ਪਾਠ 9 ਤਸਦੀਕਸ਼ੁਦਾ ਬੀਜ਼ ਉਤਪਾਦਨ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਕਣਕ ਦੀਆਂ ਦੋ ਮੈਕਲੀਕਨ ਕਿਸਮਾਂ ਦੇ ਨਾਂ ਲਿਖੋ।
ਉੱਤਰ—(1) ਲਰਮਾ ਰੋਹੋ (2) ਸੋਨਾਰਾ-64
ਪ੍ਰਸ਼ਨ 2. ਬੀਜ ਸਾਫ਼ ਕਰਨ ਵਾਲੀ ਮਸ਼ੀਨ ਦਾ ਨਾਂ ਲਿਖੋ।
ਉੱਤਰ—ਬੀਜ ਗਰੇਡਰ (Seed Grader)
ਪ੍ਰਸ਼ਨ 3 . ਕਣਕ ਦੀਆਂ ਦੋ ਨਵੀਆਂ ਸੁਧਰੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ—ਡਬਲਿਊ. ਐਚ. 1105, ਪੀ. ਬੀ. ਡਬਲਿਉਂ 621
ਪ੍ਰਸ਼ਨ 4. ਤਸਦੀਕਸ਼ੁਦਾ ਬੀਜ ਦੇ ਥੈਲੇ ਉੱਪਰ ਕਿੰਨੇ ਟੈਗ ਲੱਗਦੇ ਹਨ।
ਉੱਤਰ—ਦੋ ਟੈਗ
ਪ੍ਰਸ਼ਨ 5 . ਬੁਨਿਆਦੀ ਬੀਜ ਉੱਪਰ ਕਿਸ ਰੰਗ ਦਾ ਟੈਗ ਲਗਦਾ ਹੈ ?
ਉੱਤਰ—ਸਫ਼ੇਦ ਟੈਗ
ਪ੍ਰਸ਼ਨ 6 . ਟੀ . ਐਲ. ਬੀਜ ਦਾ ਪੂਰਾ ਨਾਂ ਲਿਖੋ।
ਉੱਤਰ—ਟਰੂਥਫੂਲੀ ਲੈਬਲ (Truthfully Labelled)
ਪ੍ਰਸ਼ਨ 7 . ਬੀਜ ਕਾਨੂੰਨ ਕਿਹੜੇ ਸਾਲ ਵਿੱਚ ਬਣਿਆ ਸੀ ?
ਉੱਤਰ—1966 ਵਿੱਚ।
ਪ੍ਰਸ਼ਨ 8. ਕਣਕ ਦੇ ਤਸਦੀਕਸ਼ੁਦਾ ਬੀਜ ਦੀ ਘੱਟੋ ਘੱਟ ਕਿੰਨੀ ਉੱਗਣ ਸ਼ਕਤੀ ਹੋਣੀ ਚਾਹੀਦੀ ਹੈ ?
ਉੱਤਰ-85 ਫੀਸਦੀ ਤੋਂ ਘੱਟ।
ਪ੍ਰਸ਼ਨ 9 . ਝੋਨੇ ਦੀ ਤਸਦੀਕਸ਼ੁਦਾ ਬੀਜ ਦੀ ਘੱਟੋ ਘੱਟ ਕਿੰਨੀ ਸ਼ੁੱਧਤਾ ਹੁੰਦੀ ਹੈ ?
ਉੱਤਰ-98 ਫੀਸਦੀ ਤੋਂ ਘੱਟ
ਪ੍ਰਸ਼ਨ 10 . ਨਰਮੇ ਦੇ ਕਿਸੇ ਇੱਕ ਜੱਦੀ-ਪੁਸ਼ਤੀ ਗੁਣ ਦਾ ਨਾਂ ਲਿਖੋ।
ਉੱਤਰ—ਪ੍ਰਤੀ ਪੌਦਾ ਟੀਂਡਿਆਂ ਦੀ ਗਿਣਤੀ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਬੀਜ ਕਾਨੂੰਨ ਦੇ ਕੀ ਉਦੇਸ਼ ਹਨ ਅਤੇ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ—ਕਿਸਾਨਾਂ ਨੂੰ ਸਹੀ ਨਸਲ ਦਾ ਬੀਜ ਵਾਜਬ ਕੀਮਤਾਂ ਤੇ ਪ੍ਰਾਪਤ ਕਰਾਉਣ ਲਈ ਸਾਰੇ ਭਾਰਤ ਵਿੱਚ 1966 ਵਿੱਚ ਇੱਕ ਕਾਨੂੰਨ ਬੀਜ ਐਕਟ 1966 ਲਾਗੂ ਕੀਤਾ ਗਿਆ ਸੀ।
ਪ੍ਰਸ਼ਨ 2. ਨਰਮੇ ਦੀ ਫ਼ਸਲ ਦੇ ਦੋ ਜੱਦੀ ਪੁਸ਼ਤੀ ਗੁਣ ਲਿਖੋ।
ਉੱਤਰ—ਨਰਮੇ ਦੀ ਫ਼ਸਲ ਦੇ ਦੋ ਜੱਦੀ ਪੁਸ਼ਤੀ ਗੁਣ ਇਹ ਹਨ—
(1) ਟੀਡਿਆਂ ਦਾ ਔਸਤ ਵਜ਼ਨ
(2) ਫ਼ਲਦਾਰ ਟਹਿਣੀਆਂ ਦੀ ਗਿਣਤੀ ਆਦਿ।
ਪ੍ਰਸ਼ਨ 3 . ਬੁਨਿਆਦੀ ਬੀਜ ਤੋਂ ਕੀ ਭਾਵ ਹੈ ?
ਉੱਤਰ—ਬੀਜ ਪੈਦਾ ਕਰਨ ਵਾਲੀ ਸੰਸਥਾ ਵਲੋਂ ਬਰੀਡਰ ਬੀਜ ਤੋਂ ਤਿਆਰ ਕੀਤਾ ਗਿਆ ਬੀਜ ਬੁਨਿਆਦੀ ਬੀਜ ਕਿਹਾ ਜਾਂਦਾ ਹੈ।
ਪ੍ਰਸ਼ਨ 4 . ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਲਿਖੋ।
ਉੱਤਰ—ਪੰਜਾਬ ਵਿੱਚ ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਕਾਇਮ ਕੀਤੀ ਗਈ ਹੈ।
ਪ੍ਰਸ਼ਨ 5 . ਕਣਕ ਦੀ ਫ਼ਸਲ ਦੇ ਤਿੰਨ ਮਹੱਤਵਪੂਰਨ ਜੱਦੀ ਪੁਸ਼ਤੀ ਗੁਣ ਲਿਖੋ।
ਉੱਤਰ—ਕਣਕ ਦੀ ਫ਼ਸਲ ਦੇ ਝਾੜ ਉੱਪਰ ਅਸਰ ਪਾਉਣ ਵਾਲੇ ਮਹੱਤਵਪੂਰਨ ਜੱਦੀ ਪੁਸ਼ਤੀ ਗੁਣ ਇਹ ਹਨ : ਪ੍ਰਤੀ ਪੌਦਾ ਸ਼ਾਖਾ ਦੀ ਗਿਣਤੀ, ਸਿੱਟੇ ਦੀ ਲੰਬਾਈ, ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ, ਦਾਣਿਆਂ ਦਾ ਵਜ਼ਨ, ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਅਤੇ ਫ਼ਸਲ ਪੱਕਣ ਲਈ ਸਮਾਂ ਆਦਿ।
ਪ੍ਰਸ਼ਨ 6. ਬਰੀਡਰ ਬੀਜ ਕਿਸ ਸੰਸਥਾ ਵੱਲੋਂ ਤਿਆਰ ਕੀਤਾ ਜਾਂਦਾ ਹੈ ?
ਉੱਤਰ—ਬਰੀਡਰ ਬੀਜ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਵੱਲੋਂ ਤਿਆਰ ਕੀਤਾ ਜਾਂਦਾ ਹੈ।
ਪ੍ਰਸ਼ਨ 7. ਬੀਜ ਦੇ ਕੋਈ ਤਿੰਨ ਬਾਹਰੀ ਦਿੱਖ ਵਾਲੇ ਗੁਣਾਂ ਬਾਰੇ ਲਿਖੋ।
ਉੱਤਰ—ਬੀਜ ਦੇ ਬਾਹਰੀ ਦਿੱਖ ਵਾਲੇ ਗੁਣ ਇਹ ਹਨ—(1) ਬੀਜ ਦਾ ਰੰਗ ਰੂਪ
(2) ਅਕਾਰ
(3) ਟੁੱਟ-ਭੱਜ ਰਹਿਤ ਬੀਜ।
ਪ੍ਰਸ਼ਨ 8 . ਤਸਦੀਕਸ਼ੁਦਾ ਬੀਜ ਦੀ ਪਰਿਭਾਸ਼ਾ ਲਿਖੋ।
ਉੱਤਰ—ਉਹ ਬੀਜ ਜਿਹੜਾ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ ਹੇਠ ਬੁਨਿਆਦੀ ਬੀਜ ਤੋਂ ਤਿਆਰ ਬੀਜ ਤਸਦੀਕਸ਼ੁਦਾ ਬੀਜ ਹੈ।
ਪ੍ਰਸ਼ਨ 9. ਬੀਜ ਉਤਪਾਦਨ ਵਿੱਚ ਵੱਖਰੇਪਣ ਦੀ ਦੂਰੀ ਦੀ ਕੀ ਮਹੱਤਤਾ ਹੈ ?
ਉੱਤਰ—ਬੀਜ ਉਤਪਾਦਨ ਵਿੱਚ ਵੱਖਰੇਪਣ ਦੀ ਦੂਰੀ ਦਾ ਬੜਾ ਮਹੱਤਵ ਹੈ। ਅਜਿਹਾ ਕਰਨ ਨਾਲ ਫ਼ਸਲ ਚੰਗੀ ਵੱਧ ਨਾਲ ਫੁੱਲ ਸਕਦੀ ਹੈ। ਇਸ ਲਈ ਬੀਜ ਉਤਪਾਦਨ ਵਿੱਚ ਸਹੀ ਦੂਰੀ ਰੱਖਣੀ ਚਾਹੀਦੀ ਹੈ।
ਪ੍ਰਸ਼ਨ 10. ਓਪਰੇ ਪੌਦਿਆਂ ਨੂੰ ਬੀਜ ਫਸਲ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ ?
ਉੱਤਰ—ਰੰਬੇ ਜਾਂ ਖੁਰਪੇ ਨਾਲ ਓਪਰੇ ਪੌਦਿਆਂ ਨੂੰ ਬੀਜ ਫਸਲਾਂ ਵਿੱਚੋਂ ਕੱਢਣਾ ਜ਼ਰੂਰੀ ਹੈ। ਇਹਨਾਂ ਨੂੰ ਸਮੇਂ-ਸਮੇਂ ਤੇ ਪੁੱਟਦੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਇਹ ਫਸਲ ਨਾਲ ਜ਼ਮੀਨ ਖ਼ੁਰਾਕ ਲੈਂਦੇ ਰਹਿਣਗੇ ਤੇ ਬੀਜ ਫ਼ਸਲਾਂ ਉੱਚ ਕੁਆਲਿਟੀ ਦੇ ਬੀਜਾਂ ਦਾ ਉਤਪਾਦ ਨਹੀਂ ਕਰ ਸਕੇਗਾ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਜੱਦੀ ਪੁਸ਼ਤੀ ਅਤੇ ਬਾਹਰੀ ਦਿੱਖ ਵਾਲੇ ਗੁਣਾਂ ਵਿੱਚ ਕੀ ਅੰਤਰ ਹੈ ?
ਉੱਤਰ—ਜੱਦੀ ਪੁਸ਼ਤੀ ਗੁਣ ਹਨ-ਪ੍ਤੀ ਪੌਦਾ ਸ਼ਾਖਾ ਦੀ ਗਿਣਤੀ, ਸਿੱਟੇ ਦੀ ਲੰਬਾਈ, ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ, ਦਾਣਿਆਂ ਦਾ ਵਜ਼ਨ, ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਅਤੇ ਫਸਲ ਪੱਕਣ ਲਈ ਸਮਾਂ ਆਦਿ ਪਰ ਬਾਹਰੀ ਦਿਖ ਵਾਲੇ ਬੀਜ ਦੇ ਗੁਣ ਹਨ—ਬੀਜ ਦਾ ਰੰਗ ਰੂਪ, ਆਕਾਰ, ਵਜ਼ਨ, ਟੁੱਟ-ਭੱਜ ਰਹਿਤ ਬੀਜ, ਕੂੜਾ ਕਰਕਟ ਬੀਜ
ਪ੍ਰਸ਼ਨ 2. ਬੀਜ ਫਸਲ ਦੇ ਕੋਈ ਤਿੰਨ ਮਿਆਰ ਲਿਖੋ।
ਉੱਤਰ-ਖੇਤ ਵਿੱਚ ਬੀਜ ਵਾਲੀ ਫਸਲ ਦੇ ਮਿਆਰ-ਹੇਠ ਲਿਖੇ ਤਿੰਨ ਮਿਆਰਾਂ ਮੁਤਾਬਕ ਬੀਜ ਫਸਲ ਫੇਲ ਜਾਂ ਪਾਸ ਕੀਤੀ ਜਾਂਦੀ ਹੈ—
(1) ਬੀਜ ਵਾਲੀ ਫ਼ਸਲ ਦੀ ਦੂਸਰੀਆਂ ਫ਼ਸਲਾਂ ਤੋਂ ਦੂਰੀ।
(2) ਬੀਜ ਵਾਲੀ ਫ਼ਸਲ ਵਿੱਚ ਉਪਰੇ ਪੌਦਿਆਂ ਦੀ ਗਿਣਤੀ।
(3) ਬੀਜ ਵਾਲੀ ਫ਼ਸਲ ਵਿੱਚ ਬੀਮਾਰੀ ਵਾਲੇ ਪੌਦਿਆਂ ਦੀ ਗਿਣਤੀ।
ਪ੍ਰਸ਼ਨ 3 . ਤਸਦੀਕਸ਼ੁਦਾ ਬੀਜ ਦੇ ਮਿਆਰਾਂ ਬਾਰੇ ਚਾਨਣਾ ਪਾਓ।
ਉੱਤਰ—ਤਸਦੀਕਸ਼ੁਦਾ ਬੀਜਾਂ ਦੇ ਮਿਆਰ—ਤਸਦੀਕਸ਼ੁਦਾ ਬੀਜਾਂ ਦਾ ਉਤਪਾਦਨ ਕਰਨ ਲਈ ਦੋ ਤਰ੍ਹਾਂ ਦੇ ਮਿਆਰਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਹ ਇਸ ਪ੍ਰਕਾਰ ਹਨ—
(1) ਖੇਤ ਵਿੱਚ ਬੀਜ ਵਾਲੀ ਫ਼ਸਲ ਦੇ ਮਿਆਰ (Field Standards) : ਉਤਪਾਦਨ ਕਰਨ ਲਈ ਖੇਤ ਵਿੱਚ ਬੜੀ ਫ਼ਸਲ ਦਾ ਮੁਆਇਨਾ ਪੰਜਾਬ ਰਾਜ ਬੀਜ ਪ੍ਰਮਾਣਿਕ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਅਤੇ ਹੇਠ ਲਿਖੇ ਮਿਆਰਾਂ ਮੁਤਾਬਿਕ ਬੀਜ ਫ਼ਸਲ ਫੇਲ ਜਾਂ ਪਾਸ ਕੀਤੀ ਜਾਂਦੀ ਹੈ :
(i) ਬੀਜ ਵਾਲੀ ਫ਼ਸਲ ਦੀ ਦੂਸਰੀਆਂ ਫ਼ਸਲਾਂ ਤੋਂ ਦੂਰੀ (Isolation distance) ।
(ii) ਬੀਜ ਵਾਲੀ ਫ਼ਸਲ ਵਿੱਚ ਓਪਰੇ ਪੌਦਿਆਂ ਦੀ ਗਿਣਤੀ (Off types plants) |
(iii) ਬੀਜ ਵਾਲੀ ਫ਼ਸਲ ਵਿੱਚ ਬੀਮਾਰੀ ਵਾਲੇ ਪੌਦਿਆਂ ਦੀ ਗਿਣਤੀ (Diseased plants) I
(2) ਬੀਜਾਂ ਦੇ ਮਿਆਰ (Speed Standards) : ਪਰਖ ਪ੍ਰਯੋਗਸ਼ਾਲਾ ਵਿੱਚ ਬੀਜ ਦੇ ਨਮੂਨੇ ਦੀ ਪਰਖ ਕਰਕੇ ਅਜਿਹੇ ਮਿਆਰਾਂ ਬਾਰੇ ਪੜਤਾਲ ਕੀਤੀ ਜਾਂਦੀ ਹੈ। ਇਹ ਮਿਆਰ ਇਸ ਪ੍ਰਕਾਰ ਹਨ—
(i) ਬੀਜ ਦੀ ਉੱਗਣ ਸ਼ਕਤੀ (Germination)
(ii) ਬੀਜ ਦੀ ਸ਼ੁੱਧਤਾ (Purity of seed)
(iii) ਬੀਮਾਰੀ ਵਾਲੇ ਬੀਜਾਂ ਦੀ ਮਿਕਦਾਰ (No. of diseased seeds)
(iv) ਬੀਜਾਂ ਵਿੱਚ ਨਦੀਨ ਦੇ ਬੀਜਾਂ ਦੀ ਮਿਕਦਾਰ (Weed seeds)
ਪ੍ਰਸ਼ਨ 4. ਵਪਾਰਕ ਪੱਧਰ ਤੇ ਤਸਦੀਕਸ਼ੁਦਾ ਬੀਜ ਉਤਪਾਦਨ ਕਰਨ ਲਈ ਤਰੀਕਾ ਲਿਖੋ।
ਉੱਤਰ–ਵਪਾਰਕ ਪੱਧਰ ਤੇ ਤਸਦੀਕਸ਼ੁਦਾ ਬੀਜਾਂ ਦਾ ਉਤਪਾਦਨ—ਕਿਸਾਨ ਤਸਦੀਕਸ਼ੁਦਾ ਬੀਜਾਂ ਦਾ ਉਤਪਾਦਨ ਖ਼ੁਦ ਵੀ ਕਰ ਸਕਦੇ ਹਨ। ਇਸ ਵਪਾਰ ਤੋਂ ਵਧੀਆ ਕਮਾਈ ਵੀ ਕਰ ਸਕਦੇ ਹਨ।
ਵਪਾਰਕ ਪੱਧਰ ਤੇ ਇਹ ਧੰਦਾ ਸ਼ੁਰੂ ਕਰਨ ਦਾ ਢੰਗ ਹੇਠ ਲਿਖੇ ਅਨੁਸਾਰ ਹੈ—
1. ਇਹ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਬੀਜ ਉਤਪਾਦਨ ਸੰਬੰਧੀ ਜਾਣਕਾਰੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਬੀਜ ਫ਼ਾਰਮਾਂ, ਖੇਤੀਬਾੜੀ ਮਹਿਕਮੇ, ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਅਤੇ ਪਨਸੀਡ ਵਰਗੇ ਮਹਿਕਮੇ ਤੋਂ ਲਵੋ।
2. ਬੀਜ ਉਤਪਾਦਨ ਕਰਨ ਲਈ ਢੁਕਵੀਂ ਫ਼ਸਲ ਦੀ ਚੋਣ, ਬੀਜ ਉਤਪਾਦਨ ਵਿੱਚ ਲੋੜੀਂਦੇ ਢਾਂਚੇ ਤੇ ਖ਼ਰਚ ਅਤੇ ਬੀਜਾਂ ਦੇ ਮੰਡੀਕਰਨ ਆਦਿ ਬਾਰੇ ਢੁਕਵੀਂ ਵਿਉਂਤਬੰਦੀ ਬਹੁਤ ਜ਼ਰੂਰੀ ਹੈ।
3. ਬੀਜ ਉਤਪਾਦਨ ਅਤੇ ਸੇਲ ਕਰਨ ਸੰਬੰਧੀ ਇੱਕ ਫਰਮ ਜਾਂ ਕੰਪਨੀ ਬਣਾ ਕੇ ਖੇਤੀਬਾੜੀ ਮਹਿਕਮੇ ਤੋਂ ਲਾਈਸੈਂਸ ਲੈਣਾ ਜ਼ਰੂਰੀ ਹੈ।
4. ਬੀਜ ਉਤਪਾਦਨ ਕਰਨ ਲਈ ਬੀਜ ਨੂੰ ਸਾਫ਼ ਕਰਨ ਵਾਲੀ ਮਸ਼ੀਨ (Seed Grader), ਲੋੜ ਮੁਤਾਬਿਕ ਪੱਕਾ ਫਰਸ਼, ਸਟੋਰ ਅਤੇ ਬੈਲੇ ਸਿਉਣ ਵਾਲੀ ਮਸ਼ੀਨ, ਬੀਜ ਪੈਕ ਕਰਨ ਲਈ ਥੈਲੀਆਂ ਆਦਿ ਮੁੱਢਲੀਆਂ ਲੋੜਾਂ ਹਨ ਜਿਨ੍ਹਾਂ ਬਾਰੇ ਫ਼ੈਸਲਾ ਕਰਨ ਲਈ ਪੂਰੀ ਜਾਣਕਾਰੀ ਅਤੇ ਤਜਰਬੇ ਦੀ ਲੋੜ ਪੈਂਦੀ ਹੈ।
5. ਜਿਸ ਕਿਸਮ ਦਾ ਬੀਜ ਉਤਪਾਦਨ ਕਰਨਾ ਹੋਵੇ ਉਸੇ ਕਿਸਮ ਦਾ ਬੁਨਿਆਦੀ ਬੀਜ (Foundation Seed) ਨਿਰਦੇਸ਼ਕ ਬੀਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕਰੋ। ਬੀਜ ਦਾ ਬਿੱਲ ਫਰਮ/ਕੰਪਨੀ ਦੇ ਨਾਂ ਤੇ ਹੋਣਾ ਜ਼ਰੂਰੀ ਹੈ।
6. ਫਾਊਂਡੇਸ਼ਨ ਬੀਜ ਤੋਂ ਸਿਫਾਰਸ਼ਾਂ ਅਨੁਸਾਰ ਫ਼ਸਲ ਪੈਦਾ ਕਰੋ ਅਤੇ ਫ਼ਸਲ ਦੀ ਰਜਿਸਟਰੇਸ਼ਨ ਪੰਜਾਬ ਰਾਜ ਸੀਡ ਸਰਟੀਫਿਕੇਸ਼ਨ ਮਹਿਕਮੇ ਕੋਲੋਂ ਕਰਵਾਉ।
7. ਫ਼ਸਲ ਵਿੱਚੋਂ ਓਪਰੇ ਪੌਦੇ, ਬੀਮਾਰੀ ਵਾਲੇ ਪੌਦੇ ਅਤੇ ਨਦੀਨਾਂ ਦੇ ਪੌਦੇ ਪੁੱਟਦੇ ਰਹੋ। ਉਪਰ ਦੱਸੇ ਮਹਿਕਮੇ ਵੱਲੋਂ ਫ਼ਸਲ ਦਾ ਦੋ-ਤਿੰਨ ਵਾਰ ਨਿਰੀਖਣ ਕੀਤਾ ਜਾਵੇਗਾ।
8. ਇਸ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਫ਼ਸਲ ਕੱਟਣ ਤੋਂ ਬਾਅਦ ਪੈਦਾਵਾਰ ਸਾਫ਼ ਕਰਕੇ, ਢੁੱਕਵੇਂ ਤਰੀਕੇ ਨਾਲ ਪੈਕ ਕਰੋ ਅਤੇ ਲੋੜੀਂਦੇ ਟੈਗ ਬੀਜ ਵਾਲੀ ਥੈਲੀ ਉੱਪਰ ਲਾਉ। ਬੀਜ ਪੈਕ ਕਰਨ ਤੋਂ ਪਹਿਲਾਂ ਇਸ ਮਹਿਕਮੇ ਵੱਲੋਂ ਸਾਫ਼ ਕੀਤੇ ਹੋਏ ਬੀਜ ਨੂੰ ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਪਰਖ ਕੀਤਾ ਜਾਂਦਾ ਹੈ।
ਪ੍ਰਸ਼ਨ 5 . ਤਸਦੀਕਸ਼ੁਦਾ ਬੀਜ ਉਤਪਾਦਨ ਦਾ ਕਾਰੋਬਾਰ ਕਰਨ ਲਈ ਮਹੱਤਵਪੂਰਨ ਨੁਕਤਿਆਂ ਤੇ ਚਾਨਣਾ ਪਾਉਂ
ਉੱਤਰ-ਵਪਾਰਕ ਪੱਧਰ ਤੇ ਬੀਜ ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ ਦੋ-ਤਿੰਨ ਫ਼ੈਸਲੇ ਕਰਨੇ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾਂ ਫ਼ੈਸਲਾ ਇਹ ਕਰਨਾ ਪੈਣਾ ਹੈ ਕਿ ਕਿਹੜੀ ਫ਼ਸਲ ਦਾ ਬੀਜ ਉਤਪਾਦਨ ਤੁਹਾਡੇ ਲਈ ਸਭ ਤੋਂ ਢੁਕਵਾਂ, ਸੌਖਾ ਤੇ ਵਧੇਰੇ ਲਾਭਕਾਰੀ ਹੈ। ਅਜਿਹੀ ਫ਼ਸਲ ਚੁਣੋ ਜੋ ਤੁਹਾਡੇ ਇਲਾਕੇ ਲਈ ਢੁਕਵੀਂ ਹੋਵੇ ਜਾਂ ਤੁਸੀਂ ਖੁਦ ਕਾਸ਼ਤ ਕਰਦੇ ਹੋਵੇ। ਅਰੰਭਕ ਅਵਸਥਾ ਵਿੱਚ ਅਜਿਹੀ ਫ਼ਸਲ ਦਾ ਵਪਾਰਕ ਪੱਧਰ ਤੇ ਬੀਜ ਬਣਾਉਣਾ ਚਾਹੀਦਾ ਹੈ ਜਿਸ ਦੇ ਬੀਜ ਦੀ ਮੰਗ ਬਹੁਤ ਹੋਵੇ ਅਤੇ ਪ੍ਰਤੀ ਏਕੜ ਵੱਡੀ ਮਾਤਰਾ ਵਿੱਚ ਬੀਜ ਦੀ ਖਪਤ ਹੋਵੇ ਜਿਵੇਂ ਕਿ ਕਣਕ ਚੰਗਾ ਹੋਵੇਗਾ ਜੇ ਤੁਸੀਂ ਇਹ ਧੰਦਾ ਸ਼ੁਰੂ ਕਰਨ ਤੋਂ ਪਹਿਲਾ ਇਕ ਸਾਲ ਪਨਸੀਡ ਦੇ ਰਜਿਸਟਰਡ ਕਿਸਾਨ ਬਣੇ ਅਤੇ ਕਣਕ ਜਾਂ ਝੋਨੇ ਦਾ ਆਪਣੇ ਖੇਤਾਂ ਵਿੱਚ ਬੀਜ ਤਿਆਰ ਕਰਕੇ ਵਾਪਸ ਪਨਸੀਡ ਨੂੰ ਦਿਉ। ਇਸ ਤਰ੍ਹਾਂ ਕਣਕ ਦਾ ਬੀਜ ਤਿਆਰ ਕਰਨ ਤੇ ਪਨਸੀਡ ਵੱਲੋਂ 250 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਸਰਕਾਰੀ ਮਿੱਥੇ ਰੇਟ (MSP) ਤੋਂ ਵੱਧ ਦਿੱਤਾ ਜਾ ਰਿਹਾ ਹੈ। ਇੱਕ ਸਾਲ ਇਸ ਤਰ੍ਹਾਂ ਦੇ ਤਜਰਬੇ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਨਾਲੇ ਆਮਦਨ ਵੀ ਵਧੇਰੇ ਹੋਵੇਗੀ ।
ਦੂਸਰਾ ਮਹੱਤਵਪੂਰਨ ਫ਼ੈਸਲਾ ਜੋ ਤੁਸੀਂ ਕਰਨਾ ਹੈ ਉਹ ਹੈ ਬੀਜਾਂ ਦੇ ਕਿਸ ਖੇਤਰ ਵਿੱਚ ਤੁਸੀਂ ਕੰਮ ਕਰਨਾ ਹੈ। ਬਹੁਤ ਤਰ੍ਹਾਂ ਦੇ ਬੀਜ ਹਨ ਜਿਵੇਂ ਕਿ ਆਮ ਫ਼ਸਲਾਂ ਦੇ ਬੀਜ, ਫੁੱਲਾਂ ਦੇ ਬੀਜ, ਸਬਜ਼ੀਆਂ ਦੇ ਬੀਜ ਆਦਿ।ਜੋ ਵੀ ਖੇਤਰ ਤੁਸੀਂ ਅਪਨਾਉਣਾ ਹੋਵੇ ਉਸਦੀ ਚੰਗੀ ਤਰ੍ਹਾਂ ਘੋਖ ਕਰਕੇ, ਪੂਰੀ ਜਾਣਕਾਰੀ ਲੈ ਕੇ ਅਤੇ ਢੁੱਕਵੀਂ ਟਰੇਨਿੰਗ ਲੈਣ ਤੋਂ ਬਾਅਦ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ। ਫੇਰ ਇੱਕ ਹੋਰ ਖੇਤਰ ਹੈ ਹਾਈਬਰਿਡ ਬੀਜਾਂ ਦਾ। ਇਹ ਬੀਜ ਮਹਿੰਗੇ ਹਨ ਅਤੇ ਅਜਿਹੇ ਬੀਜਾਂ ਦੀ ਮੰਗ ਬਹੁਤ ਹੁੰਦੀ ਹੈ। ਮਲਟੀਨੈਸ਼ਨਲ ਕੰਪਨੀਆਂ ਹਾਈਬਰਿਡ ਬੀਜਾਂ ਦਾ ਕਰੋੜਾਂ/ਅਰਬਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਹਨ।ਇਸ ਮੁਕਾਮ ਤੇ ਪਹੁੰਚਣ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ, ਸਬਰ ਨਾਲ ਮੁਹਾਰਤ ਹਾਸਲ ਕਰਨੀ ਪਵੇਗੀ ਅਤੇ ਦ੍ਰਿੜਤਾ ਨਾਲ ਅੱਗੇ ਹੀ ਅੱਗੇ ਅਤੇ ਨਵੀਂ ਤੋਂ ਨਵੀਂ ਜਾਣਕਾਰੀ ਹਾਸਲ ਕਰਨੀ ਪਵੇਗੀ। ਤੀਸਰਾ ਮਹੱਤਵਪੂਰਨ ਫ਼ੈਸਲਾ ਲੈਣਾ ਹੋਵੇਗਾ। ਲੋੜੀਂਦੇ ਢਾਂਚੇ ਬਾਰੇ, ਜਿਸ ਲਈ ਕੁਝ ਮੁੱਢਲੇ ਤੌਰ ਤੇ ਸਰਮਾਏ ਦੀ ਲੋੜ ਪੈਂਦੀ ਹੈ। ਲੋੜੀਂਦੇ ਢਾਂਚੇ ਵਿੱਚ ਸਟੋਰ, ਪੱਕਾ ਫਰਸ਼, ਸੀਡ ਗਰੇਡਰ ਤੇ ਹੋਰ ਮਸ਼ੀਨਾਂ ਦੀ ਲੋੜ ਪੈਂਦੀ ਹੈ। ਅਜਿਹੇ ਢਾਂਚੇ ਉੱਪਰ ਕਿੰਨਾ ਖ਼ਰਚ ਆਉਂਦਾ ਹੈ ਇਹ ਨਿਰਭਰ ਕਰਦਾ ਹੈ ਬੀਜ ਉਤਪਾਦਨ ਦੇ ਆਕਾਰ ਤੇ।ਇਸ ਤੋਂ ਇਲਾਵਾ ਜੇ ਤੁਸੀਂ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਤਸਦੀਕਸ਼ੁਦਾ ਬੀਜ ਪੈਦਾ ਕਰਵਾ ਕੇ ਉਹ ਵਾਪਿਸ ਖਰੀਦਣਾ ਹੈ ਤਾਂ ਉਸ ਲਈ ਵੀ ਤੁਹਾਨੂੰ ਕੁਝ ਸਰਮਾਏ ਦੀ ਲੋੜ ਪਵੇਗੀ। ਮੁੱਕਦੀ ਗੱਲ ਇਹ ਹੈ ਕਿ ਇਹੋ ਜਿਹੇ ਫ਼ੈਸਲੇ ਕਦੀ ਵੀ ਕਾਹਲ ਵਿੱਚ ਨਹੀਂ ਲੈਣੇ ਚਾਹੀਦੇ ਅਤੇ ਸੰਬੰਧਤ ਮਹਿਕਮਿਆਂ ਨਾਲ ਅਤੇ ਜੋ ਮਾਹਿਰ ਕਿਸਾਨ ਪਹਿਲਾਂ ਤੋਂ ਇਸ ਕਾਰੋਬਾਰ ਵਿੱਚ ਲੱਗੇ ਹੋਏ ਹਨ, ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਸਹੀ ਫ਼ੈਸਲੇ ਲੈਣੇ ਚਾਹੀਦੇ ਹਨ ਫਿਰ ਹੀ ਕਾਮਯਾਬੀ ਹਾਸਲ ਹੋ ਸਕਦੀ ਹੈ।