1. ਗੁਰੂ ਗੋਬਿੰਦ ਸਿੰਘ ਜੀ –
ਚੰਡੀ ਦੀ ਵਾਰ
ਚੋਟ ਪਈ ਦਮਾਮੇ ਦਲਾਂ ਮੁਕਾਬਲਾ।।
ਦੇਵੀ ਦਸਤ ਨਚਾਈ ਸੀਹਣ ਸਾਰਦੀ।।
ਪੇਟ ਮਲੰਦੇ ਲਾਈ ਮਹਖੇ ਦੈਤ ਨੂੰ।।
ਗੁਰਦੇ ਆਦਾ ਖਾਈ ਨਾਲੇ ਰੁਕੜੇ।।
ਜੇਹੀ ਦਿਲ ਵਿੱਚ ਆਈ ਕਹੀ ਸੁਣਾਇ ਕੈ।।
ਚੋਟੀ ਜਾਣ ਦਿਖਾਈ ਤਾਰੇ ਧੂਮਕੇਤ।।10।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਦੁਰਗਾ ਦੇਵੀ ਹੱਥੋਂ ਮਹਿਖੇ ਦੈਂਤ ਦੀ ਮੌਤ ਦਾ ਵਰਣਨ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਜੰਗ ਦਾ ਧੌਂਸਾ ਵੱਜਿਆ ਤੇ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦਾ ਟਾਕਰਾ ਸ਼ੁਰੂ ਹੋ ਗਿਆ। ਫ਼ੌਜਾਂ ਦਾ ਭੇੜ ਹੁੰਦਾ ਵੇਖ ਕੇ ਦੇਵੀ ਦੁਰਗਾ ਨੇ ਆਪਣੇ ਹੱਥ ਵਾਲ਼ੀ ਫ਼ੌਲਾਦੀ ਤਲਵਾਰ ਨੂੰ ਘੁਮਾਇਆ। ਦੁਰਗਾ ਨੇ ਬੜ੍ਹਕਾਂ ਮਾਰ ਰਹੇ ਮਹਿਖਾਸੁਰ ਦੈਂਤ ਦੇ ਢਿੱਡ ਵਿੱਚ ਤਲਵਾਰ ਮਾਰੀ। ਦੇਵੀ ਨੇ ਏਨੇ ਜ਼ੋਰ ਨਾਲ਼ ਤਲਵਾਰ ਮਾਰੀ ਕਿ ਉਸ ਰਾਖਸ਼ ਦੇ ਗੁਰਦੇ, ਆਂਦਰਾਂ ਤੇ ਪੱਸਲ਼ੀਆਂ ਚੀਰੀਆਂ ਗਈਆਂ। ਦੁਰਗਾ ਦੀ ਚੱਲ ਰਹੀ ਤਲਵਾਰ ਦੀ ਜਿਹੋ–ਜਿਹੀ ਵਡਿਆਈ ਗੁਰੂ ਜੀ ਦੇ ਮਨ ਵਿੱਚ ਆਈ ਹੈ, ਉਹ ਸੁਣਾ ਦਿੱਤੀ ਹੈ। ਇਹ ਤਲਵਾਰ ਨਹੀਂ ਸਗੋਂ ਇਉਂ ਜਾਣੇ ਕਿ ਇਹ ਬੋਦੀ ਵਾਲ਼ੇ ਤਾਰੇ ਨੇ ਆਪਣੀ ਬੋਦੀ ਵਿਖਾਈ ਹੈ।
ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ।।
ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ।।
ਵਾਹਨ ਵਾਰੋ ਵਾਰੀ ਸੂਰੇ ਸੰਘਰੇ।।
ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ।।
ਦੇਖਨ ਬੈਠ ਅਟਾਰੀ ਨਾਰੀ ਰਾਕਸ਼ਾਂ।।
ਪਾਈ ਧੂਮ ਸਵਾਰੀ ਦੁਰਗਾ ਦਾਨਵੀ।।11।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਲੜਾਈ ਦੇ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਨਗਾਰਿਆਂ ’ਤੇ ਚੋਟਾਂ ਲੱਗਣ ਨਾਲ਼ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਜੰਗ ਵਿੱਚ ਜੁਟ ਪਈਆਂ। ਦੇਵਤਿਆਂ ਤੇ ਰਾਖਸ਼ਾਂ ਨੇ ਜੰਗ ਕਰਨ ਲਈ ਤਲਵਾਰਾਂ ਮਿਆਨਾਂ ਵਿੱਚੋਂ ਕੱਢ ਲਈਆਂ। ਰਣ–ਭੂਮੀ ਵਿੱਚ ਸੂਰਮੇ ਆਮ੍ਹੋ-ਸਾਮ੍ਹਣੇ ਹੋ ਕੇ ਵਾਰੋ–ਵਾਰੀ ਤਲਵਾਰਾਂ ਚਲਾ ਰਹੇ ਹਨ। ਲਹੂ ਦੇ ਪਰਨਾਲੇ ਇਉਂ ਵਗ ਰਹੇ ਹਨ, ਜਿਵੇਂ ਪਹਾੜਾਂ ਤੋਂ ਲਾਲ ਰੰਗ ਦਾ ਪਾਣੀ ਵਗਦਾ ਹੈ। ਰਾਖਸ਼ਾਂ ਦੀਆਂ ਇਸਤਰੀਆਂ ਆਪਣੇ ਮਹਿਲਾਂ ਦੀਆਂ ਉੱਚੀਆਂ ਅਟਾਰੀਆਂ ’ਤੇ ਬੈਠ ਕੇ ਇਸ ਜੰਗ ਨੂੰ ਵੇਖ ਰਹੀਆਂ ਹਨ। ਰਣ–ਭੂਮੀ ਵਿੱਚ ਦੁਰਗਾ ਤੇ ਰਾਖਸ਼ਾਂ ਦੀਆਂ ਰਥਾਂ ਤੇ ਘੋੜ ਸਵਾਰੀਆਂ ਦਾ ਬਹੁਤ ਸ਼ੋਰ ਮੱਚ ਰਿਹਾ ਹੈ।
ਲਖ ਨਗਾਰੇ ਵੱਜਨ ਆਮ੍ਹੋ ਸਾਮ੍ਹਣੇ।।
ਰਾਕਸ ਰਣੋ ਨ ਭੱਜਣ ਰੋਹੇ ਰੋਹਲੇ।।
ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ।।
ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮ੍ਹਣੇ।।12।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਰਾਕਸ਼ਾ ਦੇ ਗੁੱਸੇ ਅਤੇ ਸਾਹਸ ਦਾ ਜ਼ਿਕਰ ਕੀਤਾ ਗਿਆ ਹੈ।।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਰਣ–ਭੂਮੀ ਵਿੱਚ ਆਮ੍ਹੋ ਸਾਮ੍ਹਣੇ ਦੋਹਾਂ ਪਾਸਿਆਂ ਤੋਂ ਲੱਖਾਂ ਧੌਂਸੇ ਵੱਜ ਰਹੇ ਹਨ। ਰਾਖਸ਼ ਬੜੇ ਗੁੱਸੇ ਵਿੱਚ ਭਰੇ ਹੋਏ ਹਨ ਤੇ ਉਹ ਏਨੇ ਘਮਸਾਣ ਦਾ ਜੰਗ ਹੋਣ ’ਤੇ ਵੀ ਮੈਦਾਨ ਵਿੱਚ ਡਟੇ ਹੋਏ ਹਨ। ਸੂਰਮੇ ਸ਼ੇਰਾਂ ਵਾਂਗ ਗੱਜ ਰਹੇ ਹਨ। ਰਾਖਸ਼ ਖਿੱਚ–ਖਿੱਚ ਕੇ ਦੁਰਗਾ ਵੱਲ ਤੀਰ ਛੱਡ ਰਹੇ ਹਨ।
ਉੱਖਲੀਆਂ ਨਾਸਾਂ ਜਿਨਾ ਮੁਹਿ ਜਾਪਨ ਆਲੇ।।
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ।।
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ।।
ਗੱਜੇ ਦੁਰਗਾ ਘੇਰ ਕੈ ਜਣੁ ਘਣੀਅਰ ਕਾਲੇ।।13।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਰਾਕਸ਼ਾ ਦੇ ਆਲ਼ਿਆਂ ਵਰਗੇ ਮੂੰਹ ਦਾ ਜ਼ਿਕਰ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਰਾਖਸ਼ਾਂ ਦੀਆਂ ਨਾਸਾਂ ਇਉਂ ਲੱਗਦੀਆਂ ਹਨ, ਜਿਵੇਂ ਉੱਖਲ਼ੀਆਂ ਹੁੰਦੀਆਂ ਹਨ ਤੇ ਮੂੰਹ ਆਲ਼ਿਆਂ ਵਰਗੇ ਹਨ। ਵੱਡੀਆਂ–ਵੱਡੀਆਂ ਮੁੱਛਾਂ ਵਾਲ਼ੇ ਸੂਰਬੀਰ ਰਾਖਸ਼ ਜੰਗ ਕਰਨ ਲਈ ਦੁਰਗਾ ਦੇ ਸਾਮ੍ਹਣੇ ਆਏ। ਉਹ ਇਹੋ–ਜਿਹੇ ਬਲਵਾਨ ਸੂਰਮੇ ਹਨ ਜਿਨ੍ਹਾਂ ਕੋਲ਼ੋਂ ਇੰਦਰ ਵੀ ਹਾਰ ਮੰਨ ਚੁੱਕਾ ਹੈ, ਉਹ ਕਿਸੇ ਦੇ ਹਟਾਇਆਂ ਪਿੱਛੇ ਨਹੀਂ ਹਟਦੇ। ਉਹ ਰਾਖਸ਼ ਦੁਰਗਾ ਨੂੰ ਘੇਰ ਕੇ ਇਉਂ ਗੱਜ ਰਹੇ ਹਨ, ਜਿਵੇਂ ਕਾਲ਼ੇ ਬੱਦਲ਼ ਗੱਜਦੇ ਹਨ।
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ।।
ਘੇਰ ਲਈ ਵਰਿਆਮੀ ਦੁਰਗਾ ਆਇਕੈ।।
ਰਾਕਸ਼ ਵਡੇ ਅਲਾਮੀ ਭੱਜ ਨ ਜਾਣਦੇ।।
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ।।14।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਰਾਕਸ਼ਾਂ ਦੀ ਬਹਾਦਰੀ ਤੇ ਸਿਆਣਪ ਦਾ ਜ਼ਿਕਰ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਖੋਤੇ ਦੇ ਚੰਮ ਨਾਲ਼ ਮੜ੍ਹੇ ਧੌਂਸਿਆਂ ’ਤੇ ਚੋਟਾਂ ਪਈਆਂ ਤੇ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦਾ ਟਾਕਰਾ ਸ਼ੁਰੂ ਹੋ ਗਿਆ। ਬਹਾਦਰ ਰਾਖਸ਼ਾਂ ਨੇ ਦੁਰਗਾ ਨੂੰ ਚਹੁੰਆਂ ਪਾਸਿਆਂ ਤੋਂ ਘੇਰੇ ਵਿੱਚ ਲੈ ਲਿਆ। ਇਹ ਰਾਖਸ਼ ਬੜੇ ਪ੍ਰਸਿੱਧ ਹਨ ਭਾਵ ਤਜਰਬੇਕਾਰ ਤੇ ਸਿਆਣੇ ਹਨ। ਇਹ ਜੰਗ ਵਿੱਚੋਂ ਪਿੱਠ ਕਰ ਕੇ ਨੱਸਣਾ ਤਾਂ ਜਾਣਦੇ ਹੀ ਨਹੀਂ। ਦੇਵੀ ਨੇ ਏਨਾ ਘਮਸਾਣ ਦਾ ਯੁੱਧ ਕੀਤਾ ਤੇ ਰਾਖਸ਼ਾਂ ਨੂੰ ਏਨੀ ਮਾਰ ਮਾਰੀ ਕਿ ਉਹ ਮਰ–ਮਰ ਕੇ ਸੁਰਗਾਂ ਨੂੰ ਜਾਣ ਲੱਗੇ।
ਦੁਹਾਂ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ।।
ਓਰੜ ਆਏ ਸੂਰਮੇ ਸਿਰਦਾਰ ਰਣਿਆਰੇ।।
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ।।
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ।।
ਲੈ ਕੇ ਬਰਛੀ ਦੁਰਗਸ਼ਾਹ ਬਹੁ ਦਾਨਵ ਮਾਰੇ।।
ਚੜੇ ਰਥੀ ਗਜ ਘੋੜਿਈਂ ਮਾਰ ਭੁਇ ਤੇ ਡਾਰੇ।।
ਜਣੁ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ।।52।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਦੁਰਗਾ ਦੇਵੀ ਕੋਲ਼ੋਂ ਮਰ ਰਹੇ ਰਾਕਸ਼ਾ ਦੇ ਦ੍ਰਿਸ਼ ਨੂੰ ਬਿਆਨ ਕੀਤਾ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਰਣ–ਭੂਮੀ ਵਿੱਚ ਨਗਾਰਾ ਵੱਜਣ ਨਾਲ਼ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਨੇ ਜੰਗ ਅਰੰਭ ਕਰ ਦਿੱਤਾ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦੇ ਵੱਡੇ–ਵੱਡੇ ਸਰਦਾਰ ਜੰਗ ਕਰਨ ਲਈ ਰਣ–ਭੂਮੀ ਵਿੱਚ ਆ ਗਏ। ਉਹਨਾਂ ਨੇ ਆਪਣੇ ਹੱਥਾਂ ਵਿੱਚ ਤਲਵਾਰਾਂ, ਬਰਛੀਆਂ ਤੇ ਹੋਰ ਸ਼ਸਤਰ ਲੈ ਕੇ ਉੱਚੇ ਕੀਤੇ। ਉਹਨਾਂ ਯੋਧਿਆਂ ਨੇ ਸਿਰ ਤੇ ਟੋਪ, ਲੋਹੇ ਦੀਆਂ ਜਾਲ਼ੀਆਂ, ਘੋੜਿਆਂ ’ਤੇ ਕਾਠੀਆਂ ਤੇ ਆਪਣੇ ਸਰੀਰਾਂ ’ਤੇ ਸੰਜੋਆਂ ਪਹਿਨੀਆਂ ਹੋਈਆਂ ਸਨ। ਦੁਰਗਾ ਨੇ ਆਪਣੀ ਬਰਛੀ ਨਾਲ਼ ਬਹੁਤ ਸਾਰੇ ਰਾਖਸ਼ ਮਾਰ ਦਿੱਤੇ। ਰਥਾਂ, ਹਾਥੀਆਂ ’ਤੇ ਚੜ੍ਹੇ ਸੂਰਮਿਆਂ ਨੂੰ ਦੁਰਗਾ ਨੇ ਮਾਰ ਕੇ ਧਰਤੀ ’ਤੇ ਸੁੱਟ ਦਿੱਤਾ। ਦੁਰਗਾ ਦੀ ਬਰਛੀ ਨਾਲ਼ ਵਿੰਨ੍ਹੇ ਹੋਏ ਸੂਰਮੇ ਇਉਂ ਪ੍ਰਤੀਤ ਹੋ ਰਹੇ ਸਨ ਜਿਸ ਤਰ੍ਹਾਂ ਹਲਵਾਈ ਨੇ ਵੜਿਆਂ ਨੂੰ ਸੀਖ ’ਤੇ ਪ੍ਰੋਇਆ ਹੁੰਦਾ ਹੈ।
ਦੁਹਾਂ ਕੰਧਾਰਾਂ ਮੁਹਿ ਜੁੜੇ, ਨਾਲ ਧਉਸਾ ਭਾਰੀ।।
ਲਈ ਭਗਉਤੀ ਦੁਰਗਸ਼ਾਹ ਵਰਜਾਗਨਿ ਭਾਰੀ।।
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ।।
ਸੁੰਭ ਪਲਾਣੋਂ ਡਿੱਗਿਆ ਉਪਮਾ ਬੀਚਾਰੀ।।
ਡੁੱਬ ਰੱਤੂ ਨਾਲਹੁ ਨਿਕਲੀ ਬਰਛੀ ਦੁਧਾਰੀ।।
ਜਾਣ ਰਜਾਦੀ ਉਤਰੀ ਪੈਨ੍ਹ ਸੂਹੀ ਸਾਰੀ।।53।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਦੁਰਗਾ ਦੇਵੀ ਹੱਥੋਂ ਰਾਜੇ ਸੁੰਭ ਦੀ ਮੌਤ ਦਾ ਵਰਣਨ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਰਣ–ਭੂਮੀ ਵਿੱਚ ਬੜਾ ਵੱਡਾ ਨਗਾਰਾ ਵੱਜਿਆ ਤਦੋਂ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦਾ ਟਾਕਰਾ ਸ਼ੁਰੂ ਹੋ ਗਿਆ। ਦੇਵੀ ਦੁਰਗਾ ਨੇ ਬੜੀ ਚਮਕਦਾਰ ਤੇ ਤਿੱਖੀ ਤਲਵਾਰ ਆਪਣੇ ਹੱਥ ਵਿੱਚ ਫੜ ਲਈ। ਉਹ ਤਿੱਖੀ ਤਲਵਾਰ ਦੁਰਗਾ ਨੇ ਰਾਜੇ ਸੁੰਭ ਨੂੰ ਮਾਰੀ ਜਿਸ ਨੇ ਉਸ ਦੇ ਲਹੂ ਨੂੰ ਪਿਆਸਿਆਂ ਵਾਂਗੂ ਪੀਤਾ। ਸੁੰਭ ਘੋੜੇ ਦੀ ਕਾਠੀ ਤੋਂ ਡਿੱਗ ਪਿਆ। ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਨੇ ਮਨ ਵਿੱਚ ਇਹ ਉਪਮਾ ਵਿਚਾਰੀ ਹੈ ਕਿ ਖ਼ੂਨ ਨਾਲ਼ ਲਿੱਬੜੀ ਦੁਰਗਾ ਦੀ ਬਰਛੀ ਸੁੰਭ ਦੇ ਸਰੀਰ ਵਿੱਚੋਂ ਇਉਂ ਨਿਕਲ਼ੀ, ਜਿਵੇਂ ਕੋਈ ਸ਼ਹਿਜ਼ਾਦੀ ਲਾਲ ਸਾੜ੍ਹੀ ਪਹਿਨ ਕੇ ਆ ਰਹੀ ਹੋਵੇ।
ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀਂ।।
ਸ਼ਸਤ੍ਰ ਪਜੂਤੇ ਦੁਰਗਸ਼ਾਹ ਗਹ ਸਭਨੀ ਬਾਹੀਂ।।
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀਂ।।
ਫਉਜਾਂ ਰਾਕਸਿਆਰੀਆਂ ਦੇਖਿ ਰੋਵਨਿ ਧਾਹੀਂ।।
ਮੁਹਿ ਕੁੜੂਚੇ ਘਾਹ ਦੇ ਛਡਿ ਘੋੜੇ ਰਾਹੀਂ।।
ਭੱਜਦੇ ਹੋਏ ਮਾਰੀਅਨ ਮੁੜ ਝਾਕਨਿ ਨਾਹੀਂ।।54।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਦੁਰਗਾ ਦੇਵੀ ਹੱਥੋਂ ਰਾਕਸ਼ਾਂ ਦੀ ਹਾਰ ਦਾ ਵਰਣਨ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਦੁਰਗਾ ਅਤੇ ਰਾਖਸ਼ਾਂ ਦਾ ਸਵੇਰ ਤੋਂ ਜੰਗ ਸ਼ੁਰੂ ਹੋ ਗਿਆ। ਦੇਵੀ ਦੁਰਗਾ ਨੇ ਸਾਰੀਆਂ ਬਾਹਾਂ ਵਿੱਚ ਸ਼ਸਤਰ ਫੜ ਲਏ। ਸੁੰਭ ਅਤੇ ਨਿਸੁੰਭ ਜੋ ਸ਼ਾਹਾਂ ਵਾਂਗ ਬੇਸ਼ੁਮਾਰ ਵਸਤੂਆਂ ਦੇ ਮਾਲਕ ਸਨ, ਉਹਨਾਂ ਨੂੰ ਦੁਰਗਾ ਨੇ ਖ਼ਤਮ ਕਰ ਦਿੱਤਾ। ਰਾਖਸ਼ਾਂ ਦੀਆਂ ਫ਼ੌਜਾਂ ਧਾਹਾਂ ਮਾਰ ਕੇ ਰੋਣ ਲੱਗ ਪਈਆਂ। ਰਾਖਸ਼ਾਂ ਦੇ ਫ਼ੌਜੀ ਆਪਣਿਆਂ ਮੂੰਹਾਂ ਵਿੱਚ ਘਾਹ ਦੇ ਕੂਚੇ ਫੜ ਕੇ ਆਪਣਿਆਂ ਘੋੜਿਆਂ ਨੂੰ ਮੈਦਾਨ ਵਿੱਚ ਛੱਡ ਕੇ ਭੱਜ ਗਏ। ਭੱਜਦੇ ਜਾਂਦੇ ਰਾਖਸ਼ਾਂ ਨੂੰ ਦੁਰਗਾ ਨੇ ਅਜਿਹੀ ਮਾਰ ਮਾਰੀ ਕਿ ਉਹਨਾਂ ਵਿੱਚ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਸੀ।
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।।
ਇੰਦ੍ਰ ਸੱਦਿ ਬੁਲਾਇਆ ਰਾਜ ਅਭਿਖੇਖ ਨੋ।।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ।।
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ।।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।।
ਫੇਰ ਨ ਜੂਨੀ ਆਇਆ ਜਿਨਿ ਇਹ ਗਾਇਆ।।55।।
ਪ੍ਰਸੰਗ – ਇਹ ਕਾਵਿ-ਟੋਟਾ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ਾਂ ਨਾਲ਼ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਦੁਰਗਾ ਦੇਵੀ ਦੀ ਜਿੱਤ ਦੇ ਜਸ ਨੂੰ ਬਿਆਨ ਕੀਤਾ ਹੈ।
ਵਿਆਖਿਆ – ਗੁਰੂ ਜੀ ਫਰਮਾਉਂਦੇ ਹਨ ਕਿ ਦੁਰਗਾ ਨੇ ਸੁੰਭ ਅਤੇ ਨਿਸੁੰਭ ਨੂੰ ਮਾਰ ਕੇ ਜਮ–ਲੋਕ ਨੂੰ ਭੇਜ ਦਿੱਤਾ। ਰਾਜੇ ਇੰਦਰ ਨੂੰ ਰਾਜ–ਤਿਲਕ ਦੇਣ ਲਈ ਵੀ ਬੁਲਾ ਲਿਆ। ਰਾਜੇ ਇੰਦਰ ਨੂੰ ਸੁਰਗ–ਲੋਕ ਦਾ ਰਾਜ ਸੌਂਪ ਕੇ ਉਸ ਦੇ ਸਿਰ ’ਤੇ ਛਤਰ ਝੁਲਾਇਆ। ਦੁਰਗਾ ਦਾ ਜਸ ਚੌਦਾਂ ਲੋਕਾਂ ਵਿੱਚ ਛਾ ਗਿਆ। ਗੁਰੂ ਸਾਹਿਬ ਕਹਿੰਦੇ ਹਨ ਕਿ ਦੁਰਗਾ ਦੀ ਇਸ ਜਿੱਤ ਦਾ ਜਸ ਅਸਾਂ ਪਉੜੀਆਂ ਵਿੱਚ ਰਚਿਆ ਹੈ। ਜਿਸ ਨੇ ਦੁਰਗਾ ਦੀ ਇਸ ਵਾਰ ਨੂੰ ਗਾਇਆ ਹੈ, ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਇਆ ਭਾਵ ਇਸ ਸੰਸਾਰ ਤੋਂ ਉਹ ਮੁਕਤ ਹੋ ਗਿਆ ਹੈ।
••• ਕੇਂਦਰੀ ਭਾਵ •••
ਦੇਵਤਿਆਂ ਅਤੇ ਰਾਕਸ਼ਾਂ ਦੀ ਲੜਾਈ ਵਿੱਚ ਦੁਰਗਾ ਦੇਵੀ ਦੇਵਤਿਆਂ ਦਾ ਸਾਥ ਦਿੰਦੀ ਹੈ ਅਤੇ ਰਾਕਸ਼ਾਂ ਉੱਪਰ ਜਿੱਤ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਬਦੀ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਚੰਡੀ ਦੀ ਵਾਰ’ ਕਿਸ ਦੀ ਰਚਨਾ ਹੈ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ।
ਪ੍ਰਸ਼ਨ 2. ‘ਚੰਡੀ ਦੀ ਵਾਰ’ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਦੁਰਗਾ ਦੇਵੀ।
ਪ੍ਰਸ਼ਨ 3. ‘ਚੰਡੀ ਦੀ ਵਾਰ’ ਵਿੱਚ ਬਦੀ ਦਾ ਪ੍ਰਤੀਕ ਕੌਣ ਹਨ?
ਉੱਤਰ – ਰਾਕਸ਼।
ਪ੍ਰਸ਼ਨ 4. ‘ਚੰਡੀ ਦੀ ਵਾਰ’ ਵਿੱਚ ਨੇਕੀ ਦਾ ਪ੍ਰਤੀਕ ਕੌਣ ਹਨ?
ਉੱਤਰ – ਦੇਵਤੇ।
ਪ੍ਰਸ਼ਨ 5. ਰਾਕਸ਼ ਮੈਦਾਨ ਵਿੱਚ ਕਿਵੇਂ ਗੱਜ ਰਹੇ ਸਨ?
ਉੱਤਰ – ਸ਼ੀਹਾਂ ਵਾਂਗ।
ਪ੍ਰਸ਼ਨ 6. ਰਾਕਸ਼ ਮੈਦਾਨ ਵਿੱਚ ਦੁਰਗਾ ਨੂੰ ਘੇਰ ਕੇ ਕਿਵੇਂ ਗੱਜ ਰਹੇ ਸਨ?
ਉੱਤਰ – ਬੱਦਲ਼ਾਂ ਵਾਂਗ।
ਪ੍ਰਸ਼ਨ 7. ਸੁਰਪਤ ਕੌਣ ਸੀ?
ਉੱਤਰ – ਦੇਵਤਿਆਂ ਦਾ ਰਾਜਾ ਇੰਦਰ।
ਪ੍ਰਸ਼ਨ 8. ਦੁਰਗਾ ਪਾਠ ਕਿਹੜਾ ਪਾਠ ਹੈ?
ਉੱਤਰ – ਚੰਡੀ ਦੀ ਵਾਰ।
ਪ੍ਰਸ਼ਨ 9. ਜਿੱਤ ਨਾਲ਼ ਦੁਰਗਾ ਦਾ ਜਸ ਕਿੰਨੇ ਲੋਕਾਂ ਵਿੱਚ ਛਾ ਗਿਆ?
ਉੱਤਰ – ਚੌਦਾਂ।
ਪ੍ਰਸ਼ਨ 10. ਕਿਹੜਾ ਪਾਠ ਕਰਨ ਨਾਲ਼ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ?
ਉੱਤਰ – ਚੰਡੀ ਦੀ ਵਾਰ ਦਾ।
ਪ੍ਰਸ਼ਨ 11. ਰਾਕਸ਼ ਤਣ-ਤਣ ਕੇ ਕੀ ਛੱਡ ਰਹੇ ਸਨ?
ਉੱਤਰ – ਤੀਰ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037