ਸ਼ਹੀਦ ਭਗਤ ਸਿੰਘ
- ਜਾਣ-ਪਛਾਣ – ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀ ਅਜ਼ਾਦੀ ਲਈ ਉੱਠੀ ਲਹਿਰ ਵਿੱਚ ਭਗਤ ਸਿੰਘ ਨੇ ਵਿਸ਼ੇਸ਼ ਭਾਗ ਲਿਆ। ਉਸ ਨੇ ਦੇਸ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਅਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ, ਜਿਸ ਨਾਲ਼ ਦੇਸ ਦੀ ਅਜ਼ਾਦੀ ਨੂੰ ਲੰਮੇ ਸਮੇਂ ਲਈ ਟਾਲ਼ਿਆ ਨਾ ਜਾ ਸਕਿਆ। ਉਹ ਬਹਾਦਰ, ਨਿਡਰ, ਕ੍ਰਾਂਤੀਕਾਰੀ ਤੇ ਗਿਆਨਵਾਨ ਵਿਅਕਤੀ ਸਨ।
- ਜਨਮ ਅਤੇ ਮਾਤਾ-ਪਿਤਾ – ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ, ਚੱਕ ਨੰ 105 ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਪਿਤਾ ਵੀ ਇੱਕ ਇਨਕਲਾਬੀ ਨੇਤਾ ਸਨ। ਆਪ ਦੇ ਚਾਚਾ ਸ. ਅਜੀਤ ਸਿੰਘ ਇੱਕ ਉੱਘੇ ਦੇਸ-ਭਗਤ ਸਨ ਜਿਨ੍ਹਾਂ ਨੇ ‘ਪੱਗੜੀ ਸੰਭਾਲ ਜੱਟਾ’ ਦੀ ਲਹਿਰ ਚਲਾਈ। ਆਪ ਦਾ ਪਰਿਵਾਰ ਇੱਕ ਇਨਕਲਾਬੀ ਅਤੇ ਦੇਸ-ਭਗਤਾਂ ਦਾ ਪਰਿਵਾਰ ਸੀ।
- ਪੜ੍ਹਾਈ-ਲਿਖਾਈ – ਆਪ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪ ਦੇ ਚਾਚਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਆਪ ਨੂੰ ‘ਭਾਗਾਂ ਵਾਲ਼ਾ’ ਕਿਹਾ ਜਾਣ ਲੱਗਾ। ਹੌਲ਼ੀ.-ਹੌਲ਼ੀ ਆਪ ਦਾ ਨਾਂ ਭਗਤ ਸਿੰਘ ਹੋ ਗਿਆ। ਸ. ਭਗਤ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਤੋਂ ਆਪਣੇ ਦਾਦਾ ਸ. ਅਰਜਨ ਸਿੰਘ ਕੋਲ਼ ਰਹਿ ਕੇ ਪ੍ਰਾਪਤ ਕੀਤੀ। ਆਪ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਐੱਫ਼. ਏ. ਪਾਸ ਕੀਤੀ।
- ਦੇਸ ਪਿਆਰ ਅਤੇ ਦੇਸ-ਭਗਤੀ ਦੀ ਭਾਵਨਾ – ਉਸ ਸਮੇਂ ਦੇਸ ਵਿੱਚ ਇਨਕਲਾਬੀ ਲਹਿਰ ਜ਼ੋਰਾਂ ‘ਤੇ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਆਪ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ। 1920 ਈ. ਵਿੱਚ ਮਹਾਤਮਾ ਗਾਂਧੀ ਵੱਲੋਂ ਉਹਨਾਂ ਨੇ ਚਲਾਈ ਨਾ ਮਿਲ਼ਵਰਤਣ ਲਹਿਰ ਸਮੇਂ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਸਨ। ਉਹਨਾਂ ਨੇ ਦੇਸ-ਭਗਤੀ ਤੇ ਦੇਸ਼ ਦੀ ਅਜ਼ਾਦੀ ਲਈ ਕੁਝ ਕਰਨ ਦਾ ਪਹਿਲਾ ਪਾਠ ਪੜ੍ਹਿਆ। 1924 ਈ. ਵਿੱਚ ਆਪ ਕਾਨਪੁਰ ਚਲੇ ਗਏ। ਉੱਥੇ ਆਪ ਨੇ ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਵੱਲੋਂ ਕੱਢੀ ਜਾਂਦੀ ਹਿੰਦੀ ਦੀ ‘ਪ੍ਰਤਾਤ’ ਨਾਮਕ ਅਖ਼ਬਾਰ ਵਿੱਚ ਪੱਤਰਕਾਰ ਦੇ ਤੌਰ ‘ਤੇ ਕੰਮ ਕੀਤਾ। ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਗ਼ਰਮ ਧੜੇ ਦੇ ਕਾਂਗਰਸੀਆਂ ਵਿੱਚੋਂ ਸਨ। ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਭਗਤ ਸਿੰਘ ਵਿੱਚ ਦੇਸ-ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ। ਇੱਥੇ ਹੀ ਆਪ ਦਾ ਮੇਲ ਚੰਦਰ ਸ਼ੇਖਰ ਆਜ਼ਾਦ ਨਾਲ਼ ਵੀ ਹੋਇਆ।
- ਦੇਸ ਦੀ ਆਜ਼ਾਦੀ ਲਈ ਸਰਗਰਮ ਭੂਮਿਕਾ – ਉਹਨਾਂ ਦਿਨਾਂ ਵਿੱਚ ਹੀ ਗਰਮ ਖ਼ਿਆਲੀ ਨੌਜਵਾਨ ਭਾਰਤੀਆਂ ਨੇ ਕਈ ਜਥੇਬੰਦੀਆਂ, ਜਿਵੇਂ ਹਿੰਦੁਸਤਾਨ ਸ਼ੋਸ਼ਲਿਸਟ ਰਿਪਲਿਕਨ ਐਸੋਸੀਏਸ਼ਨ, ਹਿੰਦੁਸਤਾਨ ਰਿਪਬਲਿਕਨ ਆਰਮੀ ਤੇ ਨੌਜਵਾਨ ਭਾਰਤ ਸਭਾ ਆਦਿ ਬਣਾਈਆਂ। ਭਗਤ ਸਿੰਘ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਨ। 1927 ਈ. ਵਿੱਚ ਨੌਜਵਾਨ ਭਾਰਤ ਸਭਾ ਬਹੁਤ ਸਰਗਰਮ ਹੋ ਗਈ ਸੀ। 1928 ਈ. ਵਿੱਚ ‘ਸਾਈਮਨ ਕਮਿਸ਼ਨ’ ਭਾਰਤ ਆਇਆ ਜਿਸ ਦਾ ਸਾਰੇ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਲਾ ਲਾਜਪਤ ਰਾਏ ਲਾਹੌਰ ਵਿਖੇ ਇਸ ਵਿਰੁੱਧ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ। ਉਹਨਾਂ ਤੇ ਲਾਠੀਆਂ ਚਲਾਈਆਂ ਗਈਆਂ। ਇਸ ਕਾਰਨ ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਤੇ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਭਗਤ ਸਿੰਘ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ।
- ਫਾਂਸੀ ਦੀ ਸਜਾ – ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ਼ ਮਿਲ਼ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ। ਆਪ ਨੇ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਹਰੇ ਲਾ ਕੇ ਗਰਿਫ਼ਤਾਰੀ ਦੇ ਦਿੱਤੀ। ਆਪ ਉੱਤੇ ਕਈ ਮੁਕੱਦਮੇ ਚਲਾਏ ਗਏ। ਅਖੀਰ 23 ਮਾਰਚ, 1931 ਈ. ਨੂੰ ਆਪ ਨੂੰ ਆਪ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ਼ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਆਪ ਨੇ ਹੱਸਦੇ-ਹੱਸਦੇ ਫਾਂਸੀ ’ਤੇ ਚੜ੍ਹ ਕੇ ਭਾਰਤ-ਮਾਤਾ ਲਈ ਕੁਰਬਾਨੀ ਦਿੱਤੀ।
- ਭਗਤ ਸਿੰਘ ਅਤੇ ਸਾਥੀਆਂ ਲਈ ਵਿਸ਼ੇਸ਼ ਸਨਮਾਨ – ਇਹਨਾਂ ਤਿੰਨਾਂ ਦੇਸ ਭਗਤਾਂ ਦੀਆਂ ਸਮਾਧਾਂ ਫ਼ਿਰੋਜ਼ਪੁਰ ਨੇੜੇ ਹੁਸੈਨੀਵਾਲ਼ਾ ਦੇ ਸਥਾਨ ’ਤੇ ਬਣਾਈਆਂ ਗਈਆਂ ਹਨ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਵਿਸ਼ੇਸ਼ ਸਮਾਗਮ ਹੁੰਦੇ ਹਨ। ਆਪ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਭਾਰਤਵਾਸੀਆਂ ਨੂੰ ਭਗਤ ਸਿੰਘ ਵਰਗੇ ਦੇਸ-ਭਗਤਾਂ ਉੱਤੇ ਮਾਣ ਹੈ। ਆਪ ਦਾ ਨਾਂ ਸਦਾ ਅਮਰ ਰਹੇਗਾ।
ਗੁਰਦੀਪ ਸਿੰਘ: ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037