1.ਰਬਾਬ ਮੰਗਾਉਨ ਦਾ ਵਿਰਤਾਂਤ (ਗਿ: ਦਿੱਤ ਸਿੰਘ)
••• ਸਾਰ •••
ਗੁਰੂ ਨਾਨਕ ਦੇਵ ਜੀ ਵੇਦੀ ਖੱਤਰੀ ਜਾਤ ਨਾਲ ਸੰਬੰਧਤ ਅਤੇ ਭਲਿਆਂ ਦੇ ਪੁੱਤ-ਪੋਤੇ, ਖਾਣਾ-ਪੀਣਾ ਅਤੇ ਪਹਿਨਣਾ ਭੁੱਲ ਕੇ ਜੰਗਲ ਵਿੱਚ ਬੈਠ ਕੇ ਨਾਲ ਮਰਦਾਨੇ ‘ਡੂੰਮ’ ਨੂੰ ਸਾਥੀ ਬਣਾ ਲਿਆ ਅਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ-ਗਾਉਂਦਿਆਂ ਦੇਖ ਕੇ ਲੋਕ ‘ਕੁਰਾਹੀਆ’ ਕਹਿਣ ਲੱਗ ਪਏ। ਦੂਜੇ ਪਾਸੇ ਅਕਾਲ–ਪੁਰਖ ਦੀ ਮਹਿਮਾਂ ਵਿੱਚ ਨਿੱਤ ਨਵਾਂ ਸ਼ਬਦ ਗਾਉਣ ਵਾਲ਼ੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ਼ ਲਿਆਉਣ ਲਈ ਕਿਹਾ। ਮਰਦਾਨੇ ਦੇ ਪੁੱਛਣ ਤੇ ਉਹਨਾਂ ਰਬਾਬ ਨੂੰ ਸਭ ਤੋਂ ਵਧੀਆ ਸਾਜ਼ ਕਿਹਾ। ਮਰਦਾਨਾ ਬੀਬੀ ਜੀ ਕੋਲ ਗਿਆ ਤੇ ਉਹਨਾਂ ਪਾਸੋਂ ਪੈਸਿਆਂ ਦਾ ਭਰੋਸਾ ਲੈ ਕੇ ਗਲ਼ੀਆਂ ਵਿੱਚ ਤੁਰ ਫਿਰ ਕੇ ਰਬਾਬ ਲੱਭਣ ਲੱਗ ਪਿਆ, ਪਰ ਕੁਝ ਲੋਕ ਉਸ ਨੂੰ ‘ਕੁਰਾਹੀਏ ਦਾ ਡੂੰਮ’ ਕਹਿ ਕੇ ਮਖੌਲ ਉਡਾਉਣ ਲੱਗੇ। ਕੁਝ ਨੇ ਉਸ ਉੱਪਰ ਮਿੱਟੀ ਸੁੱਟੀ ਅਤੇ ਬੁਰਾ ਸਲੂਕ ਕੀਤਾ, ਤੰਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ। ਗੁਰੂ ਜੀ ਨੇ ਉਸ ਨੂੰ ਲੋਕਾਂ ਵੱਲੋਂ ਬੇਪ੍ਰਵਾਹ ਰਹਿਣ ਲਈ ਕਿਹਾ। ਕੁਝ ਦਿਨਾਂ ਮਗਰੋਂ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਜੀ ਪਾਸੋਂ ਸੱਤ ਰੁਪਏ ਲੈ ਕੇ ਦੁਆਬੇ ਦੇ ਇੱਕ ਜੱਟਾਂ ਦੇ ਪਿੰਡ ਵਿੱਚ ਰਹਿੰਦੇ ਫਰਹਿੰਦੇ ਨਾਮ ਦੇ ਰਬਾਬੀ ਕੋਲ ਰਬਾਬ ਲੈਣ ਚਲਾ ਗਿਆ। ਜਦੋਂ ਤਿੰਨ ਦਿਨ ਖੁਆਰ ਹੋਣ ਮਗਰੋਂ ਵਾਪਸ ਮੁੜਨ ਲੱਗਾ ਤਾਂ, ਉਸ ਦਾ ਫਰਹਿੰਦੇ ਨਾਲ਼ ਮੇਲ ਹੋਇਆ। ਮਰਦਾਨੇ ਤੋਂ ਗੁਰੂ ਜੀ ਦੇ ਮੁੱਖੋਂ ਗਾਈ ਜਾਣ ਵਾਲ਼ੀ ਅਗੰਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਨੂੰ ਦਿੰਦਿਆਂ ਕੀਮਤ ਦੇ ਸੱਤ ਰੁਪਏ ਵੀ ਨਾ ਲਏ ਤੇ ਰਬਾਬ ਨਾਲ਼ ਗੁਰੂ ਜੀ ਦਾ ਕੋਈ ਪੁਰਾਣਾ ਸੰਬੰਧ ਦੱਸਿਆ। ਦਰਸ਼ਨਾਂ ਦੀ ਇੱਛਾ ਪੈਦਾ ਹੋਣ ਕਾਰਨ ਉਹ ਵੀ ਮਰਦਾਨੇ ਨਾਲ਼ ਗੁਰੂ ਜੀ ਕੋਲ ਪੁੱਜਾ। ਕਰਤਾਰ ਬਾਰੇ ਗੱਲਾਂ ਕਰਨ ਮਗਰੋਂ ਫਰਹਿੰਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਕੁਝ ਦਿਨਾਂ ਮਗਰੋਂ ਉਸ ਦੇ ਚਲੇ ਜਾਣ ਤੇ ਮਰਦਾਨਾ ਰਬਾਬ ਸੁਰ ਕਰਨ ਲੱਗਾ, ਪਰ ਉਹ ਬੇਸੁਰੀ ਹੁੰਦੀ ਜਾਵੇ। ਜਦੋਂ ਗੁਰੂ ਜੀ ਦੁਆਰਾ ਉਸ ਨੂੰ ਰਬਾਬ ਵਜਾਉਣ ਲਈ ਕਿਹਾ, ਤਾਂ ਉਸ ਨੇ ਕਿਹਾ ਕਿ ਉਹ ਠੀਕ ਕਰ ਲਵੇ ਤਾਂ ਜੋ ਚੰਗਾ ਠਾਟ ਬਣ ਜਾਵੇ। ਗੁਰੂ ਜੀ ਨੇ ਕਿਹਾ ਕਿ ਉਸ ਦਾ ਕੰਮ ਰਬਾਬ ਵਜਾਉਣਾ ਹੈ, ਠਾਟ ਕਰਨ ਵਾਲਾ ਕਰਤਾਰ ਹੈ। ਇਹ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਮਿਰਗਾਂ ਨੂੰ ਮਸਤ ਕਰਨ ਵਾਲ਼ਾ ਠਾਟ ਨਿਕਲ ਆਇਆ ਤੇ ਗੁਰੂ ਜੀ ਨੂੰ ਜਿਹੜੀ ਅਗੰਮ ਬਾਣੀ ਆਈ, ਮਰਦਾਨੇ ਨੇ ਉਹ ਵੀ ਉਸ ਮਧੁਰ ਸੁਰ ਨਾਲ਼ ਗਾਈ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ?
ਉੱਤਰ – ਆਮ ਲੋਕ ਖੱਤਰੀ ਜਾਤ ਨਾਲ਼ ਸਬੰਧਿਤ ਭਲਿਆਂ ਦੇ ਪੁੱਤ-ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ-ਪਹਿਨਣ ਭੁਲਾ ਕੇ ਮਰਦਾਨੇ ‘ਡੂੰਮ’ ਨੂੰ ਨਾਲ਼ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਿਆਂ ਦੇਖ ਕੇ ‘ਕੁਰਾਹੀਆ’ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ, ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ।
ਪ੍ਰਸ਼ਨ 2. ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ਼ ਕੀ ਵਿਹਾਰ ਕੀਤਾ ?
ਉੱਤਰ – ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ਼ ਬਹੁਤ ਬੁਰਾ ਸਲੂਕ ਕੀਤਾ। ਲੋਕ ਉਸ ਨੂੰ ਠੱਠਾ-ਮਖੌਲ ਕਰਨ ਲੱਗੇ ਅਤੇ ਕਹਿਣ ਲੱਗੇ ਕਿ ‘ਕੁਰਾਹੀਏ ਦਾ ਡੂੰਮ’ ਆਇਆ ਹੈ। ਕਈ ਲੋਕ ਉਸ ਨੂੰ ਹੋਰ ਵੀ ਬਹੁਤ ਬੁਰੇ-ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਸੁੱਟੀ।
ਪ੍ਰਸ਼ਨ 3. ਮਰਦਾਨੇ ਨੇ ਨਗਰ ਵਿੱਚ ਉਸ ਨਾਲ਼ ਜੋ ਬੀਤੀ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ ?
ਉੱਤਰ – ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ, ਲੋਕਾਂ ਦਾ ਕੰਮ ਝੱਖ ਮਾਰਨਾ ਹੈ, ਉਹ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾਂ ਬਣੇ ਕਿਉਂਕਿ ਉਨ੍ਹਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੇ ਝੱਖ ਮਾਰਨ ਨਾਲ਼ ਕੁਝ ਨਹੀਂ ਵਿਗੜਦਾ। ਕੁੱਤੇ ਆਪੇ ਭੌਂਕ ਕੇ ਚੁੱਪ ਕਰ ਜਾਂਦੇ ਹਨ ।
ਪ੍ਰਸ਼ਨ 4. ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਿਆ ਅਤੇ ਕਿਹਾ ਕਿ ਉਹ ਸਾਧਾਂ ਵਾਲ਼ੀ ਬਿਰਤੀ ਧਾਰਨ ਕਰ ਚੁੱਕੇ ਬੇਦੀ ਖੱਤਰੀ ਨਾਨਕ ਨਾਲ਼ ਰਹਿੰਦਾ ਹੈ, ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸ ਨੇ ਉਸ ਨੂੰ ਉਸ ਤੋਂ ਰਬਾਬ ਲੈਣ ਭੇਜਿਆ ਹੈ। ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆਂ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਇਸ ਦਾ ਵੀ ਉਸ ਗੁਰੂ ਜੀ ਨਾਲ਼ ਕੋਈ ਪੁਰਾਣਾ ਸੰਬੰਧ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਰਬਾਬ ਮੰਗਾਉਨ ਦਾ ਵਿਰਤਾਂਤ’ ਸਾਖੀ ਦਾ ਲੇਖਕ ਕੌਣ ਹੈ?
ਉੱਤਰ – ਗਿ: ਦਿੱਤ ਸਿੰਘ।
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ?
ਉੱਤਰ – ਜੰਗਲ ਵਿੱਚ।
ਪ੍ਰਸ਼ਨ 3. ਗੁਰੂ ਜੀ ਨੂੰ ਹਿੰਦੂ ਮੁਸਲਮਾਨ ਲੋਕ ਕੀ ਕਹਿ ਰਹੇ ਸਨ?
ਉੱਤਰ – ਕੁਰਾਹੀਆ।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਕਿਸ ਕੁੱਲ ਵਿੱਚੋਂ ਸਨ?
ਉੱਤਰ – ਵੇਦੀ ਖੱਤਰੀ।
ਪ੍ਰਸ਼ਨ 5. ਗੁਰੂ ਜੀ ਦਾ ਸਾਥੀ ਕੌਣ ਸੀ?
ਉੱਤਰ – ਭਾਈ ਮਰਦਾਨਾ।
ਪ੍ਰਸ਼ਨ 6. ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ?
ਉੱਤਰ – ਰਬਾਬ।
ਪ੍ਰਸ਼ਨ 7. ‘ਰਬਾਬ ਮੰਗਾਉਨ ਦਾ ਵਿਰਤਾਂਤ’ ਲੇਖ ਵਿੱਚ ਬੀਬੀ ਕੌਣ ਹੈ?
ਉੱਤਰ – ਗੁਰੂ ਜੀ ਦੀ ਭੈਣ ਬੇਬੇ ਨਾਨਕੀ।
ਪ੍ਰਸ਼ਨ 8. ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ?
ਉੱਤਰ – ਕੁਰਾਹੀਏ ਦਾ ਡੂੰਮ।
ਪ੍ਰਸ਼ਨ 9. ਰਬਾਬੀ ਦਾ ਕੀ ਨਾਂ ਸੀ?
ਉੱਤਰ – ਫਰਹਿੰਦਾ।
ਪ੍ਰਸ਼ਨ 10. ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ?
ਉੱਤਰ – ਸੱਤ।
ਪ੍ਰਸ਼ਨ 11. ਮਰਦਾਨਾ ਕਿੱਥੋਂ ਦਾ ਰਹਿਣ ਵਾਲ਼ਾ ਸੀ?
ਉੱਤਰ – ਰਾਏ ਭੋਏ ਦੀ ਤਲਵੰਡੀ ਦਾ।
ਪ੍ਰਸ਼ਨ 12. ਗੁਰੂ ਜੀ ਅਤੇ ਫਰਹਿੰਦੇ ਨੇ ਕਿਸ ਬਾਰੇ ਗੱਲਾਂ ਕੀਤੀਆਂ?
ਉੱਤਰ – ਕਰਤਾਰ ਬਾਰੇ।
ਪ੍ਰਸ਼ਨ 13. ਜਦੋਂ ਮਰਦਾਨੇ ਨੇ ਰਬਾਬ ਵਜਾਈ, ਤਾਂ ਠਾਟ ਕਿਸ ਨੇ ਬਣਾਇਆ?
ਉੱਤਰ – ਕਰਤਾਰ ਨੇ।
ਪ੍ਰਸ਼ਨ 14. ਲੋਕ ਗੁਰੂ ਨਾਨਕ ਦੇਵ ਜੀ ਨੂੰ ਕਿੰਨ੍ਹਾਂ ਦਾ ਪੁੱਤ-ਪੋਤਾ ਕਹਿ ਰਹੇ ਸਨ?
ਉੱਤਰ – ਭਲੇ ਲੋਕਾਂ ਦਾ।
ਪ੍ਰਸ਼ਨ 15. ਫਰਹਿੰਦੇ ਦਾ ਪਿੰਡ ਕਿੱਥੇ ਸੀ?
ਉੱਤਰ – ਸਤਲੁਜ ਤੇ ਬਿਆਸ ਦੇ ਵਿਚਕਾਰ।
ਪ੍ਰਸ਼ਨ 16. ਫਰਹਿੰਦੇ ਅਨੁਸਾਰ ਰਬਾਬ ਨਾਲ਼ ਗੁਰੂ ਜੀ ਦਾ ਕੀ ਸੰਬੰਧ ਸੀ?
ਉੱਤਰ – ਪੁਰਾਣਾ।