5. ਬਾਬਾ ਰਾਮ ਸਿੰਘ ਕੂਕਾ – ਸ. ਕਪੂਰ ਸਿੰਘ
••• ਸਾਰ •••
ਬਾਬਾ ਰਾਮ ਸਿੰਘ ਜੀ ਦਾ ਜਨਮ 1816 ਈ. ਵਿੱਚ ਲੁਧਿਆਣੇ ਦੇ ਕੋਲ਼ ਭੈਣੀਆ ਰਾਈਆਂ ਵਿਖੇ ਭਾਈ ਜੱਸਾ ਸਿੰਘ ਦੇ ਘਰ ਹੋਇਆ। ਬਾਬਾ ਜੀ ਦੀ ਵੱਡੀ ਭੈਣ ਸ. ਕਾਬਲ ਸਿੰਘ ਨਾਲ਼ ਵਿਆਹੀ ਹੋਈ ਸੀ। ਕਾਬਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਵਿੱਚ ਗੋਲੰਦਾਜ਼ ਤੋਪਚੀ ਸੀ। ਉਹਨਾਂ ਦੀ ਪ੍ਰੇਰਨਾ ਸਦਕਾ ਬਾਬਾ ਰਾਮ ਸਿੰਘ ਜੀ ਲਾਹੌਰ ਜਾ ਕੇ ਘੁੜ-ਚੜ੍ਹਿਆਂ ਦੀ ਪਲਟਨ ਵਿੱਚ ਭਰਤੀ ਹੋ ਗਏ। ਬਾਬਾ ਜੀ ਦਾ ਵਿਆਹ ਭਰ ਜਵਾਨੀ ਦੀ ਅਵਸਥਾ ਵਿੱਚ ਹੀ ਹੋ ਗਿਆ ਜਦੋਂ ਉਹ ਪਤਲੇ, ਗੰਢਵੇਂ ਤੇ ਲੰਮੇ ਕੱਦ ਦੇ ਨਾਲ਼ ਪ੍ਰਭਾਵਸ਼ਾਲੀ ਚਿਹਰੇ ਦੇ ਮਾਲਕ ਸਨ। ਆਪ ਦੇ ਘਰ ਦੋ ਪੁੱਤਰੀਆਂ ਨੇ ਜਨਮ ਲਿਆ। ਆਪ ਨੇ ਉਸ ਸਮੇਂ ਦੇ ਰਿਵਾਜ਼ ਦੇ ਉਲਟ ਆਪਣੀਆਂ ਲੜਕੀਆਂ ਨੂੰ ਪਿਆਰ ਤੇ ਚਾਅ ਨਾਲ਼ ਪਾਲ਼ਿਆ ਪੋਲਿਆ ਅਤੇ ਵਿੱਦਿਆ ਪੜ੍ਹਾਈ। ਆਪ ਨੇ ਸਮਾਜ ਵਿੱਚ ਮਰਦ ਤੇ ਇਸਤਰੀ ਦੀ ਸੰਪੂਰਨ ਤੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ। ਬਾਬਾ ਰਾਮ ਸਿੰਘ ਤੇ ਹਜ਼ਰੋ ਵਿੱਚ ਬਾਬਾ ਬਾਲਕ ਸਿੰਘ ਜੀ ਦੀ ਸ਼ਖ਼ਸੀਅਤ ਦਾ ਬਹੁਤ ਪ੍ਰਭਾਵ ਪਿਆ ਜਿਸ ਕਰਕੇ ਆਪ ਪਹਿਲਾਂ ਨਾਲ਼ੋਂ ਵੀ ਵਧੇਰੇ ਤਤਪਰਤਾ ਨਾਲ਼ ਵਾਹਿਗੁਰੂ ਦਾ ਭਜਨ ਕਰਨ ਲੱਗੇ। ਸੰਨ 1846 ਈ. ਦੀ ਸਿੰਘਾਂ ਦੀ ਅੰਗਰੇਜ਼ਾਂ ਨਾਲ਼ ਮੁਦਕੀ ਦੀ ਲੜਾਈ ਪਿੱਛੋਂ ਆਪ ਭੈਣੀ ਆ ਕੇ ਲੋਹੇ-ਕੱਪੜੇ ਆਦਿ ਦੀ ਹੱਟੀ ਕਰਕੇ ਦਸਾਂ ਨਹੁੰਆਂ ਤੇ ਧਰਮ ਦੀ ਕਿਰਤ ਕਮਾਈ ਕਰਨ ਲੱਗ ਪਏ। 1857 ਈ. ਵਿੱਚ ਬਾਬਾ ਬਾਲਕ ਸਿੰਘ ਦੁਆਰਾ ‘ਜਿਗਿਆਸੂਆਂ-ਅਭਿਆਸੀਆਂ ਦੀ ਜਥੇਬੰਦੀ ਬਣਾਈ ਗਈ ਅਤੇ ਬਾਬਾ ਰਾਮ ਸਿੰਘ ਨੂੰ ਇਸ ਲਈ ਪੰਜਾਬ ਵਿੱਚ ਪ੍ਰਚਾਰਕ ਥਾਪ ਦਿੱਤਾ। ਇਹ ਜਥੇਬੰਦੀ ਬਾਅਦ ਵਿੱਚ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ। ਜਥੇਬੰਦੀ ਦੇ ਸ਼ਰਧਾਲੂਆਂ ਦੁਆਰਾ ਭੇਜੇ ਦਸਵੰਧ ਨੂੰ ਆਪ ਲੰਗਰ ਉੱਤੇ ਖ਼ਰਚ ਕਰਦੇ ਸਨ। ਆਪ ਦਾ ਨਿਸ਼ਾਨਾ ਸੀ ਕਿ ਲੋਕਾਂ ਦੀ ਰਹਿਣੀ-ਬਹਿਣੀ ਨੂੰ ਸਵੱਛ ਬਣਾਉਣਾ, ਵਹਿਮਾਂ-ਭਰਮਾਂ ਤੋਂ ਦੂਰ ਕਰਨਾ, ਸਮਾਜ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਰੱਖਣਾ, ਆਤਮਾ ਨੂੰ ਧਾਰਮਿਕ ਤੌਰ ‘ਤੇ ਤਕੜੀ ਕਰਨਾ ਅਤੇ ਦੇਸ ਵਿੱਚੋਂ ਵਿਦੇਸੀਆਂ ਤੇ ਰਾਜੇ-ਰਾਣੀਆਂ ਦੀ ਪਰਾਧੀਨਤਾ ਨੂੰ ਖ਼ਤਮ ਕਰਕੇ ਜਨਤਾ ਨੂੰ ਸੁਤੰਤਰ ਕਰਨਾ ਸੀ। ਆਪ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦੇ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਕੁੱਝ ਘਟਨਾਵਾਂ ਬਾਬਾ ਜੀ ਦੇ ਵੱਸ ਤੋਂ ਬਾਹਰ ਦੀਆਂ ਹੋ ਗਈਆਂ, ਜਿਸ ਕਰਕੇ ਆਪ ਦੀਆਂ ਮਿਥੀਆਂ ਵਿਉਂਤਾਂ ਸਿਰੇ ਨਾ ਚੜ੍ਹ ਸਕੀਆਂ, ਅੰਗਰੇਜ਼ਾਂ ਨੇ ਆਪ ਨੂੰ ਦੇਸ-ਨਿਕਾਲਾ ਦੇ ਕੇ, ਰੰਗੂਨ ਵਿੱਚ ਭੇਜ ਦਿੱਤਾ, ਜਿੱਥੇ ਅੰਗਰੇਜ਼ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ 1885 ਈ. ਵਿੱਚ ਆਪ ਦਾ ਦੇਹਾਂਤ ਹੋ ਗਿਆ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਬਾਬਾ ਬਾਲਕ ਸਿੰਘ ਦਾ ਬਾਬਾ ਰਾਮ ਸਿੰਘ ਨੇ ਕਿਹੜਾ-ਕਿਹੜਾ ਪ੍ਰਭਾਵ ਕਬੂਲਿਆ?
ਉੱਤਰ – ਬਾਬਾ ਬਾਲਕ ਸਿੰਘ ਹਜ਼ਰੋ ਵਿੱਚ ਰਹਿੰਦੇ ਸਨ ਤੇ ਬੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ। ਆਪ ਹਿੰਦੂ, ਮੁਸਲਮਾਨ ਤੇ ਸਿੱਖ ਸਭ ਨੂੰ ਸ਼ੁੱਭ ਆਚਰਨ, ਧਰਮ ਦੀ ਕਿਰਤ ਕਮਾਈ ਤੇ ਈਸ਼ਵਰ ਦੀ ਚਿੰਤਨ, ਅੱਲਾ ਦੀ ਯਾਦ ਤੇ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਉੱਤੇ ਬਾਬਾ ਬਾਲਕ ਸਿੰਘ ਜੀ ਦੇ ਉਪਦੇਸ਼ਾਂ ਦਾ ਬੜਾ ਪ੍ਰਭਾਵ ਪਿਆ ਆਪ ਪਹਿਲਾਂ ਨਾਲ਼ੋਂ ਵੀ ਵੱਧ ਤਤਪਰ ਹੋ ਕੇ ਵਾਹਿਗੁਰੂ ਦਾ ਭਜਨ ਕਰਨ ਲੱਗੇ।
ਪ੍ਰਸ਼ਨ 2. ਕਿਹੜੀ ਜਥੇਬੰਦੀ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ?
ਉੱਤਰ – ਜਗਿਆਸੂਆਂ-ਅਭਿਆਸੀਆਂ ਦੀ ਜਥੇਬੰਦੀ ਬਾਅਦ ਵਿੱਚ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ। ਹੌਲ਼ੀ-ਹੌਲ਼ੀ ਉਪਦੇਸ਼ਾਂ ਦੇ ਪ੍ਰਚਾਰ ਸਦਕਾ ਇਹ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਗਈ, ਸ਼ਰਧਾਲੂ ਬਾਬਾ ਰਾਮ ਸਿੰਘ ਕੋਲ਼ ਆਪਣਾ ਦਸਵੰਧ ਭੇਜਣ ਲੱਗੇ ਜਿਸ ਨੂੰ ਉਹ ਲੰਗਰ ਉੱਤੇ ਖ਼ਰਚ ਕਰ ਦਿੰਦੇ। ਥੋੜ੍ਹੇ ਸਾਲਾਂ ਵਿੱਚ ਨਾਮਧਾਰੀ ਜਥੇਬੰਦੀਆਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਣ ਗਈਆਂ।
ਪ੍ਰਸ਼ਨ 3. ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਸੰਖੇਪ ਵਿੱਚ ਲਿਖੋ।
ਉੱਤਰ – ਬਾਬਾ ਜੀ ਨੇ ਲੋਕਾਂ ਦੀ ਰਹਿਣੀ-ਬਹਿਣੀ ਨੂੰ ਸਵੱਛ ਬਣਾਉਣ, ਵਹਿਮਾਂ-ਭਰਮਾਂ ਤੋਂ ਦੂਰ ਰਹਿਣ, ਸਮਾਜ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਰੱਖਣ, ਆਤਮਾ ਨੂੰ ਧਾਰਮਿਕ ਤੌਰ ‘ਤੇ ਤਕੜੀ ਕਰਨ ਅਤੇ ਦੇਸ ਵਿੱਚੋਂ ਵਿਦੇਸੀਆਂ ਤੇ ਰਾਜੇ-ਰਾਣੀਆਂ ਦੀ ਪਰਾਧੀਨਤਾ ਨੂੰ ਖ਼ਤਮ ਕਰਨ ਦਾ ਉਪਦੇਸ਼ ਦਿੱਤਾ।
ਪ੍ਰਸ਼ਨ 4. ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ?
ਉੱਤਰ – ‘ਬਾਬਾ’ ਅਰਬ ਦੇਸ ਦੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਵੱਡਾ, ਬਜ਼ੁਰਗ, ਉੱਚੀ ਬੁੱਧੀ ਤੇ ਉੱਚੇ ਚਾਲ ਚਲਣ ਵਾਲ਼ਾ, ਪਿਤਾ ਸਮਾਨ ਪੂਜਣਯੋਗ, ਪੰਜਾਬੀ ਬੋਲੀ ਵਿੱਚ ਵੀ ਉੱਚੀ ਆਤਮਿਕ ਅਵਸਥਾ ਵਾਲ਼ੇ ਮਹਾਂਪੁਰਖਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਹੀ ਬਾਬਾ ਰਾਮ ਸਿੰਘ ਲਈ ਇਹ ਸ਼ਬਦ ਵਰਤਿਆ ਗਿਆ।
ਪ੍ਰਸ਼ਨ 5. ਬਾਬਾ ਰਾਮ ਸਿੰਘ ਨੇ ਆਪਣੇ ਜੀਵਨ-ਨਿਰਬਾਹ ਲਈ ਕਿਹੜੇ-ਕਿਹੜੇ ਕਿੱਤੇ ਅਪਣਾਏ?
ਉੱਤਰ – ਪਹਿਲਾਂ ਆਪ ਆਪਣੇ ਜੀਵਨ-ਨਿਰਬਾਹ ਲਈ ਮਹਾਰਾਜਾ ਰਣਜੀਤ ਸਿੰਘ ਦੀ ਘੋੜ-ਚੜ੍ਹਿਆਂ ਦੀ ਪਲਟਨ ਵਿੱਚ ਭਰਤੀ ਹੋ ਗਏ। ਫਿਰ ਇਹ ਨੌਕਰੀ ਛੱਡ ਕੇ ਉਹਨਾਂ ਨੇ ਪਿੰਡ ਭੈਣੀ ਵਿੱਚ ਲੋਹੇ-ਕੱਪੜੇ ਆਦਿ ਦੀ ਹੱਟੀ ਪਾ ਲਈ।
ਪ੍ਰਸ਼ਨ 6. ਬਾਬਾ ਰਾਮ ਸਿੰਘ ਜੀ ਨੇ ਇਸਤਰੀ-ਜਾਤੀ ਦੀ ਭਲਾਈ ਲਈ ਕੀ-ਕੀ ਉਪਦੇਸ਼ ਦਿੱਤੇ?
ਉੱਤਰ – ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਤੇ ਇਸਤਰੀਆਂ ਦੀ ਉੱਨਤੀ ਵੱਲ ਸਦਾ ਖ਼ਿਆਲ ਰੱਖਿਆ ਤੇ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਪਾਲਣ-ਪੋਸਣ ਤੇ ਪੜ੍ਹਾਉਣ–ਵਿਆਹੁਣ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਸਮਾਜ ਵਿੱਚ ਮਰਦ ਤੇ ਇਸਤਰੀ ਦੀ ਸੰਪੂਰਨ ਤੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ ਤੇ ਇਸ ਵਿੱਚ ਸਫਲ ਰਹੇ।
ਪ੍ਰਸ਼ਨ 7. ਕਿਹੜੇ ਕੰਮਾਂ ਕਰਕੇ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲ਼ੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਉਸੇ ਵੇਲ਼ੇ ਹੀ ਅੱਧ-ਪਚੱਧਾ ਨਿਕਲ਼ ਆਏ?
ਉੱਤਰ – ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦਾ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਉਹ ਆਪਣੇ ਝਗੜਿਆਂ ਲਈ ਕਚਹਿਰੀਆਂ ਵਿੱਚ ਜਾਣ ਦੀ ਥਾਂ ਪੰਚਾਇਤਾਂ ਵਿੱਚ ਹੀ ਮੁਕਾ ਲੈਂਦੇ ਸਨ। ਇਸ ਤਰ੍ਹਾਂ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲ਼ੇ ਅੰਗਰੇਜ਼ਾਂ ਦੀ ਗ਼ੁਲਾਮੀ ਵਿੱਚੋਂ ਉਸੇ ਵੇਲ਼ੇ ਹੀ ਅੱਧ-ਪਚੱਧੀ ਨਿਕਲ਼ ਗਏ ਸਨ।
ਪ੍ਰਸ਼ਨ 8. ਬਾਬਾ ਰਾਮ ਸਿੰਘ ਦੀ ਚਲਾਈ ਨਾਮਿਲਵਰਤਣ ਲਹਿਰ ਦਾ ਵਰਨਣ ਕਰੋ।
ਉੱਤਰ – ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਚਲਾਈ ਨਾਮਿਲਵਰਤਨ ਲਹਿਰ ਦੇ ਮੋਢੀ ਸਨ। ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦਾ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਉਹ ਆਪਣੇ ਝਗੜਿਆਂ ਲਈ ਕਚਹਿਰੀਆਂ ਵਿੱਚ ਜਾਣ ਦੀ ਥਾਂ ਪੰਚਾਇਤਾਂ ਵਿੱਚ ਹੀ ਮੁਕਾ ਲੈਂਦੇ ਸਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬਾਬਾ ਰਾਮ ਸਿੰਘ ਕੂਕਾ’ ਨਿਬੰਧ ਕਿਸ ਦੀ ਰਚਨਾ ਹੈ?
ਉੱਤਰ – ਸ. ਕਪੂਰ ਸਿੰਘ ਦੀ।
ਪ੍ਰਸ਼ਨ 2. ‘ਬਾਬਾ’ ਕਿਹੜੇ ਦੇਸ ਦੀ ਬੋਲੀ ਦਾ ਸ਼ਬਦ ਹੈ?
ਉੱਤਰ – ਅਰਬ ਦੇਸ।
ਪ੍ਰਸ਼ਨ 3. ਬਾਬਾ ਰਾਮ ਸਿੰਘ ਦਾ ਜਨਮ ਕਦੋਂ ਹੋਇਆ?
ਉੱਤਰ – 1816 ਈ. ਵਿੱਚ।
ਪ੍ਰਸ਼ਨ 4. ਬਾਬਾ ਰਾਮ ਸਿੰਘ ਦਾ ਜਨਮ ਕਿੱਥੇ ਹੋਇਆ?
ਉੱਤਰ – ਭੈਣੀਆ ਰਾਈਆਂ, ਜ਼ਿਲ੍ਹਾ ਲੁਧਿਆਣਾ।
ਪ੍ਰਸ਼ਨ 5. ਬਾਬਾ ਰਾਮ ਸਿੰਘ ਦੇ ਪਿਤਾ ਜੀ ਦਾ ਨਾਂ ਕੀ ਸੀ?
ਉੱਤਰ – ਭਾਈ ਜੱਸਾ ਸਿੰਘ।
ਪ੍ਰਸ਼ਨ 6. ਬਾਬਾ ਰਾਮ ਸਿੰਘ ਜੀ ਦੀ ਵੱਡੀ ਭੈਣ ਦੇ ਪਤੀ ਦਾ ਕੀ ਨਾਂ ਸੀ?
ਉੱਤਰ – ਸ. ਕਾਬਲ ਸਿੰਘ।
ਪ੍ਰਸ਼ਨ 7. ਬਾਬਾ ਰਾਮ ਸਿੰਘ ਦਾ ਬਾਬਾ ਬਾਲਕ ਸਿੰਘ ਨਾਲ਼ ਮੇਲ ਕਿੱਥੇ ਹੋਇਆ?
ਉੱਤਰ – ਹਜ਼ਰੋ ਵਿਖੇ।
ਪ੍ਰਸ਼ਨ 8. ਬਾਬਾ ਬਾਲਕ ਸਿੰਘ ਨੇ ਕਿਹੜੀ ਧਾਰਮਿਕ ਜਥੇਬੰਦੀ ਦੀ ਨੀਂਹ ਰੱਖੀ?
ਉੱਤਰ – ਜਗਿਆਸੂਆਂ-ਅਭਿਆਸੀਆਂ ਦੀ।
ਪ੍ਰਸ਼ਨ 9. ਗ਼ਰੀਬ ਤੋਂ ਗ਼ਰੀਬ ਕੂਕਾ ਵੀ ਆਪਣੇ ਗਵਾਂਢੀਆਂ ਤੋਂ ਕਿਸ ਗੱਲ ਵਿੱਚ ਵੱਖਰਾ ਦਿਸਦਾ ਹੈ?
ਉੱਤਰ – ਸਫ਼ਾਈ ਵਿੱਚ।
ਪ੍ਰਸ਼ਨ 10. ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਹਨ?
ਉੱਤਰ – ਕੂਕੇ।
ਪ੍ਰਸ਼ਨ 11. ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਦੇਸ-ਨਿਕਾਲਾ ਦੇ ਕੇ ਕਿੱਥੇ ਭੇਜ ਦਿੱਤਾ?
ਉੱਤਰ – ਰੰਗੂਨ।
ਪ੍ਰਸ਼ਨ 12. ਅੰਗਰੇਜ਼ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ ਬਾਬਾ ਰਾਮ ਸਿੰਘ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ -1885 ਈ. ਵਿੱਚ।
ਪ੍ਰਸ਼ਨ 13. ਬਾਬਾ ਰਾਮ ਸਿੰਘ ਦੇ ਘਰ ਕਿੰਨੀਆਂ ਪੁੱਤਰੀਆਂ ਨੇ ਜਨਮ ਲਿਆ?
ਉੱਤਰ – ਦੋ।
ਪ੍ਰਸ਼ਨ 14. ਨਾਮਧਾਰੀਆਂ ਨੇ ਸੁਦੇਸੀ ਡਾਕ ਪ੍ਰਬੰਧ ਕਦੋਂ ਮੁਕੰਮਲ ਕਰ ਲਿਆ?
ਉੱਤਰ – 1860 ਈ. ਦੇ ਆਸ-ਪਾਸ।
ਪ੍ਰਸ਼ਨ 15. ਬਾਬਾ ਰਾਮ ਸਿੰਘ ਜੀ ਦਾ ਕੋਈ ਇੱਕ ਉਪਦੇਸ਼ ਦੱਸੋ।
ਉੱਤਰ – ਸਵੱਛ ਰਹਿਣੀ-ਬਹਿਣੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037