ਪਾਠ 5. ਫ਼ਲਦਾਰ ਬੂਟਿਆਂ ਦੀ ਕਾਸ਼ਤ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਪੰਜਾਬ ਵਿੱਚ ਫ਼ਲਾਂ ਹੇਠ ਕਿੰਨਾ ਰਕਬਾ ਹੈ ?
ਉੱਤਰ−78000 ਹੈਕਟੇਅਰ ਰਕਬਾ।
ਪ੍ਰਸ਼ਨ 2. ਬੂਟਿਆਂ ਨੂੰ ਸਿਊਂਕ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
ਉੱਤਰ-ਲਿੰਡੇਕ ਜਾਂ ਕੋਲੋਰੋ ਪਾਈਰੀਫਾਸ 20 ਤਾਕਤ।
ਪ੍ਰਸ਼ਨ 3. ਆੜੂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ?
ਉੱਤਰ—ਸ਼ਾਨੇ ਪੰਜਾਬ, ਪਰਭਾਤ।
ਪ੍ਰਸ਼ਨ 4. ਬਾਗ ਲਗਾਉਣ ਦੇ ਕਿੰਨੇ ਢੰਗ ਹਨ ?
ਉੱਤਰ—ਤਿੰਨਾ ਢੰਗ।
ਪ੍ਰਸ਼ਨ 5. ਪੱਤਝੜੀ ਫ਼ਲਦਾਰ ਬੂਟੇ ਕਿਹੜੇ ਮਹੀਨੇ ਵਿੱਚ ਲਗਾਏ ਜਾਂਦੇ ਹਨ ?
ਉੱਤਰ-ਅੱਧ ਜਨਵਰੀ ਤੋਂ ਅੱਧ ਫਰਵਰੀ।
ਪ੍ਰਸ਼ਨ 6 . ਅੰਬ ਅਤੇ ਲੀਚੀ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਕੀ ਹੈ ?
ਉੱਤਰ—ਫ਼ਰਵਰੀ- -ਮਾਰਚ, , ਸਤੰਬਰ- ਰ-ਅਕਤੂਬਰ
ਪ੍ਰਸ਼ਨ 7 . ਬਾਗਾਂ ਵਿੱਚ ਦੇਸੀ ਰੂੜੀ ਕਦੋਂ ਪਾਉਣੀ ਚਾਹੀਦੀ ਹੈ ?
ਉੱਤਰ-ਦਸੰਬਰ ਵਿੱਚ।
ਪ੍ਰਸ਼ਨ 8 . ਆਂਵਲੇ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ
ਉੱਤਰ—ਨੀਲਮ, ਕੰਚਨ।
ਪ੍ਰਸ਼ਨ 9. ਫ਼ਲਦਾਰ ਬੂਟੇ ਲਗਾਉਣ ਲਈ ਟੋਆ ਕਿੰਨ੍ਹਾ ਡੂੰਘਾ ਪੁੱਟਣਾ ਚਾਹੀਦਾ ਹੈ ?
ਉੱਤਰ−1 × 1 × 1 ਮੀਟਰ।
ਪ੍ਰਸ਼ਨ 10 . ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਿਹੜੇ ਫ਼ਲ ਲਗਾਏ ਜਾ ਸਕਦੇ ਹਨ ?
ਉੱਤਰ—ਨਾਸ਼ਪਤੀ, ਅਮਰੂਦ, ਅੰਗੂਰ, ਆੜੂ, ਅੰਬ, ਕਿੰਨੂ, ਨਿੰਬੂ ਅਤੇ ਸੰਗਤਰੇ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਫਲਦਾਰ ਬੂਟੇ ਲਗਾਉਣ ਲਈ ਕਿਸ ਤਰ੍ਹਾਂ ਦੀ ਮਿੱਟੀ ਹੋਣੀ ਚਾਹੀਦੀ ਹੈ?
ਉੱਤਰ—ਫ਼ਲਦਾਰ ਬੂਟੇ ਲਗਾਉਣ ਲਈ ਮਿੱਟੀ ਡੂੰਘੀ, ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ ਅਤੇ ਉਪਜਾਊ ਹੋਣੀ ਚਾਹੀਦੀ ਹੈ।
ਪ੍ਰਸ਼ਨ 2. ਨੀਮ ਪਹਾੜੀ ਇਲਾਕੇ ਵਿੱਚ ਕਿਹੜੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ ?
ਉੱਤਰ-ਅੰਬ, ਲੀਚੀ, ਕਿੰਨੂੰ ਅਤੇ ਹੋਰ ਸੰਗਤਰੇ, ਨਿੰਬੂ, ਨਾਸ਼ਪਤੀ, ਅਮਰੂਦ, ਆੜੂ, ਅਲੂਚਾ, ਚੀਕੂ ਅਤੇ ਆਮਲਾ ਨੀਮ ਪਹਾੜੀ ਇਲਾਕੇ ਵਿੱਚ ਲਗਾਏ ਜਾ ਸਕਦੇ ਹਨ।
ਪ੍ਰਸ਼ਨ 3 . ਸੇਂਜੂ ਅਤੇ ਖੁਸ਼ਕ ਇਲਾਕੇ ਦੇ ਢੁਕਵੇਂ ਫ਼ਲ ਕਿਹੜੇ ਹਨ ?
ਉੱਤਰ—ਸੇਂਜੂ ਅਤੇ ਖੁਸ਼ਕ ਇਲਾਕੇ ਦੇ ਢੁਕਵੇਂ ਫ਼ਲ ਕਿੰਨੂੰ ਤੇ ਹੋਰ ਸੰਗਤਰੇ, ਮਾਲਟਾ, ਨਿੰਬੂ, ਅਮਰੂਦ, ਅੰਗੂਰ ਅਤੇ ਬੇਰ ਹਨ।
ਪ੍ਰਸ਼ਨ 4. ਸਦਾਬਾਹਰ ਫ਼ਲਦਾਰ ਬੂਟੇ ਕਿਹੜੇ ਹਨ ?
ਉੱਤਰ—ਸਦਾਬਹਾਰ ਫ਼ਲਦਾਰ ਬੂਟਿਆਂ ਵਿੱਚ ਮੁੱਖ ਤੌਰ ਤੇ ਅੰਬ, ਲੀਚੀ, ਅਮਰੂਦ, ਲੁਕਾਠ, ਕਿੰਨੂ ਅਤੇ ਹੋਰ ਸੰਗਤਰੇ, ਮਾਲਟਾ, ਨਿੰਬੂ, ਚੀਕੂ ਆਦਿ ਆਉਂਦੇ ਹਨ।
ਪ੍ਰਸ਼ਨ 5 . ਪੱਤਝੜੀ ਫ਼ਲਦਾਰ ਬੂਟੇ ਕਿਹੜੇ ਹੁੰਦੇ ਹਨ ?
ਉੱਤਰ-ਪੱਤਝੜੀ ਫ਼ਲਦਾਰ ਬੂਟੇ ਜਿਵੇਂ ਨਾਸ਼ਪਤੀ, ਅੰਗੂਰ, ਆੜੂ, ਅਲੂਚਾ ਆਦਿ ਸਰਦੀਆਂ ਵਿੱਚ ਜਦੋਂ ਸਥਿਲ ਅਵਸਥਾ (ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ) ਵਿੱਚ ਹੁੰਦੇ ਹਨ, ਉਸ ਸਮੇਂ ਲਗਾਉਣੇ ਚਾਹੀਦੇ ਹਨ।
ਪ੍ਰਸ਼ਨ 6. ਵਰਗਾਕਾਰ ਢੰਗ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਵਰਗਾਕਾਰ ਢੰਗ ਨਾਲ ਲਗਾਏ ਬੂਟਿਆਂ ਅਤੇ ਕਤਾਰਾਂ ਦਾ ਫ਼ਾਸਲਾ ਆਪਸ ਵਿੱਚ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਆਹਮਣੇ ਸਾਹਮਣੇ ਲਗਾਏ ਚਾਰ ਬੂਟੇ ਇੱਕ ਵਰਗਾਕਾਰ ਬਣਾਉਂਦੇ ਹਨ।
ਪ੍ਰਸ਼ਨ 7 . ਫ਼ਲਦਾਰ ਬੂਟਿਆਂ ਨੂੰ ਪਾਣੀ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ ਹੈ ?
ਉੱਤਰ—ਮੌਸਮ, ਵਰਖਾ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਛੋਟੇ ਬੂਟਿਆਂ ਨੂੰ 3-4 ਸਾਲ ਤੱਕ ਮਾਰਚ ਤੋਂ ਜੂਨ ਤੱਕ ਹਫ਼ਤੇ-ਹਫ਼ਤੇ ਬਾਅਦ, ਨਵੰਬਰ ਤੋਂ ਫਰਵਰੀ ਤੱਕ 2-3 ਹਫ਼ਤਿਆਂ ਬਾਅਦ ਅਤੇ ਜੁਲਾਈ ਤੋਂ ਨਵੰਬਰ ਤੱਕ ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ।
ਪ੍ਰਸ਼ਨ 8 . ਬਾਗ਼ਾਂ ਲਈ ਪਾਣੀ ਦਾ ਪੱਧਰ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ—ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਉਤਰਾਅਂ-ਚੜਾਅ ਨਹੀਂ ਹੋਣਾ ਚਾਹੀਦਾ।
ਪ੍ਰਸ਼ਨ 9 . ਬਾਗ਼ ਲਗਾਉਣ ਦੇ ਫਿੱਲਰ ਢੰਗ ਬਾਰੇ ਜਾਣਕਾਰੀ ਦਿਉ ?
ਉੱਤਰ—ਫਿੱਲਰ ਢੰਗ : ਕੁਝ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਨਾਸ਼ਪਤੀ ਕਾਫ਼ੀ ਲੰਬੇ ਸਮੇਂ ਬਾਅਦ ਫ਼ਲ ਦੇਣਾ ਸ਼ੁਰੂ ਕਰਦੇ ਹਨ। ਇਹਨਾਂ ਬਾਗ਼ਾਂ ਵਿੱਚ ਪਹਿਲੇ ਕੁਝ ਅਸਥਾਈ ਬੂਟੇ, ਜੋ ਜਲਦੀ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ, ਲਗਾਉਣੇ ਚਾਹੀਦੇ ਹਨ।ਜਦੋਂ ਮੁੱਖ ਬਾਗ਼ ਫ਼ਲ ਦੇਣਾ ‘ ਸ਼ੁਰੂ ਕਰ ਦੇਵੇ ਤਾ ਅਸਥਾਈ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ।
ਪ੍ਰਸ਼ਨ 10 . ਬਾਗ਼ ਲਗਾਉਣ ਲਈ ਬੂਟੇ ਕਿੱਥੋਂ ਲੈਣੇ ਚਾਹੀਦੇ ਹਨ ?
ਉੱਤਰ—ਬਾਗ਼ ਲਗਾਉਣ ਵੇਲੇ ਬੂਟਿਆਂ ਦੀ ਚੋਣ ਸਭ ਤੋਂ ਅਹਿਮ ਹੈ। ਇਸ ਲਈ ਚੰਗੀ ਕਿਸਮ ਦੇ ਕੀੜਿਆਂ ਤੇ ਬੀਮਾਰੀਆਂ ਤੋਂ ਰਹਿਤ, ਸਿਹਤਮੰਦ ਬੂਟੇ ਨੇੜੇ ਦਾ ਕਿਸੇ ਭਰੋਸੇਯੋਗ ਨਰਸਰੀ, ਹੋ ਸਕੇ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਬਾਗਬਾਨੀ ਵਿਭਾਗ ਅਤੇ ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਨਰਸਰੀ ਤੋਂ ਫਲਦਾਰ ਬੂਟੇ ਖ਼ਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ—ਨਰਸਰੀ ਤੋਂ ਫਲਦਾਰ ਬੂਟੇ ਖਰੀਦਣ ਸਮੇਂ ਅਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :-
1. ਬੂਟੇ ਨਰੋਏ ਤੇ ਦਰਮਿਆਨੀ ਉੱਚਾਈ ਦੇ ਹੋਣੇ ਚਾਹੀਦੇ ਹਨ।
2. ਪਿਉਂਦੀ ਵਾਲੇ ਬੂਟੇ ਦੀ ਪਿਉਂਦ ਮੁੱਢਲੇ ਬੂਟੇ ਤੇ ਕੀਤੀ ਗਈ ਹੋਏ ਅਤੇ ਇਸਦਾ ਜੋੜ ਪੱਧਰਾ ਹੋਵੇ।
3. ਸਦਾਬਹਾਰ ਬੂਟਿਆਂ ਨੂੰ ਇਸ ਤਰ੍ਹਾਂ ਪੁੱਟੋ ਕਿ ਜੜ੍ਹਾਂ ਤੇ ਮਿੱਟੀ ਕਾਫ਼ੀ ਮਾਤਰਾ ਵਿੱਚ ਹੋਵੇ ।
4. ਬੂਟੇ ਲਗਾਉਣ ਉਪਰੰਤ ਤਣੇ ਦੇ ਸਹੀ ਵਾਧੇ ਲਈ ਪਿਉਂਦੀ ਅੱਖ ਨੂੰ ਖੋਲ੍ਹ ਦਿਉ।
5. ਬੂਟੇ ਖ਼ਰੀਦਣ ਸਮੇਂ ਲੋੜ ਤੋਂ 10 ਪ੍ਰਤੀਸ਼ਤ ਬੂਟੇ ਵੱਧ ਖ਼ਰੀਦੋ ਤਾਂ ਕਿ ਇਹਨਾਂ ਨੂੰ ਮਰਨ ਵਾਲੇ ਬੂਟਿਆਂ ਦੀ ਜਗ੍ਹਾ ਤੇ ਲਾਇਆ ਜਾ ਸਕੇ।
ਪ੍ਰਸ਼ਨ 2. ਬਾਗ ਲਗਾਉਣ ਦੇ ਕਿਹੜੇ- ਕਿਹੜੇ ਢੰਗ ਹਨ ? ਵਿਸਥਾਰ ਸਹਿਤ ਵਰਣਨ ਕਰੋ।
ਉੱਤਰ—ਬਾਗ਼ ਲਗਾਉਣ ਦੇ ਢੰਗ ਹੇਠ ਲਿਖੇ ਹਨ :—
1. ਵਰਗਾਕਾਰ ਢੰਗ: ਇਸ ਢੰਗ ਨਾਲ ਲਗਾਏ ਬੂਟਿਆਂ ਅਤੇ ਕਤਾਰਾਂ ਦਾ ਫ਼ਾਸਲਾ ਆਪਸ ਵਿੱਚ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਆਹਮਣੇ ਸਾਹਮਣੇ ਲਗਾਏ ਚਾਰ ਬੂਟੇ ਇੱਕ ਵਰਗਾਕਾਰ ਬਣਾਉਂਦੇ ਹਨ। ਇਹ ਢੰਗ ਪੰਜਾਬ ਵਿੱਚ ਕਾਫ਼ੀ ਪ੍ਰਚੱਲਿਤ ਹੈ ਕਿਉਂਕਿ ਇਸ ਵਿੱਚ ਬੂਟੇ ਲੰਬੇ ਸਮੇਂ ਤੱਕ ਫ਼ਲ ਦਿੰਦੇ ਹਨ ਅਤੇ ਸ਼ੁਰੂ ਦੇ ਸਾਲਾਂ ਵਿੱਚ ਜਦੋਂ ਬਾਗ਼ ਆਮਦਨ ‘ ਦੇ ਨਹੀਂ ਦਿੰਦਾ ਤਾਂ ਉਸ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ ਕਰਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
2. ਫਿੱਲਰ ਢੰਗ-ਕੁੱਝ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਨਾਸ਼ਪਤੀ ਕਾਫ਼ੀ ਲੰਬੇ ਸਮੇਂ ਬਾਅਦ ਫਲ ਦੇਣਾ ਸ਼ੁਰੂ ਕਰਦੇ ਹਨ। ਇਹਨਾਂ ਬਾਗਾਂ ਵਿੱਚ ਪਹਿਲੇ ਕੁਝ ਅਸਥਾਈ ਬੂਟੇ, ਜੋ ਜਲਦੀ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ, ਲਗਾਉਣੇ ਚਾਹੀਦੇ ਹਨ। ਜਦੋਂ ਮੁੱਖ ਬਾਗ਼ ਫ਼ਲ ਦੇਣਾ ਸ਼ੁਰੂ ਕਰ ਦੇਵੇ ਤਾਂ ਅਸਥਾਈ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ।
3. ਛੇ ਕੋਨਾ ਢੰਗ: ਇਸ ਢੰਗ ਵਿੱਚ ਕਤਾਰਾਂ ਦਾ ਫ਼ਾਸਲਾ ਬੂਟਿਆਂ ਦੇ ਫ਼ਾਸਲੇ ਤੋਂ ਘੱਟ ਹੁੰਦਾ ਹੈ ਪਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਬਰਾਬਰ ਹੁੰਦਾ ਹੈ। ਇਸ ਢੰਗ ਨਾਲ ਦੂਜੇ ਢੰਗਾਂ ਦੇ ਮੁਕਾਬਲੇ 15-20 ਪ੍ਰਤੀਸ਼ਤ ਵੱਧ ਬੂਟੇ ਲਗਾਏ ਜਾ ਸਕਦੇ ਹਨ। ਇਸ ਢੰਗ ਵਿੱਚ ਬੂਟਿਆਂ ਦੀ ਕਾਂਟ ਛਾਂਟ ਬਹੁਤ ਹੀ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਬੂਟਿਆਂ ਨੂੰ ਆਪਸ ਵਿੱਚ ਫਸਣ ਤੋਂ ਬਚਾਇਆ ਜਾ ਸਕੇ।
ਪ੍ਰਸ਼ਨ 3. ਫ਼ਲਦਾਰ ਬੂਟਿਆਂ ਦੀ ਸੁਧਾਈ ਅਤੇ ਕਾਂਟ ਛਾਂਟ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ—ਫ਼ਲਦਾਰ ਬੂਟਿਆਂ ਨੂੰ ਛੋਟੀ ਉਮਰ ਵਿੱਚ ਹੀ ਸਹੀ ਆਕਾਰ ਉੱਤੇ ਢਾਂਚਾ ਦੇਣ ਲਈ ਇਹਨਾਂ ਦੀ ਸੁਧਾਈ ਬਹੁਤ ਜ਼ਰੂਰੀ ਹੈ। ਸਹੀ ਆਕਾਰ ਅਤੇ ਢਾਂਚੇ ਵਾਲੇ ਬੂਟਿਆਂ ਵਿੱਚ ਰੌਸ਼ਨੀ ਅਤੇ ਹਵਾ ਦਾ ਨਿਕਾਸ ਵਧ ਜਾਂਦਾ ਹੈ ਜਿਸ ਕਾਰਨ ਫ਼ਲ ਦੀ ਗੁਣਵੱਤਾ ਵਧਦੀ ਹੈ ਅਤੇ ਬੂਟੇ ਦੀ ਉਮਰ ਵਿੱਚ ਵੀ ਵਾਧਾ ਹੁੰਦਾ ਹੈ। ਪੰਜਾਬ ਵਿੱਚ ਕਾਸ਼ਤ ਕੀਤੇ ਜਾਣ ਵਾਲੇ ਪੱਤਝੜ ਫ਼ਲਦਾਰ ਬੂਟਿਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਅੰਗੂਰ, ਨਾਖ, ਆੜੂ ਅਤੇ ਅਲੂਚਾ ਆਉਂਦੇ ਹਨ, ਦੀ ਸੁਧਾਈ ਪਹਿਲੇ ਚਾਰ ਤੋਂ ਪੰਜ ਸਾਲਾਂ ਤੱਕ ਕੀਤੀ ਜਾਂਦੀ ਹੈ। ਜਦੋਂ ਬੂਟਿਆਂ ਨੂੰ ਫ਼ਲ ਲੱਗਣਾ ਸ਼ੁਰੂ ਹੋ ਜਾਵੇ ਤਾਂ ਉਤਪਾਦਕਤਾ ਸਿਖਰ ਤੇ ਰੱਖਣ ਲਈ ਅਤੇ ਚੰਗਾ ਮਿਆਰੀ ਫ਼ਲ ਲੈਣ ਲਈ ਇਨ੍ਹਾਂ ਦੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ।
ਪ੍ਰਸ਼ਨ 4. ਫ਼ਲ ਤੋੜਨ ਸਮੇਂ ਕਿਹੜੀਆਂ ਗੱਲਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਉੱਤਰ—ਵੱਖ-ਵੱਖ ਫ਼ਲਾਂ ਦੀ ਤੁੜਾਈ ਲਈ ਵਰਤੇ ਜਾਂਦੇ ਮਾਪਦੰਡ ਅਤੇ ਸਮਾਂ ਵੱਖ- ਵੱਖ ਹੁੰਦਾ ਹੈ। ਫ਼ਲਾਂ ਨੂੰ ਕਦੇ ਵੀ ਟਹਿਣੀਆਂ ਨਾਲੋਂ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਇਸ ਤਰ੍ਹਾਂ ਤੋੜੇ ਫ਼ਲਾਂ ਨਾਲੋਂ ਛਿੱਲ ਲਹਿ ਜਾਂਦੀ ਹੈ ਅਤੇ ਟਹਿਣੀਆਂ ਵੀ ਟੁੱਟ ਜਾਂਦੀਆਂ ਹਨ। ਤੋੜੇ ਫ਼ਲ ਨੂੰ ਜਾਤੀ ਮੁਤਾਬਿਕ 3-4 ਵਰਗਾਂ ਵਿੱਚ ਦਰਜਾਬੰਦੀ ਕਰਨੀ ਚਾਹੀਦੀ ਹੈ। ਦਰਜਾਬੰਦ ਫ਼ਲਾਂ ਨੂੰ ਗੱਤੇ ਦੇ ਡੱਬਿਆਂ, ਪਲਾਸਟਿਕ ਦੇ ਕਰੇਟ ਅਤੇ ਪੋਲੀ ਨੈਟ ਵਿੱਚ ਪਾ ਕੇ ਪੈਕ ਕੀਤਾ ਜਾ ਸਕਦਾ ਹੈ। ਕੱਚੇ, ਵੱਧ ਪੱਕੇ, ਛੋਟੇ, ਬਦਸ਼ਕਲ, ਗਲੇ-ਸੜੇ ਅਤੇ ਦਾਗੀ ਫ਼ਲਾਂ ਨੂੰ ਡੱਬਾਬੰਦ ਨਾ ਕਰੋ।
ਪ੍ਰਸ਼ਨ 5 . ਬਾਗ਼ਾਂ ਵਿੱਚ ਖਾਦਾਂ ਦੀ ਵਰਤੋਂ ਬਾਰੇ ਇੱਕ ਪੈਰਾ ਲਿਖੋ।
ਉੱਤਰ—ਫ਼ਲਦਾਰ ਬੂਟਿਆਂ ਤੋਂ ਸਹੀ ਮੁਨਾਫਾ ਲੈਣ ਲਈ ਖਾਦਾਂ ਨੂੰ ਸਹੀ ਸਮੇਂ ਤੇ ਪਾਉਣਾ ਬਹੁਤ ਜ਼ਰੂਰੀ ਹੈ। ਫ਼ਲਦਾਰ ਬੂਟਿਆਂ ਦਾ ਵਾਧਾ ਮੁੱਖ ਤੌਰ ਤੇ ਫ਼ਰਵਰੀ ਤੋਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ। ਇਸ ਸਮੇਂ ਬੂਟੇ ਨੂੰ ਸਾਰੇ ਤੱਤਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਦੇਸੀ ਖਾਦ ਜਿਵੇਂ ਗਲੀ ਸੜੀ ਰੂੜੀ ਦੀ ਖਾਦ ਨੂੰ ਫੁਟਾਰਾ ਆਉਣ ਦੇ 2-3 ਮਹੀਨੇ ਪਹਿਲਾਂ ਪਾਉਣਾ ਚਾਹੀਦਾ ਹੈ।ਜਿਵੇਂ ਗਲੀ ਸੜੀ ਰੂੜੀ ਦੀ ਖਾਦ ਆਮ ਤੌਰ ਤੇ ਦਸੰਬਰ ਦੇ ਮਹੀਨੇ ਪੈਂਦੀ ਹੈ। ਨਾਈਟ੍ਰੋਜਨ ਤੱਤ (ਯੂਰੀਆ) ਆਮ ਤੌਰ ਤੇ ਬੂਟਿਆਂ ਨੂੰ ਦੋ ਹਿੱਸਿਆਂ ਵਿੱਚ ਦਿੱਤਾ ਜਾਂਦਾ ਹੈ।ਅੱਧਾ ਫੁਟਾਰਾ ਆਉਣ ਤੋਂ ਪਹਿਲੇ ਅਤੇ ਅੱਧਾ ਫ਼ਲ ਲੱਗਣ ਤੋਂ ਬਾਅਦ। ਇਸ ਤਰ੍ਹਾਂ ਫ਼ਾਸਫ਼ੋਰਸ ਖਾਦ ਨਾਈਟ੍ਰੋਜਨ ਦੇ ਪਹਿਲੇ ਹਿੱਸੇ ਨਾਲ ਪਾਉਣੀ ਚਾਹੀਦੀ ਹੈ। ਪੋਟਾਸ਼ ਖਾਦ ਨੂੰ ਫ਼ਲ ਪੱਕਣ ਤੋਂ 4-5 ਮਹੀਨੇ ਪਹਿਲਾਂ ਪਾਉ ਜੋ ਫ਼ਲ ਦੀ ਗੁਣਵੱਤਾ ਨੂੰ ਵਧਾਉਂਦਾ ਹੈ।ਉਹ ਖਾਦਾਂ ਜਿਨ੍ਹਾਂ ਤੋਂ ਮੁੱਖ ਤੱਤ (ਜਿਵੇਂ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼) ਮਿਲਦੇ ਹਨ, ਉਹਨਾਂ ਨੂੰ ਛੱਟਾ ਦੇ ਕੇ ਪਾਇਆ ਜਾਂਦਾ ਹੈ। ਫ਼ਲਦਾਰ ਬੂਟਿਆਂ ਉੱਤੇ ਛੋਟੇ ਤੱਤਾਂ ਜਿਵੇਂ ਜ਼ਿੰਕ, ਲੋਹਾ, ਮੈਂਗਨੀਜ਼ ਆਦਿ ਦਾ ਛਿੜਕਾਅ ਘਾਟ ਆਉਣ ਤੇ ਹੀ ਕਰਨਾ ਚਾਹੀਦਾ ਹੈ।