1. ਗੁਰੂ ਨਾਨਕ ਦੇਵ ਜੀ
ਅਭਿਆਸ
ਪ੍ਰਸ਼ਨ 1. ਹੇਠਾਂ ਦਿੱਤੀਆਂ ਕਾਵਿ-ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
(ੳ) ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਮੂਰਖਿ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ।।
ਪ੍ਰਸੰਗ: ਇਹ ਕਾਵਿ-ਟੋਟਾ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ’ ਵਿਚੋਂ ਲਿਆ ਗਿਆ ਹੈ । ਇਸ ਬਾਣੀ ਵਿਚ ਗੁਰੂ ਜੀ ਨੇ ਵੇਲ਼ੇ ਦੇ ਰਾਜਸੀ, ਧਾਰਮਿਕ ਤੇ ਸਮਾਜਿਕ ਜੀਵਨ ਵਿਚਲੀ ਗਿਰਾਵਟ ਦੀ ਗੱਲ ਕਰਦਿਆਂ ਸੰਸਾਰ ਵਿਚ ਜੀਭ ਦੇ ਚਸਕੇ, ਪਾਪ, ਝੂਠ ਤੇ ਕਾਮ ਦੀ ਹਕੂਮਤ ਕਾਇਮ ਹੋਣ ਤੇ ਪਰਜਾ ਦੀ ਹਾਲਤ ਨੂੰ ਬਿਆਨ ਕੀਤਾ ਹੈ।
ਵਿਆਖਿਆ: ਗੁਰੂ ਨਾਨਕ ਦੇਵ ਜੀ ਫੁਰਮਾਉਦੇ ਹਨ ਕਿ ਕਿ ਮਨੁੱਖੀ ਜੀਭ ਦੇ ਚਸਕੇ, ਪਾਪ, ਝੂਠ ਤੇ ਕਾਮ ਦੀ ਹਕੂਮਤ ਵਿਚ ਫਸ ਕੇ ਪਰਜਾ ਗਿਆਨ ਤੋਂ ਸੱਖਣੀ ਭਾਵ ਅੰਨ੍ਹੀ ਹੋਈ ਪਈ ਹੈ। ਜਿਹੜੇ ਮਨੁੱਖ ਆਪਣੇ ਆਪ ਨੂੰ ਗਿਆਨੀ ਕਹਿੰਦੇ ਹਨ, ਉਹ ਨੱਚਦੇ, ਵਾਜੇ ਵਜਾਉਂਦੇ ਅਤੇ ਕਈ ਤਰ੍ਹਾਂ ਦੇ ਰੂਪ ਬਦਲਦੇ ਸ਼ਿੰਗਾਰ ਕਰਦੇ ਹਨ। ਉਹ ਉੱਚੀ-ਉੱਚੀ ਕੂਕਦੇ ਹਨ, ਆਪਣੀ ਜਿੱਤਾਂ ਨੂੰ ਸੁਣਾਉਂਦੇ ਹਨ। ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦਿੰਦੇ ਫਿਰਦੇ ਹਨ ਪਰ ਅਸਲ ਵਿਚ ਉਹ ਮਾਇਆ ਇਕੱਠੀ ਕਰਨ ਵਿਚ ਲੱਗੇ ਹੋਏ ਹਨ।
(ਅ) ਫਕੜੁ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਆਪਹੁ ਜੇ ਕੋ ਭਲਾ ਕਹਾਏ।।
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ।
ਪ੍ਰਸੰਗ: ਇਹ ਕਾਵਿ-ਟੋਟਾ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ‘ਫਕੜੁ ਜਾਤੀ ਫਕੜੁ ਨਾਉ’ ਵਿੱਚੋਂ ਲਿਆ ਗਿਆ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਜਾਤੀ ਅਤੇ ਵੱਡੇ ਨਾਂ ਦੀ ਵਡਿਆਈ ਨੂੰ ਮੰਨਣ ਵਾਲ਼ਿਆਂ ਦਾ ਖੰਡਨ ਕੀਤਾ ਹੈ।
ਵਿਆਖਿਆ: ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਉੱਚੀ ਜਾਤ ਦਾ ਹੰਕਾਰ ਤੇ ਵੱਡੇ ਨਾਂ ਦਾ ਹੰਕਾਰ ਵਿਅਰਥ ਹੈ। ਅਸਲ ਵਿੱਚ ਸਾਰੇ ਜੀਵਾਂ ਦੀ ਨੁਹਾਰ ਇੱਕੋ ਹੀ ਹੁੰਦੀ ਹੈ। ਜੇ ਕੋਈ ਜੀਵ ਉੱਚੀ ਜਾਤ ਜਾਂ ਵੱਡੇ ਨਾਂ ਦੀ ਵਡਿਆਈ ਕਰਕੇ ਆਪਣੇ ਆਪ ਨੂੰ ਚੰਗਾ ਦੱਸਦਾ ਹੈ ਤਾਂ ਇਹ ਉਸਦਾ ਭੁਲੇਖਾ ਹੈ। ਅਸਲ ਵਿੱਚ ਮਨੁੱਖ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ ਜੇ ਉਸਨੂੰ ਰੱਬ ਦੀ ਸੱਚੀ ਦਰਗਾਹ ਵਿੱਚ ਆਦਰ ਪ੍ਰਾਪਤ ਹੋਵੇ।
(ੲ) ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ।।
ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੋ ਪਾਰਿ ਪਇਆ।
ਪ੍ਰਸੰਗ: ਇਹ ਕਾਵਿ-ਟੋਟਾ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਦੁਖੁ ਦਾਰੂ ਸੁਖੁ ਰੋਗ ਭਇਆ’ ਵਿੱਚੋਂ ਲਿਆ ਗਿਆ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਸ੍ਰਿਸ਼ਟੀ ਵਿੱਚ ਪਰਮਾਤਮਾ ਦਾ ਵਾਸ ਹੋਣ ਦੀ ਗੱਲ ਆਖੀ ਹੈ।
ਵਿਆਖਿਆ: ਗੁਰੂ ਜੀ ਪਰਮਾਤਮਾ ਦੀ ਸਿਫ਼ਤ ਸਲਾਹ ਕਰਦੇ ਹੋਏ ਆਖਦੇ ਹਨ ਕਿ ਸੱਚੇ ਪਰਮਾਤਮਾ! ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਪ੍ਰਕਾਸ਼ ਪ੍ਰਕਾਸ਼ਮਾਨ ਹੈ। ਸਾਰੇ ਜੀਵਾਂ ਵਿੱਚ ਵੀ ਤੇਰਾ ਹੀ ਪ੍ਰਕਾਸ਼ ਹੈ ਅਤੇ ਤੂੰ ਸਭ ਸਰਵ-ਵਿਆਪਕ ਹੈਂ ਅਤੇ ਤੂੰ ਸਦਾ ਰਹਿਣ ਵਾਲ਼ਾ ਹੈਂ। ਤੂੰ ਹੀ ਸੱਚਾ ਰੱਬ ਹੈਂ ਅਤੇ ਤੇਰੀਆਂ ਬਖਸ਼ਿਸ਼ਾਂ ਬੇਅੰਤ ਸੋਹਣੀਆਂ ਹਨ। ਜਿਸ ਜੀਵ ਨੇ ਵੀ ਤੇਰਾ ਨਾਮ ਜਪਿਆ ਹੈ, ਉਹ ਇਸ ਸੰਸਾਰਿਕ ਭਵਸਾਗਰ ਨੂੰ ਪਾਰ ਕਰ ਜਾਂਦਾ ਹੈ। ਗੁਰੂ ਸਾਹਿਬ ਜੀਵ ਨੂਮ ਸਮਝਾਉਂਦੇ ਹਨ ਕਿ ਤੂੰ ਸਿਰਫ਼ ਉਸ ਪਰਮਾਤਮਾ ਦੀ ਸਿਫ਼ਤ ਸਲਾਹ ਕਰ ਉਸ ਪਰਮਾਤਮਾ ਨੂੰ ਜੋ ਠੀਕ ਲੱਗਦਾ ਹੈ, ਉਹ ਓਹੀ ਕਰ ਰਿਹਾ ਹੈ।
ਪ੍ਰਸ਼ਨ 2. (ੳ) ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ‘ ਦਾ ਕੇਂਦਰੀ ਭਾਵ ਲਿਖੋ।
ਉੱਤਰ: ਸੰਸਾਰ ਇੱਕ ਰੰਗ-ਮੰਚ ਦੀ ਤਰ੍ਹਾਂ ਹੈ ਅਤੇ ਹਰ ਜੀਵ ਆਪਣਾ ਕੰਮ ਕਰ ਰਿਹਾ ਹੈ। ਧਰਮਰਾਜ ਮਨੁੱਖ ਦੇ ਕੀਤੇ ਚੰਗੇ-ਮੰਦੇ ਕੰਮਾਂ ਦੀ ਪੜਚੋਲ ਕਰਦਾ ਹੈ। ਉਸ ਪੜਚੋਲ ਦੇ ਅਧਾਰ ’ਤੇ ਹੀ ਜੀਵ ਪਰਮਾਤਮਾ ਦੇ ਨੇੜੇ ਜਾਂ ਉਸਤੋਂ ਦੂਰ ਜਾਂਦਾ ਹੈ। ਜਿਹੜੇ ਜੀਵ ਆਪਣੇ ਆਪ ਨੂੰ ਪਰਮਾਤਮਾ ਨਾਲ਼ ਜੋੜ ਕੇ ਉਸਦਾ ਨਾਂ ਜਪਦੇ ਹਨ, ਉਹ ਸਦਾ ਲਈ ਇਸ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।
ਪ੍ਰਸ਼ਨ 2.(ਅ) ‘ਲਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ‘ ਸ਼ਬਦ ਦਾ ਕੇਂਦਰੀ ਭਾਵ ਲਿਖੋ।
ਉੱਤਰ: ਸੰਸਾਰ ਵਿੱਚ ਜੀਭ ਦਾ ਚਸਕਾ ਭਾਵ ਝੂਠ ਅਤੇ ਕਾਮ ਦੀ ਹਕੂਮਤ ਹੈ। ਵਧੇਰੇ ਲੋਕ ਗਿਆਨ ਵਿਹੂਣੇ ਹੋਣ ਕਰਕੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹਨ। ਗਿਆਨੀ ਤੇ ਧਰਮੀ ਲੋਕ ਵੀ ਪਖੰਡ ਕਰ ਰਹੇ ਹਨ। ਹਰ ਮਨੁੱਖ ਆਪਣੇ ਆਪ ਨੂੰ ਸੰਪੂਰਨ ਅਤੇ ਚੰਗਾ ਸਮਝਦਾ ਹੈ ਪਰ ਅਸਲ ਪੂਰਨ ਮਨੁੱਖ ਉਹ ਹੈ ਜਿਸ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਆਦਰ ਮਿਲ਼ਦਾ ਹੈ।
ਪ੍ਰਸ਼ਨ 3. ‘ਪੰਜ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਊ‘ ਸ਼ਬਦ ਦਾ ਕੇਂਦਰੀ ਭਾਵ ਲਿਖੋ।
ਉੱਤਰ: ਮੁਸਲਮਾਨੀ ਸ਼ਰ੍ਹਾ ਅਨੁਸਾਰ ਪੰਜ ਨਮਾਜ਼ਾਂ ਪੜ੍ਹਨ ਦੇ ਕਰਮ ਕਾਂਡ ਦੀ ਥਾਂ ਗੁਰੂ ਜੀ ਨੇ ਸੱਚ ਬੋਲਣ, ਹਰਾਮ ਨਾ ਖਾਣ ਸਭ ਦਾ ਭਲਾ ਮੰਗਣ ਨੀਅਤ ਤੇ ਮਨ ਸਾਫ ਰੱਖਣ ਅਤੇ ਰੱਬ ਦੀ ਵਡਿਆਈ ਵਰਗੇ ਆਦਰਸ਼ਾਂ ਨੂੰ ਅਪਣਾ ਕੇ ਹੀ ਸੱਚਾ ਮੁਸਲਮਾਨ ਅਖਵਾਇਆ ਜਾ ਸਕਦਾ ਹੈ।
ਪ੍ਰਸ਼ਨ 4. ਵਸਤੁਨਿਸ਼ਠ ਪ੍ਰਸ਼ਨ:
(ੳ) ਗੁਰੂ ਨਾਨਕ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ।
ਉੱਤਰ: ਪਵਣੁ ਗੁਰੂ ਪਾਣੀ ਪਿਤਾ।
(ਅ) ‘ਲਬੁ ਪਾਪ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ‘ ਹੇਠ ਲਿਖੇ ਗੁਰੂ ਸਾਹਿਬਾਨ ਵਿੱਚੋਂ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?
(i) ਗੁਰੂ ਅੰਗਦ ਦੇਵ ਜੀ (ii) ਗੁਰੂ ਅਰਜਨ ਦੇਵ ਜੀ (iii) ਗੁਰੂ ਨਾਨਕ ਦੇਵ ਜੀ
ਉੱਤਰ: (iii) ਗੁਰੂ ਨਾਨਕ ਦੇਵ ਜੀ
(ੲ) ‘ਪਵਣੁ ਗੁਰੂ ਪਾਣੀ ਪਿਤਾ‘ ਕਿਹੜਾ ਕਾਵਿ-ਰੂਪ ਹੈ :
(i) ਛੰਦ (ii) ਸਲੋਕ (iii) ਅਸ਼ਟਪਦੀ
ਉੱਤਰ: (ii) ਸਲੋਕ
(ਸ) ‘ਫਕੜ ਜਾਤੀ ਫਕੜੁ ਨਾਉ‘ ਸਲੋਕ ਵਿੱਚ ਆਏ ‘ਫਕੜੁ’ ਸ਼ਬਦ ਤੋਂ ਕੀ ਭਾਵ ਹੈ?
ਉੱਤਰ: ਵਿਅਰਥ।
(ਹ) ਗੁਰੂ ਨਾਨਕ ਦੇਵ ਜੀ ਦੇ ‘ਹਕੁ ਪਰਾਇਆ ਨਾਨਕਾ‘ ਸਲੋਕ ਅਨੁਸਾਰ ਮੁਸਲਮਾਨ ਅਤੇ ਹਿੰਦੂ ਲਈ ਪਰਾਇਆ ਹੱਕ ਖਾਣਾ ਕੀ ਹੈ?
ਉੱਤਰ: ਹਿੰਦੂ ਲਈ ਗਊ ਖਾਣ ਅਤੇ ਮੁਸਲਮਾਨ ਲਈ ਸੂਰ ਖਾਣ ਦੇ ਸਮਾਨ ਹੈ।
(ਕ) ਗੁਰਮਤਿ ਅਨੁਸਾਰ ਪੰਜ ਨਮਾਜ਼ਾਂ ਕਿਹੜੀਆਂ ਹਨ? ਕਿਸੇ ਇੱਕ ਦਾ ਨਾਂ ਦੱਸੋ।
ਉੱਤਰ: ਸੱਚ ਬੋਲਣਾ, ਹੱਕ ਦੀ ਕਮਾਈ ਖਾਣਾ, ਸਰਬੱਤ ਦਾ ਭਲਾ ਮੰਗਣਾ, ਨੀਅਤ ਸਾਫ਼ ਰੱਖਣੀ ਅਤੇ ਰੱਬ ਦੀ ਸਿਫ਼ਤ ਸਲਾਹ।
(ਖ) ਗੁਰੂ ਨਾਨਕ ਦੇਵ ਜੀ ਅਨੁਸਾਰ ਅਸਲ ਧਰਮ-ਕਰਮ ਕੀ ਹੈ?
(i) ਫ਼ਲ ਦੀ ਆਸ ਰੱਖੇ ਬਿਨਾਂ ਕੰਮ ਕਰਨਾ
(ii) ਧਰਮ-ਕਰਮ ਬਦਲੇ ਮੁਕਤੀ ਦਾ ਦਰ ਮੰਗਣਾ
(iii) ਘਰ-ਬਾਰ ਛੱਡ ਕੇ ਜਤੀ ਹੋਣਾ।
ਉੱਤਰ: (i) ਫ਼ਲ ਦੀ ਆਸ ਰੱਖੇ ਬਿਨਾਂ ਕੰਮ ਕਰਨਾ
(ਗ) ਤੀਰਥਾਂ ਉੱਤੇ ਜਾ ਕੇ ਨ੍ਹਾਉਣ ਦੇ ਬਾਵਜੂਦ ਮਨ ਖੋਟਾ ਕਿਵੇਂ ਹੋ ਜਾਂਦਾ ਹੈ?
ਉੱਤਰ: ਹੰਕਾਰ ਨਾਲ਼।
(ਘ) ਤ੍ਰਿਵੇਣੀ ਕਿਹੜੀਆਂ ਤਿੰਨ ਨਦੀਆਂ ਦਾ ਮਿਲਾਪ ਹੈ?
ਉੱਤਰ: ਗੰਗਾ, ਜਮੁਨਾ ਅਤੇ ਸਰਸਵਤੀ।
(ਙ) ਗੁਰੂ ਨਾਨਕ ਦੇਵ ਜੀ ਅਨੁਸਾਰ ਮਾਘ ਮਹੀਨੇ ਦਾ ਮਹਾਂ-ਰਸ ਕਿਹੜਾ ਹੈ?
(i) ਤੀਰਥਾਂ ਉੱਤੇ ਇਸ਼ਨਾਨ ਕਰਨਾ
(ii) ਪ੍ਰਭੂ ਦਾ ਨਾਮ ਸਿਮਰਨਾ
ਉੱਤਰ: (ii) ਪ੍ਰਭੂ ਦਾ ਨਾਮ ਸਿਮਰਨਾ
ਤਿਆਰ ਕਰਤਾ:
ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784