1. ਪੀਲੂ
ਮਿਰਜ਼ਾ ਸਾਹਿਬਾਂ
(ੳ) ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ
ਡੂਮ ਸੋਹਲੇ ਗਾਂਵਦੇ, ਖਾਨ ਖੀਵੇ ਦੇ ਬਾਰ
ਰੱਜ ਦੁਆਈਂ ਦਿਤੀਆਂ, ਸੋਹਾਣੇ ਪਰਿਵਾਰ
ਰਲ ਤਦਬੀਰਾਂ ਬਣਦੀਆਂ, ਛੈਲ ਹੋਈ ਮੁਟਿਆਰ।1।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਸਾਹਿਬਾਂ ਦੇ ਜਨਮ ਤੋਂ ਲੈ ਕੇ ਜਵਾਨ ਹੋਣ ਤੱਕ ਦੇ ਸਮੇਂ ਦਾ ਜ਼ਿਕਰ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਖੀਵੇ ਖ਼ਾਨ ਦੇ ਘਰ ਸਾਹਿਬਾਂ ਦਾ ਜਨਮ ਮੰਗਲਵਾਰ ਵਾਲ਼ੇ ਦਿਨ ਹੋਇਆ। ਮਰਾਸੀਆਂ ਨੇ ਖੀਵੇ ਖ਼ਾਨ ਦੇ ਘਰ ਪਹੁੰਚ ਕੇ ਖ਼ੁਸ਼ੀ ਦੇ ਸੋਹਲੇ ਗਾਏ ਅਤੇ ਖੀਵੇ ਖ਼ਾਨ ਦੇ ਪਰਿਵਾਰ ਨੂੰ ਵਧਣ-ਫੁੱਲਣ ਦੀਆਂ ਰੱਜ ਕੇ ਵਧਾਈਆਂ ਦਿੱਤੀਆਂ। ਸਾਹਿਬਾਂ ਜਦੋਂ ਜਵਾਨ ਹੋ ਕੇ ਸੁੰਦਰ ਦਿਖਣ ਲੱਗੀ ਤਾਂ ਸਾਰੇ ਪਰਿਵਾਰ ਦੇ ਜੀਅ ਮਿਲ਼ ਕੇ ਉਸ ਦਾ ਵਿਆਹ ਕਰਨ ਲਈ ਸਲਾਹਾਂ ਕਰਨ ਲੱਗੇ।
(ਅ) ਸਾਹਿਬਾਂ ਨਾਲ ਸਹੇਲੀਆਂ, ਕੂੜੀ ਰਿਆਕਾਰ
ਘਰ ਬਿੰਝਲ ਦੇ ਮਿਰਜ਼ਾ ਜੰਮਿਆ, ਵਿੱਚ ਕਰਾੜੇ ਵਾਰ
ਜਨਮ ਦਿਤੋ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ
ਐਸਾ ਮਿਰਜ਼ਾ ਸੂਰਮਾ, ਖਰਲਾਂ ਦਾ ਸਰਦਾਰ।2।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕਰਦਿਆਂ ਇਹਨਾਂ ਸਤਰਾਂ ਵਿੱਚ ਸਾਹਿਬਾਂ ਦੇ ਸਹੇਲੀਆਂ ਨਾਲ਼ ਰਹਿਣ ਅਤੇ ਮਿਰਜ਼ੇ ਦੇ ਜਨਮ ਸਮੇਂ ਦਾ ਜ਼ਿਕਰ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਸਾਹਿਬਾਂ ਆਪਣੀਆਂ ਸਹੇਲੀਆਂ ਵਿੱਚ ਝੂਠ–ਤੂਫ਼ਾਨ ਬੋਲਣ ਕਰਕੇ ਮਸ਼ਹੂਰ ਸੀ। ਦੂਜੇ ਪਾਸੇ ਬਿੰਝਲ ਜੱਟ ਦੇ ਘਰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸ਼ਾਹਪੁਰ ਦੇ ਕਿੜਾਣਾ ਬਾਰ ਵਿਖੇ ਮਿਰਜ਼ੇ ਦਾ ਜਨਮ ਹੋਇਆ। ਮਿਰਜ਼ੇ ਨੂੰ ਜਨਮ ਦੇਣ ਵਾਲ਼ੇ ਭਾਵੇਂ ਉਸ ਦੇ ਮਾਂ–ਬਾਪ ਸਨ ਪਰ ਉਸ ਨੂੰ ਸੋਹਣਾ ਰੂਪ ਪਰਮਾਤਮਾ ਨੇ ਬਖ਼ਸ਼ਿਆ ਸੀ। ਮਿਰਜ਼ਾ ਬਹੁਤ ਦਲੇਰ ਸੀ ਅਤੇ ਉਹ ਖਰਲਾਂ ਦਾ ਸਰਦਾਰ ਸੀ।
(ੲ) ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ
ਵਿਚ ਮਸੀਤ ਦੇ ਲਗੀਆਂ, ਜਾਣੇ ਕੁਲ ਜਹਾਨ।3।
ਨਾ ਮਾਰ ਕਾਜ਼ੀ ਛਮਕਾਂ, ਨਾ ਦੇਹ ਤੱਤੀ ਨੂੰ ਤਾਇ
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ।4।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਮਿਰਜ਼ਾ ਤੇ ਸਾਹਿਬਾਂ ਦੇ ਮਸੀਤ ਵਿੱਚ ਪੜ੍ਹਨ ਦੇ ਸਮੇਂ ਦਾ ਜ਼ਿਕਰ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜਦੋਂ ਸਾਹਿਬਾਂ ਮਸੀਤ ਵਿੱਚ ਕਾਜ਼ੀ ਕੋਲ਼ੋਂ ਫੱਟੀ ਉੱਪਰ ਲਿਖਣਾ ਸਿੱਖ ਰਹੀ ਸੀ, ਮਿਰਜ਼ਾ ਉਸ ਸਮੇਂ ਕੁਰਾਨ ਸ਼ਰੀਫ਼ ਪੜ੍ਹਨ ਜੋਗਾ ਸਿੱਖ ਗਿਆ ਸੀ। ਮਿਰਜ਼ਾ ਸਹਿਬਾਂ ਦੀ ਪ੍ਰੀਤ ਮਸੀਤ ਵਿੱਚ ਪੜ੍ਹਦਿਆਂ ਹੀ ਪੈ ਗਈ ਸੀ। ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਹੈ। ਜਦੋਂ ਸਾਹਿਬਾਂ ਦਾ ਇਸ਼ਕ ਵਿੱਚ ਪੈਣ ਕਰਕੇ ਪੜ੍ਹਨ–ਲਿਖਣ ਵੱਲ ਧਿਆਨ ਘਟ ਗਿਆ ਤਾਂ ਕਾਜ਼ੀ ਉਸ ਦੇ ਛਮਕਾਂ ਮਾਰਦਾ, ਪਰ ਉਹ ਉਸ ਦੀਆਂ ਮਿੰਨਤਾਂ ਕਰਦੀ ਹੋਈ ਕਹਿੰਦੀ ਕਿ ਉਹ ਉਸ ਨੂੰ ਨਾ ਮਾਰੇ ਕਿਉਂਕਿ ਇਸ਼ਕ ਵਿੱਚ ਪੈਣ ਕਰਕੇ ਉਹਨਾਂ ਦੀ ਪੜ੍ਹਾਈ–ਲਿਖਾਈ ਰਹਿ ਗਈ ਹੈ। ਉਹਨਾਂ ਦੇ ਸਿਰ ਉੱਪਰ ਪਿਆਰ ਦਾ ਭੂਤ ਸਵਾਰ ਹੈ। ਉਹਨਾਂ ਦੀ ਕਿਸਮਤ ਵਿੱਚ ਮੁੱਢ ਤੋਂ ਹੀ ਇਸ਼ਕ ਲਿਖਿਆ ਹੋਇਆ ਆਇਆ ਹੈ।
(ਸ) ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ
ਫੜ ਨ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ
ਤੇਲ ਭੁਲਾਵੇ ਭੁਲਾ ਬਾਣੀਆ, ਦਿੱਤਾ ਸ਼ਹਿਦ ਉਲੱਟ
ਵਣਜ ਗਵਾ ਲਏ ਬਾਣੀਆਂ, ਬਲਦ ਗਵਾ ਲਏ ਜੱਟ
ਤਿੰਨ ਸੈ ਨਾਂਗਾ ਪਿੜ ਰਹਿਆ, ਹੋ ਗਏ ਚੌੜ ਚਪੱਟ
ਮਿਰਜ਼ਾ ਸਾਹਿਬਾਂ ਦੀ ਦੋਸਤੀ, ਰਹੂ ਵਿਚ ਜਗਤ।5।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਸਾਹਿਬਾਂ ਦੀ ਸੁੰਦਰਤਾ ਦੇ ਪ੍ਰਭਾਵ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਦੋਂ ਸਾਹਿਬਾਂ ਪੰਸਾਰੀ ਦੀ ਹੱਟੀ ਉੱਤੇ ਤੇਲ ਲੈਣ ਜਾਂਦੀ ਹੈ ਤਾਂ ਬਾਣੀਆ ਸਾਹਿਬਾਂ ਦੀ ਸੁੰਦਰਤਾ ਦੇਖ ਕੇ ਅਜਿਹੇ ਹੋਸ਼ ਗੁਆ ਗਿਆ ਕਿ ਉਹ ਨੂੰ ਤੇਲ ਤੋਲਣ ਲਈ ਤੱਕੜੀ ਫੜਨੀ ਤੇ ਧੜਾ ਕਰਨ ਲਈ ਵੱਟਾ ਪਾਉਣਾ ਵੀ ਭੁੱਲ ਗਿਆ। ਉਸ ਨੇ ਤੇਲ ਦੇ ਭੁਲੇਖੇ ਸਾਹਿਬਾਂ ਦੇ ਤੇਲ ਲਈ ਲਿਆਂਦੇ ਭਾਂਡੇ ਵਿੱਚ ਸ਼ਹਿਦ ਹੀ ਪਾ ਦਿੱਤਾ। ਸਾਹਿਬਾਂ ਦੇ ਸੋਹਣੇ ਰੂਪ ਵੱਲ ਦੇਖਦਿਆਂ ਬਾਣੀਆ ਵਪਾਰ ਕਰਨਾ ਭੁੱਲ ਗਿਆ ਅਤੇ ਜੱਟ ਨੇ ਸਾਹਿਬਾਂ ਵੱਲ ਦੇਖਦਿਆਂ-ਦੇਖਦਿਆਂ ਆਪਣੇ ਬਲ਼ਦ ਗਵਾ ਲਏ। ਜਤੀ–ਸਤੀ ਕਹਾਉਣ ਵਾਲੇ ਤਿੰਨ ਸੌ ਨਾਂਗੇ ਸਾਧੂ ਜੋ ਔਰਤਾਂ ਤੋਂ ਦੂਰ ਰਹਿੰਦੇ ਸਨ, ਸਾਹਿਬਾਂ ਨੂੰ ਦੇਖ ਕੇ ਉਹਨਾਂ ਦਾ ਵੀ ਬ੍ਰਹਮਚਾਰੀ ਧਰਮ ਡੋਲ਼ ਗਿਆ। ਸਾਹਿਬਾਂ ਤੇ ਮਿਰਜ਼ੇ ਦੀ ਦੋਸਤੀ ਦੁਨੀਆ ਉੱਪਰ ਸਦਾ ਕਾਇਮ ਰਹੇਗੀ।
(ਹ) ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ
ਗਜ਼ ਗਜ਼ ਲੰਮੀਆਂ ਮੇਂਢੀਆਂ, ਰੰਗ ਜੁ ਗੋਰੇ ਸੀ
ਜਿ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ
ਜਿ ਮਾਰੇ ਬਰਛੀ ਕਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ
ਆਪਣੀ ਮੌਤੇ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ।6।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਮਿਰਜ਼ੇ ਦੁਆਰਾ ਸਾਹਿਬਾਂ ਦੇ ਰੂਪ ਦੀ ਪ੍ਰਸੰਸਾ ਕਰਦੇ ਹੋਏ ਮੌਤ ਤੋਂ ਡਰ ਕੇ ਪਿੱਛੇ ਨਾ ਮੁੜਨ ਦੀ ਗੱਲ ਆਖੀ ਗਈ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਦੋਂ ਮਿਰਜ਼ੇ ਨੇ ਖੀਵੇ ਖ਼ਾਨ ਦੀ ਧੀ ਸਾਹਿਬਾਂ ਨੂੰ ਦੇਖਿਆ ਤਾਂ ਉਹ ਆਪਣੀ ਸੁੰਦਰਤਾ ਨਾਲ਼ ਉਸ ਦਾ ਕਲੇਜਾ ਕੱਢ ਕੇ ਲੈ ਗਈ। ਉਸ ਦੀਆਂ ਗਜ਼–ਗਜ਼ ਲੰਮੀਆਂ ਮੇਂਢੀਆਂ ਤੇ ਗੋਰੇ ਰੰਗ ਨੇ ਮਿਰਜ਼ੇ ਨੂੰ ਕੀਲ ਕੇ ਰੱਖ ਲਿਆ। ਉਸ ਨੂੰ ਦੇਖ ਕੇ ਮਿਰਜ਼ਾ ਉਸ ਦੇ ਪਿਆਰ ਵਿੱਚ ਪੈ ਕੇ ਦ੍ਰਿੜ੍ਹਤਾ ਨਾਲ਼ ਸਾਹਿਬਾਂ ਦੇ ਹੱਥੋਂ ਜ਼ਹਿਰ ਦਾ ਪਿਆਲਾ ਖ਼ੁਸ਼ੀ-ਖ਼ੁਸ਼ੀ ਪੀਣ ਲਈ ਤਿਆਰ ਹੋ ਜਾਂਦਾ ਹੈ ਅਤੇ ਜੇਕਰ ਸਹਿਬਾਂ ਆਪਣੇ ਹੱਥ ਨਾਲ਼ ਕੱਸ ਕੇ ਬਰਛੀ ਵੀ ਮਾਰੇ ਤਾਂ ਵੀ ਮਿਰਜ਼ਾ ਸਹਿਣ ਲਈ ਤਿਆਰ ਹੁੰਦਾ ਹੈ। ਜੇਕਰ ਮਿਰਜ਼ੇ ਨਾਲ਼ ਇੰਝ ਵਾਪਰਦਾ ਹੈ ਤਾਂ ਉਹ ਆਪਣੀ ਮੌਤੇ ਹੀ ਮਰੇਗਾ। ਮਿਰਜ਼ੇ ਦੀ ਅਜਿਹੀ ਮੌਤ ਨਾਲ਼ ਕਿਸੇ ਨੂੰ ਵੀ ਕੋਈ ਦੁੱਖ ਜਾਂ ਗਿਲਾ ਨਹੀਂ ਹੋਣਾ ਚਾਹੀਦਾ।
(ਕ) ਚੜ੍ਹਦੇ ਮਿਰਜ਼ੇ ਖਾਨ ਨੂੰ, ਮਾਂ ਦੇਂਦੀ ਮਤਿ ਖਲੀ
ਸੱਪਾ, ਸ਼ੇਰਾਂ ਦੀ ਦੋਸਤੀ, ਨ ਕਰ ਭਾਈ ਅੜੀ
ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ
ਮੂਸਾ ਭੱਜਿਆ ਮੌਤ ਤੇ, ਉਹਦੇ ਅੱਗੇ ਮੌਤ ਖਲੀ
ਪਰਬਤ ਵੜਦਿਆਂ ਟੱਕਰੇ ਲੰਘਣ ਕਿਹੜੀ ਗਲੀ
ਰੋਂਦੀ ਬੀਬੀ ਫਾਤਮਾ, ਕਰ ਕੇ ਬਾਂਹ ਖਲੀ।
ਮੈਂ ਕੀ ਰੱਬਾ! ਤੇਰਾ ਫੇੜਿਆ, ਮੇਰੀ ਜੋੜੀ ਖ਼ਾਕ ਰਲ਼ੀ
ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀਂ ਜਾ ਵੜੀਂ ।9।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਸਾਹਿਬਾਂ ਨੂੰ ਉਧਾਲ਼ਣ ਜਾਣ ਸਮੇਂ ਮਿਰਜ਼ੇ ਦੀ ਮਾਂ ਉਸ ਨੂੰ ਰੋਕਦੀ ਹੈ ਪਰ ਉਹ ਉਸ ਦੀ ਇੱਕ ਵੀ ਨਹੀਂ ਸੁਣਦਾ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਦੋਂ ਮਿਰਜ਼ਾ ਖ਼ਾਨ ਸਾਹਿਬਾਂ ਨੂੰ ਉਧਾਲ਼ਣ ਲਈ ਘਰੋਂ ਚਲਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਰੋਕ ਕੇ ਮੱਤਾਂ ਦਿੰਦੀ ਹੈ ਕਿ ਸੱਪਾਂ ਤੇ ਸ਼ੇਰਾਂ ਨਾਲ਼ ਦੋਸਤੀ ਨਹੀਂ ਨਿਭਦੀ ਹੁੰਦੀ, ਇਸ ਲਈ ਉਸ ਨੂੰ ਸਾਹਿਬਾਂ ਲਈ ਜਿਦ ਨਹੀਂ ਕਰਨੀ ਚਾਹੀਦੀ। ਇਸ਼ਕ ਨੂੰ ਪੁਗਾਉਣਾ ਤਪੀ ਹੋਈ ਤੇਲ ਦੀ ਕੜਾਹੀ ਵਿੱਚ ਪੈਣ ਅਤੇ ਸਿਰ ਉੱਪਰ ਬਲਦੀ ਰੱਖਣ ਦੇ ਬਰਾਬਰ ਹੈ। ਮਿਰਜ਼ੇ ਦੀ ਮਾਂ ਇਤਿਹਾਸ ਵਿੱਚੋਂ ਉਦਾਹਰਨ ਦਿੰਦੀ ਹੋਈ ਕਹਿੰਦੀ ਹੈ ਕਿ ਭਾਵੇਂ ਮੂਸਾ ਮੌਤ ਤੋਂ ਬਚਣ ਲਈ ਭੱਜਦਾ ਹੈ ਪਰ ਮੌਤ ਉਸ ਦੇ ਅੱਗੇ ਆ ਹੀ ਜਾਂਦੀ ਹੈ। ਜਿਸ ਤਰ੍ਹਾਂ ਪਰਬਤਾਂ ਵਿਚਕਾਰ ਦੁਸ਼ਮਣ ਤੋਂ ਬਚ ਕੇ ਭੱਜਣ ਲਈ ਕੋਈ ਰਾਹ ਨਹੀਂ ਬਚਦਾ, ਉਸ ਤਰ੍ਹਾਂ ਮੌਤ ਤੋਂ ਨਹੀਂ ਬਚਿਆ ਜਾ ਸਕਦਾ। ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫ਼ਾਤਿਮਾ ਆਪਣੇ ਪੁੱਤਰਾਂ ਹਸਨ ਤੇ ਹੁਸੈਨ ਦੇ ਮਰਨ ਪਿੱਛੋਂ ਬਾਂਹਾਂ ਖੜ੍ਹੀਆਂ ਕਰਕੇ ਰੋਂਦੀ ਹੋਈ ਦੁਹਾਈ ਦੇ ਕੇ ਪਰਮਾਤਮਾ ਨੂੰ ਕਹਿ ਰਹੀ ਹੈ ਕਿ ਉਸ ਨੇ ਰੱਬ ਦਾ ਕੁਝ ਨਹੀਂ ਵਗਾੜਿਆ ਸੀ ਜਿਸ ਦੀ ਸਜਾ ਉਸ ਦੇ ਪੱਤਰਾਂ ਨੂੰ ਮਿਲ਼ੀ। ਮਿਰਜ਼ੇ ਦੀ ਮਾਂ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਕਿ ਉਹ ਅੱਜ ਦਾ ਦਿਨ ਸਿਆਲਾਂ ਦੇ ਪਿੰਡ ਨਾ ਜਾਵੇ, ਕੱਲ੍ਹ ਚਲਾ ਜਾਵੇ।
(ਖ) ਬੂਹੇ ਟੰਮਕ ਵੱਜਿਆ, ਸਾਹਿਬਾਂ ਘੱਤੇ ਤੇਲ
ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ
ਥਾਲੀ ਵਟਣਾ ਰਹਿ ਗਿਆ, ਕੁੱਪੇ ਅਤਰ ਫੁਲੇਲ
ਗਹਿਣੈ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ।42।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਸਾਹਿਬਾਂ ਦੇ ਵਿਆਹ ਦੀ ਤਿਆਰੀ ਦੇ ਉਸ ਸਮੇਂ ਦੇ ਦ੍ਰਿਸ਼ ਨੂੰ ਬਿਆਨ ਕੀਤਾ ਹੈ ਜਦੋਂ ਮਿਰਜ਼ਾ ਸਾਹਿਬਾਂ ਨੂੰ ਉਧਾਲ਼ ਕੇ ਲੈ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜਦੋਂ ਮਿਰਜ਼ਾ ਸਾਹਿਬਾਂ ਨੂੰ ਉਧਾਲ਼ ਕੇ ਲੈ ਗਿਆ ਉਸ ਸਮੇਂ ਸਾਹਿਬਾਂ ਦੇ ਘਰ ਉਸ ਦੇ ਵਿਆਹ ਦੇ ਸਮਾਨ ਦੀ ਤਿਆਰੀ ਹੋਈ ਪਈ ਸੀ। ਘਰ ਦੇ ਬੂਹੇ ਵਿੱਚ ਵਿਆਹ ਦਾ ਨਗਾਰਾ ਵੱਜ ਰਿਹਾ ਸੀ ਤੇ ਸਾਹਿਬਾਂ ਨੂੰ ਮਾਈਏਂ ਪਾਉਣ ਦੀ ਤਿਆਰੀ ਹੋ ਰਹੀ ਸੀ। ਘਰ ਦੇ ਅੰਦਰ–ਬਾਹਰ ਨਾਨਕੇ ਤੇ ਦਾਦਕੇ ਬੈਠੇ ਸਨ। ਪਰ ਸਾਹਿਬਾਂ ਦੇ ਮਿਰਜ਼ੇ ਨਾਲ਼ ਚਲੇ ਜਾਣ ਕਾਰਨ ਵਿਆਹ ਸਮੇਂ ਨਹਾਉਣ ਲਈ ਵਰਤਿਆ ਜਾਣ ਵਾਲ਼ਾ ਵਟਣਾ ਥਾਲੀ ਵਿੱਚ ਪਿਆ ਰਹਿ ਗਿਆ ਤੇ ਅਤਰ–ਫੁਲੇਲ ਵਰਗੇ ਆਦਿ ਖ਼ੁਸ਼ਬੂਦਾਰ ਚੀਜ਼ਾਂ ਦੇ ਕੁੱਪੇ ਭਰੇ ਹੋਏ ਰਹਿ ਗਏ। ਉਸਦੀਆਂ ਝਾਂਜਰਾਂ, ਹਮੇਲਾਂ ਤੇ ਹੋਰ ਗਹਿਣੇ ਪਟਾਰੀਆਂ ਵਿੱਚ ਹੀ ਪਏ ਰਹਿ ਗਏ।
(ਗ) ਕੋਈ ਨਾ ਦੀਂਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਰਾਠ ਡਰੇ
ਵਲ ਵਲ ਵੱਢ ਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜ੍ਹੇ
ਸਿਰ ਸਿਆਲਾਂ ਦੇ ਵੱਢ ਕੇ, ਸਿਟੂੰਗਾ ਵਿੱਚ ਰੜੇ।55।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਮਿਰਜ਼ੇ ਦੇ ਹੰਕਾਰ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਦੋਂ ਮਿਰਜ਼ਾ ਸਾਹਿਬਾਂ ਨੂੰ ਉਧਾਲ਼ ਕੇ ਲਿਜਾ ਰਿਹਾ ਸੀ ਤਾਂ ਉਹ ਸਾਹਿਬਾਂ ਨੂੰ ਕਹਿੰਦਾ ਹੈ ਕਿ ਉਸ ਨੂੰ ਕੋਈ ਵੀ ਅਜਿਹਾ ਸੂਰਮਾ ਨਜ਼ਰ ਨਹੀਂ ਆਉਂਦਾ ਜਿਹੜਾ ਉਸ ਦਾ ਸਾਹਮਣਾ ਕਰ ਸਕੇ। ਉਹ ਕਹਿੰਦਾ ਕਿ ਉਹ ਤਾਂ ਅਣਗਿਣਤ ਫ਼ੌਜਾਂ ਨਾਲ਼ ਟੱਕਰ ਲੈ ਸਕਦਾ ਹੈ ਅਤੇ ਉਸ ਤੋਂ ਵੱਡੇ–ਵੱਡੇ ਸਰਦਾਰ ਡਰਦੇ ਹਨ। ਉਹ ਸੂਰਮਿਆਂ ਨੂੰ ਘੇਰ–ਘੇਰ ਕੇ ਉਹਨਾਂ ਦੇ ਸਿਰ ਇਸ ਤਰ੍ਹਾਂ ਵੱਢ ਕੇ ਸੁੱਟ ਸਕਦਾ ਹੈ ਜਿਵੇਂ ਖੇਤਾਂ ਵਿੱਚ ਗੜੇ ਪੈ ਰਹੇ ਹੋਣ। ਇਸੇ ਤਰ੍ਹਾਂ ਹੀ ਉਹ ਸਿਆਲਾਂ ਦੇ ਸਿਰ ਵੱਢ–ਵੱਢ ਕੇ ਪੱਧਰੇ ਮੈਦਾਨ ਵਿੱਚ ਸੁੱਟ ਦੇਵੇਗਾ।
(ਘ) ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ
ਤਿੰਨ ਸੌ ਕਾਨੀ ਮਿਰਜ਼ੇ ਜੁਆਨ ਦੀ, ਦਿੰਦਾ ਸਿਆਲਾਂ ਨੂੰ ਵੰਡ
ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ
ਤੀਜੀ ਮਾਰਾਂ ਜੋੜ ਕੇ, ਜੈਂਦੀ ਹੈਂ ਤੂੰ ਮੰਗ।
ਸਿਰ ‘ਤੇ ਮੁੰਡਾਸਾ ਉਡ ਗਿਆ, ਗਲ ਵਿੱਚ ਪਈ ਝੰਡ
ਬਾਝੁ ਭਰਾਵਾਂ ਜੱਟ ਮਾਰਿਆ, ਕੋਈ ਨ ਮਿਰਜ਼ੇ ਸੰਗ।67।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ। ਇਹਨਾਂ ਸਤਰਾਂ ਵਿੱਚ ਮਿਰਜ਼ਾ ਸਾਹਿਬਾਂ ਨੂੰ ਉਸ ਸਮੇਂ ਉਲ਼ਾਂਭਾ ਦੇ ਰਿਹਾ ਜਦੋਂ ਉਹ ਉਸ ਦੇ ਤਿੰਨ ਸੌ ਤੀਰਾਂ ਦਾ ਭਰਿਆ ਤਰਕਸ਼ ਜੰਡ ਦੇ ਰੁੱਖ ਉੱਪਰ ਟੰਗ ਦਿੰਦੀ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮਰਦਾ ਹੋਇਆ ਮਿਰਜ਼ਾ ਸਾਹਿਬਾਂ ਨੂੰ ਕਹਿੰਦਾ ਹੈ ਕਿ ਉਸ ਨੇ ਤੀਰਾਂ ਦਾ ਭੱਥਾ ਜੰਡ ਦੇ ਦਰੱਖ਼ਤ ਉੱਪਰ ਟੰਗ ਕੇ ਚੰਗਾ ਨਹੀਂ ਕੀਤਾ ਜਿਸ ਵਿੱਚ ਤਿੰਨ ਸੌ ਤੀਰ ਸਨ। ਜਿਹਨਾਂ ਨਾਲ਼ ਉਹ ਇਕੱਲੇ-ਇਕੱਲੇ ਸਿਆਲ ਨੂੰ ਮਾਰ ਦਿੰਦਾ। ਉਹ ਕਹਿੰਦਾ ਸਭ ਤੋਂ ਪਹਿਲਾ ਤੀਰ ਉਹ ਤੇਰੇ ਵੀਰ ਸ਼ਮੀਰ ਦੇ ਮਾਰਦਾ ਤੇ ਫਿਰ ਦੂਜਾ ਤੀਰ ਉਸ ਕਲਗੀ ਵਾਲ਼ੇ ਘੋੜੇ ਦੀ ਪੇਟੀ ਵਿੱਚ ਮਾਰਦਾ ਜੋ ਵਿਆਹ ਵਾਲ਼ੇ ਮੁੰਡੇ ਲਈ ਸੀ ਅਤੇ ਤੀਜਾ ਤੀਰ ਉਸ ਦੇ ਮਾਰਦਾ ਜਿਸ ਨਾਲ਼ ਸਾਹਿਬਾਂ ਮੰਗੀ ਹੋਈ ਸੀ। ਕਵੀ ਕਹਿੰਦਾ ਹੈ ਕਿ ਜਦੋਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਮਾਰ ਦਿੱਤਾ ਤਾਂ ਉਸ ਦੇ ਸਿਰ ਉੱਪਰ ਵਲਿਆ ਕੱਪੜਾ ਲਹਿ ਗਿਆ ਅਤੇ ਉਸ ਦੇ ਵਾਲ ਖੁੱਲ੍ਹ ਕੇ ਗਲ ਵਿੱਚ ਪੈ ਗਏ। ਇਸ ਤਰ੍ਹਾਂ ਮਿਰਜ਼ਾ ਆਪਣੇ ਭਰਾਵਾਂ ਦੀ ਕਮੀ ਕਰਕੇ ਮਾਰਿਆ ਗਿਆ ਕਿਉਂਕਿ ਕੋਈ ਵੀ ਉਸ ਦਾ ਸਾਥ ਦੇਣ ਨਹੀਂ ਆਇਆ ਸੀ।
(ਙ) ਪੀਲੂ ਪੁੱਛੇ ਸ਼ਾਇਰ ਨੂੰ ਕੈ ਵਲ ਗਿਆ ਜਹਾਨ
ਲਗ ਲਗ ਗਈਆਂ ਮਜਲਸਾਂ, ਬਹਿ ਬਹਿ ਗਏ ਦੀਵਾਨ
ਮਿਰਜ਼ਾ ਮਾਰਿਆ ਮਲਕੁਲ ਮੌਤ ਦਾ, ਕੁਛ ਮਾਰਿਆ ਖ਼ੁਦੀ ਗੁਮਾਨ
ਵਿੱਚ ਕਬਰਾਂ ਦੇ ਖਪ ਗਿਆ, ਮਿਰਜ਼ਾ ਸੋਹਣਾ ਜਵਾਨ
ਕਿੱਸਾ ਜੋੜਿਆ ਪੀਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁਲ ਜਹਾਨ।68।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਦੇ ਕਿੱਸਾ-ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਮਿਰਜ਼ੇ ਦੀ ਮੌਤ ਤੋਂ ਬਾਅਦ ਨਿਰਾਸ਼ਾ ਦੇ ਭਾਵਾਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਪੀਲੂ ਸ਼ਾਇਰ ਨੂੰ ਲੋਕ ਪੁੱਛਦੇ ਹਨ ਕਿ ਦੁਨੀਆ ’ਤੇ ਉਹਨਾਂ ਤੋਂ ਪਹਿਲਾਂ ਆਏ ਲੋਕ ਕਿਧਰ ਤੁਰ ਗਏ ਹਨ? ਪੀਲੂ ਕਹਿੰਦਾ ਹੈ ਇੱਥੇ ਅਣਗਿਣਤ ਲੋਕ ਆਏ ਅਤੇ ਮਹਿਫ਼ਲਾਂ ਤੇ ਸਭਾਵਾਂ ਲਾ ਕੇ ਇੱਥੋਂ ਹਮੇਸ਼ਾਂ ਲਈ ਤੁਰ ਗਏ। ਮਿਰਜ਼ੇ ਨੂੰ ਇੱਕ ਤਾਂ ਮੌਤ ਦੇ ਫ਼ਰਿਸ਼ਤੇ ਅਤੇ ਦੂਜਾ ਉਸ ਦੇ ਹੰਕਾਰ ਨੇ ਮਾਰ ਲਿਆ। ਸੋਹਣਾ ਜਵਾਨ ਮਿਰਜ਼ਾ ਮਰਨ ਤੋਂ ਬਾਅਦ ਕਬਰਾਂ ਵਿੱਚ ਲੇਟ ਗਿਆ। ਪੀਲੂ ਸ਼ਾਇਰ ਨੇ ‘ਮਿਰਜ਼ਾ ਸਾਹਿਬਾਂ’ ਦਾ ਇਹ ਕਿੱਸਾ ਜੋੜਿਆ ਹੈ, ਜਿਸ ਨੂੰ ਕਿ ਸਾਰਾ ਜਹਾਨ ਜਾਣਦਾ ਹੈ।
••• ਕੇਂਦਰੀ ਭਾਵ •••
ਮਿਰਜ਼ਾ ਸਾਹਿਬਾਂ ਦਾ ਪਿਆਰ ਉਹਨਾਂ ਦੇ ਮਸੀਤ ਵਿੱਚ ਪੜ੍ਹਦਿਆਂ ਸਮੇਂ ਹੀ ਪੈ ਗਿਆ। ਮਾਂ ਦੇ ਰੋਕਣ ਦੇ ਬਾਵਜੂਦ ਵੀ ਮਿਰਜ਼ਾ ਸਾਹਿਬਾਂ ਨੂੰ ਵਿਆਹ ਤੋਂ ਕੁਝ ਸਮਾਂ ਪਹਿਲਾਂ ਉਧਾਲ਼ ਕੇ ਲੈ ਗਿਆ। ਪਰ ਉਹ ਆਪਣੇ ਭਰਾਵਾਂ ਦੇ ਸਾਥ ਤੋਂ ਬਿਨਾਂ ਆਪਣੀ ਤਾਕਤ ਦੇ ਹੰਕਾਰ ਅਤੇ ਸਾਹਿਬਾਂ ਦੇ ਧੋਖੇ ਕਾਰਨ ਮਾਰਿਆ ਗਿਆ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮਿਰਜ਼ਾ ਸਾਹਿਬਾਂ’ ਕਿੱਸਾ ਕਿਸ ਦੀ ਰਚਨਾ ਹੈ?
ਉੱਤਰ – ਪੀਲੂ ਦੀ।
ਪ੍ਰਸ਼ਨ 2. ਸਾਹਿਬਾਂ ਦੇ ਬਾਪ ਦਾ ਨਾਂ ਕੀ ਸੀ?
ਉੱਤਰ – ਖੀਵਾ ਖ਼ਾਨ।
ਪ੍ਰਸ਼ਨ 3. ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ?
ਉੱਤਰ – ਬਿੰਝਲ।
ਪ੍ਰਸ਼ਨ 4. ਮਿਰਜ਼ੇ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ?
ਉੱਤਰ – ਖਰਲਾਂ।
ਪ੍ਰਸ਼ਨ 5. ਮਿਰਜ਼ੇ ਦਾ ਜਨਮ ਕਿਹੜੀ ਬਾਰ ਵਿੱਚ ਹੋਇਆ?
ਉੱਤਰ – ਕਿੜਾਣਾ ਬਾਰ ਵਿੱਚ।
ਪ੍ਰਸ਼ਨ 6. ਮਿਰਜ਼ਾ ਤੇ ਸਾਹਿਬਾਂ ਕਿੱਥੇ ਪੜ੍ਹਦੇ ਸਨ?
ਉੱਤਰ – ਮਸੀਤ ਵਿੱਚ।
ਪ੍ਰਸ਼ਨ 7. ਸਾਹਿਬਾਂ ਪੰਸਾਰੀ ਦੀ ਹੱਟੀ ਉੱਤੇ ਕੀ ਲੈਣ ਗਈ ਸੀ?
ਉੱਤਰ – ਤੇਲ ਲੈਣ।
ਪ੍ਰਸ਼ਨ 8. ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ?
ਉੱਤਰ – ਸ਼ਹਿਦ।
ਪ੍ਰਸ਼ਨ 9. ਖੀਵੇ ਖ਼ਾਨ ਦੀ ਧੀ ਦਾ ਨਾਂ ਕੀ ਸੀ?
ਉੱਤਰ – ਸਾਹਿਬਾਂ।
ਪ੍ਰਸ਼ਨ 10. ਬੀਬੀ ਫ਼ਤਿਮਾ ਕੌਣ ਸੀ?
ਉੱਤਰ – ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ।
ਪ੍ਰਸ਼ਨ 11. ਬੀਬੀ ਫ਼ਾਤਮਾ ਕਿਉਂ ਰੋਂਦੀ ਸੀ?
ਉੱਤਰ – ਆਪਣੇ ਪੁੱਤਰਾਂ ਹਸਨ–ਹੁਸੈਨ ਦੇ ਮਾਰੇ ਜਾਣ ਕਰਕੇ।
ਪ੍ਰਸ਼ਨ 12. ਸਾਹਿਬਾਂ ਦੇ ਘਰ ਵਿੱਚ ਕਿਹੋ-ਜਿਹਾ ਮਾਹੌਲ ਸੀ?
ਉੱਤਰ – ਵਿਆਹ ਦਾ।
ਪ੍ਰਸ਼ਨ 13. ਸਾਹਿਬਾਂ ਕਿਨ੍ਹਾਂ ਦੀ ਧੀ ਸੀ?
ਉੱਤਰ – ਸਿਆਲਾਂ ਦੀ।
ਪ੍ਰਸ਼ਨ 14. ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ?
ਉੱਤਰ – ਤਿੰਨ ਸੌ।
ਪ੍ਰਸ਼ਨ 15. ਮਿਰਜ਼ੇ ਦੀ ਮੌਤ ਕਿਸ ਦੀ ਅਣਹੋਂਦ ਕਾਰਨ ਹੋਈ?
ਉੱਤਰ – ਭਰਾਵਾਂ ਦੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037