4. ਪ੍ਰਾਰਥਨਾ ਡਾ: ਬਲਬੀਰ ਸਿੰਘ
••• ਸਾਰ •••
ਅਰਦਾਸ ਦਾ ਮਨੁੱਖੀ ਜੀਵਨ ਵਿੱਚ ਖ਼ਾਸ ਮਹੱਤਵ ਹੈ। ਇਸ ਦੀ ਜ਼ਰੂਰਤ ਹਰ ਕਿਸੇ ਨੂੰ ਪੈਂਦੀ ਹੈ, ਵੱਡੇ–ਵੱਡੇ ਰਾਠ ਤੇ ਸਿਆਣੇ ਵਿਅਕਤੀਆਂ ਲਈ ਵੀ ਕਈ ਵਾਰ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਸੁਕਰਾਤ ਵਰਗਾ ਸਮਝਦਾਰ ਅਤੇ ਮੌਤ ਤੋਂ ਬੇਪਰਵਾਹ ਇਨਸਾਨ ਵੀ ਅਰਦਾਸ ਵਿੱਚ ਵਿਸ਼ਵਾਸ ਰੱਖਦਾ ਸੀ। ਸਿੱਖ ਧਰਮ ਵਿੱਚ ਅਰਦਾਸ ਦੀ ਖ਼ਾਸ ਮਹਾਨਤਾ ਹੈ। ਸਭ ਪ੍ਰਕਾਰ ਦੀਆਂ ਰਸਮਾਂ–ਰੀਤਾਂ ਤੇ ਪਰਮਾਰਥਕ ਸਾਧਨਾਂ ਦੀ ਥਾਂ ਸਿੱਖ ਦੁਆਰਾ ਕੀਤੀ ਇਕ ਅਰਦਾਸ ਹੀ ਕਾਫ਼ੀ ਹੈ। ਅਰਦਾਸ ਇਕ ਫ਼ਰਜ਼ ਹੈ। ਇਸ ਦਾ ਉੱਤਰ ਮਿਲਣਾ ਜ਼ਰੂਰੀ ਨਹੀਂ, ਜੇਕਰ ਇੰਝ ਹੁੰਦਾ, ਤਾਂ ਇਹ ਖ਼ਤੋ–ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ। ਸਿੱਖ ਦੀ ਅਰਦਾਸ ਸਭ ਤੋਂ ਨਿਰਾਲੀ ਹੈ। ਇਹ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਹੁੰਦੀ ਹੈ। ਇਹ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਸਾਧਨ ਹੈ। ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ–ਸੁਭਾਅ ਯਤਨ ਹੈ।
ਅਰਦਾਸ ਵਿਅਕਤੀ ਦਾ ਜੀਵਨ ਬਦਲ ਦਿੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਇਕ ਧਾੜਵੀ ਕੈਦੀ ਦੇ ਜੀਵਨ ਵਿੱਚ ਅਰਦਾਸ ਨਾਲ ਪਰਿਵਰਤਨ ਆਇਆ ਅਤੇ ਉਸ ਧਾੜਵੀ ਦਾ ਚਰਿੱਤਰ ਬਦਲ ਗਿਆ। ਅਰਦਾਸ ਮਨੁੱਖ ਨੂੰ ਅਥਾਹ ਆਨੰਦ ਤੇ ਮਾਨਸਿਕ ਸ਼ਾਂਤੀ ਦਿੰਦੀ ਹੈ। ਅਰਦਾਸ ਤੋਂ ਹੌਂਸਲਾ ਪ੍ਰਾਪਤ ਕਰਕੇ ਮਨੁੱਖ ਸਭ ਪ੍ਰਕਾਰ ਦੀਆਂ ਦੁੱਖਾਂ–ਤਕਲੀਫ਼ਾਂ ਅਤੇ ਸੰਕਟਾਂ ਤੋਂ ਬੇਪਰਵਾਹ ਹੋ ਕੇ ਪਾਰ ਲੰਘ ਜਾਂਦਾ ਹੈ। ਇਸ ਕਰਕੇ ਸਾਨੂੰ ਕਦੇ ਕਿਸੇ ਮਨ–ਮਤੀਏ ਮਨੁੱਖ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ। ਸਾਨੂੰ ਕਦੇ ਵੀ ਉਸ ਦਿਆਲੂ ਪਰਮਾਤਮਾ ਨੂੰ ਨਹੀਂ ਭੁਲਾਉਣਾ ਚਾਹੀਦਾ ਅਤੇ ਹਮੇਸ਼ਾ ਉਸ ਦਾ ਸ਼ੁਕਰ–ਗੁਜ਼ਾਰ ਰਹਿਣਾ ਚਾਹੀਦਾ ਹੈ। ਅਸੀਂ ਅੰਤ ਸਮੇਂ ਸਾਰਿਆਂ ਨੇ ਪਰਮਾਤਮਾ ਦੀ ਦਰਗਾਹੇ ਜਾਣਾ ਹੈ, ਜਿੱਥੇ ਸਾਡੇ ਭਲੇ–ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ। ਇਸ ਲਈ ਸਾਨੂੰ ਨੇਕ ਆਚਰਨ ਰੱਖਦੇ ਹੋਏ ਪ੍ਰਾਰਥਨਾ ਦੁਆਰਾ ਉਸ ਪ੍ਰਭੂ ਤੋਂ ਆਪਣੀਆਂ ਅਣਜਾਣ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ ਹਨ। ਸਾਨੂੰ ਮਨੁੱਖਤਾ ਪ੍ਰਤੀ ਆਪਣਾ ਵਤੀਰਾ ਸ਼ੁੱਧ ਰੱਖਣਾ ਚਾਹੀਦਾ ਹੈ ਤੇ ਮਨ ਪਰਮਾਤਮਾ ਨਾਲ਼ ਜੋੜ ਕੇ ਸਦਾ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।
••• ਛੋਟੇ ਉੱਤਰ ਵਾਲੇ ਪ੍ਰਸ਼ਨ •••
ਪ੍ਰਸਨ 1. ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਮਨੁੱਖ ਲਈ ਅਰਦਾਸ ਇਕ ਅਤਿਅੰਤ ਜ਼ਰੂਰੀ ਫ਼ਰਜ਼ ਹੈ। ਜੀਵਨ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ, ਜਦੋਂ ਵੱਡੇ ਤੋਂ ਵੱਡੇ ਰਾਠ ਤੇ ਸਿਆਣੇ ਆਦਮੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਅਰਦਾਸ ਜ਼ਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਰੋਗ ਵੇਲੇ, ਜੰਗ ਵੇਲੇ ਅਤੇ ਮੁਸ਼ਕਿਲ ਸਮੇਂ ਕਾਰਜ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਲਈ ਕੀਤੀ ਜਾਂਦੀ ਹੈ। ਅਰਦਾਸ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ।
ਪ੍ਰਸ਼ਨ 2. ਪ੍ਰਸਿੱਧ ਲੇਖਕ ਔਸਕਰ ਵਾਇਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਔਸਕਰ ਵਾਇਲਡ ਦਾ ਵਿਚਾਰ ਹੈ ਕਿ ‘ਅਰਦਾਸ’ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਸਗੋਂ ਖ਼ਤੋ–ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ |
ਪ੍ਰਸ਼ਨ 3. ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਸਿੱਖ ਧਰਮ ਵਿੱਚ ਅਰਦਾਸ ਦੀ ਖ਼ਾਸ ਮਹਾਨਤਾ ਹੈ। ਸਿੱਖ ਲਈ ਅਰਦਾਸ ਚੜ੍ਹਦੀ ਕਲਾ ਵਿੱਚ ਰਹਿਣ ਦਾ ਸਾਧਨ ਹੈ। ਸਿੱਖ ਧਰਮ ਵਿੱਚ ਅਰਦਾਸ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ, ਜੋ ਮਨੁੱਖ ਨੂੰ ਸਹਿਜ–ਸੁਭਾ ਛੁਟੇਰੇਪਨ ਵਿਚੋਂ ਕੱਢ ਕੇ ਵੱਡਾ ਬਣਾ ਦਿੰਦੀ ਹੈ।
ਪ੍ਰਸ਼ਨ 4. ਪ੍ਰਾਰਥਨਾ ਕਰਨ ਨਾਲ਼ ਕੈਦੀ ਦੇ ਵਿਹਾਰ ਵਿੱਚ ਕਿਹੋ–ਜਿਹੀ ਤਬਦੀਲੀ ਆਈ ਤੇ ਕਿਵੇਂ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਪ੍ਰਾਰਥਨਾ ਕਰਨ ਨਾਲ਼ ਕੈਦੀ ਦਾ ਮਨ ਸ਼ਾਂਤ ਹੋ ਗਿਆ। ਉਹ ਹਰ ਰੋਜ਼ ਪਾਠ ਕਰਨ ਅਤੇ ਉਸ ਦੇ ਅਰਥ ਸਮਝਣ ਲੱਗ ਪਿਆ, ਜਿਸ ਕਾਰਨ ਉਸ ਦੇ ਸੁਭਾਅ ਵਿੱਚ ਮਿਠਾਸ ਤੇ ਨਿਮਰਤਾ ਆ ਗਈ। ਉਸ ਦਾ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਕਾਇਮ ਹੋ ਗਿਆ। ਅਰਦਾਸ ਕਰਕੇ ਉਸ ਨੇ ਸੰਸਾਰਿਕ ਪਦਾਰਥਾਂ ਤੇ ਪਦਵੀਆਂ ਤੋਂ ਵੀ ਮੂੰਹ ਮੋੜ ਲਿਆ।
ਪ੍ਰਸ਼ਨ 5. ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮੁਆਫ਼ ਕਿਵੇਂ ਕਰ ਦਿੱਤੀ?
ਉੱਤਰ – ਵਾਹਿਗੁਰੂ ਅੱਗੇ ਅਰਦਾਸ ਕਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਮਾਨਸਿਕ ਹਾਲਤ ਵਿੱਚ ਸੁਧਾਰ ਆਇਆ ਅਤੇ ਉਨ੍ਹਾਂ ਨੂੰ ਚੰਗੀ ਨੀਂਦ ਆ ਗਈ, ਜਿਸ ਕਰਕੇ ਉਨ੍ਹਾਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕੈਦੀ ਦੀ ਸਜ਼ਾ ਮੁਆਫ਼ ਕਰ ਦਿੱਤੀ।
ਪ੍ਰਸ਼ਨ 6. ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਕੈਦੀ ਨੇ ਆਪਣੇ ਨਾਲ਼ ਬੀਤੀ ਸਾਰੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਿਰਪਾ ਨਾਲ ਹੀ ਉਹ ਧਾੜਵੀ ਤੋਂ ਸਰਦਾਰ ਬਣਿਆ ਸੀ ਅਤੇ ਉਨ੍ਹਾਂ ਦੀ ਕੈਦ ਵਿੱਚ ਰਹਿ ਕੇ ਹੀ ਉਹ ਆਪਣੇ ਸੱਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਤੋਂ ਜਾਣੂ ਹੋ ਗਿਆ ਹੈ। ਪਰਮਾਤਮਾ ਦੇ ਪਿਆਰ ਨੂੰ ਪਾ ਕੇ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੀ ਹੈ। ਹੁਣ ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਹੋ ਗਿਆ ਹੈ। ਇਸ ਕੈਦ ਤੋਂ ਮੁਕਤੀ ਪ੍ਰਾਪਤ ਕਰਨ ਤੋਂ ਬਾਅਦ ਪ੍ਰਭੂ ਨੇ ਹੀ ਉਸ ਨੂੰ ਮਹਾਂ–ਭੌਜਲ ਤੋਂ ਪਾਰ ਕਰਵਾਉਣਾ ਹੈ।
ਪ੍ਰਸਨ 7. ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿੱਚਰਨਾ ਚਾਹੀਦਾ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ – ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਵਿੱਚਰਦਿਆਂ ਪਰਮਾਤਮਾ ਤੋਂ ਆਪਣੀਆਂ ਅਣਜਾਣ ਭੁੱਲਾਂ ਬਖ਼ਸ਼ਾ ਕੇ ਭਜਨ ਰੂਪੀ ਖੇਪ ਲੱਦਣੀ ਚਾਹੀਦੀ ਹੈ। ਉਸ ਨੂੰ ਜਗਤ ਨਾਲ ਆਪਣਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ। ਮਨ ਕਰਤਾਰ ਵੱਲ ਰੱਖ ਕੇ ਸਦਾ ਪ੍ਰਾਰਥਨਾ ਕਰਦਿਆਂ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਪ੍ਰਾਰਥਨਾ‘ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ – ਡਾ: ਬਲਬੀਰ ਸਿੰਘ।
ਪ੍ਰਸ਼ਨ 2. ਦੁਨੀਆਂ ਵਿੱਚ ਸਭ ਤੋਂ ਸਿਆਣਾ ਆਦਮੀ ਕੌਣ ਗਿਣਿਆ ਜਾਂਦਾ ਹੈ?
ਉੱਤਰ – ਸੁਕਰਾਤ।
ਪ੍ਰਸ਼ਨ 3. ਸੁਕਰਾਤ ਨੇ ਸ਼ਰਬਤ ਵਾਂਗ ਕੀ ਪੀਤਾ ਸੀ?
ਉੱਤਰ – ਜ਼ਹਿਰ ਦਾ ਪਿਆਲਾ।
ਪ੍ਰਸ਼ਨ 4. ਕਿਹੜੇ ਧਰਮ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ?
ਉੱਤਰ – ਸਿੱਖ ਧਰਮ ਵਿੱਚ।
ਪ੍ਰਸ਼ਨ 5. ਅਰਦਾਸ ਕਦੋਂ ਕੀਤੀ ਜਾਂਦੀ ਹੈ?
ਉੱਤਰ – ਹਰ ਸੰਸਾਰਿਕ ਮੌਕੇ ਉੱਤੇ।
ਪ੍ਰਸ਼ਨ 6. ਖ਼ਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਦੋਂ ਬੱਝਾ?
ਉੱਤਰ – 1893 ਈ: ਵਿੱਚ।
ਪ੍ਰਸ਼ਨ 7. ਖ਼ਾਲਸਾ ਟ੍ਰੈਕਟ ਸੁਸਾਇਟੀ ਦੇ ਪਹਿਲੇ ਟ੍ਰੈਕਟ ਦਾ ਨਾਂ ਕੀ ਸੀ?
ਉੱਤਰ – ਪ੍ਰਾਰਥਨਾ।
ਪ੍ਰਸ਼ਨ 8. ਖ਼ਾਲਸਾ ਟ੍ਰੈਕਟ ਸੁਸਾਇਟੀ ਕਿਸ ਦੇ ਯਤਨ ਦਾ ਸਿੱਟਾ ਸੀ?
ਉੱਤਰ – ਭਾਈ ਵੀਰ ਸਿੰਘ ਦੇ।
ਪ੍ਰਸ਼ਨ 9. ਅਰਦਾਸ ਕਦੋਂ ਖ਼ਤੋ–ਕਿਤਾਬਤ ਬਣ ਜਾਂਦੀ ਹੈ?
ਉੱਤਰ – ਜਦੋਂ ਉੱਤਰ ਦੀ ਉਡੀਕ ਰੱਖੀ ਜਾਵੇ।
ਪ੍ਰਸ਼ਨ 10. ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ?
ਉੱਤਰ – ਸਰਬੱਤ ਦੇ ਭਲੇ ਦੀ।
ਪ੍ਰਸਨ 11. ਸਿੱਖ ਲਈ ਚੜਦੀ ਕਲਾ ਦਾ ਸਾਧਨ ਕੀ ਹੈ?
ਉੱਤਰ – ਅਰਦਾਸ।
ਪ੍ਰਸ਼ਨ 12. ਸਰਦਾਰ ਨੂੰ ਕਿੱਥੇ ਕੈਦ ਕੀਤਾ ਗਿਆ?
ਉੱਤਰ – ਰੁਹਤਾਸ ਦੇ ਕਿਲ੍ਹੇ ਵਿੱਚ।
ਪ੍ਰਸ਼ਨ 13. ਇਕ ਦਿਨ ਅਚਾਨਕ ਧਾੜਵੀ ਨੂੰ ਕੀ ਮਿਲਿਆ?
ਉੱਤਰ – ਇਕ ਪੋਥੀ।
ਪ੍ਰਸ਼ਨ 14. ਧਾੜਵੀ ਕਿਸ ਨੂੰ ਸੱਦ ਕੇ ਪੋਥੀ ਵਿੱਚਲੇ ਸ਼ਬਦਾਂ ਦੇ ਅਰਥ ਸਮਝਦਾ ਸੀ?
ਉੱਤਰ – ਇੱਕ ਗ੍ਰੰਥੀ ਨੂੰ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037