2. ਘਰ ਦਾ ਪਿਆਰ (ਪ੍ਰਿੰ ਤੇਜਾ ਸਿੰਘ)
••• ਸਾਰ •••
ਘਰ ਉਹ ਥਾਂ ਹੁੰਦਾ ਹੈ, ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿੱਥੇ ਉਸ ਨੇ ਮਾਂ, ਭੈਣ ਤੇ ਭਰਾ ਦਾ ਪਿਆਰ ਹੰਢਾਇਆ ਹੁੰਦਾ ਹੈ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ-ਬਹਿਣੀ ਦਾ ਕੇਂਦਰ ਹੁੰਦਾ ਹੈ। ਇਹ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਸਮਾਜਿਕ ਤੇ ਸੰਸਾਰਿਕ ਆਲ਼ੇ-ਦੁਆਲ਼ੇ ਜਿੰਨਾ ਹੀ ਹਿੱਸਾ ਪਾਉਂਦਾ ਹੈ। ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਦਾ ਸੁਭਾਅ ਸੜੀਅਲ ਤੇ ਖਿਝੂ ਹੁੰਦਾ ਹੈ। ਵੱਡੇ-ਵੱਡੇ ਪੰਡਾਲਾਂ ਵਿੱਚ ਕਥਾ ਕਰਕੇ ਜਾਂ ਭਾਸ਼ਣ ਦੇ ਕੇ ਆਪਣੇ ਗਿਆਨ ਨਾਲ਼ ਦੂਜਿਆਂ ਨੂੰ ਹੈਰਾਨ ਕਰਨ ਵਾਲ਼ੇ ਪ੍ਰਚਾਰਕਾਂ ਦਾ ਸੁਭਾਅ ਆਮ ਕਰਕੇ ਰੁੱਖਾ ਤੇ ਖਿਝੂ ਹੁੰਦਾ ਹੈ। ਕਿਉਂਕਿ ਉਹ ਹਰ ਵੇਲੇ ਪੋਥੀਆਂ ਪੜ੍ਹਨ ਜਾਂ ਇੱਧਰ-ਉੱਧਰ ਸਫ਼ਰ ਕਰਨ ਵਿਚ ਹੀ ਲੱਗੇ ਰਹਿੰਦੇ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ। ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗ਼ੰਬਰਾਂ ਦੇ ਜੀਵਨ ਨੂੰ ਇਸ ਢੰਗ ਨਾਲ਼ ਪੇਸ਼ ਕਰਦੇ ਹਨ, ਜਿਵੇਂ ਉਹ ਤੋਤਲੀਆਂ ਗੱਲਾਂ ਕਰਨ ਵਾਲ਼ੇ ਬਚਪਨ ਵਿੱਚੋਂ ਲੰਘੇ ਹੀ ਨਹੀਂ ਤੇ ਉਹ ਬਚਪਨ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਸਨ। ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ, ਅਲਬੇਲਾਪਣ, ਭੈਣ-ਭਰਾ ਦਾ ਪਿਆਰ ਅਤੇ ਲਾਡ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਉਹੀ ਥਾਂ ਰੱਖਦੇ ਹਨ ਜੋ ਆਮ ਲੋਕਾਂ ਵਿੱਚ। ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖ਼ਦੀਜਾ ਦਾ ਬਹੁਤ ਪ੍ਰਭਾਵ ਸੀ। ਕਾਰਲਾਈਲ ਦੇ ਸੜੀਅਲ ਸੁਭਾ ਦਾ ਕਾਰਨ ਉਸ ਦੁਆਰਾ ਆਪਣੀ ਪਤਨੀ ਨਾਲ਼ ਪਿਆਰ ਨਾਲ਼ ਗੱਲ ਨਾ ਕਰਨਾ ਸੀ। ਅਜੋਕੇ ਸਮੇਂ ਫੈਲ ਰਹੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਅਤੇ ਬਜਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਵਿਦਿਆਰਥੀ ਜੀਵਨ ਵਿੱਚ ਸਮਾਜਿਕ, ਨੈਤਿਕ ਅਤੇ ਸਦਾਚਾਰਿਕ ਗੁਣਾਂ ਦੇ ਕੋਰੇਪਨ ਅਤੇ ਗੈਰ-ਜ਼ਿੰਮੇਵਾਰ ਹੋਣ ਦਾ ਕਾਰਨ ਵੀ ਉਨ੍ਹਾਂ ਦੀ ਘਰਾਂ ਨੂੰ ਛੱਡ ਕੇ ਰਹਿਸ਼ੀ ਸਕੂਲਾਂ ਦੀ ਰਹਿਣੀ-ਬਹਿਣੀ ਹੈ। ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘਰੋਗੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਸਿੱਖ ਗੁਰੂ ਸਹਿਬਾਨਾਂ ਨੇ ਵੀ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਕੇਵਲ ਉਹ ਲੋਕ ਹੀ ਆਪਣੇ ਦੇਸ ਉੱਪਰ ਅੱਤਿਆਚਾਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿੱਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ‘ਘਰ ਦਾ ਪਿਆਰ’ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ?
ਉੱਤਰ – ਲੇਖ ਅਨੁਸਾਰ ਘਰ ਤੋਂ ਭਾਵ ਹੈ, ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿੱਥੇ ਮਾਂ, ਭੈਣ ਅਤੇ ਭਰਾ ਕੋਲੋਂ ਲਾਡ-ਪਿਆਰ ਲਿਆ ਹੁੰਦਾ ਹੈ। ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਖੱਟੀ-ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ। ਘਰ ਵਿੱਚ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲ਼ੀ ਵਿਹਲ ਨੂੰ ਆਰਾਮ ਨਾਲ਼ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ।
ਪ੍ਰਸ਼ਨ 2. ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ ਵਿਚਾਰ ਕਰੋ
ਉੱਤਰ – ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਕਿਉਂਕਿ ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਜਿੱਥੇ ਸਮਾਜਿਕ ਅਤੇ ਸੰਸਾਰਿਕ ਆਲ਼ੇ-ਦੁਆਲ਼ੇ ਦਾ ਪ੍ਰਭਾਵ ਪੈਂਦਾ ਹੈ, ਉੱਥੇ ਘਰ ਦੇ ਅੰਦਰ ਦੇ ਹਾਲਾਤ ਵੀ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਕੰਮ ਕਰਦੇ ਹਨ। ਉਸ ਦੀਆਂ ਰੁਚੀਆਂ ਅਤੇ ਸੁਭਾਅ ਘਰ ਦੇ ਹਲਾਤ ਵਾਲ਼ੇ ਸਾਂਚੇ ਵਿੱਚ ਹੀ ਢਲਦੇ ਹਨ। ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਸੜੀਅਲ ਅਤੇ ਖਿਝੂ ਹੁੰਦੇ, ਹਨ ਜਦ ਕਿ ਘਰ ਵਿਚਲਾ ਸਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ, ਹਮਦਰਦੀ, ਨਿਮਰਤਾ, ਕੁਰਬਾਨੀ ਤੇ ਸੇਵਾ ਦੇ ਭਾਵ ਪੈਦਾ ਕਰਦਾ ਹੈ।
ਪ੍ਰਸ਼ਨ 3. ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿਤਰਿਆ ਹੈ?
ਉੱਤਰ – ਬਿਰਧ ਬੀਬੀ ਦਾ ਸੁਭਾਅ ਨੇਕੀ, ਉਪਕਾਰ ਤੇ ਹਮਦਰਦੀ ਵਾਲ਼ਾ ਹੈ। ਉਹ ਹਰ-ਰੋਜ ਗੁਰਦੁਆਰੇ ਜਾਂਦੇ ਹਨ। ਬੱਚਿਆਂ ਨਾਲ਼ ਬੱਚੇ ਹੀ ਬਣ ਜਾਂਦੇ ਹਨ, ਪਰ ਉਨ੍ਹਾਂ ਦਾ ਸੁਭਾਅ ਬਹੁਤ ਖਰ੍ਹਵਾ ਹੈ। ਉਹ ਨਿੱਕੀ-ਨਿੱਕੀ ਗੱਲ ਉੱਤੇ ਖਿਝ ਜਾਂਦੇ ਹਨ ਅਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਨ੍ਹਾਂ ਦੇ ਨਰਮ ਤੇ ਕੋਮਲ ਸੁਭਾ ਦਾ ਗੁੱਸੇ ਹੇਠ ਆਉਣ ਦਾ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਪਿਆਰ ਦੀ ਕਮੀ ਹੈ। ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਅਤੇ ਝੋਲੀ ਧੀਆਂ ਪੁੱਤਰਾਂ ਤੋਂ ਖ਼ਾਲੀ ਰਹੀ। ਜਿਸ ਕਰਕੇ ਉਹ ਘਰ ਦੇ ਪਿਆਰ ਸੱਖਣੀ ਹੀ ਰਹੀ।
ਪ੍ਰਸ਼ਨ 4. ਮਹਾਨ ਵਿਅਕਤੀਆਂ ਦੇ ਚਰਿਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ?
ਉੱਤਰ – ਮਹਾਨ ਵਿਅਕਤੀਆਂ ਦੇ ਚਰਿਤਰ ਵਿੱਚ ਵੀ ਆਮ ਵਿਅਕਤੀ ਵਾਂਗ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੁੰਦਾ ਹੈ। ਘਰ ਦੇ ਪਿਆਰ ਨੂੰ ਹੰਢਾ ਕੇ ਹੀ ਖ਼ਿਆਲਾਂ, ਵਲਵਲਿਆਂ ਅਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਆਮ ਮਨੁੱਖ ਨੂੰ ਬਚਪਨ ਦਾ ਸਮਾਂ ਸੰਸਾਰ ਵਿੱਚ ਵਿਚਰਨ ਲਈ ਤਿਆਰ ਕਰਦਾ ਹੈ। ਪਰ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਹਨ, ਉਨ੍ਹਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਅਤੇ ਭੈਣਾਂ ਦਾ ਥਾਂ–ਥਾਂ ਵੀਰਾਂ ਨੂੰ ਬਚਾਉਣਾ ਇੱਕ ਅਜਿਹਾ ਚੁਗਿਰਦਾ ਤਿਆਰ ਕਰਦਾ ਹੈ, ਜਿਸ ਤੋਂ ਉਨ੍ਹਾਂ ਦੇ ਵਲਵਲੇ ਕੁਦਰਤ ਅਤੇ ਸਾਈਂ ਦੇ ਪਿਆਰ ਵੱਲ ਪ੍ਰੇਰਿਤ ਹੋ ਜਾਂਦੇ ਹਨ। ਜਿਸ ਨਾਲ਼ ਉਹਨਾਂ ਵਿੱਚ ਕੁਰਬਾਨੀਆਂ ਕਰਨ ਦੀ ਜਾਂਚ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਘਰ ਦੇ ਪਿਆਰ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਪ੍ਰਸ਼ਨ 5. ਲੇਖਕ ਨੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਨਾਲ਼ ਮਿਲਾਪ ਦਾ ਦ੍ਰਿਸ਼ ਕਿਹੋ ਜਿਹਾ ਪੇਸ਼ ਕੀਤਾ ਹੈ?
ਉੱਤਰ – ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼-ਵਿਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਤਲਵੰਡੀ ਪਰਤੇ ਤਾਂ ਉਹ ਘਰ ਜਾਣ ਦੀ ਥਾਂ ਪਿੰਡੋਂ ਬਾਹਰ ਇੱਕ ਖੂਹ ਤੇ ਬੈਠ ਗਏ। ਮਰਦਾਨਾ ਘਰ ਗਿਆ ਅਤੇ ਮਾਤਾ ਤ੍ਰਿਪਤਾ ਕੋਲ਼ੋਂ ਹਾਲ-ਚਾਲ ਪੁੱਛ ਕੇ ਵਾਪਸ ਮੁੜ ਆਇਆ। ਮਾਤਾ ਤ੍ਰਿਪਤਾ ਜੀ ਵੀ ਉਸ ਦੇ ਮਗਰ-ਮਗਰ ਖੂਹ ਉੱਤੇ ਪਹੁੰਚ ਗਏ। ਉਹ ਪੁੱਤਰ ਨੂੰ ਦੇਖ ਕੇ ਭਾਵੁਕ ਹੋ ਗਈ ਤੇ ਉਸ ਵੇਲੇ ਉਸ ਦੇ ਮੂੰਹੋਂ ਜੋ ਮਮਤਾ ਭਰੇ ਸ਼ਬਦ ਨਿਕਲੇ, ਉਹ ਇਸ ਦ੍ਰਿਸ਼ ਨੂੰ ਬੜਾ ਕਰੁਣਾਮਈ ਤੇ ਰੋਮਾਂਚਕਾਰੀ ਬਣਾ ਦਿੰਦੇ ਹਨ।
ਪ੍ਰਸ਼ਨ 6. ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖ਼ਦੀਜਾ ਕਿਵੇਂ ਵਿਚਰਦੀ ਸੀ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਪਤਨੀ ਖ਼ਦੀਜਾ ਨੇ ਔਖੇ ਤੋਂ ਔਖੇ ਵੇਲੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੇ ਜੀਵਨ-ਆਦਰਸ਼ ਨੂੰ ਸਮਝ ਕੇ ਉਸ ਵਿੱਚ ਯਕੀਨ ਕਰਦਿਆਂ ਉਸ ਦਾ ਹੌਸਲਾ ਵਧਾਇਆ। ਜਦੋਂ ਮੁਹੰਮਦ ਸਾਹਿਬ ਨੂੰ ਬਾਣੀ ਉਤਰਦੀ ਸੀ, ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਬੀਬੀ ਖ਼ਦੀਜਾ ਉਨ੍ਹਾਂ ਨੂੰ ਪਿਆਰ ਨਾਲ਼ ਆਰਾਮ ਦੇ ਕੇ ਉਨ੍ਹਾਂ ਦੇ ਥਕੇਵੇਂ ਨੂੰ ਦੂਰ ਕਰ ਦਿੰਦੀ ਸੀ।
ਪ੍ਰਸ਼ਨ 7. ਕਾਰਲਾਈਲ ਦਾ ਆਪਣੀ ਪਤਨੀ ਨਾਲ਼ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ?
ਉੱਤਰ – ਕਾਰਲਾਈਲ ਆਪਣੇ ਕਮਰੇ ਵਿੱਚ ਬੰਦ ਪੜ੍ਹਦੇ ਜਾਂ ਲਿਖਦੇ ਰਹਿੰਦੇ ਸਨ। ਉਸ ਦੀ ਪਤਨੀ ਨਾਲ਼ ਦੇ ਕਮਰੇ ਵਿੱਚ ਵੱਖ ਬੈਠੀ ਆਏ ਗਏ ਨਾਲ਼ ਗੁੱਸੇ ਵਿੱਚ ਬੋਲਦੀ ਰਹਿੰਦੀ ਸੀ। ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿੱਝ ਕੇ ਉਸ ਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਢ ਦਿੰਦਾ। ਇਸ ਦਾ ਕਾਰਨ ਉਸ ਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ। ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਉਹ ਇਨ੍ਹਾਂ ਸੜੀਅਲ ਤੇ ਖਿਝੂ ਨਾ ਹੁੰਦਾ।
ਪ੍ਰਸ਼ਨ 8. “ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ।” ਦਲੀਲ ਦੇ ਕੇ ਸਪੱਸ਼ਟ ਕਰੋ।
ਉੱਤਰ – ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਜਿਹੜਾ ਮਨੁੱਖ ਆਪਣੇ ਘਰ ਵਿੱਚ ਆਪਣੇ ਮਾਤਾ-ਪਿਤਾ ਪਤਨੀ ਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ, ਉਸ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੋ ਸਕਦਾ। ਅਸਲ ਵਿੱਚ ਸਾਡਾ ਘਰ, ਪਰਿਵਾਰ ਅਤੇ ਸਮਾਜ ਦੇਸ਼ ਦੀ ਇੱਕ ਇਕਾਈ ਹੁੰਦੇ ਹਨ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ।
ਪ੍ਰਸ਼ਨ 9. ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ?
ਉੱਤਰ – ਮਨੁੱਖ ਦੇ ਧਾਰਮਿਕ ਜੀਵਨ ਦੀ ਨੀਂਹ ਘਰਦੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ, ਪ੍ਰੰਤੂ ਅੱਜ-ਕੱਲ੍ਹ ਲੋਕਾਂ ਦੀ ਰੁਚੀ ਘਰਾਂ ਵਿੱਚ ਘੱਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਲੋਕਾਚਾਰ ਹੀ ਬਣ ਕੀ ਰਹਿ ਗਈ ਹੈ। ਲੋਕੀਂ ਬਸ ਦਿਨ-ਦਿਹਾੜੇ ਨੂੰ ਕਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਸੁਣਨ ਨੂੰ ਹੀ ਧਾਰਮਿਕ ਜੀਵਨ ਸਮਝਦੇ ਹਨ। ਘਰ ਵਿੱਚ ਪਤਨੀ ਤੇ ਬੱਚਿਆਂ ਨਾਲ਼ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ। ਧਾਰਮਿਕ ਰੁਚੀਆਂ ਮਨੁੱਖ ਵਿੱਚ ਤਾਂ ਹੀ ਪੈਦਾ ਹੋ ਸਕਦੀਆਂ ਹਨ ਜੇ ਘਰ ਵਾਲਿਆਂ ਨਾਲ਼ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ। ਇਸ ਤਰ੍ਹਾਂ ਮਨੁੱਖ ਦੀਆਂ ਧਾਰਮਿਕ ਰੁਚੀਆਂ ਘਰ ਵਿੱਚ ਹੀ ਬਲਵਾਨ ਹੁੰਦੀਆਂ ਹਨ।
ਪ੍ਰਸ਼ਨ 10. “ਘਰ ਘੱਟ ਰਹੇ ਅਤੇ ਹੋਟਲ ਵੱਧ ਰਹੇ ਹਨ।” ਲੇਖਕ ਅਨੁਸਾਰ ਇਸ ਦਾ ਸਦਾਚਾਰੀ ਜੀਵਨ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ?
ਉੱਤਰ – ਲੇਖ ਅਨੁਸਾਰ ਅੱਜ ਕੱਲ੍ਹ ਲੋਕਾਂ ਵਿੱਚ ਘਰੋਗੀ ਜੀਵਨ ਨੂੰ ਛੱਡ ਕੇ ਬਜ਼ਾਰੀ ਰਹਿਣੀ-ਬਹਿਣੀ ਵਧ ਰਹੀ ਹੈ। ਲੋਕ ਘਰਾਂ ਦੇ ਸਦਾਚਾਰਿਕ ਗੁਣਾਂ ਨੂੰ ਭੁੱਲ ਕੇ ਪਤਨੀ ਤੇ ਬੱਚਿਆਂ ਨਾਲ਼ ਜੀਵਨ ਗੁਜ਼ਾਰਨ ਦੀ ਥਾਂ ਕਲੱਬਾਂ ਤੇ ਹੋਟਲਾਂ ਵਿੱਚ ਜਾਣ ਨੂੰ ਵਧੇਰੇ ਪਸੰਦ ਕਰਨ ਲੱਗੇ ਹਨ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਘਰੋਗੀ ਜ਼ਿੰਮੇਵਾਰੀ, ਬਰਾਦਰੀ ਵਾਲ਼ੀ ਸ਼ਰਾਫ਼ਤ, ਮਿੱਠਤ ਤੇ ਨਿਮਰਤਾ ਵਰਗੇ ਸਦਾਚਾਰਕ ਗੁਣ ਘੱਟ ਰਹੇ ਹਨ।
ਪ੍ਰਸ਼ਨ 11. ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿੱਤਰਿਆ ਹੈ? ਬਿਆਨ ਕਰੋ।
ਉੱਤਰ – ਜਦੋਂ ਉਹ ਰਾਵਲਪਿੰਡੀ ਵਿੱਚ ਪੜ੍ਹਦਾ ਹੁੰਦਾ ਸੀ, ਤਾਂ ਉਹ ਹਰ ਹਫ਼ਤੇ ਐਤਵਾਰ ਨੂੰ ਪਿੰਡ ਜਾਂਦਾ ਹੁੰਦਾ ਸੀ। ਜਦੋਂ ਉਹ ਰਸਤੇ ਵਿੱਚ ਚੀਰ ਪੜਾ ਤੋਂ ਲੰਘ ਕੇ ਤ੍ਰਿਪਿਆ ਕੋਲ਼ ਪੁੱਜਦਾ ਸੀ, ਤਾਂ ਉਹ ਟਿੱਬੇ ਦੇ ਓਹਲੇ ਵਸੇ ਆਪਣੇ ਪਿੰਡ ਦੀ ਪਿਆਰੀ ਝਾਕੀ ਅੱਖਾਂ ਸਾਹਮਣੇ ਆਉਣ ਤੋਂ ਪਹਿਲਾਂ ਟਿੱਬੇ ਕੋਲ ਰੁਕ ਜਾਂਦਾ ਸੀ ਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਵੱਲ ਝਾਕਣ ਦਾ ਹੌਸਲਾ ਕਰਦਾ ਸੀ। ਵਾਪਸੀ ਸਮੇਂ ਵੀ ਉਹ ਫਿਰ ਪਿੰਡ ਦੇ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਉਸ ਨੂੰ ਮੁੜ-ਮੁੜ ਦੇਖਦਾ ਸੀ ਤੇ ਕਈ ਵਾਰੀ ਉਹ ਓਹਲੇ ਹੋ ਜਾਣ ਮਗਰੋਂ ਕੁਝ ਕਦਮ ਮੁੜ ਕੇ ਫਿਰ ਪਿੰਡ ਨੂੰ ਦੇਖਦਾ ਸੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਘਰ ਦਾ ਪਿਆਰ’ ਲੇਖ ਕਿਸ ਦੀ ਰਚਨਾ ਹੈ?
ਉੱਤਰ – ਪ੍ਰਿੰ: ਤੇਜਾ ਸਿੰਘ ਦੀ।
ਪ੍ਰਸ਼ਨ 2. ਪ੍ਰਿੰ: ਤੇਜਾ ਸਿੰਘ ਨੇ ਆਪਣੇ ਲੇਖ ਵਿੱਚ ਕਿਸ ਦੀ ਮਹਾਨਤਾ ਦਰਸਾਈ ਹੈ?
ਉੱਤਰ – ਘਰ ਦੇ ਪਿਆਰ ਦੀ।
ਪ੍ਰਸ਼ਨ 3. ਮਨੁੱਖ ਦੇ ਪਿਆਰ ਦੀਆਂ ਸਧਰਾਂ ਕਿੱਥੇ ਪਲਦੀਆਂ ਹਨ?
ਉੱਤਰ – ਘਰ ਵਿੱਚ।
ਪ੍ਰਸ਼ਨ 4. ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਕਿੱਥੇ ਮੁੜ ਆਉਣ ਨੂੰ ਜੀਅ ਕਰਦਾ ਹੈ?
ਉੱਤਰ – ਘਰ ਵਿੱਚ।
ਪ੍ਰਸ਼ਨ 5. ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲ਼ਿਆ ਹੁੰਦਾ, ਉਨ੍ਹਾਂ ਦੇ ਸੁਭਾਅ ਕਿਹੋ ਜਿਹੇ ਹੁੰਦੇ ਹਨ?
ਉੱਤਰ – ਖਿੱਝੂ ਤੇ ਸੜੀਅਲ।
ਪ੍ਰਸ਼ਨ 6. ਖ਼ਦੀਜਾ ਕੌਣ ਸੀ?
ਉੱਤਰ – ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ।
ਪ੍ਰਸ਼ਨ 7. ਕਾਰਲਾਈਲ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ – ਖਿੱਝੂ ਤੇ ਸੜੀਅਲ।
ਪ੍ਰਸ਼ਨ 8. ਘਰੋਗੀ ਵਸੋਂ ਦੇ ਘਾਟੇ ਤੇ ਬਾਜ਼ਾਰੀ ਰਹਿਣੀ-ਬਹਿਣੀ ਦੇ ਵਾਧੇ ਨਾਲ਼ ਕੀ ਹੋਇਆ ਹੈ?
ਉੱਤਰ – ਦੁਰਾਚਾਰੀ ਵਿੱਚ ਵਾਧਾ।
ਪ੍ਰਸ਼ਨ 9. ਅਸਲੀ ਧਾਰਮਿਕ ਜੀਵਨ ਦੀ ਨੀਂਹ ਕਿੱਥੋਂ ਦੀ ਰਹਿਣੀ-ਬਹਿਣੀ ਵਿੱਚ ਰੱਖੀ ਜਾ ਸਕਦੀ ਹੈ?
ਉੱਤਰ – ਘਰ ਦੀ।
ਪ੍ਰਸ਼ਨ 10. ਘਰੋਗੀ ਜੀਵਨ ਉੱਤੇ ਕਿੰਨਾ ਨੇ ਜ਼ੋਰ ਦਿੱਤਾ ਹੈ?
ਉੱਤਰ – ਸਿੱਖ ਗੁਰੂਆਂ ਨੇ।
ਪ੍ਰਸ਼ਨ 11. ਪਿਆਰ, ਹਮਦਰਦੀ, ਕੁਰਬਾਨੀ ਤੇ ਸੇਵਾ ਆਦਿ ਗੁਣ ਕਿੱਥੇ ਸਿੱਖੇ ਜਾ ਸਕਦੇ ਹਨ?
ਉੱਤਰ – ਘਰ ਵਿੱਚ।
ਪ੍ਰਸ਼ਨ 12. ਸਮਾਜ ਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ?
ਉੱਤਰ – ਘਰ ਦੇ ਪਿਆਰ ਤੋਂ।
ਪ੍ਰਸ਼ਨ 13. ਲੇਖਕ ਦੇ ਪਿੰਡ ਦਾ ਕੀ ਨਾਂ ਸੀ?
ਉੱਤਰ – ਅਡਿਆਲਾ।
ਪ੍ਰਸ਼ਨ 14. ਲੇਖਕ ਰਾਵਲਪਿੰਡੀ ਤੋਂ ਆਪਣੇ ਪਿੰਡ ਕਦੋਂ ਆਉਂਦਾ ਸੀ?
ਉੱਤਰ – ਹਰ ਐਤਵਾਰ ਨੂੰ।
ਗੁਰਦੀਪ ਸਿੰਘ: ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037