2. ਵਾਰਿਸ ਸ਼ਾਹ
ਹੀਰ
1. ਕਿੱਸੇ ਦਾ ਆਰੰਭ
ਇੱਕ ਤਖ਼ਤ ਹਜ਼ਾਰਿਓ ਗੱਲ ਕੀਚੇ, ਜਿੱਥੇ ਰਾਂਝਿਆਂ ਰੰਗ ਮਚਾਇਆ ਈ।
ਛੈਲ, ਗੱਭਰੂ, ਮਸਤ, ਅਲਬੇਲੜੇ ਨੀ, ਸੁੰਦਰ ਇੱਕ ਥੀਂ ਇੱਕ ਸਵਾਇਆ ਈ।
ਵਾਲੇ, ਕੋਕਲੇ, ਮੁੰਦਰੀ, ਮੰਝ-ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਈ।
ਕਿਹੀ ਸਿਫ਼ਤ ਹਜ਼ਾਰੇ ਦੀ ਆਖ ਸੱਕਾਂ, ਗੋਇਆ ਬਹਿਸ਼ਤ ਜ਼ਮੀਨ ’ਤੇ ਆਇਆ ਈ।(8)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਤਖ਼ਤ ਹਜ਼ਾਰੇ ਦੇ ਗੱਭਰੂਆਂ ਦੀ ਸਿਫ਼ਤ ਕੀਤੀ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਉਹ ਤਖ਼ਤ ਹਜ਼ਾਰੇ ਦੀ ਇੱਕ ਗੱਲ ਕਰਦਾ ਹੈ, ਜਿੱਥੇ ਵਸਦੇ ਰਾਂਝਿਆਂ ਨੇ ਬਹੁਤ ਰੌਣਕ ਲਾਈ ਹੋਈ ਹੈ। ਇੱਥੋਂ ਦੇ ਰਹਿਣ ਵਾਲ਼ੇ ਰਾਂਝੇ ਬਹੁਤ ਸੁੰਦਰ, ਜਵਾਨ, ਬੇਪਰਵਾਹ ਤੇ ਬੇਫ਼ਿਕਰ ਅਤੇ ਇੱਕ ਤੋਂ ਵੱਧ ਇੱਕ ਸੋਹਣੇ ਹਨ। ਉਹ ਕੰਨਾਂ ਵਿੱਚ ਵਾਲੇ ਤੇ ਕੋਕਲੇ ਅਤੇ ਉਂਗਲੀਆਂ ਵਿੱਚ ਮੁੰਦਰੀਆਂ ਪਹਿਨਦੇ ਹਨ। ਉਹ ਲੱਕ ਦੁਆਲ਼ੇ ਧਾਰੀਦਾਰ ਚਾਦਰਾ ਬੰਨ੍ਹਦੇ ਹਨ। ਇਸ ਤਰ੍ਹਾਂ ਉਹਨਾਂ ਨੇ ਨਵੀਂ ਸ਼ਾਨੋ-ਸ਼ੌਕਤ ਬਣਾਈ ਹੋਈ ਹੈ। ਕਵੀ ਕਹਿੰਦਾ ਹੈ ਕਿ ਉਹ ਤਖ਼ਤ ਹਜ਼ਾਰੇ ਦੀ ਸੁੰਦਰਤਾ ਨੂੰ ਬਿਆਨ ਕਿਵੇਂ ਕਰੇ ਕਿਉਂਕਿ ਇੰਝ ਲੱਗਦਾ ਹੈ ਜਿਵੇਂ ਸਵਰਗ ਧਰਤੀ ’ਤੇ ਆ ਗਿਆ ਹੋਵੇ।
••• ਕੇਂਦਰੀ ਭਾਵ •••
ਰਾਂਝਿਆਂ ਦਾ ਪਿੰਡ ਤਖ਼ਤ ਹਜ਼ਾਰਾ ਸਵਰਗ ਵਰਗਾ ਸੁੰਦਰ ਜਾਪਦਾ ਹੈ। ਉੱਥੋਂ ਦੇ ਗੱਭਰੂ ਸੁੰਦਰ, ਛੈਲ-ਛਬੀਲੇ ਤੇ ਸ਼ੁਕੀਨ ਸਨ, ਜੋ ਵਾਲੇ, ਕੋਕਲੇ ਤੇ ਮੁੰਦਰੀਆਂ ਪਹਿਨਦੇ ਤੇ ਲੱਕ ਦੁਆਲ਼ੇ ਸੁੰਦਰ ਚਾਦਰ ਬੰਨ੍ਹਦੇ ਸਨ।
2. ਜ਼ਮੀਨ ਦਾ ਵਟਵਾਰਾ
ਹਜ਼ਰਤ ਕਾਜ਼ੀ ਤੇ ਖਿੱਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈਆ ਈ।
ਵਢੀ ਦੇ ਜ਼ਮੀਨ ਦੇ ਬਣੇ ਮਾਲਿਕ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ।
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੀ ਬਾਬ ਬਣਾਈਆ ਈ।
ਗੱਲ ਭਾਬੀਆਂ ਏਹੁ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈਆ ਈ।(2)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਰਾਂਝੇ ਦੇ ਭਰਾਵਾਂ ਦੁਆਰਾ ਧੋਖੇ ਨਾਲ਼ ਮਾੜੀ ਜ਼ਮੀਨ ਰਾਂਝੇ ਨੂੰ ਦੇਣ ਅਤੇ ਚੰਗੀ ਆਪ ਰੱਖਣ ਦਾ ਜ਼ਿਕਰ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਰਾਂਝੇ ਦੇ ਬਾਪ ਦੇ ਮਰਨ ਤੋਂ ਮਗਰੋਂ ਉਸ ਦੇ ਭਰਾਵਾਂ ਨੇ ਹਜ਼ਰਤ ਕਾਜ਼ੀ ਤੇ ਸਾਰੀ ਪੰਚਾਇਤ ਨੂੰ ਸੱਦ ਕੇ ਜ਼ਮੀਨ ਦੀ ਮਿਣਤੀ ਕਰ ਕੇ ਰਾਂਝੇ ਨਾਲ਼ ਵੰਡ ਕਰ ਲਈ। ਉਹ ਮਿਣਤੀ ਕਰਨ ਵਾਲ਼ਿਆਂ ਨੂੰ ਰਿਸ਼ਵਤ ਦੇ ਕੇ ਆਪ ਚੰਗੀ ਜ਼ਮੀਨ ਦੇ ਮਾਲਕ ਬਣ ਗਏ ਅਤੇ ਰਾਂਝੇ ਦੇ ਹਿੱਸੇ ਬੰਜਰ ਜ਼ਮੀਨ ਵੰਡੀ ਆ ਗਈ। ਸਾਰੇ ਸ਼ਰੀਕ ਖ਼ੁਸ਼ ਹੋ ਕੇ ਰਾਂਝੇ ਨੂੰ ਮਖ਼ੌਲ ਕਰਨ ਲੱਗ ਪਏ ਕਿ ਉਸ ਦੇ ਭਰਾਵਾਂ ਨੇ ਹੀ ਉਸ ਦੀ ਹਾਲਤ ਬੁਰੀ ਕੀਤੀ ਹੈ। ਰਾਂਝੇ ਦੀਆਂ ਭਾਬੀਆਂ ਨੇ ਵੀ ਰਾਂਝੇ ਦੀ ਭੰਡੀ ਕਰਨ ਦਾ ਕੋਈ ਨਾ ਕੋਈ ਤਰੀਕਾ ਹਰ ਰੋਜ਼ ਫੜ ਲਿਆ।
••• ਕੇਂਦਰੀ ਭਾਵ •••
ਬਾਪ ਦੇ ਮਰਨ ਮਗਰੋਂ ਜ਼ਮੀਨ ਦੀ ਵੰਡ ਸਮੇਂ ਰਾਂਝੇ ਦੇ ਭਰਾ ਕਾਜ਼ੀ ਤੇ ਪੰਚਾਇਤ ਨੂੰ ਰਿਸ਼ਵਤ ਦੇ ਕੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਕੇ ਆਪ ਚੰਗੀ ਜ਼ਮੀਨ ਦੇ ਮਾਲਕ ਬਣ ਗਏ। ਜਿਸ ਕਾਰਨ ਰਾਂਝੇ ਦੇ ਸ਼ਰੀਕ ਬਹੁਤ ਖ਼ੁਸ਼ ਹੋਏ ਤੇ ਉਸ ਦੀਆਂ ਭਾਬੀਆਂ ਉਸ ਦੀ ਹਰ ਰੋਜ਼ ਕੋਈ ਨਾ ਕੋਈ ਭੰਡੀ ਕਰਨ ਲੱਗ ਪਈਆਂ।
3. ਰਾਂਝੇ ਦਾ ਮਸੀਤ ਵਿੱਚ ਜਾਣਾ
ਵਾਹ ਲਾਇ ਰਹੇ ਭਾਈ, ਭਾਬੀਆਂ ਵੀ, ਰਾਂਝਾ ਉੱਠਿ ਹਜ਼ਾਰਿਓਂ ਧਾਇਆ ਈ।
ਭੁੱਖ ਨੰਗ ਨੂੰ ਝਾਗ ਕੇ ਪੰਧ ਕਰਦਾ, ਰਾਤੀਂ ਵਿੱਚ ਮਸੀਤ ਦੇ ਆਇਆ ਈ।
ਹੱਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਈ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸੱਭੇ ਗਿਰਦ ਮਸੀਤ ਦੇ ਧਾਇਆ ਈ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਈ।(32)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਰਾਂਝੇ ਦਾ ਭਰਾਵਾਂ ਤੇ ਭਾਬੀਆਂ ਦੇ ਸਲੂਕ ਤੋਂ ਤੰਗ ਆ ਕੇ ਤਖ਼ਤ ਹਜ਼ਾਰੇ ਨੂੰ ਛੱਡ ਕੇ ਕਿਸੇ ਪਿੰਡ ਦੀ ਮਸੀਤ ਪਹੁੰਚ ਜਾਣ ਦਾ ਵਰਣਨ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜਦੋਂ ਰਾਂਝਾ ਤਖ਼ਤ ਹਜ਼ਾਰਾ ਛੱਡ ਕੇ ਜਾਣ ਲੱਗਾ, ਉਸ ਨੂੰ ਰੋਕਣ ਲਈ ਭਰਾਵਾਂ ਤੇ ਭਾਬੀਆਂ ਨੇ ਬਹੁਤ ਜ਼ੋਰ ਲਾਇਆ। ਪਰ ਉਹ ਨਾ ਮੰਨਿਆ ਤੇ ਭੁੱਖਾ-ਨੰਗਾ ਤੇ ਔਕੜਾਂ ਝੱਲਦਾ ਹੋਇਆ ਰਾਤ ਦੇ ਸਮੇਂ ਕਿਸੇ ਪਿੰਡ ਦੀ ਮਸੀਤ ਵਿੱਚ ਪੁਹੁੰਚ ਗਿਆ। ਰਾਂਝੇ ਨੇ ਅੱਧੀ ਰਾਤ ਦੇ ਵੇਲ਼ੇ ਹੱਥ ਵਿੱਚ ਵੰਝਲੀ ਫੜ ਕੇ ਵਜਾਉਣੀ ਸ਼ੁਰੂ ਕੀਤੀ ਜਿਸ ਨਾਲ਼ ਅਨੰਦਮਈ ਮਾਹੌਲ ਬਣ ਗਿਆ। ਉਸ ਦੀ ਵੰਝਲੀ ਦੀ ਮਨਮੋਹਣੀ ਅਵਾਜ਼ ਨੂੰ ਸੁਣ ਕੇ ਪਿੰਡ ਦੇ ਸਾਰੇ ਮਰਦ ਤੇ ਤੀਵੀਆਂ ਆਪਣੇ ਘਰ ਛੱਡ ਕੇ ਮਸੀਤ ਦੇ ਦੁਆਲ਼ੇ ਇਕੱਠੇ ਹੋ ਗਏ। ਵਾਰਿਸ ਸ਼ਾਹ ਲਿਖਦਾ ਕਿ ਇਸ ਸਮੇਂ ਝਗੜਿਆਂ ਦੀ ਪੰਡ ਮੁੱਲਾਂ ਵੀ ਮਸੀਤ ਵਿੱਚ ਆ ਗਿਆ।
••• ਕੇਂਦਰੀ ਭਾਵ •••
ਆਪਣੇ ਭਰਾਵਾਂ ਤੇ ਭਾਬੀਆਂ ਦੇ ਵਤੀਰੇ ਤੋਂ ਤੰਗ ਆਇਆ ਰਾਂਝਾ ਉਹਨਾਂ ਦੇ ਰੋਕਣ ’ਤੇ ਵੀ ਨਾ ਰੁਕਿਆ ਅਤੇ ਤਖ਼ਤ ਹਜ਼ਾਰਾ ਛੱਡ ਕੇ ਭੁੱਖ-ਨੰਗ ਝੇਲਦਾ ਇੱਕ ਮਸੀਤ ਵਿੱਚ ਪਹੁੰਚ ਗਿਆ, ਜਿੱਥੇ ਉਸ ਦੀ ਵੰਝਲੀ ਦੀ ਮਿੱਠੀ ਅਵਾਜ਼ ਸੁਣ ਕੇ ਪਿੰਡ ਦੇ ਸਾਰੇ ਮਰਦ ਤੀਵੀਆਂ ਤੇ ਝਗੜਿਆਂ ਦੀ ਪੰਡ ਮੁੱਲਾਂ ਵੀ ਆ ਗਿਆ।
4. ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ
ਕੂਕੇ ਮਾਰ ਹੀ ਮਾਰ ਤੇ ਪਕੜ ਛੰਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ।
ਰਾਂਝੇ ਉੱਠ ਕੇ ਆਖਿਆ, ਵਾਹ ਸੱਜਣ! ਹੀਰ ਹੱਸ ਕੇ ਤੇ ਮਿਹਰਬਾਨ ਹੋਈ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ ਮੁੱਖੜੇ ‘ਤੇ ਪਰੇਸ਼ਾਨ ਹੋਈ।
ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ।
ਨੈਣ ਮਸਤ ਕਲੇਜੜੇ ਵਿੱਚ ਧਾਣੇ, ਹੀਰ ਘੋਲ ਘੱਤੀ ਕੁਰਬਾਨ ਹੋਈ।
‘ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਊ ਗੱਲ ਬੇਸ਼ਾਨ ਹੋਈ।’(59)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਹੀਰ ਸਹੇਲੀਆਂ ਨਾਲ਼ ਲੈ ਕੇ ਉਨ੍ਹਾਂ ਤੋਂ ਬੇੜੀ ਵਿੱਚ ਉਸ ਦੀ ਸੇਜ ਉੱਪਰ ਪਏ ਰਾਂਝੇ ਨੂੰ ਛਮਕਾਂ ਮਾਰ ਕੇ ਉਠਾਉਂਦੀ ਹੈ ਤੇ ਇੱਥੇ ਹੀ ਉਹਨਾਂ ਦੀ ਪ੍ਰੇਮ-ਕਹਾਣੀ ਸ਼ੁਰੂ ਹੁੰਦੀ ਹੈ।
ਵਿਆਖਿਆ – ਕਵੀ ਲਿਖਦਾ ਕਿ ਪਰੀ ਵਰਗੀ ਸੁੰਦਰ ਹੀਰ ਆਦਮੀ ਤੇ ਅਜਿਹੀ ਕਹਿਰਵਾਨ ਹੋਈ ਕਿ ਆਪਣੀਆਂ ਸਾਰੀਆਂ ਸਹੇਲੀਆਂ ਨੇ ਆਪਣੇ ਹੱਥਾਂ ਵਿੱਚ ਛਮਕਾਂ ਫੜਾ ਕੇ ਉਹਨਾਂ ਨੂੰ ਰਾਂਝੇ ਨੂੰ ਮਾਰਨ ਲਈ ਕੂਕ ਰਹੀ ਹੈ। ਜਦੋਂ ਰਾਂਝੇ ਦੀ ਜਾਗ ਖੁੱਲ੍ਹੀ, ਉਹ ਉੱਠ ਕੇ ਸਾਹਮਣੇ ਸੋਹਣੀ ਮੁਟਿਆਰ ਹੀਰ ਨੂੰ ਦੇਖ ਕੇ ਪਿਆਰ ਭਾਵ ਨਾਲ਼ ‘ਵਾਹ ਸੱਜਣ’ ਕਹਿ ਕੇ ਪੁਕਾਰਦਾ ਹੈ। ਰਾਂਝੇ ਦੀ ਸੁੰਦਰਤਾ ਦੇਖ ਕੇ ਹੀਰ ਵੀ ਉਸ ਉੱਤੇ ਮੋਹਿਤ ਹੋ ਗਈ। ਇਸ ਸਮੇਂ ਇੰਝ ਪ੍ਰਤੀਤ ਹੋਇਆ ਜਿਵੇਂ ਰਾਂਝੇ ਦੀ ਕੱਛ ਵਿੱਚ ਵੰਝਲੀ ਤੇ ਕੰਨਾਂ ਵਿੱਚ ਪਾਏ ਵਾਲੇ ਅਤੇ ਹੀਰ ਦੇ ਮੁੱਖੜੇ ਉੱਪਰ ਲਟਕਦੀ ਜੁਲਫ਼ ਹੈਰਾਨ ਹੋ ਗਏ ਹੋਣ। ਇਸ ਤਰ੍ਹਾਂ ਉਹਨਾਂ ਦਾ ਇੱਕ ਦੂਜੇ ਨੂੰ ਦੇਖਦਿਆਂ ਹੀ ਪਿਆਰ ਪੈ ਗਿਆ। ਇਹ ਇਸ ਤਰ੍ਹਾਂ ਜਾਪਿਆ ਜਿਵੇਂ ਤੈਮੂਸ ਦੀ ਬੇਟੀ ਜ਼ੁਲੈਖਾ, ਜੋ ਯੂਸਫ਼ ਨੂੰ ਪਿਆਰ ਕਰਦੀ ਸੀ, ਉਸ ਨੂੰ ਖੂਹ ਵਿੱਚੋਂ ਕੱਢਣ ਵਾਲ਼ੇ ਗੁਲਾਮਾਂ ’ਤੇ ਉਹਨਾਂ ਦੇ ਮਾਲਕ ਉੱਪਰ ਵੀ ਨਾਲ਼ ਹੀ ਆਸ਼ਕ ਹੋ ਗਈ ਹੋਵੇ। ਰਾਂਝੇ ਨੂੰ ਦੇਖਦਿਆਂ ਹੀ ਉਸ ਦੀਆਂ ਮਸਤ ਅੱਖਾਂ ਹੀਰ ਦੇ ਕਲੇਜੇ ਵਿੱਚ ਧੱਸ ਗਈਆਂ ਤੇ ਉਹ ਰਾਂਝੇ ਤੋਂ ਕੁਰਬਾਨ ਹੋ ਗਈ। ਹੀਰ ਸੋਚ ਰਹੀ ਹੈ ਕਿ ਚੰਗਾ ਹੋਇਆ ਉਹ ਰਾਂਝੇ ਨੂੰ ਮਾਰ ਨਹੀਂ ਬੈਠੀ ਤੇ ਉਸ ਤੋਂ ਕੁਝ ਵੀ ਉਸ ਦੀ ਸ਼ਾਨ ਦੇ ਉਲਟ ਨਹੀਂ ਹੋਇਆ।
••• ਕੇਂਦਰੀ ਭਾਵ •••
ਹੀਰ ਰਾਂਝੇ ਨੂੰ ਛਮਕਾਂ ਨਾਲ਼ ਮਾਰਨ ਲਈ ਸਹੇਲੀਆਂ ਨੂੰ ਪੁਕਾਰ ਰਹੀ ਹੈ ਪਰ ਜਦੋਂ ਉਹ ਇਕ-ਦੂਜੇ ਨੂੰ ਦੇਖਦੇ ਹਨ ਤਾਂ ਉਹਨਾਂ ਦਾ ਪਿਆਰ ਪੈ ਜਾਂਦਾ ਹੈ। ਉਹ ਇਕ-ਦੂਜੇ ਦੀ ਸੁੰਦਰਤਾ ਦੇਖ ਕੇ ਇੱਕ-ਦੂਜੇ ਉੱਪਰ ਮੋਹਿਤ ਹੋ ਗਏ।
5. ਹੀਰ ਦਾ ਸਿਦਕ
ਹੀਰ ਆਖਦੀ, ‘ਜੋਗੀਆ! ਝੂਠ ਬੋਲੇਂ, ਕੌਣ ਵਿੱਛੜੇ ਯਾਰ ਮਿਲਾਉਂਦਾ ਈ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਉ ਦਾ ਰੋਗ ਗਵਾਉਂਦਾ ਈ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਈ।’(387)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਕਵੀ ਨੇ ਰਾਂਝੇ ਤੋਂ ਵਿਛੜੀ ਹੀਰ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਕਿ ਹੀਰ ਜੋਗ ਲੈਣ ਆਏ ਰਾਂਝੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਝੂਠ ਬੋਲ ਰਿਹਾ ਹੈ। ਕਿਉਂਕਿ ਵਿਛੜੇ ਯਾਰਾਂ ਨੂੰ ਕੋਈ ਨਹੀਂ ਮਿਲ਼ਾ ਸਕਦਾ। ਉਹ ਲੱਭ ਕੇ ਥੱਕ ਗਈ ਹੈ ਪਰ ਉਸ ਨੂੰ ਅਜਿਹਾ ਕੋਈ ਨਹੀਂ ਮਿਲ਼ਿਆ ਜਿਹੜਾ ਵਿਛੜਿਆਂ ਨੂੰ ਮੋੜ ਲਿਆਵੇ। ਜਿਹੜਾ ਵੀ ਉਸ ਦੇ ਰਾਂਝੇ ਨੂੰ ਮਿਲ਼ਾ ਕੇ ਉਸ ਦੇ ਦਿਲ ਦੇ ਰੋਗ ਨੂੰ ਠੀਕ ਕਰ ਦੇਵੇ, ਉਹ ਉਸ ਨੂੰ ਆਪਣੇ ਸਰੀਰ ਦੇ ਚੰਮ ਦੀਆਂ ਜੁੱਤੀਆਂ ਬਣਵਾ ਕੇ ਪਾ ਦੇਵੇਗੀ। ਉਹ ਕਹਿੰਦੀ ਹੈ ਕਿ ਜੇਕਰ ਉਹ ਦੱਸ ਸਕਦਾ ਹੈ ਤਾਂ ਉਸ ਨੂੰ ਦੱਸੇ ਕਿ ਸੱਚਾ ਰੱਬ ਲੰਮੇ ਸਮੇਂ ਦੇ ਵਿਛੜਿਆਂ ਨੂੰ ਕਦੋਂ ਵਾਪਸ ਘਰ ਲਿਆਉਂਦਾ ਹੈ।
••• ਕੇਂਦਰੀ ਭਾਵ •••
ਰਾਂਝੇ ਦੇ ਵਿਛੋੜੇ ਵਿੱਚ ਬੁਰੀ ਤਰ੍ਹਾਂ ਬੇਹਾਲ ਹੋਈ ਹੀਰ ਉਸ ਨੂੰ ਵਾਪਸ ਮਿਲ਼ਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਹੁੰਦੀ ਹੈ।
6. ਕਿੱਸੇ ਦੀ ਸਮਾਪਤੀ
ਖ਼ਤਮ ਰੱਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ।
ਐਸਾ ਸ਼ਿਅਰ ਕੀਤਾ ਪੁਰ ਮਗਜ਼, ਮੌਜੀ, ਜੇਹੀ ਮੋਤੀਆਂ ਲੜੀ ਸਵਾਰ ਦੀ ਸੀ।
ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕਹਿਆ, ਜਿਹਾ ਰੰਗ ਦੇ ਖੂਬ ਬਹਾਰ ਦੀ ਸੀ।
ਤਮਸੀਲ ਦੇ ਨਾਲ ਬਿਆਨ ਕੀਤਾ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ।
ਜੇ ਕੋਈ ਪੜ੍ਹੇ ਸੋ ਬਹੁਤ ਪ੍ਰਸੰਨ ਹੋਵੇ, ਵਾਹਵਾ ਸਭ ਖ਼ਲਕ ਪ੍ਰਕਾਰ ਦੀ ਸੀ।
ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਸੀ, ਜੇਹੀ ਹੀਰ ਨੂੰ ਭੜਕਨਾ ਯਾਰ ਦੀ ਸੀ।(622)
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਦੇ ਕਿੱਸਾ-ਕਾਵਿ ਭਾਗ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਹ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਦਾ ਅੰਸ਼ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹ ਸਤਰਾਂ ਮੂਲ ਕਿੱਸੇ ਦੇ ਅੰਤ ਵਿੱਚ ਆਉਂਦੀਆਂ ਹਨ।
ਵਿਆਖਿਆ – ਵਾਰਿਸ ਸ਼ਾਹ ਕਹਿੰਦਾ ਹੈ ਕਿ ਉਸ ਨੇ ਰੱਬ ਕਿਰਪਾ ਨਾਲ਼ ਕਿੱਸਾ ਪੂਰਾ ਕਰ ਲਿਆ ਜਿਸ ਨੂੰ ਲਿਖਣ ਲਈ ਫ਼ਰਮਾਇਸ਼ ਉਸ ਦੇ ਪਿਆਰੇ ਮਿੱਤਰ ਦੀ ਕੀਤੀ ਹੋਈ ਸੀ। ਇਸ ਕਿੱਸੇ ਵਿੱਚ ਉਸ ਨੇ ਪੂਰਾ ਦਿਮਾਗ਼ ਲਾ ਕੇ ਪੂਰੇ ਢੁਕਵੇਂ ਢੰਗ ਨਾਲ਼ ਕਵਿਤਾ ਦੇ ਸ਼ੇਅਰ ਸੁਆਰ ਕੇ ਮੋਤੀਆਂ ਦੀ ਲੜੀ ਵਾਂਗ ਪਰੋਏ ਹਨ। ਕਿੱਸੇ ਵਿੱਚ ਸਾਰੀ ਕਹਾਣੀ ਨੂੰ ਵਿਸਥਾਰ ਨਾਲ਼ ਬਿਆਨ ਕਰਦਿਆਂ ਸੋਹਣੀ ਬਹਾਰ ਵਰਗਾ ਰੰਗ ਭਰਿਆ ਹੈ। ਉਸ ਨੇ ਕਿੱਸੇ ਨੂੰ ਬਿਆਨ ਕਰਦਿਆਂ ਮਿਸਾਲਾਂ ਦੇ ਕੇ ਅਜਿਹੀ ਸਜਾਵਟ ਭਰੀ ਹੈ ਕਿ ਜਿਹੜੀ ਜ਼ਰੂਰਤ ਹਾਰ ਵਿੱਚ ਪਰੋਏ ਜਾਣ ਵਾਲ਼ੇ ਲਾਲ ਨੂੰ ਹੁੰਦੀ ਹੈ। ਜਿਹੜਾ ਵੀ ਕੋਈ ਇਸ ਕਿੱਸੇ ਨੂੰ ਪੜ੍ਹਦਾ ਹੈ ਉਹ ਬਹੁਤ ਖ਼ੁਸ਼ ਹੁੰਦਾ ਹੈ ਤੇ ਸਾਰੀ ਦੁਨੀਆ ਇਸ ਕਿੱਸੇ ਦੀ ਤਾਰੀਫ਼ ਵਿੱਚ ‘ਵਾਹ-ਵਾਹ ਕਰ ਰਹੀ ਹੈ। ਇਹ ਕਿੱਸਾ ਲਿਖਣ ਸਮੇਂ ਵਾਰਿਸ ਸ਼ਾਹ ਨੂੰ ਆਪਣੇ ਪਿਆਰੇ ਨੂੰ ਮਿਲ਼ਣ ਦੀ ਇੱਛਾ ਵੀ ਉਸ ਤਰ੍ਹਾਂ ਦੀ ਹੈ ਜਿਵੇਂ ਹੀਰ ਰਾਂਝੇ ਨੂੰ ਮਿਲ਼ਣ ਲਈ ਤੜਫ਼ ਰਹੀ ਸੀ।
••• ਕੇਂਦਰੀ ਭਾਵ •••
ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਆਪਣੇ ਕਿਸੇ ਪਿਆਰੇ ਮਿੱਤਰ ਦੀ ਫ਼ਰਮਾਇਸ਼ ਪੂਰੀ ਕਰਨ ਲਈ ਪੂਰਾ ਦਿਮਾਗ਼ ਲਾ ਕੇ ਪੂਰੇ ਵਿਸਥਾਰ ਨਾਲ਼ ਸ਼ਿੰਗਾਰ ਕੇ ਲਿਖਿਆ ਹੈ। ਜਿਸ ਦੀ ਸੁਣਨ ਵਾਲ਼ਾ ਹਰ ਕੋਈ ਖ਼ੂਬ ਪ੍ਰਸੰਸਾ ਕਰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਪੰਜਾਬੀ ਵਿੱਚ ਸਭ ਤੋਂ ਵੱਡਾ ਕਿੱਸਾਕਾਰ ਕੌਣ ਹੈ?
ਉੱਤਰ – ਵਾਰਿਸ ਸ਼ਾਹ।
ਪ੍ਰਸ਼ਨ 2. ਛੈਲ, ਅਲਬੇਲੇ ਗੱਭਰੂ ਕਿੱਥੇ ਵਸਦੇ ਸਨ?
ਉੱਤਰ – ਤਖ਼ਤ ਹਜ਼ਾਰੇ।
ਪ੍ਰਸ਼ਨ 3. ਰਾਂਝੇ ਦਾ ਪਿੰਡ ਕਿਹੜਾ ਸੀ?
ਉੱਤਰ – ਤਖ਼ਤ ਹਜ਼ਾਰਾ।
ਪ੍ਰਸ਼ਨ 4. ਤਖ਼ਤ ਹਜ਼ਾਰਾ ਕਿਹੋ-ਜਿਹਾ ਪਿੰਡ ਸੀ?
ਉੱਤਰ – ਧਰਤੀ ਤੇ ਸਵਰਗ ਵਰਗਾ।
ਪ੍ਰਸ਼ਨ 5. ਜ਼ਮੀਨ ਦੀ ਮਿਣਤੀ ਲਈ ਕਿਸ ਨੂੰ ਬੁਲਾਇਆ ਗਿਆ?
ਉੱਤਰ – ਕਾਜ਼ੀ ਤੇ ਪੰਚ।
ਪ੍ਰਸ਼ਨ 6. ਰਾਂਝੇ ਦੇ ਹਿੱਸੇ ਕਿਹੋ-ਜਿਹੀ ਜ਼ਮੀਨ ਆਈ?
ਉੱਤਰ – ਬੰਜਰ।
ਪ੍ਰਸ਼ਨ 7. ਭਾਬੀਆਂ ਰਾਂਝੇ ਨਾਲ਼ ਕਿਹੋ-ਜਿਹਾ ਸਲੂਕ ਕਰਦੀਆਂ ਸਨ?
ਉੱਤਰ – ਬੁਰਾ ਤੇ ਭੰਡੀ ਵਾਲ਼ਾ।
ਪ੍ਰਸ਼ਨ 8. ਰਾਂਝਾ ਤਖ਼ਤ ਹਜ਼ਾਰੇ ਤੋਂ ਚੱਲ ਕੇ ਰਾਤੀਂ ਕਿੱਥੇ ਪੁੱਜਾ?
ਉੱਤਰ – ਮਸੀਤ ਵਿੱਚ।
ਪ੍ਰਸ਼ਨ 9. ਰਾਂਝਾ ਅੱਧੀ ਰਾਤ ਨੂੰ ਮਸੀਤ ਵਿੱਚ ਕੀ ਵਜਾਉਣ ਲੱਗਾ?
ਉੱਤਰ – ਵੰਝਲੀ।
ਪ੍ਰਸ਼ਨ 10. ਵਾਰਿਸ ਸ਼ਾਹ ਨੇ ਮੁੱਲਾਂ ਦੇ ਬਾਰੇ ਕਿਹੜਾ ਸ਼ਬਦ ਵਰਤਿਆ?
ਉੱਤਰ – ਝਗੜਿਆਂ ਦੀ ਪੰਡ।
ਪ੍ਰਸ਼ਨ 11. ਵਾਰਿਸ ਸ਼ਾਹ ਨੇ ਪਰੀ ਕਿਸ ਨੂੰ ਕਿਹਾ ਹੈ?
ਉੱਤਰ – ਹੀਰ ਨੂੰ।
ਪ੍ਰਸ਼ਨ 12. ਰਾਂਝੇ ਨੇ ਹੀਰ ਨੂੰ ਦੇਖ ਕੇ ਕੀ ਕਿਹਾ?
ਉੱਤਰ – ਵਾਹ ਸੱਜਣ।
ਪ੍ਰਸ਼ਨ 13. ਰਾਂਝੇ ਦੇ ਕੰਨਾਂ ਵਿੱਚ ਕੀ ਪਾਇਆ ਹੋਇਆ ਸੀ?
ਉੱਤਰ – ਵਾਲੇ।
ਪ੍ਰਸ਼ਨ 14. ਤੈਮੂਸ ਦੀ ਬੇਟੀ ਕੌਣ ਸੀ?
ਉੱਤਰ – ਜ਼ੁਲੈਖਾਂ।
ਪ੍ਰਸ਼ਨ 15. ਜ਼ੁਲੈਖਾਂ ਕਿਸ ਨੂੰ ਪਿਆਰ ਕਰਦੀ ਸੀ?
ਉੱਤਰ – ਯੂਸਫ਼ ਨੂੰ।
ਪ੍ਰਸ਼ਨ 16. ਜੋਗੀ ਬਣ ਕੇ ਕੌਣ ਆਇਆ ਸੀ?
ਉੱਤਰ – ਰਾਂਝਾ।
ਪ੍ਰਸ਼ਨ 17. ਹੀਰ ਕਿਸ ਦੇ ਵਿਛੋੜੇ ਵਿੱਚ ਤੜਫ਼ ਰਹੀ ਸੀ?
ਉੱਤਰ – ਰਾਂਝੇ ਦੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037