ਪਾਠ 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਵਿੱਚ ਕਿੰਨੀਆਂ ਕਿਸਮਾਂ ਦੇ ਚੂਹੇ ਮਿਲਦੇ ਹਨ ?
ਉੱਤਰ—ਪੰਜਾਬ ਵਿੱਚ ਮੁੱਖ ਤੌਰ ਤੇ 8 ਕਿਸਮਾਂ ਦੇ ਚੂਹੇ ਮਿਲਦੇ ਹਨ।
ਪ੍ਰਸ਼ਨ 2. ਝਾੜੀਆਂ ਦਾ ਚੂਹਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਮਿਲਦਾ ਹੈ ?
ਉੱਤਰ-ਝਾੜੀਆਂ ਦਾ ਚੂਹਾ ਰੇਤਲੇ ਤੇ ਖੁਸ਼ਕ ਇਲਾਕਿਆਂ ਵਿੱਚ ਮਿਲਦਾ ਹੈ।
ਪ੍ਰਸ਼ਨ 3 . ਸਿਆਲੂ ਮੱਕੀ ਦੇ ਉੱਗਣ ਵੇਲੇ ਚੂਹੇ ਕਿੰਨਾ ਨੁਕਸਾਨ ਕਰ ਜਾਂਦੇ ਹਨ ?
ਉੱਤਰ—ਸਿਆਲੂ ਮੱਕੀ ਦੇ ਉੱਗਣ ਵੇਲੇ ਚੂਹੇ 10.7% ਨੁਕਸਾਨ ਕਰ ਜਾਂਦੇ ਹਨ।
ਪ੍ਰਸ਼ਨ 4. ਜ਼ਹਿਰੀਲਾ ਚੋਗਾ ਪ੍ਰਤੀ ਏਕੜ ਕਿੰਨੀਆਂ ਥਾਵਾਂ ਤੇ ਰੱਖਣਾ ਚਾਹੀਦਾ ਹੈ ?
ਉੱਤਰ—ਜ਼ਹਿਰੀਲਾ ਚੋਗਾ ਪ੍ਰਤੀ ਏਕੜ 40 ਥਾਵਾਂ ਤੇ 10-10 ਗ੍ਰਾਮ ਰੱਖਣਾ ਚਾਹੀਦਾ ਹੈ।
ਪ੍ਰਸ਼ਨ 5 . ਚੂਹਿਆਂ ਨੂੰ ਖਾਣ ਵਾਲੇ ਦੋ ਮਿੱਤਰ ਪੰਛੀਆਂ ਦੇ ਨਾਂ ਦੱਸੋ।
ਉੱਤਰ—ਉੱਲੂ, ਇੱਲਾਂ।
ਪ੍ਰਸ਼ਨ 6 . ਫਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਕਿਹੜਾ ਪੰਛੀ ਪਹੁੰਚਾਉਂਦਾ ਹੈ ?
ਉੱਤਰ—ਫਸਲਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਤੋਤਾ ਪਹੁੰਚਾਉਂਦਾ ਹੈ।
ਪ੍ਰਸ਼ਨ 7 . ਡਰਨਾ ਫਸਲ ਨਾਲੋਂ ਘੱਟੋ-ਘੱਟ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ—ਡਰਨਾ ਫਸਲ ਨਾਲੋਂ ਘੱਟੋ-ਘੱਟ ਇੱਕ ਮੀਟਰ ਉੱਚਾ ਹੋਣਾ ਚਾਹੀਦਾ ਹੈ।
ਪ੍ਰਸ਼ਨ 8 . ਚੂਹੇ ਮਾਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਰਸਾਇਣ ਦਾ ਨਾਂ ਦੱਸੋ ?
ਉੱਤਰ—2% ਜ਼ਿੰਕ ਫਾਸਫ਼ਾਈਡ (ਕਾਲੀ ਦਵਾਈ)।
ਪ੍ਰਸ਼ਨ 9. ਟਟ੍ਰੀਰੀ ਆਪਣਾ ਆਲ੍ਹਣਾ ਕਿੱਥੇ ਬਣਾਉਂਦੀ ਹੈ ?
ਉੱਤਰ—ਜ਼ਮੀਨ ਤੇ
ਪ੍ਰਸ਼ਨ 10 . ਚੱਕੀਰਾਹਾਂ ਆਪਣੀ ਖ਼ੁਰਾਕ ਵਿੱਚ ਕੀ ਖਾਂਦਾ ਹੈ ? ਉੱਤਰ-ਕੀੜੇ-ਮਕੌੜੇ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਖੇਤੀ ਉਤਪਾਦਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਦੀ ਕਿਉਂ ਲੋੜ ਹੈ ?
ਉੱਤਰ—ਖੇਤੀਬਾੜੀ ਦੇ ਖੇਤਰ ਵਿੱਚ ਹੋਈ ਪ੍ਰਗਤੀ ਤਦ ਹੀ ਕਾਇਮ ਰਹਿ ਸਕਦੀ ਹੈ। ਜੇਕਰ ਖੇਤੀ ਉਤਪਾਦਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇ। ਇਸ ਲਈ ਖੇਤੀ ਉਤਪਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਤੋਂ ਇਸ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 2. ਚੂਹਿਆਂ ਨੂੰ ਗੋਝ ਪਾਉਣ ਦਾ ਕੀ ਢੰਗ ਹੈ ?
ਉੱਤਰ—ਵਧੇਰੇ ਚੂਹੇ ਫੜਨ ਵਾਸਤੇ ਚੂਹਿਆਂ ਨੂੰ ਪਿੰਜਰਿਆਂ ਵਿੱਚ ਗਿਝਾਉ। ਹਰ ਪਿੰਜਰੇ ਵਿੱਚ 10-15 ਗ੍ਰਾਮ ਬਾਜਰਾ ਜਾਂ ਜੁਆਰ ਜਾਂ ਕਣਕ ਦਾ ਦਲੀਆ, ਜਿਸ ਵਿੱਚ 2% ਪੀਸੀ ਹੋਈ ਖੰਡ ਅਤੇ 2% ਮੂੰਗਫਲੀ ਜਾਂ ਸੂਰਜਮੁੱਖੀ ਦਾ ਤੇਲ ਮਿਲਿਆ ਹੋਵੇ, ਦੋ ਤੋਂ ਤਿੰਨ ਦਿਨਾਂ ਤਕ ਰੱਖੋ ਤੇ ਪਿੰਜਰਿਆਂ ਦਾ ਮੂੰਹ ਖੁੱਲ੍ਹਾ ਰਹਿਣ ਦਿਉ।
ਪ੍ਰਸ਼ਨ 3 . ਬਰੋਮਾਡਾਇਲੋਨ ਦੇ ਅਸਰ ਨੂੰ ਕਿਵੇਂ ਘੱਟ ਕੀਤਾ ਜਾਂਦਾ ਹੈ ?
ਉੱਤਰ—ਬਰੋਮਾਡਾਇਲੋਨ ਦੇ ਅਸਰ ਨੂੰ ਵਿਟਾਮਿਨ ‘ਕੇ ਨਾਲ ਘੱਟ ਕੀਤਾ ਜਾਂਦਾ ਹੈ। ਇਹ ਵਿਟਾਮਿਨ ਡਾਕਟਰ ਦੀ ਨਿਗਰਾਨੀ ਹੇਠ ਦਿੱਤਾ ਜਾ ਸਕਦਾ ਹੈ।
ਪ੍ਰਸ਼ਨ 4. ਪਿੰਡ ਪੱਧਰ ‘ਤੇ ਚੂਹੇ ਮਾਰ ਮੁਹਿੰਮ ਰਾਹੀਂ ਚੂਹਿਆਂ ਦਾ ਖ਼ਾਤਮਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇਮਾਰ ਮੁਹਿੰਮ ਨੂੰ ਪਿੰਡ ਪੱਧਰ ‘ਤੇ ਅਪਣਾਉਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਇੱਕ ਪਿੰਡ ਦੀ ਸਾਰੀ ਜ਼ਮੀਨ (ਬੀਜੀ ਹੋਈ, ਬਾਜ਼ਾਂ ਵਾਲੀ, ਜੰਗਲਾਤ ਵਾਲੀ ਅਤੇ ਖਾਲੀ) ਉੱਤੇ ਇਕੱਠੇ ਤੌਰ ‘ਤੇ ਚੂਹਿਆਂ ਦਾ ਖ਼ਾਤਮਾ ਕੀਤਾ ਜਾਂਦਾ ਹੈ।
ਪ੍ਰਸ਼ਨ 5 . ਡਰਨੇ ਤੋਂ ਕੀ ਭਾਵ ਹੈ ? ਫਸਲਾਂ ਦੀ ਰਾਖੀ ਵਿੱਚ ਇਸ ਦੀ ਕੀ ਭੂਮਿਕਾ ਹੈ ?
ਉੱਤਰ—ਇੱਕ ਪੁਰਾਣੀ ਮਿੱਟੀ ਦੀ ਹਾਂਡੀ ਆਦਿ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਉਲੀਕ ਦਿੱਤਾ ਜਾਂਦਾ ਹੈ ਤੇ ਉਸ ਨੂੰ ਖੇਤ ਵਿੱਚ ਗੱਡੇ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੁਸ਼ਾਕ ਪੁਆ ਦਿੱਤੀ ਜਾਂਦੀ ਹੈ। ਇਸ ਨੂੰ ਡਰਨਾ ਕਿਹਾ ਜਾਂਦਾ ਹੈ। ਇਸਨੂੰ ਮਨੁੱਖ ਸਮਝ ਕੇ ਪੰਛੀ ਖੇਤ ਦੇ ਨੇੜੇ ਨਹੀਂ ਆਉਂਦੇ। ਇਸ ਤਰ੍ਹਾਂ ਫਸਲਾਂ ਦੀ ਰਾਖੀ ਹੋ ਜਾਂਦੀ ਹੈ।
ਪ੍ਰਸ਼ਨ 6 . ਤੋਤੇ ਤੋਂ ਤੇਲ ਬੀਜਾਂ ਵਾਲੀਆਂ ਫਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ—ਤੋਤਾ ਤੇਲ ਬੀਜ ਦਾ ਮੁੱਖ ਦੁਸ਼ਮਣ ਹੈ। ਇਸ ਦਾ ਕਾਵਾਂ ਨਾਲ ਤਾਲਮੇਲ ਘੱਟ ਹੈ। ਇਸ ਲਈ ਇੱਕ ਜਾਂ ਦੋ ਮਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਂਵਾਂ ਤੇ ਲਟਕਾਏ ਜਾਣ ਤਾਂ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ।
ਪ੍ਰਸ਼ਨ 7. ਸੰਘਣੇ ਦਰਖ਼ਤਾਂ ਵਾਲੀਆਂ ਥਾਵਾਂ ਦੇ ਨੇੜੇ ਸੂਰਜਮੁਖੀ ਦੀ ਫਸਲ ਕਿਉਂ ਨਹੀਂ ਬੀਜਣੀ ਚਾਹੀਦੀ ?
ਉੱਤਰ—ਪੰਛੀ ਵਿਸ਼ੇਸ਼ ਰੂਪ ਵਿੱਚ ਸੰਘਣੇ ਬਿਰਖਾਂ ਅਤੇ ਫਸਲ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਆਦਿ ‘ਤੇ ਬੈਠਦੇ ਹਨ। ਇਸ ਕਰਕੇ ਸੂਰਜਮੁਖੀ ਦੀ ਫਸਲ ਨੂੰ ਪੰਛੀਆਂ ਤੋਂ ਬਚਾਉਣ ਲਈ ਇਸ ਦੀ ਬਿਜਾਈ ਸੰਘਣੇ ਦਰਖਤਾਂ ਵਾਲੀਆਂ ਥਾਵਾਂ ਦੇ ਨੇੜੇ ਨਹੀਂ ਕਰਨੀ ਚਾਹੀਦੀ ਹੈ।
ਪ੍ਰਸ਼ਨ 8 . ਮਿੱਤਰ ਪੰਛੀ ਫ਼ਸਲਾਂ ਦੀ ਰਾਖੀ ਵਿੱਚ ਕਿਸਾਨ ਦੀ ਕਿਵੇਂ ਮਦਦ ਕਰਦੇ ਹਨ ?
ਉੱਤਰ—ਸਾਡੇ ਦੇਸ਼ ਵਿੱਚ ਮਿਲਦੇ ਪੰਛੀਆਂ ਵਿੱਚੋਂ ਤਕਰੀਬਨ 98% ਪੰਛੀਆਂ ਦੀਆਂ ਜਾਤੀਆਂ ਕਿਸਾਨਾਂ ਲਈ ਲਾਹੇਵੰਦ ਹਨ। ਇਨ੍ਹਾਂ ਵਿੱਚੋਂ ਕਤਵਾਲ, ਟਟੀਰੀ, ਗੁਟਾਰ, ਨੀਲਕੰਠ, ਉੱਲੂ, ਗਾਏ ਬਗਲਾ ਅਤੇ ਚੱਕੀਰਾਹਾ ਮੁੱਖ ਹਨ। ਨੀਲਕੰਠ, ਟਟੀਰੀ, ਗਾਏ, ਬਗਲਾ, ਚੱਕੀਰਾਹਾ, ਛੋਟਾ ਉੱਲੂ, ਕੀੜੇ-ਮਕੌੜੇ ਖਾਣ ਵਾਲੇ ਪੰਛੀ ਜੁਗਲ, ਕੋਤਵਾਲ, ਗੁਟਾਰਾਂ ਅਤੇ ਹੋਰ ਛੋਟੇ ਪੰਛੀ ਅਣਗਿਣਤ ਹਾਨੀਕਾਰਕ ਕੀੜੇ-ਮਕੌੜਿਆਂ ਨੂੰ ਖ਼ੁਰਾਕ ਬਣਾਉਂਦੇ ਹਨ। ਇੱਥੋਂ ਤੱਕ ਕਿ ਅਨਾਜ ਖਾਣ ਵਾਲੀਆਂ ਚਿੜੀਆਂ ਅਤੇ ਬਿਜੜਿਆਂ ਵਰਗੇ ਪੰਛੀ ਵੀ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਕੀੜੇ-ਮਕੌੜੇ ਖੁਆਉਂਦੇ ਹਨ। ਸ਼ਿਕਾਰੀ ਪੰਛੀ, ਜਿਵੇਂ ਕਿ ਉੱਲੂ, ਬਾਜ, ਇੱਲਾਂ ਅਤੇ ਉਕਾਬ ਬਹੁਤ ਮਾਤਰਾ ਵਿੱਚ ਚੂਹੇ ਖਾਂਦੇ ਹਨ। ਆਮ ਤੌਰ ਤੇ ਇੱਕ ਉੱਲੂ ਇੱਕ ਦਿਨ ਵਿੱਚ 4-5 ਚੂਹੇ ਖਾ ਜਾਂਦਾ ਹੈ। ਇਹਨਾਂ ਕਾਰਨਾਂ ਕਰਕੇ ਲਾਭਦਾਇਕ ਪੰਛੀਆਂ ਨੂੰ ਮਾਰਨਾ ਨਹੀਂ ਚਾਹੀਦਾ। ਸਗੋਂ ਇਹਨਾਂ ਪੰਛੀਆਂ ਨੂੰ ਫ਼ਸਲਾਂ ਵੱਲ ਕਈ ਤਰੀਕਿਆਂ ਨਾਲ ਆਕਰਸ਼ਿਤ ਕਰਨਾ ਚਾਹੀਦਾ ਹੈ।
ਪ੍ਰਸ਼ਨ 9. ਗਾਏ ਬਗਲਾ ਦੀ ਪਛਾਣ ਤੁਸੀਂ ਕਿਵੇਂ ਕਰੋਗੇ?
ਉੱਤਰ—ਗਾਏ ਬਗਲਾ ਪੰਛੀ ਦਾ ਰੰਗ ਸਫ਼ੈਦ ਹੈ ਅਤੇ ਪੀਲੇ ਰੰਗ ਦੀ ਚੁੰਝ ਹੁੰਦੀ ਹੈ।
ਪ੍ਰਸ਼ਨ 10. ਜ਼ਹਿਰੀਲਾ ਚੋਗਾ ਵਰਤਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—1. ਚੂਹੇਮਾਰ ਦਵਾਈਆਂ ਤੇ ਜ਼ਹਿਰੀਲਾ ਚੋਗਾ ਬੱਚਿਆਂ ਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ।
2. ਚੋਗੇ ਵਿੱਚ ਜ਼ਹਿਰੀਲੀ ਦਵਾਈ ਸੋਟੀ, ਖੁਰਪਾ ਜਾਂ ਹੱਥਾਂ ਤੇ ਰਬੜ ਦੇ ਦਸਤਾਨੇ ਪਾਕੇ ਮਿਲਾਉ। ਜ਼ਹਿਰ ਨੂੰ ਮੂੰਹ, ਨੱਕ ਤੇ ਅੱਖਾਂ ਵਿੱਚ ਪੈਣ ਤੋਂ ਬਚਾਉ।
3 . ਜ਼ਹਿਰੀਲਾ ਚੋਗਾ ਬਣਾਉਣ ਲਈ ਕਦੇ ਰਸੋਈ ਦੇ ਭਾਂਡੇ ਨਾ ਵਰਤੋ।
4 . ਜ਼ਹਿਰੀਲਾ ਚੋਗਾ ਰੱਖਣ ਅਤੇ ਲਿਜਾਣ ਲਈ ਪੌਲੀਥੀਨ ਦੇ ਲਿਫ਼ਾਫ਼ੇ ਵਰਤੋ । ਇਹਨਾਂ ਲਿਫ਼ਾਫ਼ਿਆਂ ਨੂੰ ਬਾਅਦ ਵਿੱਚ ਮਿੱਟੀ ਵਿੱਚ ਦਬਾ ਦੇਵੋ।
5 . ਬਚਿਆਂ ਹੋਇਆ ਚੋਗਾ ਅਤੇ ਖੇਤਾਂ ਵਿੱਚ ਮਰੇ ਹੋਏ ਚੂਹੇ ਇਕੱਠੇ ਕਰਕੇ ਮਿੱਟੀ ਵਿੱਚ ਦਬਾਅ ਦੇਵੋ।
6. ਜ਼ਿੰਕ ਫ਼ਾਸਫਾਈਡ ਮਨੁੱਖਾਂ ਲਈ ਬਹੁਤ ਹੀ ਹਾਨੀਕਾਰਕ ਹੈ। ਇਸ ਦਵਾਈ ਦਾ ਅਸਰ ਕੋਈ ਰਸਾਇਣ/ ਦਵਾਈ ਵੀ ਹਟਾ ਨਹੀਂ ਸਕਦੀ। ਹਾਦਸਾ ਹੋਣ ਤੇ ਮਰੀਜ਼ ਦੇ ਗਲੇ ਵਿੱਚ ਉਂਗਲੀਆਂ ਮਾਰ ਕੇ ਉਲਟੀ ਕਰਾਉਣੀ ਚਾਹੀਦੀ ਹੈ। ਮਰੀਜ਼ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਜਾਉ। ਬਰਮਾਡਾਇਲੋਨ ਦਾ ਅਸਰ ਘਟਾਉਣ ਲਈ ਵਿਟਾਮਿਨ ‘ਕੇ’ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸ ਵਿਟਾਮਿਨ ‘ਕੇ’ ਨੂੰ ਡਾਕਟਰ ਦੀ ਨਿਗਰਾਨੀ ਹੇਠ ਹੀ ਦੇਣਾ ਚਾਹੀਦਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਚੂਹੇ ਕਿੰਨੀ ਕਿਸਮ ਦੇ ਹੁੰਦੇ ਹਨ? ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਮਿਲਣ ਵਾਲੇ ਚੂਹਿਆਂ ਦਾ ਵੇਰਵਾ ਦਿਉ ?
ਉੱਤਰ—ਪੰਜਾਬ ਦੇ ਖੇਤਾਂ ਵਿੱਚ ਮੁੱਖ ਤੌਰ ਤੇ 8 ਕਿਸਮਾਂ ਦੇ ਚੂਹੇ ਅਤੇ ਚੂਹੀਆਂ ਮਿਲਦੀਆਂ ਹਨ। ਇਹਨਾਂ ਵਿੱਚ ਅੰਨ੍ਹਾ ਚੂਹਾ, ਨਰਮ ਚਮੜੀ ਵਾਲਾ ਚੂਹਾ, ਝਾੜੀਆਂ ਦਾ ਚੂਹਾ, ਭੂਰਾ ਚੂਹਾ, ਘਰਾਂ ਦੀ ਚੂਹੀ, ਖੇਤਾਂ ਦੀ ਚੂਹੀ ਅਤੇ ਭੂਰੀ ਚੂਹੀ ਵਿਸ਼ੇਸ਼ ਹਨ। ਇਨ੍ਹਾਂ ਵਿੱਚੋਂ ਅੰਨ੍ਹਾਂ ਚੂਹਾ ਅਤੇ ਨਰਮ ਚਮੜੀ ਵਾਲਾ ਚੂਹਾ ਕਣਕ-ਝੋਨਾ ਤੇ ਗੰਨਾ ਉਗਾਉਣ ਵਾਲੇ ਇਲਾਕੇ ਤੇ ਬੈਟ ਦੇ ਇਲਾਕੇ ਵਿੱਚ ਜ਼ਿਆਦਾ ਹੁੰਦਾ ਹੈ। ਝਾੜੀਆਂ ਦਾ ਚੂਹਾ ਅਤੇ ਭੂਰਾ ਚੂਹਾ ਰੇਤਲੇ ਤੇ ਖੁਸ਼ਕ ਇਲਾਕਿਆਂ ਵਿੱਚ ਹੁੰਦਾ ਹੈ। ਨਰਮ ਚਮੜੀ ਵਾਲਾ ਕੱਲਰੀ ਜ਼ਮੀਨ ਵਿੱਚ ਅਤੇ ਝਾੜੀਆਂ ਦਾ ਚੂਹਾ ਕੰਡੀ ਦੇ ਇਲਾਕੇ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਜ਼ਿਆਦਾ ਹੁੰਦਾ ਹੈ।
ਪ੍ਰਸ਼ਨ 2 . , ਜ਼ਹਿਰੀਲਾ ਚੋਗਾ ਤਿਆਰ ਕਰਨ ਦੀਆਂ ਦੋ ਵਿਧੀਆਂ ਬਾਰੇ ਦੱਸੋ।
ਉੱਤਰ—ਜ਼ਹਿਰੀਲਾ ਚੋਗਾ ਤਿਆਰ ਕਰਨ ਦੀ ਵਿਧੀ—ਚੂਹਿਆਂ ਲਈ ਜ਼ਹਿਰੀਲਾ ਚੋਗਾ ਬਣਾਉਣ ਲਈ ਜ਼ਿੰਕ ਫਾਸਫ਼ਾਈਡ ਅਤੇ ਬਰੋਮਾਡਾਇਲੋਨ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
1 . 2% ਜ਼ਿੰਕ ਫ਼ਾਸਫ਼ਾਇਡ (ਕਾਲੀ ਦਵਾਈ) ਵਾਲਾ ਚੋਗਾ : ਬਾਜਰਾ, ਜਵਾਰ ਜਾਂ ਕਣਕ ਦਾ ਦਲੀਆ ਜਾਂ ਇਹਨਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ ਇੱਕ ਕਿਲੋ ਲਵੋ, ਉਸ ਵਿੱਚ 20 ਗ੍ਰਾਮ ਤੇਲ ਤੇ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਦਵਾਈ ਤਾਜ਼ਾ ਤਿਆਰ ਕਰੋ। ਇਸ ਵਿੱਚ ਕਦੇ ਪਾਣੀ ਨਾ ਮਿਲਾਉ।
2. 0.005% ਬਰੋਮਾਡਾਇਲੋਨ ਵਾਲਾ ਚੋਗਾ : 0.25% ਤਾਕਤ ਦਾ 20 ਗ੍ਰਾਮ
ਬਰੋਮਾਡਾਇਲੋਨ ਪਾਊਡਰ, 20 ਗ੍ਰਾਮ ਪੀਸੀ ਹੋਈ ਖੰਡ ਨੂੰ ਇੱਕ ਕਿਲੋ ਕਣਕ ਦੇ ਦਲੀਏ ਜਾਂ
ਕਿਸੇ ਹੋਰ ਅਨਾਜ ਦੇ ਆਟੇ ਵਿੱਚ ਮਿਲਾਉ।
ਪ੍ਰਸ਼ਨ 3 . ਬਹੁ-ਪੱਖੀ ਵਿਉਂਤਬੰਦੀ ਨਾਲ ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਬਹੁ-ਪੱਖੀ ਵਿਉਂਤਬੰਦੀ ਨਾਲ ਚੂਹਿਆਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਕਿਸੇ ਵੀ ਇੱਕ ਤਰੀਕੇ ਨਾਲ ਸਾਰੇ ਚੂਹੇ ਨਹੀਂ ਮਾਰੇ ਜਾ ਸਕਦੇ। ਇੱਕ ਸਮੇਂ ਦੀ ਰੋਕਥਾਮ ਤੋਂ ਬਾਅਦ ਬਚੇ ਚੂਹੇ ਬੜੀ ਤੇਜ਼ੀ ਨਾਲ ਬੱਚੇ ਜੰਮ ਕੇ ਰੋਕਥਾਮ ਤੋਂ ਪਹਿਲਾਂ ਵਾਲੀ ਗਿਣਤੀ ਵਿੱਚ ਆ ਜਾਂਦੇ ਹਨ। ਇਸ ਲਈ ਇੱਕ ਤੋਂ ਵੱਧ ਤਰੀਕੇ ਅਪਣਾਉਣੇ ਚਾਹੀਦੇ ਹਨ ਜਿਵੇਂ ਖੇਤਾਂ ਨੂੰ ਪਾਣੀ ਲਾਉਣ ਵੇਲੇ ਚੂਹੇ ਡੰਡਿਆਂ ਨਾਲ ਮਾਰੋ। ਫਸਲ ਬੀਜਣ ਤੋਂ ਬਾਅਦ ਢੁੱਕਵੇਂ ਸਮਿਆਂ ਤੇ ਰਸਾਇਣਿਕ ਤਰੀਕੇ ਅਪਣਾਉ। ਜ਼ਹਿਰੀਲਾ ਚੋਗਾ ਖੇਤਾਂ ਵਿੱਚ ਪਾਉਣ ਤੋਂ ਬਾਅਦ ਬਚੀਆਂ ਖੁੱਡਾਂ ਵਿੱਚ ਗੈਸ ਵਾਲੀਆਂ ਗੋਲੀਆਂ ਪਾਉ। ਜ਼ਿੰਕ ਫਾਸਫ਼ਾਈਡ ਦਵਾਈ ਵਰਤਣ ਤੋਂ ਫੌਰਨ ਬਾਅਦ ਜੇ ਲੋੜ ਪਵੇ ਤਾਂ ਬਰੋਮਾਡਾਇਲੋਨ ਜਾਂ ਗੈਸ ਵਾਲੀਆਂ ਗੋਲੀਆਂ
ਦੀ ਵਰਤੋਂ ਕਰਨੀ ਚਾਹੀਦੀ ਹੈ।
ਪ੍ਰਸ਼ਨ 4. ਪੰਛੀਆਂ ਦੇ ਫ਼ਸਲਾਂ ਦੇ ਨੁਕਸਾਨ ਨੂੰ ਬਚਾਉਣ ਦੇ ਰਵਾਇਤੀ ਤਰੀਕੇ ਕਿਹੜੇ ਹਨ ?
ਉੱਤਰ—1. ਸੂਰਜਮੁਖੀ ਅਤੇ ਮੱਕੀ ਵਰਗੀਆਂ ਕੀਮਤੀ ਫ਼ਸਲਾਂ ਦੇ ਆਲੇ-ਦੁਆਲੇ ਬਾਹਰਲੀਆਂ ਦੋ ਤਿੰਨ ਕਤਾਰਾਂ ਵਿੱਚ ਢਾਂਚਾ ਜਾਂ ਬਾਜਰਾ ਜਿਹੇ ਘੱਟ ਕੀਮਤੀ ਫ਼ਸਲਾਂ ਲਗਾ ਕੇ ਉਹਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਹ ਫ਼ਸਲਾਂ ਪੰਛੀਆਂ ਦੁਆਰਾ ਖਾਣ ਲਈ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਪੰਛੀ ਪਹਿਲਾਂ ਇਸ ਫ਼ਸਲ ਨੂੰ ਖਾਂਦੇ ਹਨ।ਇਸ ਤਰ੍ਹਾਂ ਮੁੱਖ ਫ਼ਸਲ ਬਚੀ ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਇਹਨਾਂ ਫ਼ਸਲਾਂ ਦਾ ਕੱਦ ਲੰਬਾ ਹੋਣ ਕਰਕੇ ਇਹ ਹਵਾ ਰੋਕਣ ਦਾ ਕੰਮ ਵੀ ਕਰਦੀਆਂ ਹਨ ਅਤੇ ਹਨੇਰੀ-ਝੱਖੜ ਜਾਂ ਬੱਦਲਵਾਈ ਸਮੇਂ ਇਹ ਖੇਤ ਅੰਦਰਲੀ ਫ਼ਸਲ ਨੂੰ ਡਿੱਗਣ ਤੋਂ ਵੀ ਬਚਾਉਂਦੀਆਂ ਹਨ।
2. ਜਿੱਥੋਂ ਤੱਕ ਸੰਭਵ ਹੋ ਸਕੇ ਆਮ ਫ਼ਸਲਾਂ ਦੀ, ਵਿਸ਼ੇਸ਼ ਰੂਪ ਵਿੱਚ ਸੂਰਜਮੁਖੀ ਦੀ ਬੀਜਾਈ ਪੰਛੀਆਂ ਦੇ ਅਕਸਰ ਬੈਠਣ ਵਾਲੀਆਂ ਥਾਵਾਂ ਜਿਵੇਂ ਸੰਘਣੇ ਬਿਰਖਾਂ ਅਤੇ ਫ਼ਸਲ ਦੇ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਆਦਿ ਤੋਂ ਦੂਰ ਕਰਨੀ ਚਾਹੀਦੀ ਹੈ।
3. ਸੂਰਜਮੁਖੀ ਅਤੇ ਮੱਕੀ ਦੀ ਫ਼ਸਲ ਨੂੰ ਤੋਤੇ ਦੇ ਨੁਕਸਾਨ ਤੋਂ ਬਚਾਉਣ ਲਈ ਇਹਨਾਂ ਦੀ ਬੀਜਾਈ ਵੱਡੇ ਰਕਬੇ (ਘੱਟ-ਘੱਟ ਦੋ ਤਿੰਨ ਏਕੜ) ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਤੋਤਾ ਫ਼ਸਲ ਦੇ ਅੰਦਰ ਜਾ ਕੇ ਖਾਣ ਤੋਂ ਗੁਰੇਜ਼ ਕਰਦਾ ਹੈ।
ਪ੍ਰਸ਼ਨ 5 . ਵੱਖ-ਵੱਖ ਯੰਤਰਿਕ ਵਿਧੀਆਂ ਨਾਲ ਤੁਸੀਂ ਫਸਲਾਂ ਦਾ ਪੰਛੀਆਂ ਤੋਂ ਬਚਾਅ ਕਿਵੇਂ
ਕਰ ਸਕਦਾ ਹੈ ? ਉੱਤਰ—ਯਾਂਤਰਿਕ ਵਿਧੀ—ਵੱਖ-ਵੱਖ ਯੰਤਰਿਕ ਵਿਧੀਆਂ ਹੇਠ ਲਿਖੀਆਂ ਹਨ :
1. ਧਮਾਕੇ ਕਰਨਾ—ਵੱਖ-ਵੱਖ ਵਕਫ਼ੇ ਤੇ ਪੰਛੀ ਉਡਾਉਣ ਲਈ ਬੰਦੂਕ ਦੇ ਧਮਾਕੇ ਕਰਨੇ ਚਾਹੀਦੇ ਹਨ।
2. ਡਰਨੇ ਦੀ ਵਰਤੋਂ ਕਰਨਾ—ਡਰਨੇ ਦੀ ਵਰਤੋਂ ਬਹੁਤ ਪੁਰਾਣੇ ਸਮੇਂ ਤੋਂ ਕੀਤੀ ਜਾ ਰਹੀ ਹੈ।ਇੱਕ ਪੁਰਾਣੀ ਮਿੱਟੀ ਦੀ ਹਾਂਡੀ ਆਦਿ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਉਲੀਕ ਦਿੱਤਾ ਜਾਂਦਾ ਹੈ ਤੇ ਉਸ ਨੂੰ ਖੇਤ ਵਿੱਚ ਗੱਡੇ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੁਸ਼ਾਕ ਪੁਆ ਦਿੱਤੀ ਜਾਂਦੀ ਹੈ। ਇਸਨੂੰ ਮਨੁੱਖ ਸਮਝ ਕੇ ਪੰਛੀ ਖੇਤ ਦੇ ਨੇੜੇ ਨਹੀਂ ਆਉਂਦੇ। ਡਰਨੇ ਦੀ ਥਾਂ, ਦਿਸ਼ਾ ਅਤੇ ਪੁਸ਼ਾਕ ਦਸ ਦਿਨ ਦੇ ਵਕਫ਼ੇ ਨਾਲ ਬਦਲ ਦੇਣੀ ਚਾਹੀਦੀ ਹੈ। ਡਰਨਾ ਫ਼ਸਲ ਦੀ ਉਚਾਈ ਤੋਂ ਘੱਟੋ ਘੱਟ ਇੱਕ ਮੀਟਰ ਉੱਚਾ ਹੋਣਾ ਚਾਹੀਦਾ ਹੈ।
3 . ਕਾਵਾਂ ਦੇ ਪੁਤਲੇ ਟੰਗਣਾ—ਤੋਤਾ ਤੇਲ ਬੀਜ ਦਾ ਪ੍ਰਮੁੱਖ ਦੁਸ਼ਮਣ ਹੈ। ਇਸਦਾ ਕਾਵਾਂ ਨਾਲ ਤਾਲਮੇਲ ਬਹੁਤ ਘੱਟ ਹੈ। ਇਸ ਲਈ ਇੱਕ ਜਾਂ ਦੋ ਮਰੇ ਕਾਂ ਜਾਂ ਉਹਨਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਵਾਂ ਤੇ ਲਟਕਾਏ ਜਾਣ ਤਾਂ ਪੰਛੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਕਾਂ ਅਤੇ ਲਾਲੀ ਤਾਂ ਇਸ ਥਾਂ ਨੂੰ ਛੱਡ ਹੀ ਜਾਣਗੇ, ਤੋਤੇ ਵੀ ਇਸ ਥਾਂ ਤੇ ਨਹੀਂ ਆਉਣਗੇ। ਫ਼ਸਲ ਦੀ ਉਚਾਈ ਤੋਂ ਇੱਕ ਮੀਟਰ ਉੱਚੀ ਸੋਟੀ ਤੇ ਲਟਕਾਏ ਮਰੇ ਕਾਂ ਦੀ ਥਾਂ ਸੱਤ ਦਿਨ ਦੇ ਵਕਫ਼ੇ ਨਾਲ ਬਦਲ ਦੇਣੀ ਚਾਹੀਦੀ ਹੈ।
4. ਸਵੈ ਚਾਲਕ ਪੰਛੀ ਉਡਾਉਣ ਵਾਲੀ ਮਸ਼ੀਨ ਦੇ ਨਾਲ ਨਾਲ ਬੰਦੂਕ ਦੇ ਧਮਾਕੇ ਕਰਕੇ— ਮਸ਼ੀਨ ਦੀ ਥਾਂ ਲਗਾਤਾਰ ਬਦਲਣ ਨਾਲ ਪੰਛੀਆਂ ਨੂੰ ਉਡਾਉਣ ਵਿੱਚ ਕਾਫ਼ੀ ਸਹਾਈ ਹੁੰਦੀ ਹੈ। ਇੱਕ ਹੋਰ ਅਸਾਨ ਤਰੀਕਾ ਹੈ। ਇਸ ਵਿੱਚ ਅਸੀਂ ਰੱਸੀ ਨਾਲ ਹਰ ਛੇ ਤੋਂ ਅੱਠ ਇੰਚ ਦੀ ਦੂਰੀ ਦੇ ਉੱਤੇ ਪਟਾਕਿਆਂ ਦੇ ਛੋਟੇ ਛੋਟੇ ਬੰਡਲ ਬੰਨ ਦਿੰਦੇ ਹਾਂ ਅਤੇ ਰੱਸੀ ਨੂੰ ਹੇਠਲੇ ਹਿੱਸੇ ਤੋਂ ਧੁਖਾ ਦਿੰਦੇ ਹਾਂ।ਇਸ ਤਰ੍ਹਾਂ ਪਟਾਕਿਆਂ ਦੇ ਅੱਗ ਫੜਨ ਨਾਲ ਵੱਖ-ਵੱਖ ਸਮੇਂ ਤੇ ਧਮਾਕੇ ਹੁੰਦੇ ਹਨ। ਇਸ ਨਾਲ ਪੁੰਗਰ ਰਹੀ ਤੇ ਪੱਕ ਰਹੀ ਫ਼ਸਲ ਤੋਂ ਪੰਛੀਆਂ ਨੂੰ ਉਡਾਇਆ ਜਾ ਸਕਦਾ ਹੈ।ਬੀਜ ਦੇ ਪੁੰਗਰਨ ਦੀ ਅਵਸਥਾ ਸਮੇਂ ਪਟਾਕਿਆਂ ਦੀ ਰੱਸੀ ਖੇਤ ਦੇ ਵਿਚਕਾਰ ਲਟਕਾਉ, ਜਦ ਕਿ ਫ਼ਸਲ ਦੇ ਪੱਕਣ ਵੇਲੇ ਖੇਤੇ ਦੇ ਕੰਢੇ ਥੋੜ੍ਹੀ ਦੂਰ ਲਟਕਾਣੀ ਚਾਹੀਦੀ ਹੈ।