ਪ੍ਰਦੂਸ਼ਣ ਦੀ ਸਮੱਸਿਆ
-
- ਜਾਣ-ਪਛਾਣ – ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਵਧ ਗਈ। ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖ਼ਾਨੇ ਲਾਏ ਗਏ। ਇਹਨਾਂ ਤੋਂ ਪੈਦਾ ਹੋਣ ਵਾਲ਼ੇ ਬੇਅੰਤ ਧੂੰਏਂ ਅਤੇ ਹੋਰ ਰਹਿੰਦ-ਖੂੰਹਦ ਨਾਲ਼ ਵਾਤਾਵਰਨ ਪਲੀਤ ਹੋਣ ਲੱਗਿਆ। ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖਾਂ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹਵਾ ਨੂੰ ਸਾਫ਼ ਕਰਨ ਵਾਲ਼ੇ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ। ਨਤੀਜੇ ਵਜੋਂ ਸਮੁੱਚੇ ਵਾਤਾਵਰਨ ਵਿੱਚ ਇੱਕ ਅਸੰਤੁਲਨ ਪੈਦਾ ਹੋ ਗਿਆ। ਇਸ ਨਾਲ਼ ਪ੍ਰਕਿਰਤਿਕ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਹਨਾਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਣ ਲੱਗਿਆ। ਪ੍ਰਦੂਸ਼ਣ ਪੈਦਾ ਕਰਨ ਵਾਲ਼ੇ ਇਹਨਾਂ ਕਾਰਕਾਂ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ।
- ਪ੍ਰਦੂਸ਼ਣ ਦੀਆਂ ਕਿਸਮਾਂ – ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ ਉੱਤੇ ਪਾਣੀ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ। ਪਾਣੀ-ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਵੱਡੇ-ਵੱਡੇ ਕਾਰਖ਼ਾਨਿਆਂ ਵਿੱਚ ਰਹਿੰਦ-ਖੂੰਹਦ ਵਜੋਂ ਪੈਦਾ ਹੋਣ ਵਾਲ਼ੇ ਰਸਾਇਣਿਕ ਪਦਾਰਥ, ਸ਼ਹਿਰਾਂ ਦਾ ਕੂੜਾ, ਗੰਦਗੀ ਅਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰਾਂ ਆਦਿ ਸਭ ਨੇ ਸਾਡੇ ਪਾਣੀ ਦੇ ਸੋਮਿਆਂ ਜਿਵੇਂ ਨਦੀਆਂ, ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਗੰਦੇ ਪਾਣੀ ਕਾਰਨ ਪਾਣੀ ਵਿੱਚ ਰਹਿਣ ਵਾਲ਼ੇ ਜਾਨਵਰਾਂ ਦੀ ਹੋਂਦ ਖ਼ਤਰੇ ਵਿੱਚ ਪਈ ਹੋਈ ਹੈ। ਗੰਦੇ ਪਾਣੀ ਨਾਲ਼ ਮਨੁੱਖਾਂ ਵਿੱਚ ਹੈਜ਼ਾ ਮਿਆਦੀ ਬੁਖ਼ਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਪਾਣੀ ਵਿੱਚ ਯੂਰੇਨੀਅਮ ਵਰਗੇ ਤੱਤਾਂ ਦੀ ਜ਼ਿਆਦਾ ਮਾਤਰਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
- ਹਵਾ ਪ੍ਰਦੂਸ਼ਣ ਦੇ ਕਾਰਨ – ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ ਜਿਹੜੀ ਸਾਰੇ ਜੀਵ-ਜਗਤ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਹੋ ਰਹੀ ਹੈ। ਸਾਡੇ ਵਾਤਾਵਰਨ ਵਿੱਚ ਕਾਰਬਨ-ਡਾਇਆਕਸਾਈਡ ਦੀ ਮਾਤਰਾ ਬਹੁਤ ਵਧ ਗਈ ਹੈ। ਕੋਲਾ, ਪਟਰੋਲ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵਧ ਰਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ। ਕਾਰਖ਼ਾਨਿਆਂ ਅਤੇ ਮੋਟਰ-ਗੱਡੀਆਂ ਤੋਂ ਪੈਦਾ ਹੋਣ ਵਾਲ਼ਾ ਜ਼ਹਿਰੀਲਾ ਧੂੰਆਂ ਹਵਾ-ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਸਰਕਾਰ ਦੁਆਰਾ ਪਾਬੰਦੀ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ਼ ਪੈਦਾ ਹੋਇਆ ਮਣਾਂ-ਮੂੰਹੀਂ ਧੂੰਆਂ ਹਵਾ ਨੂੰ ਹੋਰ ਗੰਧਲਾ ਕਰਦਾ ਹੈ। ਫਰਿੱਜ ਅਤੇ ਏ.ਸੀ. ਆਦਿ ਵਿੱਚ ਨਿਕਲ਼ਨ ਵਾਲ਼ੇ ਕਲੋਰੋਫਲੋਰੋ ਕਾਰਬਨ, ਓਜ਼ੋਨ-ਪਰਤ ਲਈ ਘਾਤਕ ਹਨ ਅਤੇ ਇਹਨਾਂ ਨਾਲ਼ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਧ ਰਹੀ ਹੈ ਜਿਸ ਨਾਲ਼ ਗਲੇਸ਼ੀਅਰ ਪੰਘਰ ਰਹੇ ਹਨ ਅਤੇ ਸਮੁੰਦਰੀ ਪਾਣੀਆਂ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ਼ ਸੰਬੰਧਿਤ ਬਿਮਾਰੀਆਂ ਵਧ ਰਹੀਆਂ ਹਨ।
- ਭੂਮੀ ਅਤੇ ਪਾਣੀ ਪ੍ਰਦੂਸ਼ਣ ਦੇ ਕਾਰਨ – ਖੇਤੀਬਾੜੀ ਵਿੱਚ ਕੀਟ-ਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਭੂਮੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ। ਇਸ ਨਾਲ਼ ਜਿੱਥੇ ਮਿੱਟੀ ਦੇ ਤੱਤਾਂ ਵਿਚਲਾ ਸੰਤੁਲਨ ਖਰਾਬ ਹੁੰਦਾ ਹੈ, ਉੱਥੇ ਫਲਾਂ, ਸਬਜ਼ੀਆਂ ਅਤੇ ਅਨਾਜਾਂ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ ਫਲ਼, ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਕਰਨ ਨਾਲ਼ ਜੀਵਿਤ ਪ੍ਰਾਣੀਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ।
- ਧੁਨੀ ਪ੍ਰਦੂਸ਼ਣ ਦੇ ਕਾਰਨ – ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ। ਮੋਟਰਾਂ-ਗੱਡੀਆਂ ਦੇ ਕੰਨ-ਪਾੜਵੇਂ ਹਾਰਨ, ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲ਼ੇ ਡੀ. ਜੇ. ਆਦਿ ਨੇ ਮਨੁੱਖ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਰਹਾਇਸ਼ੀ ਇਲਾਕਿਆਂ ਦੇ ਨੇੜੇ ਦੇ ਕਾਰਖ਼ਾਨਿਆਂ ਵਿੱਚ ਆਉਣ ਵਾਲ਼ੀਆਂ ਅਵਾਜ਼ਾਂ ਵੀ ਸ਼ੋਰ-ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਇਹ ਪ੍ਰਦੂਸ਼ਣ ਤਣਾਅ, ਸਿਰਦਰਦ, ਉਨੀਂਦਰਾ, ਖੂਨ ਦਾ ਦਬਾਅ ਵਧਣ ਅਤੇ ਕੰਨਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
- ਮਨੁੱਖ ਦੁਆਰਾ ਚੀਜ਼ਾਂ ਦੀ ਦੁਰਵਰਤੋਂ – ਆਪਣੇ ਸੁੱਖ ਲਈ ਮਨੁੱਖ ਵਰਤਣ ਉਪਰੰਤ ਸੁੱਟ ਦੇਣ ਵਾਲ਼ੀਆਂ ਵਸਤਾਂ ਦੀ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ। ਵਿਭਿੰਨ ਸਮਾਗਮਾਂ ਵਿੱਚ ਵਰਤ ਕੇ ਸੁੱਟਣ ਵਾਲ਼ੀਆਂ ਕੌਲੀਆਂ, ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਰਾਬ ਚੀਜਾਂ ਦੀ ਮੁਰੰਮਤ ਕਰਾਉਣ ਦੀ ਥਾਂ ਨਵੀਂਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਡੀ ਅਜਿਹੇ ਕੰਮਾਂ ਨਾਲ਼ ਧਰਤੀ ਇੱਕ ਵੱਡੇ ਕਬਾੜਖ਼ਾਨੇ ਦਾ ਰੂਪ ਧਾਰਨ ਕਰ ਰਹੀ ਹੈ। ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜਾਂ ਨੂੰ ਵਰਤਣਾ ਚਾਹੀਦਾ ਹੈ ਅਤੇ ਖ਼ਰਾਬ ਚੀਜਾਂ ਨੂੰ ਸੁੱਟ ਕੇ ਨਵੀਂ ਖਰੀਦਣ ਦੀ ਥਾਂ ਪੁਰਾਣੀ ਚੀਜ਼ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
- ਵਾਤਾਵਰਣ ਪ੍ਰਤੀ ਮਨੁੱਖੀ ਫਰਜ਼ – ਧਰਤੀ ਅਤੇ ਇਸ ਦਾ ਜੀਵਨ-ਅਨੁਕੂਲ ਵਾਤਾਵਰਨ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ। ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੇ ਸਵਾਰਥ ਲਈ, ਤਰੱਕੀ ਦੇ ਨਾਂ ‘ਤੇ ਇਸ ਨਾਲ਼ ਖਿਲਵਾੜ ਕਰੇ। ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਅਤੇ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਪਦਾਰਥਿਕ ਵਸਤਾਂ ਨਾਲੋਂ ਜ਼ਿਆਦਾ ਸਾਫ਼ ਵਾਤਾਵਰਨ ਦੀ ਲੋੜ ਵਧੇਰੇ ਹੈ। ਉਂਝ ਤਾਂ 5 ਜੂਨ ਦਾ ਦਿਨ ਹਰ ਸਾਲ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਏਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ। ਜਾਗਰੂਕ ਹੋ ਕੇ ਕੰਮ ਕਰਨ ਨਾਲ਼ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ।
- ਵਾਤਾਵਰਨ ਪ੍ਰਤੀ ਜਾਗਰੂਕਤਾ – ‘ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ’ ਵਾਤਾਵਰਨ ਦੀ ਸੰਭਾਲ ਅਤੇ ਵਧ ਰਹੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਮੋਟਰਾਂ-ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕਰਵਾ ਕੇ ਸਰਟੀਫ਼ਿਕੇਟ ਲੈਣਾ ਵੀ ਜ਼ਰੂਰੀ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਪ੍ਰਤਿ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਨ ਦੀ ਸੰਭਾਲ ਲਈ ਅਤੇ ਲੋਕਾਂ ਵਿੱਚ ਵਾਤਾਵਰਨ ਸੰਬੰਧੀ ਚੇਤਨਾ ਪੈਦਾ ਕਰਨ ਲਈ ਬਹੁਤ ਸਰਗਰਮੀ ਨਾਲ਼ ਕੰਮ ਕਰ ਰਹੇ ਹਨ। ‘ਕਾਲੀ ਵੇਈਂ’ ਦੀ ਵੱਡੇ ਪੱਧਰ ਉੱਤੇ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤਾ ਹੈ। ਅਜਿਹੀਆਂ ਸ਼ਖ਼ਸੀਅਤਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037
this website is very intersting i find all my notes in this website