7. ਮੇਰੇ ਵੱਡੇ-ਵਡੇਰੇ – ਗਿਆਨੀ ਗੁਰਦਿੱਤ ਸਿੰਘ
••• ਸਾਰ •••
ਲੇਖਕ ਦੇ ਵੱਡੇ-ਵਡੇਰੇ ਨਾ ਤਾਂ ਕਿਸੇ ਰਾਜੇ ਜਾਂ ਨਵਾਬ ਦੇ ਨੌਕਰ ਸਨ ਅਤੇ ਨਾ ਹੀ ਰਾਈਸ ਜਾਂ ਬਖਤਾਵਰ ਸਨ। ਉਹ ਨਾ ਅਧਿਆਤਮਿਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸਨ ਅਤੇ ਨਾ ਹੀ ਵਿਦਵਾਨ ਸਨ। ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ। ਲੇਖਕ ਦੇ ਬਾਬੇ ਚਾਰ ਭਰਾ ਸਨ, ਜੋ ਨਰੋਏ ਸਰੀਰਾਂ ਦੇ ਅਤੇ ਦੱਬ ਕੇ ਵਾਹੁਣ ਤੇ ਰੱਜ ਕੇ ਖਾਣ ਵਾਲ਼ੇ ਸਨ। ਉਹ ਆਸ–ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਲੋਕ ਆਖਦੇ ਸਨ ਕਿ ਜਿਸ ਖੇਤ ਵਿੱਚੋਂ ਇਹ ਚਾਰੇ ਲੰਘ ਜਾਂਦੇ ਉੱਥੇ ਡੰਡੀ ਪੈ ਜਾਂਦੀ ਸੀ। ਉਹਨਾਂ ਦੇ ਚੰਗੇ ਕੱਦ-ਕਾਠ ਨਾਲ਼ ਖੁਰਾਕ ਏਨੀ ਸੀ ਕਿ ਇੱਕ ਵਾਰ ਛਾਪੇ ਪਿੰਡ ਵਾਲ਼ੇ ਰਿਸ਼ਤੇਦਾਰਾਂ ਦੇ ਘਰ ਵਿਆਹ ’ਤੇ ਗਏ ਤੇ ਉਹ ਮੇਲ਼–ਗੇਲ਼ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਚਟਮ ਕਰ ਗਏ, ਜਿਸ ਤੋਂ ਬਾਅਦ ਛਾਪੇ ਵਾਲ਼ਿਆਂ ਨੇ ਉਹਨਾਂ ਨਾਲ਼ ਮਿਲ਼ਣਾ-ਵਰਤਣਾ ਬੰਦ ਕਰ ਦਿੱਤਾ। ਉਸ ਦੇ ਇੱਕ ਬਾਬੇ ਪੁਨੂੰ ਨੇ ਇੱਕ ਭੂਤਰੇ ਪਹਿਲਵਾਨ ਦੀ ਘੋਲ ਵਿੱਚ ਤੋਬਾ ਕਰਵਾ ਦਿੱਤੀ ਜੋ ਪਿੰਡ ਵਿੱਚ ਕੋਈ ਪਹਿਲਵਾਨ ਨਾ ਹੋਣ ਕਰਕੇ ਪਿੰਡ ਦੇ ਚੌਧਰੀ ਤੋਂ ਪੱਕੀ ਰਸਦ ਮੰਗਦਾ ਸੀ। ਉਸ ਦਾ ਇੱਕ ਬਾਬਾ ਇਕੱਲਾ ਹੀ ਹਨੇਰੀ ਨਾਲ਼ ਡਿੱਗੇ ਇੱਕ ਭਾਰੇ ਸ਼ਹਿਤੂਤ ਨੂੰ ਬਿਨਾਂ ਛਾਂਗਿਆਂ ਹੀ ਘਸੀਟ ਕੇ ਘਰ ਲੈ ਆਇਆ। ਉਸ ਦਾ ਬਾਬਾ ਦਾਸ ਕੁੱਝ ਬੰਦਿਆਂ ਦੁਆਰਾ ਮੈਰੇ ਵਿੱਚ ਸੁੱਟੀ ਕਿੱਕਰ ਦੀ ਗੇਲੀ ਨੂੰ ਇਕੱਲਾ ਹੀ ਚੁੱਕ ਲਿਆਇਆ ਤੇ ਅੱਸੀ ਨੱਬੇ ਵਰ੍ਹੇ ਬਾਅਦ ਉਸ ਲਟੈਣ ਨੂੰ ਚੜ੍ਹਾਉਣ ਲਈ ਪਿੰਡ ਦੇ ਅੱਠ-ਦਸ ਚੋਣਵੇਂ ਗੱਭਰੂਆਂ ਦੀ ਮਦਦ ਲੈਣੀ ਪਈ। ਬਾਬਿਆਂ ਦੀਆਂ ਭੈਣਾਂ ਵੀ ਕਿਸੇ ਗੱਲੋਂ ਘੱਟ ਨਹੀਂ ਸਨ। ਇੱਕ ਇਕੱਲੀ ਭੈਣ ਦੁਆਰਾ ਚੁੱਕ ਕੇ ਲਿਆਂਦੀ ਜੁਆਰ ਦੇ ਸਿੱਟਿਆਂ ਦੀ ਪੰਡ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲ਼ੀ। ਉਹਨਾਂ ਦੀ ਇੱਕ ਭੈਣ ਚੜਿਕ ਵਿਆਹੀ ਹੋਈ ਸੀ। ਸ਼ਾਮ ਨੂੰ ਬਾਹਰ ਜਾਣ ਵੇਲ਼ੇ ਉਸਨੇ ਇੱਕ ਪਹਿਲਵਾਨ ਨੂੰ ਮੁਗਦਰ ਚੁੱਕਦਾ ਦੇਖਿਆ। ਵਾਪਸ ਆਉਣ ਸਮੇਂ ਅਖਾੜਾ ਬਿੱਝੜ ਚੁੱਕਾ ਸੀ। ਉਸ ਨੇ ਰਾਹ ਵਿੱਚ ਪਏ ਮੁਗਦਰ ਨੂੰ ਵਗਾਹ ਕੇ ਮਾਰਿਆ। ਜਦੋਂ ਪਹਿਲਵਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਾਬਿਆਂ ਦੀ ਭੈਣ ਲਈ 101 ਰੁ ਅਤੇ ਸੁੱਚੇ ਤਿਓਰ ਦਾ ਨਜ਼ਰਾਨਾ ਲੈ ਕੇ ਆਇਆ। ਉਸ ਭੈਣ ਦੇ ਦੋ ਪੁੱਤਰਾਂ ਵਿੱਚੋਂ ਇੱਕ ਮੰਗਲ ਸਿੰਘ ਨਾਮੀ ਪਹਿਲਵਾਨ ਬਣਿਆ। ਲੇਖਕ ਨੂੰ ਲਗਦਾ ਸੀ ਕਿਤੇ ਉਸ ਦੇ ਵੱਡ–ਵਡੇਰੇ ਕੋਈ ਦਿਓ ਦਾਨੋ ਤਾਂ ਨਹੀਂ ਸਨ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਛਾਪੇ ਪਿੰਡ ਵਾਲ਼ਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ?
ਉੱਤਰ – ਲੇਖਕ ਦੇ ਵਡੇਰਿਆਂ ਦਾ ਨੇੜੇ ਦੇ ਪਿੰਡ ਛਾਪੇ ਖ਼ੂਨ ਦਾ ਰਿਸ਼ਤਾ ਹੋਣ ਕਰਕੇ ਵਰਤ-ਵਰਤਾਰਾ ਸੀ। ਇੱਕ ਵਾਰ ਲੇਖਕ ਦੇ ਦਾਦੇ ਛਾਪੇ ਪਿੰਡ ਵਾਲ਼ਿਆਂ ਦੇ ਘਰ ਵਿਆਹ ’ਤੇ ਗਏ ਤੇ ਉਹ ਮੇਲ਼-ਗੇਲ਼ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਗਏ, ਜਿਸ ਤੋਂ ਬਾਅਦ ਛਾਪੇ ਵਾਲ਼ਿਆਂ ਨੇ ਉਹਨਾਂ ਨਾਲ਼ ਮਿਲ਼ਣਾ-ਵਰਤਣਾ ਬੰਦ ਕਰ ਦਿੱਤਾ।
ਪ੍ਰਸ਼ਨ 2. ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡ ਉੱਤੇ ਫ਼ਤਹਿ ਪ੍ਰਾਪਤ ਕਰਦੇ ਸਨ?
ਉੱਤਰ – ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲ ਵਾਲ਼ੇ ਨੂੰ ਨਾਲ਼ ਲੈ ਕੇ ਦਿਗ ਵਿਜੈ ਦਾ ਝੰਡਾ ਫੜ ਕੇ ਚੜ੍ਹਦੇ ਸਨ। ਉਹ ਇੱਕ ਪਿੰਡ ਨੂੰ ਫ਼ਤਹਿ ਕਰਦੇ ਤੇ ਅਗਲੇ ਪਿੰਡ ਉੱਤੇ ਚੜ੍ਹਾਈ ਕਰ ਦਿੰਦੇ। ਉਹਨਾਂ ਦੇ ਨਾਲ਼ ਮੁੰਡੀਰ੍ਹ ਤੇ ਕਈ ਪੱਠੇ ਚਾਂਭਲੇ ਹੁੰਦੇ ਸਨ। ਜਿਸ ਪਿੰਡ ਉਹ ਪੁੱਜਦੇ, ਉੱਥੋਂ ਦੇ ਲੋਕਾਂ ਲਈ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਉਹ ਉਸ ਪਿੰਡ ਝੰਡਾ ਗੱਡ ਦਿੰਦੇ ਕਿ ਜੇਕਰ ਕੋਈ ਉੱਥੇ ਜ਼ੋਰ ਵਾਲ਼ਾ ਹੈ ਤਾਂ ਉਹ ਉਹਨਾਂ ਨਾਲ਼ ਘੁਲ਼ ਲਵੇ।
ਪ੍ਰਸ਼ਨ 3. ਲੋਕ ਭਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ?
ਉੱਤਰ – ਲੋਕ ਪਹਿਲਵਾਨਾਂ ਦਾ ਸਵਾਗਤ ਕਰਦੇ ਅਤੇ ਉਹਨਾਂ ਲਈ ਘਿਓ ਤੇ ਗੁੜ ਇਕੱਠਾ ਕਰਕੇ ਦਿੰਦੇ ਸਨ ਅਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਨਗਦੀ ਵੀ ਪੀਰਾਂ-ਫ਼ਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਪਹਿਲਵਾਨ ਪਿੰਡਾਂ ਤੋਂ ਘਿਓ, ਬਦਾਮ, ਮੇਵੇ, ਗੁੜ ਆਦਿ ਲੈ ਕੇ ਗੱਡੇ ’ਤੇ ਲੱਦ ਕੇ ਨਾਲ਼-ਨਾਲ਼ ਚੁੱਕੀ ਫਿਰਦੇ।
ਪ੍ਰਸ਼ਨ 4. ਬਾਬੇ ਪੁਨੂੰ ਤੇ ਭਲਵਾਨ ਦੀ ਕੁਸ਼ਤੀ ਦਾ ਵਰਣਨ ਕਰੋ।
ਉੱਤਰ – ਬਾਬੇ ਪੁਨੂੰ ਨੇ ਇੱਕ-ਦੋ ਆਰੰਭਿਕ ਹੱਥ ਕਰਨ ਪਿੱਛੋਂ ਪਹਿਲਵਾਨ ਦੀ ਠੋਡੀ ਹੇਠਾਂ ਕੂਹਣੀ ਦਾ ਹੋੜਾ ਦੇ ਕੇ ਮਗਰੋਂ ਗਰਦਨ ਵੱਲੋਂ ਵਲ਼ੇਵੇਂ ਨਾਲ਼ ਉਤਾਂਹ ਨੂੰ ਉਗੀਸ ਕੇ ਪਹਿਲਵਾਨ ਨੂੰ ਬਾਂਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਨੂੰ ਅਜਿਹਾ ਚੁੱਕਿਆ ਕਿ ਉਸ ਦੇ ਪੈਰ ਧਰਤੀ ’ਤੇ ਨਾ ਲੱਗਣ, ਸਾਰਾ ਭਾਰ ਠੋਡੀ ਤੇ ਗਰਦਨ ਉੱਤੇ ਆ ਗਿਆ। ਥੋੜ੍ਹੇ ਚਿਰ ਪਿੱਛੋਂ ਜਦੋਂ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਲੱਗਾ ਘੋਰੜੂ ਵੱਜਣ। ਉਸ ਨੇ ਇਸ਼ਾਰਿਆਂ ਨਾਲ਼ ਜਾਨ ਬਖ਼ਸ਼ਾਉਣ ਦਾ ਵਾਸਤਾ ਪਾ ਕੇ ਖਹਿੜਾ ਛੁਡਾਇਆ। ਲੋਕ ਉਸ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਭੱਜਣ ਦੇ ਰਾਹ ਲੱਭੇ।
ਪ੍ਰਸ਼ਨ 5. ‘ਕਿਧਰੇ ਸਾਡੇ ਬਾਬੇ ਵੀ ਕੋਈ ਦਿਓ-ਦਾਨੋ ਤਾਂ ਨਹੀਂ ਸਨ?’ ‘ਮੇਰੇ ਵੱਡੇ-ਵਡੇਰੇ’ ਲੇਖ ਦੇ ਪ੍ਰਸੰਗ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ।
ਉੱਤਰ – ਲੇਖਕ ਦੇ ਬਾਬੇ ਨਰੋਏ ਸਰੀਰਾਂ ਦੇ ਮਾਲਕ, ਖੁੱਲ੍ਹਾ ਖਾਣ-ਪੀਣ ਵਾਲ਼ੇ, ਨਾਮੀ ਪਹਿਲਵਾਨਾਂ ਦੀਆਂ ਪਿੱਠਾਂ ਲਾਉਣ ਵਾਲ਼ੇ, ਵੱਡੇ-ਵੱਡੇ ਦਰੱਖ਼ਤਾਂ ਦੀਆਂ ਜੜ੍ਹਾਂ ਉਖਾੜ ਕੇ ਇਕੱਲਿਆਂ ਹੀ ਧੂਹ ਕੇ ਘਰ ਲੈ ਜਾਣ ਵਾਲ਼ੇ ਤੇ ਦਸ-ਬਾਰਾਂ ਬੰਦਿਆਂ ਦੁਆਰਾ ਚੁੱਕੀ ਜਾਣ ਵਾਲ਼ੀ ਗੇਲੀ ਨੂੰ ਇਕੱਲਿਆਂ ਹੀ ਚੁੱਕ ਲੈਣ ਵਾਲ਼ੇ ਸਨ। ਇਸ ਤਰ੍ਹਾਂ ਉਹ ਲੇਖਕ ਨੂੰ ਕੋਈ ਸਧਾਰਨ ਮਨੁੱਖ ਨਹੀਂ, ਸਗੋਂ ਦਿਓ-ਦਾਨੋ ਪ੍ਰਤੀਤ ਹੁੰਦੇ ਹਨ।
ਪ੍ਰਸ਼ਨ 6. ਇਸ ਪਾਠ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ, ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਬਾਬਿਆਂ ਦੀ ਇੱਕ ਛੋਟੀ ਭੈਣ ਇਕੱਲੀ ਹੀ ਜੁਆਰ ਦੇ ਸਿੱਟਿਆਂ ਦੀ ਪੰਡ ਚੁੱਕ ਕੇ ਘਰ ਲੈ ਆਈ, ਉਸ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲ਼ੀ। ਉਹਨਾਂ ਦੀ ਚੜਿਕ ਵਿਆਹੀ ਹੋਈ ਭੈਣ ਨੇ ਉਸ ਮੁਗਦਰ ਨੂੰ ਖੋਲ਼ੇ ਵਿੱਚ ਦੋ ਵਾਰੀ ਚੁੱਕ ਕੇ ਵਗਾਹ ਮਾਰਿਆ ਜਿਸ ਨੂੰ ਕੇਵਲ ਉੱਥੋਂ ਦਾ ਇੱਕ ਪਹਿਲਵਾਨ ਹੀ ਚੁੱਕ ਸਕਦਾ ਸੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮੇਰੇ ਵੱਡੇ-ਵਡੇਰੇ’ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ – ਗਿਆਨੀ ਗੁਰਦਿੱਤ ਸਿੰਘ।
ਪ੍ਰਸ਼ਨ 2. ਲੇਖਕ ਦੇ ਦਾਦੇ ਕਿੰਨੇ ਭਰਾ ਸਨ?
ਉੱਤਰ – ਚਾਰ।
ਪ੍ਰਸ਼ਨ 3. ਲੇਖਕ ਦੇ ਦਾਦੇ ਵਿਆਹ ਉੱਤੇ ਕਿਸ ਪਿੰਡ ਗਏ?
ਉੱਤਰ – ਛਾਪੇ।
ਪ੍ਰਸ਼ਨ 4. ਲੇਖਕ ਦੇ ਦਾਦੇ ਕਿਹੜੇ ਵੇਲ਼ੇ ਛਾਪੇ ਪਿੰਡ ਪੁੱਜੇ?
ਉੱਤਰ – ਦੁਪਹਿਰੇ ਰੋਟੀ ਵੇਲ਼ੇ।
ਪ੍ਰਸ਼ਨ 5. ਬਾਬਿਆਂ ਨੇ ਕੀ ਸਮੇਟ ਦਿੱਤਾ?
ਉੱਤਰ – ਪ੍ਰਸ਼ਾਦ ਦਾ ਕੜਾਹਾ।
ਪ੍ਰਸ਼ਨ 6. ਪਹਿਲਵਾਨ ਨੇ ਚੌਧਰੀ ਤੋਂ ਕੀ ਮੰਗਿਆ?
ਉੱਤਰ – ਪੱਕੀ ਰਸਦ।
ਪ੍ਰਸ਼ਨ 7. ਬਾਬੇ ਪੁਨੂੰ ਦਾ ਪਿੰਡਾ ਕਿਹੋ-ਜਿਹਾ ਸੀ?
ਉੱਤਰ – ਖੁਰਦਰਾ।
ਪ੍ਰਸ਼ਨ 8. ਬਾਬੇ ਦਾਸ ਨੇ ਕਾਹਦੀ ਲਟੈਣ ਚੁੱਕ ਕੇ ਘਰ ਲਿਆਂਦੀ?
ਉੱਤਰ – ਕਿੱਕਰ ਦੀ।
ਪ੍ਰਸ਼ਨ 9. ਬਾਬਿਆਂ ਦੀ ਭੈਣ ਕਿੱਥੇ ਵਿਆਹੀ ਹੋਈ ਸੀ?
ਉੱਤਰ – ਚੜਿਕ।
ਪ੍ਰਸ਼ਨ 10. ਪਹਿਲਵਾਨ ਨੇ ਬਾਬਿਆਂ ਦੀ ਭੈਣ ਨੂੰ ਭੇਟ ਵਜੋਂ ਕਿੰਨੇ ਰੁ ਦਿੱਤੇ?
ਉੱਤਰ – 101 ਰੁ।
ਪ੍ਰਸ਼ਨ 11. ਬਾਬਿਆਂ ਦੀ ਭੈਣ ਦੇ ਪਹਿਲਵਾਨ ਮੁੰਡੇ ਦਾ ਕੀ ਨਾਂ ਸੀ?
ਉੱਤਰ – ਮੰਗਲ ਸਿੰਘ।
ਪ੍ਰਸ਼ਨ 12. ਜੁਆਰ ਦੇ ਸਿੱਟਿਆਂ ਦੀ ਪੰਡ ਵਿੱਚੋਂ ਕਿੰਨੀ ਜੁਆਰ ਨਿਕਲ਼ੀ ਸੀ?
ਉੱਤਰ – ਪੰਜ ਮਣ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037