ਗੁਰੂ ਅਰਜਨ ਦੇਵ ਜੀ
1. ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰਾ ਓਟ ਤੂੰ ਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭਿ ਤੇਰਾ ਖੇਲੁ ਅਖਾੜਾ ਜੀਉ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਹੀ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ ਹੈ। ਪਰਮਾਤਮਾ ਦੀ ਕਿਰਪਾ ਹੋਣ ਤੇ ਹੀ ਮੈਂ ਉਸ ਨੂੰ ਪਹਿਚਾਣ ਸਕਦਾ ਹਾਂ। ਉਸ ਤੋਂ ਬਿਨਾਂ ਮੇਰਾ ਕੋਈ ਆਪਾ ਨਹੀਂ ਕੋਈ ਮਾਣ ਨਹੀਂ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ! ਤੂੰ ਮੇਰੇ ਪਿਤਾ ਦੀ ਥਾਂ ਹੈਂ, ਤੂੰ ਹੀ ਮੇਰੀ ਮਾਂ ਦੇ ਥਾਂ ਹੈਂ, ਤੂੰ ਮੇਰਾ ਰਿਸ਼ਤੇਦਾਰ ਹੈਂ, ਤੂੰ ਹੀ ਮੇਰਾ ਭਰਾ ਹੈਂ। ਹੇ ਪ੍ਰਭੂ! ਜਦੋਂ ਤੂੰ ਹੀ ਸਭ ਥਾਵਾਂ ਉੱਤੇ ਮੇਰਾ ਰਾਖਾ ਹੈਂ, ਤਾਂ ਮੈਨੂੰ ਕੋਈ ਡਰ ਹੋ ਹੀ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਕਾਬੂ ਨਹੀਂ ਪਾ ਸਕਦੀ। ਹੇ ਪ੍ਰਭੂ! ਤੇਰੀ ਮਿਹਰ ਨਾਲ਼ ਹੀ ਮੈਂ ਤੈਨੂੰ ਪਹਿਚਾਣ ਸਕਦਾ ਹਾਂ,ਤੇਰੇ ਨਾਲ਼ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਮਾਣ ਹੈਂ। ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਸਾਰੇ ਜਗਤ ਦਾ ਇਹ ਖੇਡ ਤੇ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।
(ਅ) ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਧਾਈ ਨਾਨਕ ਜਿਤਾ ਬਿਖਾੜਾ ਜੀਉ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ ਹੈ। ਸਭ ਜੀਵ-ਜੰਤ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਅਤੇ ਆਪਣੀ ਰਜ਼ਾ ਅਨੁਸਾਰ ਵੱਖ-ਵੱਖ ਕੰਮਾਂ-ਕਾਰਾਂ ਵਿੱਚ ਲਾਏ ਹੋਏ ਹਨ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ ! ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਭਾਵ ਜੋ ਤੈਨੂੰ ਭਾਉਂਦਾ ਹੈ, ਤੂੰ ਉਸ ਕੰਮ ਵਿਚ ਸਾਰੇ ਜੀਅ ਜੰਤ ਲਾਏ ਹੋਏ ਹਨ। ਸੰਸਾਰ ਵਿਚ ਜੋ ਕੁਝ ਹੋ ਰਿਹਾ ਹੈ, ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਹੇ ਭਾਈ ! ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਿਕ ਅਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ ! ਪੂਰੇ ਗੁਰੂ ਦੇ ਰਾਹੀਂ ਮੇਰੇ ਅੰਦਰ ਆਤਮਿਕ ਉਤਸ਼ਾਹ ਦਾ ਮਾਨੋ ਢੋਲ ਵੱਜ ਪਿਆ ਹੈ ਤੇ ਮੈਂ ਵਿਕਾਰਾਂ ਨਾਲ਼ ਹੋ ਰਿਹਾ ਔਖਾ ਘੋਲ਼ ਜਿੱਤ ਲਿਆ ਹੈ।
- •• ਕੇਂਦਰੀ ਭਾਵ •••
ਪਰਮਾਤਮਾ ਹੀ ਸਭ ਜੀਵਾਂ ਦਾ ਅਸਲ ਮਾਤਾ-ਪਿਤਾ ਅਤੇ ਸਾਕ-ਸੰਬੰਧੀ ਹੈ। ਪਰਮਾਤਮਾ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਵੱਖ-ਵੱਖ ਕੰਮਾਂ-ਕਾਰਾਂ ਵਿੱਚ ਲਾਇਆ ਹੈ। ਉਸ ਦਾ ਨਾਮ ਧਿਆਉਣ ਨਾਲ਼ ਮਹਾਂ-ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਦਾ ਔਖਾ ਘੋਲ਼ ਜਿੱਤਿਆ ਜਾ ਸਕਦਾ ਹੈ।
- •• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਸਲੋਕ ਕਿਸ ਗੁਰੂ ਦੀ ਰਚਨਾ ਹੈ?
ਉ – ਗੁਰੂ ਅਰਜਨ ਦੇਵ ਜੀ ਦੀ।
ਪ੍ਰ 2. ਗੁਰੂ ਜੀ ਅਨੁਸਾਰ ਮਾਤਾ-ਪਿਤਾ, ਬੰਧਪੁ, ਭ੍ਰਾਤਾ, ਸਭਨੀ ਥਾਂਈ ਰਾਖਾ ਕੌਣ ਹੈ?
ਉ – ਪਰਮਾਤਮਾ।
ਪ੍ਰ 3. ਗੁਰੂ ਜੀ ਅਨੁਸਾਰ ਜੀਵ-ਜੰਤੂ ਕਿਸ ਨੇ ਪੈਦਾ ਕੀਤੇ ਹਨ?
ਉ – ਪਰਮਾਤਮਾ ਨੇ।
ਪ੍ਰ 4. ਕਿਸ ਦਾ ਨਾਮ ਧਿਆਉਣ ਨਾਲ਼ ਮਹਾਂ-ਸੁਖ ਪ੍ਰਾਪਤ ਹੁੰਦਾ ਹੈ?
ਉ – ਪਰਮਾਤਮਾ ਦਾ।
ਪ੍ਰ 5. ਵਿਕਾਰਾਂ ਦਾ ਔਖਾ ਘੋਲ਼ ਕਿਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ?
ਉ – ਗੁਰੂ ਦੀ ਕਿਰਪਾ ਨਾਲ਼।
ਪ੍ਰ 6. ‘ਸੁਖਮਨੀ ਸਾਹਿਬ’ ਕਿਸ ਗੁਰੂ ਦੀ ਬਾਣੀ ਹੈ?
ਉ – ਗੁਰੂ ਅਰਜਨ ਦੇਵ ਜੀ ਦੀ।
ਪ੍ਰ 7. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪਾਦਨਾ ਕਿਸ ਗੁਰੂ ਨੇ ਕਰਵਾਈ?
ਉ – ਗੁਰੂ ਅਰਜਨ ਦੇਵ ਜੀ ਦੀ।
ਪ੍ਰ 8. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
ਉ – 1563 ਈ: ਨੂੰ।
2.ਮਿਠ ਬੋਲੜਾ ਜੀ ਹਰਿ ਸਜਣੁ
(ੳ) ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਮਿਠ ਬੋਲੜਾ ਜੀ ਹਰਿ ਸਜਣੁ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਦੀ ਵਡਿਆਈ ਵਿੱਚ ਲਿਖਦੇ ਹਨ ਕਿ ਮੇਰਾ ਪ੍ਰਭੂ ਨਿਮਰ ਸੁਭਾਅ ਦਾ ਮਾਲਕ ਹੈ ਅਤੇ ਉਹ ਕਣ-ਕਣ ਵਿੱਚ ਵਸਿਆ ਹੋਇਆ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲ਼ਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਵੇ, ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ! ਉਹ ਸਾਰੇ ਗੁਣਾਂ ਨਾਲ਼ ਭਰਪੂਰ ਪੂਰਨ ਭਗਵਾਨ ਹੈ ਅਤੇ ਉਹ ਖਰਵਾ ਬੋਲਣਾ ਜਾਣਦਾ ਹੀ ਨਹੀਂ, ਕਿਉਂਕਿ ਉਹ ਸਾਡਾ ਕੋਈ ਵੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲ਼ਾ ਹੈ,ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਅ ਹੈ। ਉਹ ਕਿਸੇ ਦੀ ਵੀ ਕੀਤੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੰਦਾ। ਹੇ ਭਾਈ! ਮੇਰਾ ਮਾਲਕ ਹਰੇਕ ਸਰੀਰ ਵਿਚ ਵੱਸਦਾ ਹੈ, ਹਰੇਕ ਜੀਵ ਦੇ ਬਹੁਤ ਹੀ ਨੇੜੇ ਵੱਸਦਾ ਹੈ। ਦਾਸ ਹਰ ਸਮੇਂ ਉਸ ਦੀ ਸ਼ਰਨ ਵਿੱਚ ਰਹਿੰਦਾ ਹੈ। ਹੇ ਭਾਈ! ਮੇਰਾ ਪ੍ਰਭੂ ਆਤਮਿਕ ਲਾਭ ਦੇਣ ਵਾਲ਼ਾ ਹੈ।
(ਅ) ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥
ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਮਿਠ ਬੋਲੜਾ ਜੀ ਹਰਿ ਸਜਣੁ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਦੀ ਵਡਿਆਈ ਵਿੱਚ ਲਿਖਦੇ ਹਨ ਕਿ ਮੇਰਾ ਪ੍ਰਭੂ ਨਿਮਰ ਸੁਭਾਅ ਦਾ ਮਾਲਕ ਹੈ ਅਤੇ ਉਹ ਮੁੱਢ-ਕਦੀਮ ਤੋਂ ਹੀ ਕਣ-ਕਣ ਵਿੱਚ ਵਸਿਆ ਹੋਇਆ ਹੈ। ਉਸ ਦੇ ਸੋਹਣੇ ਚਰਨਾਂ ਵਿੱਚ ਰਹਿ ਕੇ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਭਾਈ ! ਉਸ ਬੇਅੰਤ ਪ੍ਰਭੂ ਦੇ ਦਰਸਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ। ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ। ਪ੍ਰਭੂ ਦਾ ਦਰਸ਼ਨ ਕਰਦਿਆਂ ਮੇਰੇ ਅੰਦਰ ਜਾਨ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਸੰਸਾਰ ਦੇ ਸ਼ੁਰੂ ਵਿਚ ਉਹੀ ਸੀ, ਸੰਸਾਰ ਦੇ ਅਖ਼ੀਰ ਵਿਚ ਵੀ ਉਹੀ ਹੋਵੇਗਾ, ਹੁਣ ਇਸ ਵੇਲੇ ਵੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਅਕਾਸ਼ ਵਿਚ ਉਹੀ ਵੱਸਦਾ ਹੈ। ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਉਸ ਦੀ ਕਿਰਪਾ ਨਾਲ਼ ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ। ਹੇ ਪੂਰਨ ਪਰਮੇਸਰ! ਮੈਂ ਤੇਰੀ ਸ਼ਰਨ ਆਇਆ ਹਾਂ। ਮੈਂ ਤੇਰੀ ਹਸਤੀ ਦਾ ਆਦਿ ਅੰਤ ਨਹੀਂ ਲੱਭ ਸਕਦਾ ਹੈ।
- •• ਕੇਂਦਰੀ ਭਾਵ •••
ਉਸ ਮਾਲਕ-ਪਰਮਾਤਮਾ ਦਾ ਸੁਭਾਅ ਬਹੁਤ ਮਿੱਠਾ ਹੈ। ਉਹ ਹਰ ਜੀਵ ਵਿੱਚ ਵਸਦਾ ਹੈ ਅਤੇ ਸਾਰਿਆਂ ਨੂੰ ਆਤਮਿਕ ਸਾਂਤੀ ਭਰਪੂਰ ਜੀਵਨ ਦੇਣ ਵਾਲ਼ਾ ਹੈ।ਉਸ ਦੇ ਦਰਸ਼ਨ ਕਰਨ ਨਾਲ਼ ਜੀਵਾਂ ਨੂੰ ਸਾਂਤੀ ਮਿਲ਼ਦੀ ਹੈ। ਉਹ ਕਣ-ਕਣ ਵਿੱਚ ਵਸਦਾ ਹੈ ਅਤੇ ਉਸ ਦਾ ਧਿਆਨ ਧਰ ਕੇ ਮਨੁੱਖ ਸੰਸਾਰ-ਸਮੁੰਦਰ ਨੂੰ ਪਾਰ ਕਰ ਸਕਦਾ ਹੈ।
- •• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਮਿਠ ਬੋਲੜਾ ਜੀ ਹਰਿ ਸਜਣੁ’ ਸ਼ਬਦ ਕਿਸ ਗੁਰੂ ਦੀ ਰਚਨਾ ਹੈ?
ਉ – ਗੁਰੂ ਅਰਜਨ ਦੇਵ ਜੀ ਦੀ।
ਪ੍ਰ 2.‘ਮਿਠ ਬੋਲੜਾ ਜੀ ਹਰਿ ਸਜਣੁ’ ਸ਼ਬਦ ਵਿੱਚ ਗੁਰੂ ਜੀ ਦੇ ਭਾਵ ਕਿਹੋ ਜਿਹੇ ਹਨ?
ਉ – ਵਿਸਮਾਦ ਤੇ ਨਿਰਮਾਣਤਾ ਭਰੇ।
ਪ੍ਰ 3. ਗੁਰੂ ਜੀ ਕਿਸ ਦੀ ਸ਼ਰਨ ਪੈਣ ਦੀ ਗੱਲ ਕਰਦੇ ਹਨ?
ਉ – ਮਾਲਕ-ਪ੍ਰਭੂ ਦੀ।
ਪ੍ਰ 4. ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਉ – ਪੰਜਵੇਂ ਗੁਰੂ।
ਪ੍ਰ 5. ਗੁਰੂ ਅਰਜਨ ਦੇਵ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?
ਉ – ਗੁਰਮਤਿ ਕਾਵਿ-ਧਾਰਾ ਦੇ।
ਪ੍ਰ 6. ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ?
ਉ – ਸ੍ਰੀ ਗੁਰੂ ਅਰਜਨ ਦੇਵ ਜੀ ਨੇ।
3. ਮੇਰਾ ਮਨੁ ਲੋਚੈ ਗੁਰ ਦਰਸਨ ਤਾਈ
(ੳ) ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ ॥
ਹਉ ਘੋਲੀ ਜੀਉ ਘੋਲਿ ਘੁਮਾਈ
ਗੁਰ ਦਰਸਨ ਸੰਤ ਪਿਆਰੇ ਜੀਉ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਪਰਮਾਤਮਾ ਨਾਲ਼ ਵਿਛੋੜੇ ਅਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੇਕਰਾਰੀ ਨੂੰ ਬਿਆਨ ਕੀਤਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ। ਉਹ ਇਸ ਪ੍ਰਕਾਰ ਤੜਫ਼ ਰਿਹਾ ਹੈ,ਜਿਵੇਂ ਪਪੀਹਾ ਸੁਆਂਤੀ ਬੂੰਦ ਲਈ ਤਰਲੇ ਲੈਂਦਾ ਹੈ। ਪਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾਂ ਦਰਸ਼ਨ ਕਰਨ ਦੀ ਮੇਰੀ ਆਤਮਿਕ ਤ੍ਰੇਹ ਮਿਟਦੀ ਨਹੀਂ ਅਤੇ ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ। ਮੈਂ ਪਿਆਰੇ ਸੰਤ-ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ।
(ਅ) ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਚਿਰੁ ਹੋਆ ਦੇਖੇ ਸਾਰੰਗਿ ਪਾਣੀ ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ
ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥
ਹਉ ਘੋਲੀ ਜੀਉ ਘੋਲਿ ਘੁਮਾਈ
ਗੁਰ ਸਜਣ ਮੀਤ ਮੁਰਾਰੇ ਜੀਉ ॥
ਪ੍ਰਸੰਗ – ਇਹ ਸ਼ਬਦ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਨਾਲ਼ ਵਿਛੋੜੇ ਅਤੇ ਚੌਥੇ ਬੰਦ ਵਿੱਚ ਮਿਲ਼ਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੇਕਰਾਰੀ ਨੂੰ ਬਿਆਨ ਕੀਤਾ ਹੈ ਅਤੇ ਪ੍ਰਭੂ ਦੇ ਮੁੱਖ ਦੀ ਮਹਿਮਾ ਗਾਈ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ ਜੀ! ਤੇਰੇ ਮੂੰਹ ਦਾ ਦਰਸ਼ਨ ਸੁਖ ਦੇਣ ਵਾਲ਼ਾ ਹੈ। ਤੇਰੀ ਸਿਫ਼ਤ-ਸਾਲਾਹ ਮੇਰੇ ਅੰਦਰ ਆਤਮਿਕ ਅਡੋਲਤਾ ਦੀ ਲਹਿਰ ਪੈਦਾ ਕਰਦੀ ਹੈ। ਤੇਰੇ ਦਰਸ਼ਨ ਕੀਤਿਆਂ ਚਿਰ ਹੋ ਗਿਆ ਹੈ। ਵਿਛੋੜੇ ਵਿੱਚ ਮੇਰੀ ਅਵਸਥਾ ਉਸ ਪਪੀਹੇ ਵਰਗੀ ਹੈ, ਜਿਸ ਨੂੰ ਪਾਣੀ ਦੀ ਬੂੰਦ ਨੂੰ ਦੇਖਿਆਂ ਬਹੁਤ ਸਮਾਂ ਹੋ ਗਿਆ ਹੋਵੇ। ਮੇਰੇ ਸੱਜਣ ਪ੍ਰਭੂ! ਉਹ ਦੇਸ਼ ਭਾਗਾਂ ਵਾਲ਼ਾ ਹੈ, ਜਿਸ ਵਿਚ ਤੂੰ ਸਦਾ ਵੱਸਦਾ ਹੈਂ। ਹੇ ਮੇਰੇ ਮੀਤ ਤੇ ਸੱਜਣ ਗੁਰੂ ਜੀ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।
(ੲ) ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਪਰਮਾਤਮਾ ਨਾਲ਼ ਵਿਛੋੜੇ ਅਤੇ ਚੌਥੇ ਬੰਦ ਵਿੱਚ ਮਿਲ਼ਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ।ਇਹਨਾਂ ਸਤਰਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੇਕਰਾਰੀ ਨੂੰ ਬਿਆਨ ਕੀਤਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪਿਆਰੇ ਭਗਵਾਨ ! ਜਦੋਂ ਮੈਂ ਤੈਨੂੰ ਇਕ ਘੜੀ ਲਈ ਵੀ ਨਹੀਂ ਮਿਲ਼ਦਾ ਤਾਂ ਮੇਰੇ ਲਈ ਉਹ ਸਮਾਂ ਲੰਘਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਹ ਘੜੀ ਮੇਰੇ ਲਈ ਕਲਯੁਗ ਵਾਂਗ ਲੰਘਦੀ ਹੈ। ਮੈਂ ਤੇਰੇ ਵਿਛੋੜੇ ਵਿਚ ਤੜਫ਼ ਰਿਹਾ ਹਾਂ, ਹੇ ਪ੍ਰਭੂ ! ਦੱਸੋ ਹੁਣ ਤੁਸੀਂ ਮੈਨੂੰ ਕਦੋਂ ਮਿਲੋ਼ਗੇ? ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾਂ ਮੇਰੀ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ। ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਸਦਾ ਅਟੱਲ ਰਹਿਣ ਵਾਲ਼ਾ ਹੈ।
(ਸ) ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ
ਜਨ ਨਾਨਕ ਦਾਸ ਤੁਮਾਰੇ ਜੀਉ ॥
ਹਉ ਘੋਲੀ ਜੀਉ ਘੋਲਿ ਘੁਮਾਈ
ਜਨ ਨਾਨਕ ਦਾਸ ਤੁਮਾਰੇ ਜੀਉ ॥
ਪ੍ਰਸੰਗ – ਇਹ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ਵਿੱਚ ਗੁਰਮਤਿ-ਕਾਵਿ ਭਾਗ ਵਿੱਚ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਪਰਮਾਤਮਾ ਨਾਲ਼ ਵਿਛੋੜੇ ਅਤੇ ਚੌਥੇ ਬੰਦ ਵਿੱਚ ਮਿਲ਼ਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ।ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਚੰਗੇ ਭਾਗਾਂ ਨਾਲ਼ ਪ੍ਰਾਪਤ ਹੋਏ ਮਿਲ਼ਾਪ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਖ਼ੁਸ਼ੀ ਨੂੰ ਪ੍ਰਗਟ ਕੀਤਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਭਾਈ! ਮੇਰੇ ਭਾਗ ਜਾਗ ਪਏ ਹਨ ਅਤੇ ਚੰਗੇ ਭਾਗਾਂ ਨਾਲ਼ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਨਾਲ਼ ਮਿਲ਼ਾ ਦਿੱਤਾ ਹੈ। ਗੁਰੂ ਦੀ ਸਿੱਖਿਆ ਨਾਲ਼ ਉਸ ਕਦੇ ਨਾ ਨਾਸ ਹੋਣ ਵਾਲ਼ੇ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ। ਹੇ ਪ੍ਰਭੂ! ਮੈਂ ਆਪ ਜੀ ਦਾ ਦਾਸ ਹਾਂ। ਹੁਣ ਮੈਂ ਹਰ ਵਕਤ ਆਪ ਜੀ ਦੀ ਸੇਵਾ ਕਰਾਂਗਾ। ਮੈਂ ਇਕ ਪਲ ਜਾਂ ਅੱਖ ਝਪਕਣ ਜਿੰਨੇ ਸਮੇਂ ਲਈ ਵੀ ਮੈਂ ਆਪ ਜੀ ਤੋਂ ਵਿੱਛੜਾਂਗਾ ਨਹੀਂ। ਮੈਂ ਆਪਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
- •• ਕੇਂਦਰੀ ਭਾਵ •••
ਇੱਕ ਗੁਰਸਿੱਖ ਮਨੁੱਖ ਗੁਰੂ ਦੇ ਵਿਛੋੜੇ ਵਿੱਚ ਬੇਕਰਾਰ ਹੁੰਦਾ ਹੈ ਅਤੇ ਉਸ ਦਾ ਮਿਲ਼ਾਪ ਪ੍ਰਾਪਤ ਕਰਨ ਲਈ ਤੜਫਦਾ ਹੈ। ਪ੍ਰਭੂ ਦੀ ਕਿਰਪਾ ਨਾਲ਼ ਉਸ ਨੂੰ ਗੁਰੂ ਦਾ ਮਿਲ਼ਾਪ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਜੋ ਕਿ ਬਹੁਤ ਅਨੰਦਮਈ ਹੁੰਦਾ ਹੈ।
- •• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ ਸ਼ਬਦ ਕਿਸ ਗੁਰੂ ਦੀ ਰਚਨਾ ਹੈ?
ਉ – ਗੁਰੂ ਅਰਜਨ ਦੇਵ ਜੀ ਦੀ।
ਪ੍ਰ 2. ਗੁਰੂ ਜੀ ਦਾ ਮਨ ਗੁਰੂ-ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਵਿਲਕ ਰਿਹਾ ਹੈ?
ਉ – ਪਪੀਹੇ ਵਾਂਗ।
ਪ੍ਰ 3. ਗੁਰੂ ਜੀ ਨੇ ‘ਮੇਰੇ ਸਜਣੁ ਮੀਤ ਮੁਰਾਰੇ ਜੀਓ’ ਕਿਸ ਨੂੰ ਕਿਹਾ ਹੈ?
ਉ – ਗੁਰੂ-ਪਿਤਾ ਨੂੰ।
ਪ੍ਰ 4. ਗੁਰੂ- ਸੰਤਾਂ ਨਾਲ਼ ਕਿਸ ਨੇ ਮਿਲਾਇਆ ਹੈ?
ਉ – ਪਰਮਾਤਮਾ ਨੇ।
ਪ੍ਰ 5. ਗੁਰੂ ਮਿਲ਼ਾਪ ਪ੍ਰਾਪਤ ਕਰ ਕੇ ਗੁਰੂ ਜੀ ਕੀ ਕਰਨਾ ਚਾਹੁੰਦੇ ਹਨ?
ਉ – ਗੁਰੂ ਦੀ ਸੇਵਾ।
ਪ੍ਰ 6. ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ ਸ਼ਬਦ ਦੇ ਪਹਿਲੇ ਤਿੰਨ ਬੰਦਾਂ ਦੇ ਭਾਵ ਕਿਹੋ ਜਿਹੇ ਹਨ?
ਉ – ਵਿਆਕੁਲਤਾ ਭਰੇ।
ਪ੍ਰ 7. ਗੁਰੂ ਜੀ ਲਈ ਪਰਮਾਤਮਾ ਦੇ ਵਿਛੋੜੇ ਵਿੱਚ ਸਮਾਂ ਬਿਤਾਉਣਾ ਕਿਵੇਂ ਲੱਗਦਾ ਹੈ?
ਉ – ਕਲਯੁਗ ਵਾਂਗ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037