ਜਵਾਹਰ ਲਾਲ ਨਹਿਰੂ
-
- ਜਾਣ-ਪਛਾਣ – ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਨਹਿਰੂ ਜੀ ਦੀ ਗਿਣਤੀ ਦੁਨੀਆ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਨੂੰ ਇਸ ਮਹਾਨ ਨੇਤਾ ਉੱਤੇ ਸਦਾ ਮਾਣ ਰਹੇਗਾ।
- ਜਨਮ ਅਤੇ ਮਾਤਾ-ਪਿਤਾ – ਨਹਿਰੂ ਜੀ ਦਾ ਜਨਮ 14 ਨਵੰਬਰ, 1889 ਈ. ਨੂੰ ਪੰਡਤ ਮੋਤੀ ਲਾਲ ਜੀ ਦੇ ਘਰ ਅਲਾਹਾਬਾਦ ਵਿੱਚ ਹੋਇਆ। ਪੰਡਤ ਮੋਤੀ ਲਾਲ ਅਲਾਹਾਬਾਦ ਦੇ ਉੱਘੇ ਵਕੀਲ ਸਨ। ਨਹਿਰੂ ਜੀ ਦੀ ਮਾਤਾ ਦਾ ਨਾਂ ਸਰੂਪ ਰਾਣੀ ਸੀ।ਆਪ ਦਾ ਪਾਲਣ-ਪੋਸਣ ਬੜੇ ਹੀ ਸੁੱਖ-ਅਰਾਮ ਵਿੱਚ ਹੋਇਆ। ਮੁਢਲੀ ਪੜ੍ਹਾਈ ਘਰ ਵਿੱਚ ਪੜ੍ਹਾਉਣ ਆਉਂਦੇ ਟਿਊਟਰਾਂ ਰਾਹੀਂ ਹੋਈ। ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਚਲੇ ਗਏ। ਉੱਥੇ ਕੈਂਬਰਿਜ ਯੂਨੀਵਰਸਿਟੀ ਤੋਂ ਵਕਾਲਤ ਪਾਸ ਕਰਕੇ ਭਾਰਤ ਵਾਪਸ ਪਰਤ ਆਏ।
- ਅਜ਼ਾਦੀ ਦੀ ਲੜਾਈ ਵਿੱਚ ਯੋਗਦਾਨ – ਉਹਨਾਂ ਦਿਨਾਂ ਵਿੱਚ ਦੇਸ ਦੀ ਅਜ਼ਾਦੀ ਲਈ ਕਈ ਲਹਿਰਾਂ ਚੱਲ ਰਹੀਆਂ ਸਨ। ਨਹਿਰੂ ਜੀ ਨੇ ਅਜ਼ਾਦੀ ਦੇ ਘੋਲ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਨੂੰ ਮਿਲ਼ੇ। ਉਹ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵੀ ਮਿਲ਼ੇ। ਆਪ ਉੱਤੇ ਉਹਨਾਂ ਦੋਂਹਾਂ ਦਾ ਬਹੁਤ ਪ੍ਰਭਾਵ ਪਿਆ। ਆਪ ਦਾ ਵਿਆਹ ਕਮਲਾ ਦੇਵੀ ਨਾਲ਼ ਹੋਇਆ। ਨਹਿਰੂ ਜੀ ਦੀ ਇਕਲੌਤੀ ਸੰਤਾਨ ਇੰਦਰਾ ਗਾਂਧੀ ਸਨ ਜੋ ਬਾਅਦ ਵਿੱਚ ਭਾਰਤ ਦੇ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ। ਜਵਾਹਰ ਲਾਲ ਨਹਿਰੂ ਜੀ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਨਹਿਰੂ ਜੀ ਕਈ ਵਾਰ ਜੇਲ੍ਹ ਗਏ। ਆਪ ਨੇ ਸੁਭਾਸ਼ ਚੰਦਰ ਬਸ ਨਾਲ਼ ਮਿਲ਼ ਕੇ ਪੂਰਨ ਸਵਰਾਜ ਲੀਗ ਵੀ ਬਣਾਈ। ਆਪ ਨੇ ਭਾਰਤ ਛੱਡੋ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਆਖ਼ਰ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਭਾਰਤ ਅਜ਼ਾਦ ਹੋ ਗਿਆ। ਆਪ ਨੂੰ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਇਆ ਗਿਆ।
- ਦੇਸ ਦੀ ਖ਼ੁਸ਼ਹਾਲੀ ਲਈ ਯੋਗਦਾਨ – ਜਵਾਹਰ ਲਾਲ ਨਹਿਰੂ ਜੀ ਨੇ ਪ੍ਰਧਾਨ ਮੰਤਰੀ ਦੇ ਪਦ ਨੂੰ ਬੜੀ ਯੋਗਤਾ ਨਾਲ਼ ਨਿਭਾਇਆ। ਨਹਿਰੂ ਜੀ ਨੇ ਭਾਰਤ ਦੀ ਉੱਨਤੀ ਲਈ ਬਹੁਤ ਕੰਮ ਕੀਤੇ ਅਤੇ ਦੇਸ ਨੂੰ ਖ਼ੁਸ਼ਹਾਲੀ ਦੇ ਰਾਹ ’ਤੇ ਤੋਰਿਆ। ਨਹਿਰੂ ਜੀ ਨੇ ਪੰਜ-ਸਾਲਾ ਯੋਜਨਾਵਾਂ ਬਣਾਈਆਂ। ਆਪ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪ ਨੇ ਸੰਸਾਰ-ਅਮਨ ਲਈ ਪੰਚ-ਸ਼ੀਲ ਦਾ ਸਿਧਾਂਤ ਬਣਾਇਆ।
- ਬੱਚਿਆਂ ਨੂੰ ਪਿਆਰ ਕਰਨ ਵਾਲ਼ੇ – ਪੰਡਤ ਨਹਿਰੂ ਜੀ ਨੂੰ ਆਪਣੇ ਦੇਸ਼ ਦੇ ਲੋਕਾਂ ਨਾਲ਼ ਅਥਾਹ ਪਿਆਰ ਸੀ। ਉਹ ਬੱਚਿਆਂ ਅਤੇ ਫੁੱਲਾਂ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਬੱਚੇ ਉਹਨਾਂ ਨੂੰ ‘ਚਾਚਾ ਨਹਿਰੂ’ ਕਹਿੰਦੇ ਸਨ। ਨਹਿਰੂ ਜੀ ਦਾ ਜਨਮ-ਦਿਨ ਬੱਚਿਆਂ ਦਾ ਦਿਨ (ਬਾਲ-ਦਿਵਸ) ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਹੀ ਨਹੀਂ ਸਗੋਂ ਹੋਰਨਾਂ ਦੇਸਾਂ ਦੇ ਬੱਚੇ ਵੀ ਚਾਚਾ ਨਹਿਰੂ ਨੂੰ ਪਿਆਰ ਕਰਦੇ ਸਨ।
- ਇੱਕ ਹਰਮਨ-ਪਿਆਰੇ ਆਗੂ – ਨਹਿਰੂ ਜੀ ਇੱਕ ਸਫ਼ਲ ਨੀਤੀਵਾਨ, ਹਰਮਨ-ਪਿਆਰੇ ਆਗੂ ਅਤੇ ਦੇਸ ਦੇ ਦਰਦੀ ਸਨ। ਉਹ ਭਾਰਤ ਦੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦੇ ਸਨ। ਉਹ ਉੱਤਮ ਕਿਸਮ ਦੇ ਲਿਖਾਰੀ ਵੀ ਸਨ। ਪਿਤਾ ਵੱਲੋਂ ਧੀ ਨੂੰ ਚਿੱਠੀਆਂ, ਆਤਮ-ਕਥਾ, ਭਾਰਤ ਦੀ ਲੱਭਤ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ ਪ੍ਰਸਿੱਧ ਹਨ। ਲੋਕਾਂ ਦਾ ਇਹ ਮਹਿਬੂਬ ਨੇਤਾ 27 ਮਈ, 1964 ਨੂੰ ਪਰਲੋਕ ਸਿਧਾਰ ਗਿਆ। ਉਹਨਾਂ ਦੀ ਮੌਤ ਨਾਲ਼ ਸਾਰੇ ਦੇਸ ਵਿੱਚ ਮਾਤਮ ਛਾ ਗਿਆ। ਉਹਨਾਂ ਦੇ ਅਨੇਕਾਂ ਗੁਣਾਂ ਕਾਰਨਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037