3. ਬੋਲੀ ਸ. ਗੁਰਬਖ਼ਸ਼ ਸਿੰਘ
••• ਸਾਰ •••
ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ, ਜਿਸ ਤੋਂ ਉਸ ਦੀ ਸਰੀਰਕ ਸੁੰਦਰਤਾ ਦਾ ਪਤਾ ਲੱਗਦਾ ਹੈ। ਬੋਲੀ ਮਨੁੱਖ ਦੀ ਆਤਮਾ ਦਾ ਚਿਤਰ ਹੈ, ਜਿਸ ਤੋਂ ਉਸ ਦੀ ਅੰਦਰੂਨੀ ਸੁੰਦਰਤਾ ਦੀ ਪਰਖ ਹੁੰਦੀ ਹੈ। ਚੰਗੀ ਬੋਲੀ ਬੋਲਣ ਵਾਲ਼ਿਆਂ ਨੂੰ ਸਰੋਤਿਆਂ ਦੀ ਵਾਹ–ਵਾਹ ਪ੍ਰਾਪਤ ਹੁੰਦੀ ਹੈ। ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ ਅਤੇ ਸਾਰੀ ਉਮਰ ਵਧਦਾ ਜਾਂਦਾ ਹੈ। ਬਾਲ-ਮਨਾਂ ਉੱਤੇ ਚਿਤਰੇ ਲਫ਼ਜ਼ ਉਮਰ ਭਰ ਨਹੀਂ ਭੁੱਲਦੇ ਅਤੇ ਮੋਹਰਾਂ ਵਾਂਗ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਇਸ ਲਈ ਬਚਪਨ ਦਾ ਸਮਾਂ ਮਨੁੱਖ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ, ਉਹ ਥਾਂ ਮੁਹਰਾਂ ਦੀ ਖਾਣ ਹੁੰਦੀ ਹੈ ਅਤੇ ਸਾਡੀ ਅਮੀਰੀ ਇਸ ਉੱਤੇ ਹੀ ਨਿਰਭਰ ਕਰਦੀ ਹੈ। ਭਰਪੂਰ ਖਾਣ ਵਿੱਚੋਂ ਸਿਆਣੀ ਪੁਟਾਈ ਹੀ ਬੇਸ਼ੁਮਾਰ ਦੌਲਤ ਪੁੱਟ ਸਕਦੀ ਹੈ। ਸਾਡੀ ਪੁਟਾਈ ਤੇ ਪ੍ਰਾਪਤੀਆਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ।
ਸਾਡੀ ਮਾਂ ਬੋਲੀ ਸਾਡੀ ਬੋਲੀ ਹੈ, ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੀ ਮਾਂ ਕੋਲੋਂ ਅਤੇ ਆਲ਼ੇ-ਦੁਆਲ਼ੇ ਤੋਂ ਸਿੱਖੀ ਹੈ। ਉਹ ਲੋਕ ਬਦਕਿਸਮਤ ਹਨ, ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਤਜ਼ਰਬਾ ਸਾਡੀ ਦੌਲਤ ਹੈ ਅਤੇ ਇਹ ਦੌਲਤ ਬਚਪਨ ਦੇ ਸਮੇਂ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਜਾਂਦੀ ਹੈ ਅਤੇ ਇਹ ਦੌਲਤ ਬੋਲੀ ਦੇ ਚਿੰਨ੍ਹਾਂ ਦੇ ਰੂਪ ਵਿੱਚ ਹੀ ਵਰਤੀ ਜਾ ਸਕਦੀ ਹੈ। ਤਜ਼ਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ, ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਪੜ੍ਹਾਈ ਆਪਣੇ–ਆਪ ਵਿੱਚ ਕੋਈ ਵੱਡਾ ਤਜ਼ਰਬਾ ਨਹੀਂ। ਇਹ ਸਿਰਫ਼ ਤਜ਼ਰਬਿਆਂ ਨੂੰ ਪ੍ਰਾਪਤ ਕਰਨ ਦੀ ਲਗਨ ਵਿੱਚ ਵਾਧਾ ਕਰਨ ਅਤੇ ਤਜ਼ਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਇਸ ਲਈ ਸਭ ਤੋਂ ਪਹਿਲਾਂ ਤਜ਼ਰਬੇ ਦੇ ਮੌਕਿਆਂ ਵਿੱਚ ਵਾਧਾ ਕਰਨਾ ਚਾਹੀਦਾ ਹੈ, ਜਿਹੜੇ ਸਾਡੀ ਸ਼ਖ਼ਸੀਅਤ ਅਤੇ ਬੋਲੀ ਨੂੰ ਅਮੀਰ ਬਣਾਉਂਦੇ ਹਨ।
ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ। ਇਸ ਵਿੱਚ ਲਫ਼ਜ਼ਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਭਨਾ–ਭਨਾ ਕੇ ਜਵਾਨੀ ਤੇ ਬੁਢਾਪੇ ਦੇ ਸਮੇਂ ਆਪਣਾ ਔਖਾ–ਸੌਖਾ ਵਕਤ ਗੁਜਾਰਿਆ ਜਾ ਸਕਦਾ ਹੈ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ, ਬਲਕਿ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਹੈ। ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ। ਇਹ ਬਹੁਤ ਮਹਿੰਗੀ ਵਿਰਾਸਤ ਹੈ। ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗੁਵਾਲਿਆਂ, ਚਰਵਾਹਿਆਂ ਅਤੇ ਭਿੰਨ-ਭਿੰਨ ਪ੍ਰਕਾਰ ਦਾ ਸਾਮਾਨ ਵੇਚਣ ਵਾਲ਼ਿਆਂ, ਜਿੱਥੋਂ ਵੀ ਸ਼ਬਦ ਸਿੱਖ ਸਕਦੇ ਹੋ ਸਿੱਖੋ ਤੇ ਸੰਭਾਲੋ। ਇਸ ਨਾਲ਼ ਸਾਡੀ ਬੋਲੀ ਅਮੀਰ ਅਤੇ ਸ਼ਖ਼ਸੀਅਤ ਪ੍ਰਭਾਵਸ਼ਾਲੀ ਬਣੇਗੀ।
••• ਛੋਟੇ ਉੱਤਰਾਂ ਵਾਲੇ ਪ੍ਰਸ਼ਨ •••
ਪ੍ਰਸ਼ਨ 1. “ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।” ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?
ਉੱਤਰ – ਲੇਖਕ ਅਨੁਸਾਰ ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ਸੁਹਜ ਅਤੇ ਕੋਝ੍ਹ ਦੀ ਪਹਿਚਾਣ ਉਸ ਦੇ ਚਿਹਰੇ ਤੋਂ ਹੁੰਦੀ ਹੈ, ਉਸ ਤਰ੍ਹਾਂ ਹੀ ਮਨੁੱਖ ਦੀ ਬੋਲੀ ਤੋਂ ਉਸ ਦੀ ਆਤਮਾ ਦੀ ਅਮੀਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ। ਲਫ਼ਜ਼ ਮਨੁੱਖ ਦੀ ਅੰਦਰਲੀ ਅਮੀਰੀ, ਤਜ਼ਰਬੇ ਅਤੇ ਅਕਲ ਦੇ ਸੂਚਕ ਹੁੰਦੇ ਹਨ।
ਪ੍ਰਸ਼ਨ 2. ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂ?
ਉੱਤਰ – ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬਚਪਨ ਵਿੱਚ ਉਨ੍ਹਾਂ ਦੇ ਬਾਲ-ਮਨਾਂ ’ਤੇ ਜਿਹੜੇ ਲਫ਼ਜ਼ ਚਿਤਰੇ ਜਾਂਦੇ ਹਨ, ਉਹ ਉਹਨਾਂ ਨੂੰ ਕਦੇ ਨਹੀਂ ਭੁੱਲਦੇ ਤੇ ਇਹ ਸਾਰੀ ਉਮਰ ਉਹਨਾਂ ਦੇ ਮੁਹਰਾਂ ਵਾਂਗ ਕੰਮ ਆਉਂਦੇ ਹਨ। ਜਿਹੜੇ ਵੱਡੇ ਆਪਣੇ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ, ਉਹ ਅਤੇ ਉਨ੍ਹਾਂ ਦੇ ਬੱਚੇ ਦਿਨੋ–ਦਿਨ ਬੋਲੀ ਪੱਖੋਂ ਕੰਗਾਲ ਹੁੰਦੇ ਜਾਂਦੇ ਹਨ।
ਪ੍ਰਸ਼ਨ 3. ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ?
ਉੱਤਰ – ਸਾਡੇ ਰੋਜ਼ਾਨਾ ਜੀਵਨ ਬੋਲੀ ਦਾ ਖ਼ਾਸ ਮਹੱਤਵ ਹੈ। ਤਜ਼ਰਬੇ ਦੀ ਦੌਲਤ ਬਚਪਨ ਤੋਂ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਜਾਂਦੀ ਹੈ। ਤਜ਼ਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ। ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਬੋਲੀ ਤੋਂ ਬਿਨਾਂ ਇਹ ਦੌਲਤ ਵਰਤੀ ਨਹੀਂ ਜਾ ਸਕਦੀ।
ਪ੍ਰਸ਼ਨ 4. “ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ।” ਇਸ ਕਥਨ ਦੀ ਵਿਆਖਿਆ ਕਰੋ।
ਉੱਤਰ – ਲਫ਼ਜ਼ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ ਕਿਉਂਕਿ ਜੇਕਰ ਦਿਲ ਵਿੱਚ ਦੋਸਤੀਆਂ, ਪਿਆਰ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਤੇ ਕੁਦਰਤ ਦੀਆਂ ਛੋਹਾਂ ਦੀ ਅਣਮੁੱਕ ਦੌਲਤ ਹੈ, ਤਾਂ ਇਸ ਨੂੰ ਵਰਤਣ ਦਾ ਸਾਧਨ ਬੋਲੀ ਦੇ ਸ਼ਬਦ ਵੀ ਮੋਹਰਾਂ ਵਰਗੇ ਹੀ ਹੁੰਦੇ ਹਨ।
ਪ੍ਰਸ਼ਨ 5. “ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ।” ਇਸ ਕਥਨ ਦੀ ਪੁਸ਼ਟੀ ਕਰੋ।
ਉੱਤਰ – ਇਹ ਸਹੀ ਹੈ ਕਿ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਬੋਲੀ ਵਿੱਚ ਸਮੋਇਆ ਹੋਇਆ ਹਰ ਇੱਕ ਸ਼ਬਦ ਕਿਸੇ ਤਜ਼ਰਬੇ ਦਾ ਹਿੱਸਾ ਅਤੇ ਤਜ਼ਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ। ਤਜ਼ਰਬਾ ਅਤੇ ਅਕਲ ਹੀ ਜ਼ਿੰਦਗੀ ਦੀ ਅਮੀਰੀ ਹੈ, ਜਿਸ ਵਿੱਚੋਂ ਬੋਲੀ ਨੇ ਆਪਣੇ ਸ਼ਬਦ ਚੁਣੇ ਹਨ।
ਪ੍ਰਸ਼ਨ 6. ਬਚਪਨ ਵਿੱਚ ਬੋਲੀ ਦਾ ਖ਼ਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ?
ਉੱਤਰ – ਬੋਲੀ ਦਾ ਖ਼ਜ਼ਾਨਾ ਸਾਡੇ ਬਚਪਨ ਵਿੱਚ ਹੀ ਜੁੜਨਾ ਸ਼ੁਰੂ ਹੁੰਦਾ ਹੈ। ਬਚਪਨ ਵਿੱਚ ਮਨ ਉੱਤੇ ਚਿੱਤਰੇ ਸ਼ਬਦ ਸਾਨੂੰ ਕਦੇ ਨਹੀਂ ਭੁੱਲਦੇ ਅਤੇ ਮੋਹਰਾਂ ਵਾਂਗ ਕੰਮ ਆਉਂਦੇ ਹਨ। ਅਸੀਂ ਇਨ੍ਹਾਂ ਮੋਹਰਾਂ ਨੂੰ ਨਿੱਕੇ–ਨਿੱਕੇ ਸਿੱਕਿਆਂ ਵਾਂਗ ਜ਼ਿੰਦਗੀ ਰੂਪੀ ਮੰਡੀ ਵਿੱਚ ਵਰਤਦੇ ਹਾਂ। ਬਚਪਨ ਦੀ ਅਮੀਰ ਬੋਲੀ ਦਾ ਖ਼ਜ਼ਾਨਾ ਹੀ ਸਾਨੂੰ ਜ਼ਿੰਦਗੀ ਵਿੱਚ ਅਮੀਰ ਬਣਾ ਸਕਦਾ ਹੈ।
ਪ੍ਰਸ਼ਨ 7. ਮਨੁੱਖੀ ਸ਼ਖ਼ਸੀਅਤ ਲਈ ਤਜ਼ਰਬੇ ਦੇ ਮੌਕਿਆਂ ਦੀ ਕੀ ਦੇਣ ਹੈ?
ਉੱਤਰ – ਮਨੁੱਖੀ ਸਖਸ਼ੀਅਤ ਲਈ ਤਜ਼ਰਬੇ ਦੇ ਮੌਕਿਆਂ ਦੀ ਖਾਸ ਦੇਣ ਹੈ। ਤਜ਼ਰਬਿਆਂ ਦਾ ਸੰਬੰਧ ਮਨੁੱਖ ਦੇ ਅਸਲੀ ਜੀਵਨ ਨਾਲ਼ ਹੈ, ਨਾ ਕਿ ਪੜ੍ਹਾਈ ਨਾਲ਼। ਪੜ੍ਹਾਈ ਤਜ਼ਰਬੇ ਦੀ ਲਗਨ ਨੂੰ ਵਧਾਉਣ ਤੇ ਤਜ਼ਰਬਿਆਂ ਨੂੰ ਸਾਂਭਣ ਦਾ ਕੰਮ ਕਰਦੀ ਹੈ। ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਹੀ ਅਸਲ ਤਜ਼ਰਬੇ ਹਨ , ਜੋ ਮਨੁੱਖੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬੋਲੀ’ ਲੇਖ ਦਾ ਲੇਖਕ ਕੌਣ ਹੈ?
ਉੱਤਰ – ਸ. ਗੁਰਬ਼ਖਸ਼ ਸਿੰਘ।
ਪ੍ਰਸ਼ਨ 2. ਮਨੁੱਖ ਦੇ ਸਰੀਰ ਦਾ ਚਿੱਤਰ ਕਿਹੜੀ ਚੀਜ਼ ਹੈ?
ਉੱਤਰ – ਮੂੰਹ।
ਪ੍ਰਸ਼ਨ 3. ਲੇਖਕ ਮਨੁੱਖ ਦੀ ਆਤਮਾ ਦਾ ਚਿੱਤਰ ਕਿਸ ਨੂੰ ਕਹਿੰਦਾ ਹੈ?
ਉੱਤਰ – ਬੋਲੀ ਨੂੰ।
ਪ੍ਰਸ਼ਨ 4. ਲੇਖਕ ਅਨੁਸਾਰ ਆਮ ਕਰਕੇ ਸਿਆਣੇ ਤੇ ਦਿਲਚਸਪ ਕੌਣ ਹੁੰਦੇ ਹਨ?
ਉੱਤਰ – ਅੰਨ੍ਹੇ।
ਪ੍ਰਸ਼ਨ 5. ਲੇਖਕ ਕਿਸ ਚੀਜ਼ ਦੀ ਭੁੱਖ ਪੈਦਾ ਕਰਨ ਲਈ ਕਹਿੰਦਾ ਹੈ?
ਉੱਤਰ – ਲਫ਼ਜ਼ਾਂ ਦੀ।
ਪ੍ਰਸ਼ਨ 6. ਕਿਸ ਚੀਜ਼ ਤੋਂ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ?
ਉੱਤਰ – ਬੋਲੀ ਤੋਂ।
ਪ੍ਰਸ਼ਨ 7. ਲੇਖਕ ਜ਼ਿੰਦਗੀ ਦਾ ਅਸਲ ਸੋਨਾ ਕਿਸ ਚੀਜ਼ ਨੂੰ ਕਹਿੰਦਾ ਹੈ?
ਉੱਤਰ – ਅਕਲ ਨੂੰ।
ਪ੍ਰਸ਼ਨ 8. ਮੁਹਰਾਂ ਦੀ ਖਾਣ ਕਿਹੜੀ ਥਾਂ ਹੈ?
ਉੱਤਰ – ਬਚਪਨ ਦੀ।
ਪ੍ਰਸ਼ਨ 9. ਲੇਖਕ ਅਨੁਸਾਰ ਜਵਾਨੀ ਤੇ ਬੁਢਾਪੇ ਨਾਲ਼ੋਂ ਕੀਮਤੀ ਸਮਾਂ ਕਿਹੜਾ ਹੈ?
ਉੱਤਰ – ਬਚਪਨ ਦਾ।
ਪ੍ਰਸ਼ਨ 10. ਸਾਡੀ ਬੋਲੀ ਕਿਹੜੀ ਹੁੰਦੀ ਹੈ?
ਉੱਤਰ – ਸਾਡੀ ਮਾਂ ਬੋਲੀ।
ਗੁਰਦੀਪ ਸਿੰਘ: ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037