸ਼ ਹੋ ਸਕਦਾ ਹੈ ਜਿਨ੍ਹਾਂ ਦੀ ਪੰਛੀਆਂ, ਦਰੱਖਤਾਂ, ਫੁੱਲਾਂ ਅਤੇ ਘਾਹ ਨਾਲ਼ ਦੋਸਤੀ ਹੋਵੇ।
ਪ੍ਰਸ਼ਨ 7. ਪੈਦਲ ਤੁਰਨ ਸੰਬੰਧੀ ਯੂਨਾਨੀ ਫ਼ਿਲਾਸਫ਼ਰ ਦੇ ਕੀ ਵਿਚਾਰ ਹਨ?
ਉੱਤਰ – ਇੱਕ ਯੂਨਾਨੀ ਫ਼ਿਲਾਸਫ਼ਰ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਲਿਖਦਾ ਹੈ, “ਵੇਖਣ ਚੱਲਿਆਂ ਹਾਂ ਕਿ ਦੁਨੀਆ ਕੋਲ਼ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ਼ ਦੁਨੀਆ ਨੂੰ ਸਿਖਾਉਣ ਲਈ ਕੀ ਹੈ?”
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਤੁਰਨ ਦਾ ਹੁਨਰ’ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ – ਡਾ. ਨਰਿੰਦਰ ਸਿੰਘ ਕਪੂਰ।
ਪ੍ਰਸ਼ਨ 2. ਸਬਰ-ਸੰਤੋਖ ਵਾਲ਼ਾ ਆਦਮੀ ਕਾਹਦਾ ਦਾ ਸਾਹਸ ਦਿਖਾ ਸਕਦਾ ਹੈ?
ਉੱਤਰ – ਤੁਰਨ ਦਾ।
ਪ੍ਰਸ਼ਨ 3. ਹਲਕੇ-ਫੁੱਲ ਹੋਣ ਦਾ ਹੁਨਰ ਕਿਹੜਾ ਹੈ?
ਉੱਤਰ – ਤੁਰਨ ਦਾ।
ਪ੍ਰਸ਼ਨ 4. ਸਭ ਤੋਂ ਚੰਗੀ ਸੈਰ ਕਿੱਥੇ ਹੁੰਦੀ ਹੈ?
ਉੱਤਰ – ਪਾਣੀ ਦੇ ਕਿਨਾਰੇ।
ਪ੍ਰਸ਼ਨ 5. ਤੁਰਨ ਨਾਲ਼ ਨਿਗੁਣੀਆਂ ਚੀਜ਼ਾਂ ਕਿਸ ਤਰ੍ਹਾਂ ਪ੍ਰਤੀਤ ਹੁੰਦੀਆਂ ਹਨ?
ਉੱਤਰ – ਸੁੰਦਰ।
ਪ੍ਰਸ਼ਨ 6. ਬਹੁਤ ਤੇਜ਼ ਤੁਰਨਾ ਕਾਹਦੀ ਨਿਸ਼ਾਨੀ ਹੈ?
ਉੱਤਰ – ਅਸ਼ਿਸ਼ਟਤਾ ਦੀ।
ਪ੍ਰਸ਼ਨ 7. ਹਿਊਨਸਾਂਗ ਤੇ ਫਾਹਯਾਨ ਭਾਰਤ ਕਿਸ ਤਰ੍ਹਾਂ ਆਏ ਸਨ?
ਉੱਤਰ – ਤੁਰ ਕੇ।
ਪ੍ਰਸ਼ਨ 8. ਚਿਹਰੇ ਉੱਤੇ ਪਈਆਂ ਝੁਰੜੀਆਂ ਕਿਸ ਤਰ੍ਹਾਂ ਦੂਰ ਹੁੰਦੀਆਂ ਹਨ?
ਉੱਤਰ – ਬਹੁਤਾ ਤੁਰਨ ਨਾਲ਼।
ਪ੍ਰਸ਼ਨ 9. ਅਮੀਰ ਘਰਾਂ ਵਿੱਚ ਕਿੰਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ?
ਉੱਤਰ – ਨੌਕਰਾਂ ਦੀ।
ਪ੍ਰਸ਼ਨ 10. ਮਨ ਨੂੰ ਸ਼ਾਂਤੀ ਕਿਵੇਂ ਮਿਲ਼ਦੀ ਹੈ?
ਉੱਤਰ – ਤੁਰਨ ਨਾਲ਼।
ਪ੍ਰਸ਼ਨ 11. ਅਜੋਕੇ ਸਮੇਂ ਕਿਹੜੇ ਲੋਕਾਂ ਦੀ ਗਿਣਤੀ ਵਧ ਰਹੀ ਹੈ?
ਉੱਤਰ – ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ।
ਪ੍ਰਸ਼ਨ 12. ਜ਼ਿੰਦਗੀ ਦਾ ਤਜਰਬਾ ਕਿਵੇਂ ਪ੍ਰਾਪਤ ਹੁੰਦਾ ਹੈ?
ਉੱਤਰ – ਤੁਰਨ ਨਾਲ਼।
ਪ੍ਰਸ਼ਨ 13. ਤੁਰਨ ਵਾਲ਼ਾ ਵਿਅਕਤੀ ਆਪਣੇ-ਆਪ ਨੂੰ ਕਿਸ ਦੇ ਹਵਾਲੇ ਕਰ ਦਿੰਦਾ ਹੈ?
ਉੱਤਰ – ਕੁਦਰਤ ਦੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037