ਪਾਠ 3 ਹਾੜ੍ਹੀ ਦੀਆਂ ਫਸਲਾਂ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਹਾੜ੍ਹੀ ਦੀਆਂ ਦੋ ਤੇਲ ਬੀਜ ਫ਼ਸਲਾਂ ਦੇ ਨਾਂ ਲਿਖੋ।
ਉੱਤਰ—ਰਾਇਆ ਤੇ ਗੋਭੀ ਸਰ੍ਹੋਂ।
ਪ੍ਰਸ਼ਨ 2. ਕਣਕ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਲਿਖੋ।
ਉੱਤਰ—(1) ਐਚ.ਡੀ. 2967; (2) ਪੀ. ਈ. ਡਬਲਿਊ. 17
ਪ੍ਰਸ਼ਨ 3 . ਰਾਇਆ ਦੀ ਇੱਕ ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ?
ਉੱਤਰ—1.5 ਕਿਲੋਂ ਬੀਜ ਪ੍ਰਤੀ ਏਕੜ
ਪ੍ਰਸ਼ਨ 4. ਛੋਲਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ?
ਉੱਤਰ—ਸਿਉਂਕ ਅਤੇ ਛੋਲਿਆਂ ਦੀ ਸੁੰਡੀ।
ਪ੍ਰਸ਼ਨ 5 . ਕਣਕ ਦੀਆਂ ਦੋ ਬੀਮਾਰੀਆਂ ਦੇ ਨਾਂ ਦਸੋ
ਉੱਤਰ—ਕਾਂਗਿਆਰੀ ਅਤੇ ਮੱਮਣੀ।
ਪ੍ਰਸ਼ਨ 6 . ਕਣਕ ਦੇ ਦੋ ਨਦੀਨਾਂ ਦੇ ਨਾਂ ਦੱਸੋ ?
ਉੱਤਰ—ਬਾਥੂ ਤੇ ਮੈਣਾ।
ਪ੍ਰਸ਼ਨ 7 . ਕਿਹੜੀ ਫ਼ਸਲ ਨੂੰ ਚਾਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ-ਬਰਸੀਮ।
ਪ੍ਰਸ਼ਨ 8 . ਮਸਰਾਂ ਦੀ ਬੀਜਾਈ ਦਾ ਸਮਾਂ ਦੱਸੋ ?
ਉੱਤਰ-ਅਕਤੂਬਰ ਦਾ ਦੂਜਾ ਪੰਦਰਵਾੜਾ।
ਪ੍ਰਸ਼ਨ 9. ਜੌਆਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ?
ਉੱਤਰ—ਪੀ ਐੱਲ 807, ਵੀ ਜੇ ਐੱਸ 201
ਪ੍ਰਸ਼ਨ 10. ਸੂਰਜਮੁਖੀ ਦੇ ਬੀਜਾਂ ਵਿਚ ਕਿੰਨਾ ਤੇਲ ਹੁੰਦਾ ਹੈ ?
ਉੱਤਰ—ਸੂਰਜਮੁਖੀ ਦੇ ਬੀਜਾਂ ਵਿੱਚ 40-43 ਪ੍ਰਤੀਸ਼ਤ ਤੇਲ ਹੁੰਦਾ ਹੈ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਕਣਕ ਨੂੰ ਪ੍ਰਤੀ ਏਕੜ ਮੁੱਖ ਖ਼ੁਰਾਕੀ ਤੱਤਾਂ ਦੀ ਕਿੰਨੀ ਲੋੜ ਹੈ ?
ਉੱਤਰ—ਕਣਕ ਨੂੰ 50 ਕਿਲੋ ਨਾਈਟ੍ਰੋਜਨ, 28 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪ੍ਰਤੀ ਏਕੜ ਦੀ ਲੋੜ ਪੈਂਦੀ ਹੈ।
ਪ੍ਰਸ਼ਨ 2. ਕਣਕ ਅਧਾਰਿਤ ਦੋ ਫ਼ਸਲ ਚੱਕਰਾਂ ਦੇ ਨਾਂ ਲਿਖੋ ?
ਉੱਤਰ—ਕਣਕ ਅਧਾਰਿਤ ਦੋ ਫਸਲ ਚਕਰਾਂ ਦੇ ਨਾਂ ਹਨ :-
1. ਝੋਨਾ-ਕਣਕ । 2. ਮੱਕੀ-ਕਣਕ। –
ਪ੍ਰਸ਼ਨ 3. ਟੋਟਲ ਨਦੀਨਨਾਸ਼ਕ ਕਿਸ ਫ਼ਸਲ ਦੇ ਕਿਹੜੇ ਨਦੀਨਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ?
ਉੱਤਰ—ਟੋਟਲ ਨਦੀਨਨਾਸ਼ਕ ਕਣਕ ਦੇ ਚੌੜੇ ਪੱਤੇ ਵਾਲੇ ਨਦੀਨਾਂ ਜਿਵੇਂ ਬਾਥੂ, ਕਡਿਆਲੀ ਪਾਲਕ, ਮੈਦਾ, ਮੈਵੀ ਤੇ ਸੈਂਜੀ ਆਦਿ ਦੀ ਰੋਕ-ਥਾਮ ਲਈ ਵਰਤੀ ਜਾਂਦੀ ਹੈ।
ਪ੍ਰਸ਼ਨ 4. ਜਵੀਂ ਦੇ ਚਾਰੇ ਲਈ ਕਟਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ—ਜਵੀਂ ਫਸਲ ਗੋਤ ਵਿੱਚ ਸਿੱਟਾ ਬਣਨ ਤੋਂ ਲੈ ਕੇ ਦੁੱਧੇ ਦਾਣਿਆਂ ਦੀ ਹਾਲਤ ਵਿੱਚ ਚਾਰੇ ਲਈ ਕੱਟ ਲੈਂਣੀ ਚਾਹੀਦੀ ਹੈ।
ਪ੍ਰਸ਼ਨ 5 . ਬਰਸੀਮ ਵਿਚ ਇਟਸਿਟ ਦੀ ਰੋਕਥਾਮ ਦੱਸੋ।
ਉੱਤਰ—ਜਿਨ੍ਹਾਂ ਬਰਸੀਮ ਦੇ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ ਉਥੇ ਬਰਸੀਮ ਵਿਚ ਰਾਇਆ ਰਲਾ ਕੇ ਬੀਜੋ। ਰਾਇਆ ਦੀ ਫ਼ਸਲ ਛੇਤੀ ਵਧਦੀ ਹੈ ਅਤੇ ਇਹ ਨਦੀਨਾਂ ਨੂੰ ਦੱਬ ਲੈਂਦੀ ਹੈ। ਇਟਸਿਟ ਵਾਲੇ ਖੇਤਾਂ ਵਿੱਚ ਬੀਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਿਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਇਹ ਨਦੀਨ ਘੱਟ ਉੱਗਦਾ ਹੈ।
ਪ੍ਰਸ਼ਨ 6 . ਸੂਰਜਮੁੱਖੀ ਦੀ ਕਟਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ—ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੁੰਦੀ ਹੈ।
ਪ੍ਰਸ਼ਨ 7 . ਕਨੌਲਾ ਸਰ੍ਹੋਂ ਕਿਸ ਨੂੰ ਕਹਿੰਦੇ ਹਨ ?
ਉੱਤਰ—ਕਨੌਲਾ ਸਰੋਂ ਗੋਭੀ ਸਰ੍ਹੋਂ ਦੀ ਇੱਕ ਸ਼੍ਰੇਣੀ ਹੈ ਜਿਸ ਦੇ ਤੇਲ ਵਿੱਚ ਇਰੂਸਿਕ ਐਸਿਡ ਅਤੇ ਖਲ ਵਿੱਚ ਗਲੂਕੋ-ਸਿਨੋਲੇਟਸ ਘੱਟ ਹੁੰਦੇ ਹਨ ਜਿਸ ਕਰਕੇ ਇਨ੍ਹਾਂ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ ਪਸ਼ੂਆਂ ਦੀ ਖ਼ੁਰਾਕ ਲਈ ਬਹੁਤ ਵਧੀਆ ਹੁੰਦੇ ਹਨ।
ਪ੍ਰਸ਼ਨ 8 . ਜੌਆਂ ਦੀ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ?
ਉੱਤਰ—15 ਅਕਤੂਬਰ ਤੋਂ 15 ਨਵੰਬਰ ਤੱਕ ਜੌਆਂ ਦੀ ਬੀਜਾਈ ਦਾ ਢੁਕਵਾਂ ਸਮਾਂ ਹੈ। ਵੇਲੇ ਸਿਰ ਬੀਜਾਈ ਲਈ 22.5 ਸੈਂਟੀਮੀਟਰ ਅਤੇ ਬਰਾਨੀ ਤੇ ਪਿਛੇਤੀ ਬੀਜਾਈ ਲਈ 18 ਤੋਂ 20 ਸੈਂਟੀਮੀਟਰ ਸਿਆੜਾਂ ਦੀ ਵਿੱਥ ਹੋਣੀ ਚਾਹੀਦੀ ਹੈ। ਇਸ ਦੀ ਕਣਕ ਵਾਂਗ ਬਿਨਾਂ ਵਾਹੇ ਬੀਜਾਈ ਵੀ ਕੀਤੀ ਜਾ ਸਕਦੀ ਹੈ।
ਪ੍ਰਸ਼ਨ 9. ਦੇਸੀ ਛੋਲਿਆਂ ਦੀ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ ?
ਉੱਤਰ-ਬੀਜਾਈ ਦਾ ਸਮਾਂ ਦੇਸੀ ਛੋਲਿਆਂ ਦੀ ਬਰਾਨੀ ਬੀਜਾਈ ਦਾ ਢੁਕਵਾਂ ਸਮਾਂ 10 ਤੋਂ 25 ਅਕਤੂਬਰ ਹੈ। ਪਰ ਸੇਂਜੂ ਹਾਲਤਾਂ ਵਿੱਚ ਦੇਸੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ ਬੀਜਣੇ ਚਾਹੀਦੇ ਹਨ। ਦੇਸੀ ਛੋਲਿਆਂ ਲਈ ਬੀਜ ਦੀ ਮਾਤਰਾ 15-18 ਕਿਲੋ ਪ੍ਰਤੀ ਏਕੜ ਚਾਹੀਦੀ ਹੈ।
ਪ੍ਰਸ਼ਨ 10, ਮਸਰਾਂ ਦੀ ਕਾਸ਼ਤ ਕਿਹੜੀਆਂ ਜ਼ਮੀਨਾਂ ਵਿੱਚ ਨਹੀਂ ਕਰਨੀ ਚਾਹੀਦੀ।
ਉੱਤਰ—ਮਸਰਾਂ ਦੀ ਕਾਸ਼ਤ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਜਾਂਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਕਣਕ ਕੀ ਬੀਜਾਈ ਦਾ ਸਮਾਂ ਅਤੇ ਤਰੀਕਾ ਲਿਖੋ ?
ਉੱਤਰ—ਕਣਕ ਦੀ ਬੀਜਾਈ ਦਾ ਸਮਾਂ ਅਤੇ ਢੰਗ: ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਦਾ ਸਮਾਂ ਬੀਜਾਈ ਲਈ ਬਹੁਤ ਢੁਕਵਾਂ ਹੈ। ਕਣਕ ਦੀ ਵੇਲੇ ਸਿਰ ਬੀਜਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਢੁਕਵੇਂ ਸਮੇਂ ਤੋਂ ਬੀਜਾਈ ਵਿੱਚ ਹਰ ਹਫ਼ਤੇ ਦੀ ਪਿਛੇਤ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਝਾੜ ਘਟਦਾ ਹੈ। ਬੀਜਾਈ ਬੀਜ-ਖਾਦ ਡਰਿੱਲ ਨਾਲ 20 ਤੋਂ 22 ਸੈਂਟੀਮੀਟਰ ਦੇ ਫ਼ਾਸਲੇ ਤੇ 4-6 ਸੈਂਟੀਮੀਟਰ ਡੂੰਘੀ ਕਰਨੀ ਚਾਹੀਦੀ ਹੈ। ਕਣਕ ਦੀ ਦੋਹਰੀ ਬੀਜਾਈ (ਅੱਧਾ ਖਾਦ ਦੇ ਬੀਜ ਇੱਕ ਪਾਸੇ ਅਤੇ ਬਾਕੀ ਅੱਧਾ ਦੂਜੇ ਪਾਸੇ) ਨਾਲ ਪ੍ਰਤੀ ਏਕੜ ਦੋ ਕੁਇੰਟਲ ਝਾੜ ਵਧ ਜਾਂਦਾ ਹੈ।ਕਣਕ ਬੈੱਡ ਪਲਾਂਟਰ ਨਾਲ ਚੌੜੀਆਂ ਵੱਟਾਂ ਤੇ ਵੀ ਬੀਜੀ ਜਾ ਸਕਦੀ ਹੈ। ਇਸ ਵਿਧੀ ਨਾਲ 30 ਕਿਲੋ ਪ੍ਰਤੀ ਏਕੜ ਬੀਜ ਹੀ ਲੱਗਦਾ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਪ੍ਰਸ਼ਨ 2. ਬਰਸੀਮ ਦੀ ਬੀਜਾਈ ਦਾ ਢੰਗ ਦੱਸੋ।
ਉੱਤਰ—ਬਰਸੀਮ ਦੀ ਬੀਜਾਈ ਦਾ ਢੰਗ : ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਇਸ ਦੀ ਬੀਜਾਈ ਦਾ ਢੁੱਕਵਾਂ ਸਮਾਂ ਹੈ। ਬੀਜਾਈ ਖੜ੍ਹੇ ਪਾਣੀ ਵਿਚ ਛੱਟੇ ਨਾਲ ਕੀਤੀ ਜਾ ਸਕਦੀ ਹੈ। ਜੇਕਰ ਹਵਾ ਚੱਲਦੀ ਹੋਵੇ ਤਾਂ ਸੁੱਕੇ ਖੇਤ ਵਿੱਚ ਬੀਜ ਦਾ ਛੱਟਾ ਦਿਉ ਅਤੇ ਬਾਅਦ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਉ।
ਪ੍ਰਸ਼ਨ 3. ਸੂਰਜਮੁਖੀ ਦੀ ਸਿੰਚਾਈ ਕਰਨ ਬਾਰੇ ਜਾਣਕਾਰੀ ਦਿਉ ?
ਉੱਤਰ—ਸੂਰਜਮੁਖੀ ਦੀ ਫ਼ਸਲ ਨੂੰ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬੀਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫ਼ਤੇ ਦੇ ਅੰਤਰ ਤੇ ਕਰੋ। ਅਪ੍ਰੈਲ-ਮਈ ਦੇ ਗਰਮ ਮਹੀਨਿਆਂ ਵਿੱਚ ਸਿੰਚਾਈਆਂ 8-10 ਦਿਨਾਂ ਦੇ ਵਕਫੇ ਤੇ ਕਰੋ। ਫ਼ਸਲ ਨੂੰ ਫੁੱਲ ਪੈਣ ਅਤੇ ਦਾਣੇ ਬਣਨ ਸਮੇਂ ਸਿੰਚਾਈ ਜ਼ਰੂਰੀ ਹੁੰਦੀ ਹੈ।
ਪ੍ਰਸ਼ਨ 4. ਤੇਲ ਬੀਜ ਫ਼ਸਲਾਂ ਲਈ ਗੰਧਕ ਤੱਤ ਦੀ ਮਹੱਤਤਾ ਬਾਰੇ ਦੱਸੋ।
ਉੱਤਰ—ਤੇਲ ਬੀਜ ਫ਼ਸਲਾਂ ਲਈ ਫਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਸਲਫ਼ਰ ਤੱਤ ਵੀ ਹੁੰਦਾ ਹੈ ਜੋ ਕਿ ਤੇਲ ਬੀਜ ਫ਼ਸਲਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜੇ ਇਹ ਖਾਦ ਨਾ ਮਿਲੇ ਤਾਂ ਫਿਰ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਹੋਰ ਪਾਉ।
ਪ੍ਰਸ਼ਨ 5 . ਰਾਇਆ ਦੀਆਂ ਕਿਸਮਾਂ ਅਤੇ ਖ਼ੁਰਾਕੀ ਤੱਤਾਂ ਬਾਰੇ ਲਿਖੋ ?
ਉੱਤਰ—ਰਾਇਆ ਦੀਆਂ ਕਿਸਮਾਂ-ਆਰ. ਐਲ. ਸੀ. -1, ਪੀ.ਬੀ. ਆਰ. -210, ਪੀ.ਬੀ. ਆਰ. 91 ਖ਼ੁਰਾਕੀ ਤੱਤ ਇਸ ਨੂੰ 40 ਕਿਲੋ ਨਾਈਟ੍ਰੋਜਨ ਅਤੇ 12 ਕਿਲੋ ਫ਼ਾਸਫੋਰਸ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰੋ। ਸਾਰੀ ਫਾਸਫ਼ੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬੀਜਾਈ ਸਮੇਂ ਪਾਉ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਉ।