ਗੁਰੂ ਅਮਰਦਾਸ ਜੀ –
1.ਅਨੰਦ ਭਇਆ ਮੇਰੀ ਮਾਏ
(ੳ) ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੂ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥
ਪ੍ਰਸੰਗ – ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ। ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਅਨੰਦ ਭਇਆ ਮੇਰੀ ਮਾਏ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਆਪਣੀ ਸਾਰੀ ਉਮਰ ਮੋਹ ਮਾਇਆ ਦੇ ਹੱਥਾਂ ਵਿੱਚ ਨੱਚਦਾ ਰਹਿੰਦਾ ਹੈ ਅਤੇ ਦੁਖੀ ਰਹਿੰਦਾ ਹੈ। ਜਿਸ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲ਼ੇ ਅਨੰਦ ਬਣਿਆ ਰਹਿੰਦਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ,ਹੇ ਮੇਰੀ ਮਾਂ ! ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ, ਕਿਉਂਕਿ ਮੈਨੂੰ ਗੁਰੂ ਮਿਲ਼ ਗਿਆ ਹੈ। ਮੈਨੂੰ ਗੁਰੂ ਮਿਲਿਆ ਹੈ ਤੇ ਨਾਲ਼ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ, ਭਾਵ ਗੁਰੂ ਦੇ ਮਿਲ਼ਣ ਨਾਲ਼ ਮੇਰਾ ਮਨ ਡੋਲਣ ਤੋਂ ਹਟ ਗਿਆ ਹੈ। ਮੇਰੇ ਮਨ ਵਿੱਚ ਖ਼ੁਸ਼ੀਆਂ ਦੇ ਵਾਜੇ ਵੱਜ ਪਏ ਹਨ। ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿੱਚ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਉਣ ਆ ਗਏ ਹਨ। ਹੇ ਮੇਰੀ ਮਾਂ ! ਤੁਸੀਂ ਵੀ ਪ੍ਰਭੂ ਦੀ ਸਿਫ਼ਤ-ਸਲਾਹ ਦਾ ਗੀਤ ਗਾਵੋ, ਜਿਨ੍ਹਾਂ ਨੇ ਸਿਫ਼ਤ-ਸਲਾਹ ਦਾ ਸ਼ਬਦ ਮਨ ਵਿੱਚ ਵਸਾਇਆ ਹੈ, ਉਨ੍ਹਾਂ ਦੇ ਮਨ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ। ਨਾਨਕ ਆਖਦਾ ਹੈ, ਮੇਰੇ ਅੰਦਰ ਵੀ ਅਨੰਦ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ।
(ਅ) ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲਿ ਰਹੁ ਤੂ ਮਨ ਮੇਰੇ ਦੂਖ ਸਭਿ ਵਿਸਾਰਣਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥
ਪ੍ਰਸੰਗ – ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਆਨੰਦ ਭਇਆ ਮੇਰੀ ਮਾਏ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਸਾਰੀ ਉਮਰ ਮੋਹ ਮਾਇਆ ਦੇ ਹੱਥਾਂ ਵਿੱਚ ਨੱਚਦਾ ਰਹਿੰਦਾ ਹੈ ਅਤੇ ਦੁਖੀ ਰਹਿੰਦਾ ਹੈ। ਜਿਸ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ, ਕਿਉਂਕਿ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਮੇਰੇ ਮਨ ! ਤੋਂ ਸਦਾ ਪ੍ਰਭੂ ਦੇ ਨਾਲ਼ ਜੁੜਿਆ ਰਿਹਾ ਕਰ। ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ। ਉਹ ਪ੍ਰਭੂ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲ਼ਾ ਹੈ। ਉਹ ਸਦਾ ਤੇਰੀ ਸਹਾਇਤਾ ਕਰਨ ਵਾਲ਼ਾ ਹੈ। ਉਹ ਹਰ ਸਮੇਂ ਤੇਰੇ ਨਾਲ਼ ਰਹਿ ਕੇ ਤੇਰੇ ਸਾਰੇ ਕੰਮ ਸਵਾਰਦਾ ਹੈ। ਉਹ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ। ਹੇ ਭਾਈ ! ਉਸ ਮਾਲਕ ਨੂੰ ਕਿਉਂ ਆਪਣੇ ਮਨ ਤੋਂ ਭੁਲਾਇਆ ਹੈ ? ਜੋ ਸਾਰੇ ਕੰਮ ਕਰਨ ਜੋਗਾ ਹੈ। ਨਾਨਕ ਸਾਹਿਬ ਜੀ ਆਖਦੇ ਹਨ , ਹੇ ਮੇਰੇ ਮਨ ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿ।
•• ਕੇਂਦਰੀ ਭਾਵ •••
ਪਰਮਾਤਮਾ ਦੀ ਮਿਹਰ ਨਾਲ਼ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਉਪਦੇਸ਼ ਨਾਲ਼ ਮਨੁੱਖ ਦੀ ਮਾਇਆ ਦੀ ਭਟਕਣਾ ਦੂਰ ਹੁੰਦੀ ਹੈ । ਉਸ ਦੀ ਦੁੱਖਾਂ-ਕਲੇਸ਼ਾਂ ਤੋਂ ਨਵਿਰਤੀ ਹੁੰਦੀ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿੱਚ ਜੁੜਿਆ ਮਨ ਅਡੋਲ ਅਨੰਦ ਦੀ ਪ੍ਰਾਪਤ ਅਵਸਥਾ ਵਿੱਚ ਟਿਕ ਜਾਂਦਾ ਹੈ ।
•• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ਅਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?
ਉ – ਸਤਿਗੁਰੂ ਦੀ ਪ੍ਰਾਪਤੀ ਨਾਲ਼।
ਪ੍ਰ 2. ਸਤਿਗੁਰੂ ਦੀ ਪ੍ਰਾਪਤੀ ਨਾਲ਼ ਕੀ ਪ੍ਰਾਪਤ ਹੁੰਦਾ ਹੈ?
ਉ – ਅਨੰਦਪੂਰਨ ਅਡੋਲ ਅਵਸਥਾ।
ਪ੍ਰ 3. ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ?
ਉ – ਪ੍ਰਭੂ ਦੀ ਸਿਫ਼ਤ-ਸਲਾਹ ਦਾ।
ਪ੍ਰ 4. ਅਨੰਦ ਦਾ ਕੀ ਅਰਥ ਹੈ?
ਉ – ਪੂਰਨ ਖੜਾਓ।
ਪ੍ਰ 5. ਪਰਮਾਤਮਾ ਨਾਲ਼ ਸਦਾ ਚਿੱਤ ਲਾਈ ਰੱਖਣ ਦਾ ਕੀ ਲਾਭ ਹੈ?
ਉ – ਦੁੱਖ ਦੂਰ ਹੁੰਦੇ ਹਨ।
ਪ੍ਰ 6. ਅਨੰਦ ਦੀ ਪ੍ਰਾਪਤੀ ਕਿਸ ਰਾਹੀਂ ਹੁੰਦੀ ਹੈ?
ਉ – ਸਤਿਗੁਰੂ ਰਾਹੀਂ।
ਪ੍ਰ 7. ਗੁਰੂ ਜੀ ਮਨ ਨੂੰ ਕਿਸ ਨਾਲ਼ ਜੁੜਿਆ ਰਹਿਣ ਲਈ ਕਹਿੰਦੇ ਹਨ?
ਉ – ਪਰਮਾਤਮਾ ਨਾਲ਼।
ਪ੍ਰ 8. ਗੁਰੂ ਜੀ ਅਨੁਸਾਰ ਮਨੁੱਖ ਦੇ ਸਾਰੇ ਕੰਮਾਂ ਵਿੱਚ ਅੰਗੀਕਾਰ ਕੌਣ ਬਣਦਾ ਹੈ?
ਉ – ਪਰਮਾਤਮਾ ।
ਪ੍ਰ 9. ‘ਅਨੰਦ ਭਇਆ ਮੇਰੀ ਮਾਏ’ ਸ਼ਬਦ ਕਿਸ ਦੀ ਰਚਨਾ ਹੈ?
ਉ – ਗੁਰੂ ਅਮਰਦਾਸ ਜੀ ਦੀ।
2. ਏ ਸਰੀਰਾ ਮੇਰਿਆ
ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰਪਰਸਾਦੀ ਹਰਿ ਮਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥
ਪ੍ਰਸੰਗ – ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ ਅਤੇ ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ‘ਏ ਸਰੀਰਾ ਮੇਰਿਆ’ ਸਿਰਲੇਖ ਅਧੀਨ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਮਨੁੱਖ ਜਨਮ ਲੈਂਦਿਆਂ ਹੀ ਮੋਹ ਮਾਇਆ ਦੇ ਚੱਕਰ ਵਿੱਚ ਫਸ ਜਾਂਦਾ ਹੈ ਅਤੇ ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਫਿਰ ਪਰਮਾਤਮਾ ਉਸ ਤੇ ਮਿਹਰ ਕਰਦਾ ਹੈ ਅਤੇ ਉਸ ਦੇ ਦੁੱਖਾਂ ਦੀ ਨਵਿਰਤੀ ਹੁੰਦੀ ਹੈ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ , ਹੇ ਮੇਰੇ ਸਰੀਰ ! ਇਸ ਸੰਸਾਰ ਵਿੱਚ ਜਨਮ ਲੈ ਕੇ ਤੂੰ ਕਿਹੜੇ ਫ਼ਜੂਲ ਕੰਮ ਕਰਨ ਲੱਗ ਗਿਆ ਹੈਂ ? ਜਦੋਂ ਤੋਂ ਤੂੰ ਇਸ ਸੰਸਾਰ ਵਿੱਚ ਜਨਮ ਲਿਆ ਹੈ , ਤੂੰ ਵਿਅਰਥ ਦੇ ਕੰਮ ਕਰਨ ਵਿੱਚ ਭਟਕ ਰਿਹਾ ਹੈਂ । ਤੇਰੇ ਕਰਨ ਯੋਗ ਉੱਤਮ ਕੰਮ ਸੀ ਕਿ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ , ਜਿਸ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਹੈ । ਪਰ ਤੂੰ ਇਹ ਕੰਮ ਨਹੀਂ ਕੀਤਾ ਅਤੇ ਪ੍ਰਭੂ ਨੂੰ ਭੁੱਲ ਗਿਆ । ਜਿਨ੍ਹਾਂ ਮਨੁੱਖਾਂ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ , ਉਹਨਾਂ ਦੇ ਪੂਰਬਲੇ ਕਰਮਾਂ ਕਰਕੇ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਗਿਆ । ਜਿਹਨਾਂ ਮਨੁੱਖਾਂ ਨੇ ਆਪਣਾ ਮਨ ਸਤਿਗੁਰੂ ਨਾਲ਼ ਜੋੜ ਲਿਆ, ਉਹਨਾਂ ਦਾ ਸਰੀਰ ਸਫ਼ਲ ਹੁੰਦਾ ਹੈ ।
- •• ਕੇਂਦਰੀ ਭਾਵ •••
ਮੁੱਨਖੀ ਸਰੀਰ ਇਸ ਸੰਸਾਰ ਵਿੱਚ ਆ ਕੇ ਆਪਣੇ ਰਚਣਹਾਰ ਪਰਮਾਤਮਾ ਨੂੰ ਭੁੱਲ ਕੇ ਫ਼ਜੂਲ ਦੇ ਕੰਮ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ ,ਪਰ ਜਿਹਨਾਂ ਉੱਤੇ ਪੂਰਬਲੇ ਕਰਮਾਂ ਅਨੁਸਾਰ ਸਤਿਗੁਰੂ ਦੀ ਮਿਹਰ ਹੁੰਦੀ ਹੈ , ਉਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਸਰੀਰ ਸਫ਼ਲ ਹੋ ਜਾਂਦਾ ਹੈ ।
- •• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਏ ਸਰੀਰਾ ਮੇਰਿਆ’ ਬਾਣੀ ਕਿਸ ਨੂੰ ਸੰਬੋਧਿਤ ਹੈ?
ਉ – ਸਰੀਰ ਨੂੰ।
ਪ੍ਰ 2. ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ?
ਉ – ਫ਼ਜੂਲ ਕੰਮ।
ਪ੍ਰ 3. ਗੁਰੂ ਜੀ ਮਨੁੱਖੀ ਸਰੀਰ ਤੋਂ ਕਿਸ ਤਰ੍ਹਾਂ ਦੇ ਕੰਮ ਦੀ ਆਸ ਕਰਦੇ ਹਨ?
ਉ – ਆਤਮਿਕ ਲਾਭ ਦੇਣ ਵਾਲ਼ੇ।
ਪ੍ਰ 4. ਸਰੀਰ ਦਾ ਰਚਨ ਕਿਸ ਨੇ ਰਚਿਆ ਹੈ?
ਉ – ਪਰਮਾਤਮਾ ਨੇ।
ਪ੍ਰ 5. ਸਰੀਰ ਨੇ ਕਿਸ ਨੂੰ ਮਨ ਵਿੱਚ ਨਹੀਂ ਵਸਾਇਆ?
ਉ – ਰਚਣਹਾਰ ਪਰਮਾਤਮਾ ਨੂੰ।
ਪ੍ਰ 6 ਪਰਮਾਤਮਾ ਮਨ ਵਿੱਚ ਕਿਸ ਦੀ ਮਿਹਰ ਨਾਲ਼ ਨਿਵਾਸ ਕਰਦਾ ਹੈ?
ਉ – ਗੁਰੂ ਦੀ।
ਪ੍ਰ 7. ਪੂਰਬਲੇ ਕਰਮਾਂ ਕਰਕੇ ਕੌਣ ਮਨ ਵਿੱਚ ਆ ਵਸਦਾ ਹੈ?
ਉ – ਪਰਮਾਤਮਾ।
ਪ੍ਰ 8. ਕਿਸ ਨਾਲ਼ ਚਿੱਤ ਲਾਉਣ ਵਾਲ਼ਾ ਸਰੀਰ ਪਰਵਾਨ ਹੁੰਦਾ ਹੈ?
ਉ – ਸਤਿਗੁਰੂ ਨਾਲ਼।
ਪ੍ਰ 9. ਗੁਰੂ ਅਮਰਦਾਸ ਜੀ ਨੇ ਬਾਣੀ ਕਿੰਨ੍ਹੇ ਰਾਗਾਂ ਵਿੱਚ ਰਚੀ?
ਉ – 17 ਰਾਗਾਂ ਵਿੱਚ।
ਪ੍ਰ 10. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?
ਉ – 1479 ਈ: ਵਿੱਚ।
ਪ੍ਰ 11. ਗੁਰੂ ਅਮਰਦਾਸ ਜੀ ਜੋਤੀ-ਜੋਤ ਕਦੋਂ ਸਮਾਏ?
ਉ – 1574 ਈ: ਵਿੱਚ।
ਪ੍ਰ 12.‘ਏ ਸਰੀਰਾ ਮੇਰਿਆ’ਸ਼ਬਦ ਕਿਸ ਗੁਰੂ ਦੀ ਰਚਨਾ ਹੈ?
ਉ – ਗੁਰੂ ਅਮਰਦਾਸ ਜੀ ਦੀ।
3. ਕਿਰਪਾ ਕਰਿ ਕੈ ਬਖਸਿ ਲੈਹੁ
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥
ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ ਜੈਕਾਰ ॥
ਪ੍ਰਸੰਗ – ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਸਲੋਕ ਵਾਰਾਂ ਤੇ ਵਧੀਕ’ ਵਿੱਚੋਂ ਲਿਆ ਗਿਆ ਹੈ । ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਤਕ ‘ਸਾਹਿਤ-ਮਾਲਾ’ ਵਿੱਚ ਦਰਜ ‘ਕਿਰਪਾ ਕਰਿ ਕੈ ਬਖਸਿ ਲੈਹੁ’ ਸਿਰਲੇਖ ਅਧੀਨ ਦਰਜ ਹੈ । ਇਸ ਸਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗ਼ੁਨਾਹਗਾਰ ਦਸਦਿਆਂ ਹੋਇਆਂ ਪ੍ਰਭੂ ਨੂੰ ਆਪਣੀ ਮਿਹਰ ਨਾਲ਼ ਬਖ਼ਸ਼ ਦੇਣ ਦੀ ਬੇਨਤੀ ਕੀਤੀ ਹੈ ।
ਵਿਆਖਿਆ – ਗੁਰੂ ਜੀ ਪ੍ਰਭੂ ਅੱਗੇ ਅਰਦਾਸ ਕਰਦੇ ਲਿਖਦੇ ਹਨ ਕਿ ਹੇ ਪਰਮਾਤਮਾ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, ਸਾਡੀਆਂ ਭੁੱਲਾਂ ਦਾ ਅੰਤ ਨਹੀਂ ਪੈ ਸਕਦਾ। ਸਾਡੀਆਂ ਭੁੱਲਾਂ ਦਾ ਉਰਲਾ-ਪਾਰਲਾ ਬੰਨਾ ਨਹੀਂ ਲੱਭਦਾ। ਹੇ ਪਰਮਾਤਮਾ! ਤੂੰ ਮਿਹਰ ਕਰਕੇ ਆਪ ਹੀ ਸਾਨੂੰ ਬਖ਼ਸ਼ ਲੈ, ਅਸੀਂ ਬਹੁਤ ਵੱਡੇ ਪਾਪੀ ਹਾਂ, ਗ਼ੁਨਾਹਗਾਰ ਹਾਂ। ਹੇ ਪ੍ਰਭੂ! ਮੇਰੇ ਕੀਤੇ ਕਰਮਾਂ ਦੇ ਹਿਸਾਬ ਰਾਹੀਂ ਤਾਂ ਸਾਡੀ ਬਖ਼ਸਿਸ਼ ਹਾਸਲ ਕਰਨ ਦੀ ਵਾਰੀ ਹੀ ਨਹੀਂ ਆ ਸਕਦੀ। ਪ੍ਰਭੂ ਤੂੰ ਮੇਰੀਆਂ ਭੁੱਲਾਂ ਬਖ਼ਸ਼ ਕੇ ਮੈਨੂੰ ਆਪਣੇ ਚਰਨਾਂ ਵਿੱਚ ਮਿਲਾਣ ਦੀ ਸਮਰੱਥਾ ਵਾਲ਼ਾ ਹੈ। ਹੇ ਭਾਈ! ਜਿਸ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਸ ਦੇ ਅੰਦਰੋਂ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ ਪ੍ਰਭੂ ਨਾਲ਼ ਮਿਲ਼ਾ ਦਿੱਤਾ। ਹੇ ਦਾਸ! ਜਿਹਨਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਲੋਕ-ਪਰਲੋਕ ਵਿੱਚ ਇੱਜ਼ਤ ਮਿਲਦੀ ਹੈ।
- •• ਕੇਂਦਰੀ ਭਾਵ •••
ਜੀਵ ਬਹੁਤ ਭੁੱਲਾਂ ਤੇ ਗ਼ੁਨਾਹ ਕਰਨ ਵਾਲ਼ਾ ਹੈ, ਜਿਨ੍ਹਾਂ ਨੂੰ ਪ੍ਰਭੂ ਕਿਰਪਾ ਕਰ ਕੇ ਹੀ ਉਸ ਨੂੰ ਬਖ਼ਸ ਸਕਦਾ ਹੈ। ਪ੍ਰਭੂ ਨਾਲ਼ ਮੇਲ਼-ਮਿਲ਼ਾਪ ਉਹਨਾਂ ਦਾ ਹੁੰਦਾ ਹੈ , ਜਿਰੜੇ ਉਸ ਦਾ ਨਾਮ ਧਿਆ ਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲ਼ੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ ।
- •• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1.‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ ਵਿੱਚ ਪ੍ਰਭੂ ਅੱਗੇ ਕਾਹਦੀ ਅਰਦਾਸ ਕੀਤੀ ਗਈ ਹੈ?
ਉ – ਗ਼ੁਨਾਹ ਬਖ਼ਸ਼ਣ ਲਈ।
ਪ੍ਰ 2. ਸਾਰੇ ਜੀਵ ਕਿਹੋ ਜਿਹੇ ਹਨ?
ਉ – ਪਾਪੀ ਤੇ ਗ਼ੁਨਾਹਗਾਰ।
ਪ੍ਰ 3. ਮਨੁੱਖ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ?
ਉ – ਭੁੱਲਾਂ ਤੇ ਗ਼ੁਨਾਹ ਕਰਨ ਵਾਲ਼ੀ।
ਪ੍ਰ 4. ਪ੍ਰਭੂ ਨਾਲ਼ ਕਿਵੇਂ ਮਿਲਿਆ ਜਾ ਸਕਦਾ ਹੈ?
ਉ – ਉਸ ਦੀ ਬਖ਼ਸ਼ਿਸ਼ ਨਾਲ਼।
ਪ੍ਰ 5. ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖ਼ਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ?
ਉ – ਆਪਣੇ ਕਰਮਾਂ ਦੇ ਲੇਖੇ ਨਾਲ਼।
ਪ੍ਰ 6. ਗੁਰੂ ਪ੍ਰਸੰਨ ਹੋ ਕੇ ਕਿਸ ਦਾ ਨਾਸ਼ ਕਰਦਾ ਹੈ?
ਉ – ਪਾਪਾਂ ਤੇ ਵਿਕਾਰਾਂ ਦਾ।
ਪ੍ਰ 7. ਗੁਰੂ ਪ੍ਰਸੰਨ ਹੋ ਕੇ ਕਿਹੜੀ ਦਾਤ ਦਿੰਦਾ ਹੈ?
ਉ – ਨਾਮ ਸਿਮਰਨ ਦੀ।
ਪ੍ਰ 8. ‘ਕਿਲਵਿਖ’ ਤੋਂ ਕੀ ਭਾਵ ਹੈ?
ਉ – ਪਾਪ।
ਪ੍ਰ 9. ਸੰਸਾਰ ਵਿੱਚ ਕਿੰਨ੍ਹਾਂ ਦੀ ਜੈ-ਜੈ ਕਾਰ ਹੁੰਦੀ ਹੈ?
ਉ – ਨਾਮ ਸਿਮਰਨ ਕਰਨ ਵਾਲ਼ਿਆਂ ਦੀ।
ਪ੍ਰ 10. ਸਤਿਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਹੈ?
ਉ – ਵਿਕਾਰਾਂ ਦਾ ਨਾਸ਼ ਅਤੇ ਪ੍ਰਭੂ ਨਾਲ਼ ਮਿਲਾਪ।
ਪ੍ਰ 11. ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਕਿਹੜੀ ਹੈ?
ਉ – ‘ਅਨੰਦ ਸਾਹਿਬ।
ਪ੍ਰ 12. ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਉ – ਤੀਜੇ ਗੁਰੂ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037