ਡਾ. ਭੀਮ ਰਾਓ ਅੰਬੇਦਕਰ
• ਜਾਣ-ਪਛਾਣ – ਡਾ. ਭੀਮ ਰਾਓ ਅੰਬੇਦਕਰ ਵਿਦਵਾਨ, ਫ਼ਿਲਾਸਫ਼ਰ, ਕਨੂੰਨਦਾਨ ਅਤੇ ਦੇਸ ਨੂੰ ਪਿਆਰ ਕਰਨ ਵਾਲ਼ੇ ਇਨਸਾਨ ਸਨ। ਆਪ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਘੀ ਸੋਝੀ ਰੱਖਦੇ ਸਨ। ਆਪ ਨੇ ਸਮਾਜ ਵਿੱਚੋਂ ਅਨਪੜ੍ਹਤਾ, ਅੰਧ-ਵਿਸ਼ਵਾਸ ਅਤੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ। ਡਾ. ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਕਿਹਾ ਜਾਂਦਾ ਹੈ। ਭਾਰਤ ਦੇ ਲੋਕ ਆਪ ਨੂੰ ‘ਬਾਬਾ ਸਾਹਿਬ’ ਕਹਿ ਕੇ ਯਾਦ ਕਰਦੇ ਹਨ। ਆਪ ਦਲਿਤ ਵਰਗ ਦੇ ਮਸੀਹਾ ਸਨ। ਡਾ. ਭੀਮ ਰਾਓ ਅੰਬੇਦਕਰ ਦੀ ਜਨਮ-ਸ਼ਤਾਬਦੀ ਮੌਕੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ‘ਭਾਰਤ ਰਤਨ’ ਦੀ ਉਪਾਧੀ ਨਾਲ਼ ਸਨਮਾਨਿਤ ਕੀਤਾ ਗਿਆ।
• ਜਨਮ ਅਤੇ ਪਰਿਵਾਰ – ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ, 1891 ਈ: ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ, ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਉਹਨਾਂ ਦਾ ਜੱਦੀ ਪਿੰਡ ‘ਮਹਾਂਰਾਸ਼ਟਰ’ ਰਾਜ ਵਿੱਚ ‘ਅੰਬਾਵਡੇ’ ਸੀ। ਆਪ ਅਜੇ ਤਿੰਨ ਕੁ ਸਾਲ ਦੇ ਸਨ ਕਿ ਆਪ ਦੇ ਪਿਤਾ ਨੇ ਫ਼ੌਜ ਦੀ ਨੌਕਰੀ ਵਿੱਚੋਂ ਪੈਂਨਸ਼ਨ ਲੈ ਲਈ ਅਤੇ ਕਸਬਾ ਸਤਾਰਾ ਵਿੱਚ ਰਹਿਣ ਲੱਗੇ। ਇੱਥੇ ਹੀ ਮੁਢਲੀ ਵਿੱਦਿਆ ਪ੍ਰਾਪਤ ਕਰਨ ਲਈ ਡਾ. ਭੀਮ ਰਾਓ ਅੰਬੇਦਕਰ ਨੂੰ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਮਾਂ ਦੀ ਮੌਤ ਤੋਂ ਬਾਅਦ ਡਾ. ਅੰਬੇਦਕਰ ਬਹੁਤ ਉਦਾਸ ਰਹਿਣ ਲੱਗੇ। ਪੜ੍ਹਾਈ ਵਿੱਚ ਵੀ ਉਹਨਾਂ ਦਾ ਮਨ ਨਾ ਲੱਗਦਾ। ਆਪ ਦੇ ਵੱਡੇ ਭਰਾ ਅਨੰਦ ਰਾਓ ਨੇ ਇੱਕ ਦਿਨ ਆਪ ਨੂੰ ਸਮਝਾਇਆ ਕਿ ਮਾਤਾ ਜੀ ਭੀਮ ਰਾਓ ਨੂੰ ਵੱਡਾ ਅਫ਼ਸਰ ਬਣਾਉਣਾ ਚਾਹੁੰਦੇ ਸਨ। ਉਸ ਦਿਨ ਤੋਂ ਆਪ ਨੇ ਪੂਰੀ ਮਿਹਨਤ ਅਤੇ ਲਗਨ ਨਾਲ਼ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਸਤਾਰਾਂ ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਰਾਮਾ ਬਾਈ ਨਾਲ਼ ਹੋਇਆ। ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਜਸਵੰਤ ਰਾਓ ਰੱਖਿਆ ਗਿਆ।
• ਜਾਤੀ ਭੇਦ-ਭਾਵ ਦਾ ਸ਼ਿਕਾਰ – 1907 ਈ : ਵਿੱਚ ਡਾ. ਅੰਬੇਦਕਰ ਨੇ ਦਸਵੀਂ ਜਮਾਤ ਪਾਸ ਕੀਤੀ। ਉਹਨਾਂ ਦਿਨਾਂ ਵਿੱਚ ਮਹਾਂਰਾਸ਼ਟਰ ਵਿੱਚ ਛੂਤ-ਛਾਤ ਦਾ ਬਹੁਤ ਬੋਲ-ਬਾਲਾ ਸੀ। ਸਕੂਲਾਂ ਵਿੱਚ ਵੀ ਦਲਿਤ ਵਿਦਿਆਰਥੀਆਂ ਨੂੰ ਨਫ਼ਰਤ ਕੀਤੀ ਜਾਂਦੀ ਸੀ। ਉਹਨਾਂ ਨੂੰ ਦੂਜੇ ਵਿਦਿਆਰਥੀਆਂ ਨਾਲ਼ ਬੈਠਣ ਅਤੇ ਖੇਡਣ ਦੀ ਆਗਿਆ ਨਹੀਂ ਸੀ। ਇੱਕ ਵਾਰ ਅਧਿਆਪਕ ਨੇ ਭੀਮ ਰਾਓ ਨੂੰ ਬਲੈਕ-ਬੋਰਡ ਉੱਤੇ ਸਵਾਲ ਹੱਲ ਕਰਨ ਲਈ ਕਿਹਾ ਤਾਂ ਜਮਾਤ ਦੇ ਬਾਕੀ ਮੁੰਡਿਆਂ ਨੇ ਰੌਲਾ ਪਾ ਦਿੱਤਾ, “ਸਾਨੂੰ ਆਪਣੇ ਰੋਟੀ ਵਾਲੇ਼ ਡੱਬੇ ਚੁੱਕ ਲੈਣ ਦਿਓ।” ਇਸ ਘਟਨਾ ਨੇ ਭੀਮ ਰਾਓ ਦੇ ਬਾਲ-ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਛੂਤ-ਛਾਤ ਪ੍ਰਤਿ ਵਿਦਰੋਹ ਦੀ ਭਾਵਨਾ ਆਪ ਦੇ ਮਨ ਵਿੱਚ ਹੋਰ ਵੀ ਪ੍ਰਬਲ ਹੋ ਗਈ।
• ਪੜ੍ਹਾਈ-ਲਿਖਾਈ ਅਤੇ ਮੁੱਢਲਾ ਜੀਵਨ – ਕਾਲਜ ਦੀ ਸਿੱਖਿਆ ਡਾ. ਅੰਬੇਦਕਰ ਨੇ ਮੁੰਬਈ ਦੇ ਐਲਵਿੰਸਟਨ ਕਾਲਜ ਤੋਂ ਪ੍ਰਾਪਤ ਕੀਤੀ। ਬੜੌਦਾ ਰਿਆਸਤ ਦੇ ਮਹਾਰਾਜਾ ਗਾਇਕਵਾੜ ਨੇ ਆਪ ਦੀ ਵਿਲੱਖਣ ਪ੍ਰਤਿਭਾ ਨੂੰ ਪਛਾਣਿਆ ਅਤੇ ਪੜ੍ਹਾਈ ਲਈ ਵਜ਼ੀਫ਼ਾ ਲਾ ਦਿੱਤਾ। 1912 ਈਸਵੀ ਵਿੱਚ ਆਪ ਨੇ ਬੀ.ਏ. ਪਾਸ ਕਰ ਲਈ 1913 ਈ: ਵਿੱਚ ਬੜੌਦਾ ਦੇ ਮਹਾਰਾਜਾ ਵੱਲੋਂ ਰਿਆਸਤ ਦੇ ਕੁਝ ਵਿਦਿਆਰਥੀਆਂ ਨੂੰ ਉੱਚ-ਵਿੱਦਿਆ ਲਈ ਅਮਰੀਕਾ ਭੇਜਣ ਦਾ ਐਲਾਨ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਵਿੱਚ ਡਾ. ਅੰਬੇਦਕਰ ਨੂੰ ਵੀ ਚੁਣਿਆ ਗਿਆ। ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ, ਅਮਰੀਕਾ ਤੋਂ ਅਰਥ-ਸ਼ਾਸਤਰ ਦੀ ਐਮ. ਏ. ਪਾਸ ਕੀਤੀ। 1916 ਈ: ਵਿੱਚ ਉਹਨਾਂ ਨੇ ਇੱਥੋਂ ਹੀ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। 1922 ਈ: ਵਿੱਚ ਡਾ. ਅੰਬੇਦਕਰ ਨੇ ਲੰਡਨ ਯੂਨੀਵਰਸਿਟੀ ਤੋਂ ਪੀ-ਐਚ.ਡੀ. ਦੀ ਦੂਜੀ ਡਿਗਰੀ ਪ੍ਰਾਪਤ ਕੀਤੀ। ਆਪ ਨੇ ਕੁਝ ਸਮਾਂ ਬੜੌਦਾ ਰਿਆਸਤ ਦੀ ਫ਼ੌਜ ਵਿੱਚ ‘ਮਿਲਟਰੀ ਸਕੱਤਰ’ ਵਜੋਂ ਨੌਕਰੀ ਕੀਤੀ ਪਰ ਇੱਥੇ ਵੀ ਜਾਤ-ਪਾਤ ਅਤੇ ਛੂਤ-ਛਾਤ ਦਾ ਬੋਲ-ਬਾਲਾ ਹੋਣ ਕਾਰਨ ਆਪ ਇੱਥੇ ਬਹੁਤੀ ਦੇਰ ਟਿਕ ਨਾ ਸਕੇ।
• ਵਿੱਦਿਆ ਦੇ ਚਾਨਣ ਨਾਲ਼ ਛੂਤ-ਛਾਤ ਨੂੰ ਖਤਮ ਕਰਨ ਲਈ ਉਪਰਾਲੇ – ਡਾ. ਭੀਮ ਰਾਓ ਅੰਬੇਦਕਰ ਲੋਕ-ਤੰਤਰੀ ਪ੍ਰਣਾਲੀ ਦੇ ਸਮਰਥਕ ਸਨ। ਆਪ ਦਾ ਵਿਚਾਰ ਸੀ ਕਿ ਭਾਰਤ ਦੀਆਂ ਸਮੱਸਿਆਵਾਂ ਇਸੇ ਸ਼ਾਸਨ-ਪ੍ਰਬੰਧ ਰਾਹੀਂ ਹੱਲ ਕੀਤੀਆਂ ਜਾ ਸਕਦੀਆਂ ਹਨ। ਆਪ ਦਾ ਵਿਚਾਰ ਸੀ ਕਿ ਸਮਾਜ ਵਿੱਚ ਫੈਲੀ ਜਾਤ-ਪਾਤ ਅਤੇ ਛੂਤ-ਛਾਤ ਦੀ ਬਿਮਾਰੀ ਦੂਰ ਕਰਨ ਲਈ ਸਿੱਖਿਆ ਦਾ ਪਸਾਰ, ਸ਼ਹਿਰੀਕਰਨ ਅਤੇ ਉਦਯੋਗੀਕਰਨ ਬਹੁਤ ਜ਼ਰੂਰੀ ਹੈ। ਆਪ ਨੇ ਸਮਾਜ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਲਈ ‘ਪੀਪਲਜ਼ ਐਜੂਕੇਸ਼ਨਲ ਸੁਸਾਇਟੀ‘ ਬਣਾਈ। ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਇਸ ਸੁਸਾਇਟੀ ਦਾ ਮੁੱਖ ਉਦੇਸ਼ ਸੀ। ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਲਈ ਆਪ ਨੇ ‘ਮੂਕ ਨਾਇਕ’ ਅਤੇ ‘ਬਹਿਸ਼ਕ੍ਰਿਤ ਭਾਰਤ’ ਨਾਂ ਦੇ ਹਫ਼ਤਾਵਾਰ ਅਖ਼ਬਾਰ ਵੀ ਕੱਢੇ।
• ਸੰਵਿਧਾਨ ਦੀ ਰਚਨਾ – ਅਜ਼ਾਦੀ ਤੋਂ ਬਾਅਦ ਆਪ ਨੂੰ ਦੇਸ ਦੇ ਕਨੂੰਨ-ਮੰਤਰੀ ਬਣਾਇਆ ਗਿਆ ਅਤੇ ਫਿਰ ਅਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲ਼ੀ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ। ਆਪ ਨੇ ਬਹੁਤ ਮਿਹਨਤ ਅਤੇ ਲਗਨ ਨਾਲ਼ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਡਾ. ਅੰਬੇਦਕਰ ਦੀ ਨਿਗਰਾਨੀ ਹੇਠ ਤਿਆਰ ਹੋਇਆ ਭਾਰਤ ਦਾ ਸੰਵਿਧਾਨ ਲੋਕ-ਤੰਤਰਿਕ ਅਤੇ ਧਰਮ-ਨਿਰਪੱਖ ਹੈ। ਇਸ ਵਿੱਚ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਪੂਰਨ ਸੁਰੱਖਿਆ ਦਿੱਤੀ ਗਈ ਹੈ। ਸੰਵਿਧਾਨ ਦਾ ਇਹ ਖਰੜਾ 29 ਨਵੰਬਰ, 1949 ਈ: ਨੂੰ ਪਾਸ ਹੋ ਗਿਆ। 26 ਜਨਵਰੀ, 1950 ਈ: ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ।
• ਅੰਤਿਮ ਜੀਵਨ – ਮਾਰਚ, 1952 ਈ: ਵਿੱਚ ਡਾ. ਅੰਬੇਦਕਰ ਨੂੰ ਰਾਜ-ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ। ਆਪਣੇ ਅੰਤ ਸਮੇਂ ਤੱਕ ਆਪ ਰਾਜ-ਸਭਾ ਦੇ ਮੈਂਬਰ ਰਹੇ। ਜੀਵਨ ਦੇ ਅੰਤਲੇ ਦਿਨਾਂ ਵਿੱਚ ਆਪ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ। 6 ਦਸੰਬਰ, 1956 ਈ: ਨੂੰ ਡਾ: ਅੰਬੇਦਕਰ ਅਕਾਲ ਚਲਾਣਾ ਕਰ ਗਏ।
• ਸਾਰ-ਅੰਸ਼ – ਡਾ. ਅੰਬੇਦਕਰ ਦਲਿਤਾਂ, ਔਰਤਾਂ ਅਤੇ ਸਮਾਜ ਵਿੱਚ ਸ਼ੋਸ਼ਿਤ ਹੋ ਰਹੇ ਲੋਕਾਂ ਦੇ ਸੱਚੇ ਹਮਦਰਦ ਸਨ ਉਹਨਾਂ ਨੂੰ ਮਨੁੱਖੀ ਅਜ਼ਾਦੀ ਵਿੱਚ ਵਿਸ਼ਵਾਸ ਸੀ ਅਤੇ ਉਹ ਕਿਸੇ ਵੀ ਕਿਸਮ ਦੀ ਕੱਟੜਤਾ ਨੂੰ ਪਸੰਦ ਨਹੀਂ ਕਰਦੇ ਸਨ ਡਾ. ਅੰਬੇਦਕਰ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੁਧਾਰ ਦੀਆਂ ਨੀਤੀਆਂ ਅੱਜ ਵੀ ਦੇਸ ਲਈ ਮਹੱਤਵਪੂਰਨ ਹਨ। ਭਾਰਤਵਾਸੀ ਡਾ. ਅੰਬੇਦਕਰ ਦੇ ਯੋਗਦਾਨ ਲਈ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037