ਪਾਠ 7 ਆਰਥਿਕ ਵਿਕਾਸ ਵਿੱਚ ਖੇਤੀ ਦਾ ਯੋਗਦਾਨ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਦੇਸ਼ ਦੀ ਕਿੰਨੀ ਅਬਾਦੀ ਪਿੰਡਾਂ ਵਿੱਚ ਵਸਦੀ ਹੈ ?
ਉੱਤਰ—ਦੋ ਤਿਹਾਈ ਤੋਂ ਵੱਧ।
ਪ੍ਰਸ਼ਨ 2 . ਭਾਰਤ ਵਿੱਚ ਖੇਤੀ ਉੱਤੇ ਸਿੱਧੇ ਤੌਰ ਤੇ ਨਿਰਭਰ ਕਰਨ ਵਾਲੀ ਕਿਰਤੀ ਅਬਾਦੀ ਕਿੰਨੇ ਪ੍ਰਤੀਸ਼ਤ ਹੈ ?
ਉੱਤਰ—ਭਾਰਤ ਵਿੱਚ 54 ਪ੍ਰਤੀਸ਼ਤ ਕਿਰਤੀ ਰੋਜ਼ਗਾਰ ਲਈ ਸਿੱਧੇ ਤੌਰ ਤੇ ਖੇਤੀਬਾੜੀ ਵਿੱਚ ਲੱਗੇ ਹੋਏ ਹਨ।
ਪ੍ਰਸ਼ਨ 3 . ਭਾਰਤ ਦੇ ਕੁੱਲ ਘਰੇਲੂ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ ?
ਉੱਤਰ—ਭਾਰਤ ਦੇ ਕੁਲ ਘਰੇਲੂ ਆਮਦਨ (GDB) ਵਿੱਚ 13.7 ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ।
ਪ੍ਰਸ਼ਨ 4. ਭਾਰਤ ਵਿੱਚ ਸਾਲ 1950-51 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਸੀ ਅਤੇ ਸਾਲ 2013-14 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਹੋ ਗਈ ?
ਉੱਤਰ—1950-51 ਵਿੱਚ 51 ਮਿਲੀਅਨ ਟਨ, 2013-14 ਵਿੱਚ 264 ਮਿਲੀਅਨ ਹਨ।
ਪ੍ਰਸ਼ਨ 5 . ਭਾਰਤ ਦੀ ਅਰਥ ਵਿਵਸਥਾ ਦੇ ਕਿਹੜੇ ਤਿੰਨ ਖੇਤਰ ਹਨ ?
ਉੱਤਰ—(1) ਖੇਤੀਬਾੜੀ (2) ਉਦਯੋਗਿਕ ਖੇਤਰ (3) ਸੇਵਾਵਾਂ ਖੇਤਰ
ਪ੍ਰਸ਼ਨ 6 . ਵਿਸ਼ਵ ਵਪਾਰ ਵਿੱਚ ਖੇਤੀ ਦੇ ਖੇਤਰ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ-ਦਸਵਾਂ ਸਥਾਨ।
ਪ੍ਰਸ਼ਨ 7 . ਚਾਵਲ ਦੇ ਨਿਰਯਾਤ ਵਿੱਚ ਭਾਰਤ ਨੇ ਕਿਹੜੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ ?
ਉੱਤਰ—ਥਾਈਲੈਂਡ ਨੂੰ
ਪ੍ਰਸ਼ਨ 8 . ਕੱਚੇ ਮਾਲ ਲਈ ਖੇਤੀਬਾੜੀ ਉੱਤੇ ਨਿਰਭਰ ਮੁੱਖ ਉਦਯੋਗਾਂ ਦੇ ਨਾਂ ਦੱਸੋ।
ਉੱਤਰ-ਕੱਪੜਾ ਉਦਯੋਗ, ਚੀਨੀ ਉਦਯੋਗ, ਪਟਸਨ ਉਦਯੋਗ।
ਪ੍ਰਸ਼ਨ 9. ਸਾਲ 2013 ਵਿੱਚ ਖੇਤੀ ਸੰਬੰਧਿਤ ਕਿਹੜਾ ਐਕਟ ਸਰਕਾਰ ਨੇ ਪਾਸ ਕੀਤਾ ਹੈ ?
ਉੱਤਰ—ਭੋਜਨ ਸੁਰੱਖਿਆ ਐਕਟ
ਪ੍ਰਸ਼ਨ 10 . ਭਾਰਤ ਦਾ ਖੇਤੀ ਵਪਾਰ ਸੰਤੁਲਨ ਕਿਸ ਤਰ੍ਹਾਂ ਦਾ ਹੈ ?
ਉੱਤਰ—25 ਬਿਲੀਅਨ ਡਾਲਰ ਦੇ ਨਾਲ ਵਾਧੇ ਦਾ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਆਰਥਿਕ ਵਿਕਾਸ ਦਾ ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਨਾਲ ਕਿਹੋ ਜਿਹਾ ਸੰਬੰਧ ਹੈ ?
ਉੱਤਰ-ਆਰਥਿਕ ਵਿਕਾਸ ਲਈ ਜ਼ਰੂਰੀ ਹੈ ਕਿ ਖੇਤੀਬਾੜੀ ਉੱਤੇ ਨਿਰਭਰ ਅਬਾਦੀ ਦੀ ਪ੍ਰਤੀਸ਼ਤਤਾ ਘਟਾਈ ਜਾਵੇ।
ਪ੍ਰਸ਼ਨ 2 . ਭਾਰਤ ਦੇ ਮੁੱਖ ਖੇਤੀ ਨਿਰਯਾਤ ਕਿਹੜੇ ਹਨ ?
ਉੱਤਰ—ਚਾਹ, ਕਾਫੀ, ਕਪਾਹ, ਤੇਲ, ਫ਼ਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ ਅਤੇ ਇੱਥੋਂ ਤੱਕ ਕਿ ਹੁਣ ਚਾਵਲ ਅਤੇ ਕਣਕ ਵੀ ਹੋਰ ਦੇਸ਼ਾਂ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ।
ਪ੍ਰਸ਼ਨ 3 . ਭਾਰਤ ਦੇ ਮੁੱਖ ਖੇਤੀ ਆਯਾਤ ਕਿਹੜੇ ਹਨ ?
ਉੱਤਰ-2013-14 ਵਿਚ ਭਾਰਤ ਦਾ ਕੁਲ ਖੇਤੀ ਆਯਾਤ 17 ਬਿਲੀਅਨ ਡਾਲਰ ਦਾ ਸੀ।
ਪ੍ਰਸ਼ਨ 4 . ਖੇਤੀਬਾੜੀ ਨਾਲ ਸੰਬੰਧਿਤ ਧੰਦੇ ਕਿਹੜੇ ਹਨ ?
ਉੱਤਰ—ਡੇਅਰੀ ਫਾਰਮ, ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ, ਪਸ਼ੂ ਪਾਲਣ, ਸ਼ਹਿਦ ਦੀਆਂ ਮੱਖੀਆਂ, ਵਣ ਖੇਤੀ ਆਦਿ ਖੇਤੀਬਾੜੀ ਨਾਲ ਸੰਬੰਧਤ ਧੰਦੇ ਹਨ।
ਪ੍ਰਸ਼ਨ 5 . ਦੇਸ਼ ਵਿੱਚ ਅਨਾਜ ਦਾ ਭੰਡਾਰ ਕਿਉਂ ਕੀਤਾ ਜਾਂਦਾ ਹੈ ?
ਉੱਤਰ—ਦੇਸ਼ ਵਿੱਚ ਅਨਾਜ ਦਾ ਭੰਡਾਰ ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਪੂਰਤੀ ਦੇ ਘੱਟਣ ਨਾਲ ਪੈਦਾ ਹੋਣ ਵਾਲੇ ਕੀਮਤਾਂ ਦੇ ਵਾਧੇ ਦੇ ਡਰ ਉੱਤੇ ਕਾਬੂ ਪਾਉਣ ਲਈ ਕੀਤਾ ਜਾਂਦਾ ਹੈ।
ਪ੍ਰਸ਼ਨ 6 . ਭੋਜਨ ਸੁਰੱਖਿਆ ਐਕਟ ਵਿੱਚ ਮੁੱਖ ਤਜਵੀਜ਼ ਕੀ ਹੈ ?
ਉੱਤਰ—ਭੋਜਨ ਸੁਰੱਖਿਆ ਐਕਟ ਵਿੱਚ ਦੇਸ਼ ਦੀ 75 ਪ੍ਰਤੀਸ਼ਤ ਪੇਂਡੂ ਅਬਾਦੀ ਅਤੇ 50 ਪ੍ਰਤੀਸ਼ਤ ਸ਼ਹਿਰੀ ਅਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਦੇਣ ਦੀ ਤਜਵੀਜ਼ ਹੈ।
ਪ੍ਰਸ਼ਨ 7. ਰੇਲਵੇ ਦਾ ਵਿਕਾਸ ਦੇਸ਼ ਵਿੱਚ ਖੇਤੀਬਾੜੀ ਵਿਕਾਸ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ—ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਖੇਤੀ ਉਤਪਾਦ ਅਤੇ ਖੇਤੀ ਲਈ ਲੋੜੀਂਦੀਆਂ ਵਸਤਾਂ ਨੂੰ ਪਹੁੰਚਾਉਣ ਵਿੱਚ ਲੱਗੇ ਆਵਾਜਾਈ ਦੇ ਸਾਧਨਾਂ ਜਾਂ ਰੇਲਵੇ ਦਾ ਵਿਕਾਸ ਅਤੇ ਇਸ ਵਿੱਚ ਲੱਗੇ ਲੋਕਾਂ ਦੀ ਆਮਦਨ ਵਿੱਚ ਵਾਧਾ ਖੇਤੀਬਾੜੀ ਖੇਤਰ ਨਾਲ ਜੁੜਿਆ ਹੁੰਦਾ ਹੈ।
ਪ੍ਰਸ਼ਨ 8 . ਉਨ੍ਹਾਂ ਉਦਯੋਗਾਂ ਦੇ ਨਾਂ ਦੱਸੋ ਜੋ ਆਪਣੇ ਉਤਪਾਦ ਵੇਚਣ ਲਈ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੇ ਹਨ?
ਉੱਤਰ—ਪਸ਼ੂ ਪਾਲਣ, ਸ਼ਹਿਦ ਦੀਆਂ ਮੱਖੀਆਂ ਅਤੇ ਫ਼ਲਾਂ ਦਾ ਧੰਦਾ ਆਪਣਾ ਉਤਪਾਦ ਵੇਚਣ ਲਈ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੇ ਹਨ।
ਪ੍ਰਸ਼ਨ 9. ਖੇਤੀਬਾੜੀ ਖੇਤਰ ਵਿੱਚ ਕਿਹੋ ਜਿਹੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
ਉੱਤਰ-ਖੇਤੀਬਾੜੀ ਖੇਤਰ ਵਿੱਚ ਮੌਸਮੀ ਬੇਰੁਜ਼ਗਾਰੀ ਅਤੇ ਲੁਕਵੀਂ ਬੇਰੁਜ਼ਗਾਰੀ ਪਾਈ ਜਾਂਦੀ ਹੈ।
ਪ੍ਰਸ਼ਨ 10 . ਖੇਤੀਬਾੜੀ ਨਾਲ ਸੰਬੰਧਿਤ ਧੰਦਿਆਂ ਦੇ ਕੀ ਲਾਭ ਹਨ ?
ਉੱਤਰ-ਖੇਤੀਬਾੜੀ ਨਾਲ ਸੰਬੰਧਿਤ ਇਨ੍ਹਾਂ ਧੰਦਿਆਂ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਦੇਸ਼ ਵਿੱਚ ਪੂੰਜੀ ਨਿਰਮਾਣ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਅਰਥ ਵਿਵਸਥਾ ਹੋਰ ਮਜ਼ਬੂਤ ਹੁੰਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਭਾਰਤ ਵਿੱਚ ਆਰਥਿਕਤਾ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਕੀ ਯੋਗਦਾਨ ਹੈ ?
ਜਾਂ
ਭਾਰਤ ਦੀ ਖੇਤੀਬਾੜੀ ਦਾ ਦੇਸ਼ ਦੀ ਆਰਥਿਕਤਾ ਉੱਤੇ ਕੀ ਅਸਰ ਹੈ?
ਉੱਤਰ—ਭਾਰਤ ਦੀ ਖੇਤੀਬਾੜੀ ਦਾ ਦੇਸ਼ ਦੀ ਆਰਥਿਕਤਾ ਉੱਤੇ ਹੇਠ ਲਿਖਿਆ ਅਸਰ ਹੈ:-
(1) ਭਾਰਤ ਵਿੱਚ 54 ਪ੍ਰਤੀਸ਼ਤ ਕਿਰਤੀ ਰੋਜ਼ਗਾਰ ਲਈ ਸਿੱਧੇ ਤੌਰ ‘ਤੇ ਖੇਤੀਬਾੜੀ ‘ਤੇ ਨਿਰਭਰ ਹਨ। ਇਸ ਲਈ ਮੁੱਢ ਤੋਂ ਹੀ ਖੇਤੀਬਾੜੀ ਖੇਤਰ ਦਾ ਰਾਸ਼ਟਰੀ ਆਮਦਨ ਦਾ ਸਭ ਤੋ ਅਹਿਮ ਹਿੱਸਾ ਹੈ।
(2) ਬਹੁਤ ਸਾਰੇ ਧੰਦੇ ਜਿਵੇਂ ਡੇਅਰੀ ਫਾਰਮ, ਸੂਰ ਪਾਲਣ, ਸ਼ਹਿਦ ਦੀਆਂ ਮੱਖੀਆਂ
ਪਾਲਣ, ਪਸ਼ੂ-ਪਾਲਣ, ਮੁਰਗੀ ਪਾਲਣ, ਵਣ-ਖੇਤੀ ਆਦਿ ਖੇਤੀਬਾੜੀ ਨਾਲ ਹੀ ਸੰਬੰਧਿਤ
ਧੰਦੇ ਬਹੁਤ ਹੱਦ ਤੱਕ ਖੇਤੀ ਬਾੜੀ ਉੱਤੇ ਨਿਰਭਰ ਕਰਦੇ ਹਨ।
(3) ਇਨ੍ਹਾਂ ਸਹਾਇਕ ਧੰਦਿਆਂ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੁੰਦਾ ਹੈ ਅਤੇ ਦੇਸ਼ ਵਿੱਚ ਪੂੰਜੀ ਨਿਰਮਾਣ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਅਰਥ ਵਿਵਸਥਾ ਹੋਰ ਮਜ਼ਬੂਤ ਹੁੰਦੀ ਹੈ।
ਪ੍ਰਸ਼ਨ 2. ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਦੇਸ਼ ਦੀ ਖੇਤੀਬਾੜੀ ਦਾ ਕੀ ਮਹੱਤਵ ਹੈ ?
ਉੱਤਰ—ਭਾਰਤ ਦਾ ਅੰਤਰਰਾਸ਼ਟਰੀ ਵਪਾਰੀ ਡੂੰਘੇ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਕਈ ਖੇਤੀ ਵਸਤਾਂ ਜਿਵੇਂ ਚਾਹ, ਕਾਫੀ, ਕਪਾਹ, ਤੇਲ, ਫਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ ਅਤੇ ਇੱਥੋਂ ਤੱਕ ਕਿ ਹੁਣ ਚਾਵਲ ਅਤੇ ਕਣਕ ਵੀ ਹੋਰ ਦੇਸ਼ਾਂ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ। ਸਾਲ 2012 ਵਿੱਚ ਭਾਰਤ ਨੇ ਚਾਵਲ ਨਿਰਯਾਤ ਵਿੱਚ ਪਹਿਲਾ ਦਰਜਾ ਹਾਸਲ ਕਰਕੇ ਥਾਈਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ। ਆਰਥਿਕ ਸਰਵੇਖਣ 2013 ਅਨੁਸਾਰ ਖੇਤੀਬਾੜੀ ਅਤੇ ਅਨਾਜ ਨਿਰਯਾਤ ਵਿੱਚ ਭਾਰਤ ਨੇ ਵਿਸ਼ਵ ਵਿੱਚ ਆਪਣਾ ਦਸਵਾਂ ਥਾਂ ਬਣਾ ਲਿਆ ਹੈ। ਇਸ ਤੋਂ ਇਲਾਵਾ ਖੇਤੀ ਤੋਂ ਪ੍ਰਾਪਤ ਕੱਚੇ ਮਾਲ ਤੋਂ ਬਣੀਆਂ ਵਸਤਾਂ ਜਿਵੇਂ ਸੂਤੀ ਕੱਪੜਾ, ਧਾਗਾ, ਬਣੇ ਬਣਾਏ ਵਸਤਰ, ਪਟਸਨ ਤੋਂ ਬਣੀਆਂ ਵਸਤਾਂ ਆਦਿ ਦਾ ਵੀ ਨਿਰਯਾਤ ਕੀਤਾ ਜਾਂਦਾ ਹੈ। ਸਾਲ 2013-14 ਵਿੱਚ ਭਾਰਤ ਦਾ ਕੁੱਲ ਖੇਤੀ ਨਿਰਯਾਤ 42 ਬਿਲੀਅਨ ਡਾਲਰ ਦਾ ਸੀ ਜਦੋਂ ਕਿ ਇਸ ਦੇ ਮੁਕਾਬਲੇ ਇਸੇ ਸਾਲ ਦੇਸ਼ ਦਾ ਕੁਲ ਖੇਤੀ ਆਯਾਤ 17 ਬਿਲੀਅਨ ਡਾਲਰ ਦਾ ਸੀ। ਇਸ ਤਰ੍ਹਾਂ ਸਾਲ 2013-14 ਵਿੱਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ ਡਾਲਰ ਦੇ ਨਾਲ ਵਾਧੇ ਦਾ ਰਿਹਾ।
ਪ੍ਰਸ਼ਨ 3 . ਦੇਸ਼ ਵਿੱਚ ਹਰੀ ਕ੍ਰਾਂਤੀ ਆਉਣ ਦੇ ਕੀ ਕਾਰਨ ਹਨ ?
ਉੱਤਰ—ਦੇਸ਼ ਦੀ ਅਜ਼ਾਦੀ ਤੋਂ ਤੁਰੰਤ ਬਾਅਦ ਕਈ ਦਹਾਕਿਆਂ ਤਕ ਦੇਸ਼ ਨੂੰ ਅਨਾਜ ਦੀ ਪੂਰਤੀ ਲਈ ਵਿਦੇਸ਼ਾਂ ਤੇ ਨਿਰਭਰ ਰਹਿਣਾ ਪਿਆ। ਖੇਤੀ ਵਿੱਚ ਸੁਧਰੇ ਬੀਜਾਂ, ਖੇਤੀ ਮਸ਼ੀਨਰੀ, ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਦੀ ਵਰਤੋਂ ਨਾਲ ਖੇਤੀ ਵਿਗਿਆਨੀਆਂ ਦੀ ਲਗਾਤਾਰ ਖੋਜਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਸਦਕਾ ਦੇਸ਼ ਵਿੱਚ ਹਰੀ ਕ੍ਰਾਂਤੀ ਆਈ।
ਪ੍ਰਸ਼ਨ 4. ਦੇਸ਼ ਵਿੱਚ ਖੇਤੀਬਾੜੀ ਉੱਤੇ ਨਿਰਭਰਤਾ ਕਿਉਂ ਘਟਾਈ ਜਾਂਦੀ ਹੈ ?
ਉੱਤਰ—ਮੁੱਢ ਤੋਂ ਹੀ ਖੇਤੀਬਾੜੀ ਦੇ ਖੇਤਰ ਦਾ ਰਾਸ਼ਟਰੀ ਆਮਦਨ ਵਿੱਚ ਅਹਿਮ ਹਿੱਸਾ ਰਿਹਾ ਹੈ। ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਨੇ ਦੇਸ਼ ਦੀ ਕੁੱਲ ਘਰੇਲੂ ਆਮਦਨ (GDP) ਵਿੱਚ 13.7 ਪ੍ਰਤੀਸ਼ਤ ਯੋਗਦਾਨ ਪਾਇਆ ਹੈ।ਆਰਥਿਕ ਵਿਕਾਸ ਲਈ ਜ਼ਰੂਰੀ ਹੈ ਕਿ ਖੇਤੀਬਾੜੀ ਉੱਤੇ ਨਿਰਭਰ ਅਬਾਦੀ ਦੀ ਪ੍ਰਤੀਸ਼ਤਤਾ ਘਟਾਈ ਜਾਵੇ ਅਤੇ ਖੇਤੀਬਾੜੀ ਵਿੱਚ ਮੌਸਮੀ ਬੇਰੁਜ਼ਗਾਰੀ ਅਤੇ ਲੁਕਵੀਂ ਬੇਰੁਜ਼ਗਾਰੀ ਨਾਲ ਸੰਬੰਧਿਤ ਲੋਕਾਂ ਨੂੰ ਉਦਯੋਗ ਅਤੇ ਸੇਵਾਵਾਂ ਵਿੱਚ ਲਗਾਇਆ ਜਾਵੇ। ਕਿਉਂਕਿ ਜਿਉਂ-ਜਿਉਂ ਕਿਸੇ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਉਸ ਦੀ ਖੇਤੀਬਾੜੀ ਉੱਤੇ ਨਿਰਭਰਤਾ ਘਟਦੀ ਜਾਂਦੀ ਹੈ ਅਤੇ ਉਦਯੋਗ ਤੇ ਸੇਵਾਵਾਂ ਉੱਤੇ ਨਿਰਭਰਤਾ ਵਧਦੀ ਜਾਂਦੀ ਹੈ।
ਪ੍ਰਸ਼ਨ 5 . ਦੇਸ਼ ਵਿੱਚ ਖੇਤੀ ਵਿਕਾਸ ਨਾਲ ਉਦਯੋਗਿਕ ਵਿਕਾਸ ਅਤੇ ਉਦਯੋਗਿਕ ਵਿਕਾਸ ਨਾਲ ਖੇਤੀ ਵਿਕਾਸ ਸੰਭਵ ਹੈ, ਕਿਵੇਂ ?
ਉੱਤਰ-ਦੇਸ਼ ਵਿੱਚ ਉਦਯੋਗਿਕ ਵਿਕਾਸ ਲਈ ਖੇਤੀਬਾੜੀ ਬਹੁਤ ਮਹੱਤਵਪੂਰਨ ਹੈ। ਕਈ ਪ੍ਰਮੁੱਖ ਉਦਯੋਗਾਂ ਨੂੰ ਕੱਚਾ ਮਾਲ ਖੇਤੀਬਾੜੀ ਤੋਂ ਹੀ ਪ੍ਰਾਪਤ ਹੁੰਦਾ ਹੈ ਜਿਵੇਂ ਕੱਪੜਾ ਉਦਯੋਗ ਲਈ ਕਪਾਹ, ਚੀਨੀ ਉਦਯੋਗ ਲਈ ਗੰਨਾ, ਪਟਸਨ ਉਦਯੋਗ ਲਈ ਪਟਸਨ ਆਦਿ। ਖੇਤੀ ਉੱਤੇ ਅਧਾਰਿਤ ਕਈ ਛੋਟੇ ਪੈਮਾਨੇ ਅਤੇ ਘਰੇਲੂ ਉਦਯੋਗ ਜਿਵੇਂ ਚਾਵਲ ਸ਼ੈਲਰ, ਤੇਲ ਕੱਢਣ ਵਾਲੇ ਕਾਰਖਾਨੇ ਆਦਿ ਵੀ ਕੱਚੇ ਮਾਲ ਦੀ ਪੂਰਤੀ ਲਈ ਖੇਤੀਬਾੜੀ ਤੇ ਹੀ ਨਿਰਭਰ ਕਰਦੇ ਹਨ। ਇਸਨੂੰ ਹੀ ਨਹੀਂ ਸਗੋਂ ਖੇਤੀਬਾੜੀ ਖੇਤਰ ਵਿੱਚ ਉਦਯੋਗਾਂ ਨੂੰ ਆਪਣੀਆਂ ਬਣਾਈਆਂ ਵਸਤਾਂ ਵੇਚਣ ਲਈ ਬਾਜ਼ਾਰ ਵੀ ਮਿਲਦਾ ਹੈ। ਉਦਯੋਗੀ ਖੇਤਰ ਵਿੱਚ ਬਣੇ ਟਰੈਕਟਰ, ਖੇਤੀਬਾੜੀ ਮਸ਼ੀਨਰੀ, ਰਸਾਇਣ ਖਾਦਾਂ ਆਦਿ ਦੀ ਖਪਤ ਵੀ ਖੇਤੀਬਾੜੀ ਵਿਕਾਸ ਅਤੇ ਕਿਸਾਨਾਂ ਦੀ ਆਮਦਨ ਦੇ ਵਧਣ ਨਾਲ ਸੰਭਵ ਹੁੰਦੀ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਖੇਤੀ ਵਿਕਾਸ ਨਾਲ ਦੇਸ਼ ਵਿੱਚ ਉਦਯੋਗਿਕ ਵਿਕਾਸ ਹੁੰਦਾ ਹੈ ਅਤੇ ਉਦਯੋਗਿਕ ਵਿਕਾਸ ਨਾਲ ਖੇਤੀਬਾੜੀ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਦੇਸ਼ ਵਿੱਚ ਆਰਥਿਕ ਵਿਕਾਸ ਸੰਭਵ ਹੁੰਦਾ ਹੈ।