ਗੁਰਮਤਿ-ਕਾਵਿ 10th 4. ਭਾਈ ਗੁਰਦਾਸ ਜੀ

4. ਭਾਈ ਗੁਰਦਾਸ –

1. ਸਤਿਗੁਰ ਨਾਨਕ ਪ੍ਰਗਟਿਆ

(ੳ) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।
         ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।
         ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
         ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।

ਪ੍ਰਸੰਗ – ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ, ਗੁਰਬਾਣੀ ਦੀ ਕੁੰਜੀ ਅਖਵਾਉਂਦੀਆਂ ‘ਵਾਰਾਂ ਭਾਈ ਗੁਰਦਾਸ’ ਦਾ ਅੰਸ਼ ਹੈ ਅਤੇ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਗੁਰਮਤਿ-ਕਾਵਿ ਭਾਗ ਅਧੀਨ ‘ਸਤਿਗੁਰ ਨਾਨਕ ਪ੍ਰਗਟਿਆ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁੱਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰ ਨੂੰ ਗਿਆਨ ਦੇ ਪ੍ਰਕਾਸ਼ ਨਾਲ਼ ਦੂਰ ਕੀਤਾ।

ਵਿਆਖਿਆ – ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਹਰ ਪਾਸੇ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ। ਗੁਰੂ ਜੀ ਨੇ ਗਿਆਨ ਦੇ ਪ੍ਰਕਾਸ਼ ਨਾਲ਼ ਉਸ ਹਨੇਰੇ ਨੂੰ ਦੂਰ ਕਰ ਦਿੱਤਾ। ਜਿਵੇਂ ਸੂਰਜ ਚੜ੍ਹਨ ਨਾਲ਼ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਦੀ ਡਾਰ ਵਿੱਚ ਭਾਜੜ ਪੈ ਜਾਂਦੀ ਹੈ ਅਤੇ ਧੀਰਜ ਨਹੀਂ ਧਰਦੀ, ਉਸ ਪ੍ਰਕਾਰ ਪਾਪਾਂ ਦਾ ਵਣਜ ਕਰਨ ਵਾਲ਼ਿਆਂ ਨੂੰ ਭਾਜੜ ਪੈ ਗਈ। ਜਿਸ ਥਾਂ ਬਾਬਾ ਜੀ ਦੇ ਚਰਨ ਪਏ, ਉਹ ਥਾਂਵਾਂ ਪੂਜਣ-ਯੋਗ ਹੋ ਗਈਆਂ।

(ਅ)  ਸਿਧਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ।
       ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਵੀ ਸਚਾ ਢੋਆ।
       ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।

ਪ੍ਰਸੰਗ – ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ, ਗੁਰਬਾਣੀ ਦੀ ਕੁੰਜੀ ਅਖਵਾਉਂਦੀਆਂ ‘ਵਾਰਾਂ ਭਾਈ ਗੁਰਦਾਸ’ ਦਾ ਅੰਸ਼ ਹੈ ਅਤੇ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਗੁਰਮਤਿ-ਕਾਵਿ ਭਾਗ ਅਧੀਨ ‘ਸਤਿਗੁਰ ਨਾਨਕ ਪ੍ਰਗਟਿਆ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁੱਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰ ਨੂੰ ਗਿਆਨ ਦੇ ਪ੍ਰਕਾਸ਼ ਨਾਲ਼ ਦੂਰ ਕੀਤਾ।

ਵਿਆਖਿਆ – ਭਾਈ ਗੁਰਦਾਸ ਜੀ ਦੱਸਦੇ ਹਨ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰਾਂ ਅਤੇ ਪਵਿੱਤਰ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਸੀ ਕਿ ਸੰਸਾਰ ਵਿੱਚ ਜਿੰਨੀਆਂ ਵੀ ਪ੍ਰਸਿੱਧ ਥਾਵਾਂ ਸਨ, ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਂ ਨਾਲ਼ ਪ੍ਰਸਿੱਧ ਹੋ ਗਈਆਂ ਅਤੇ ਸਿੱਧਾਂ ਦੇ ਸਾਰੇ ਅਸਥਾਨ ਗੁਰੂ ਦੇ ਘਰ ਬਣ ਗਏ। ਘਰ-ਘਰ ਅੰਦਰ ਧਰਮਸ਼ਾਲਾਵਾਂ ਬਣ ਗਈਆਂ ਤੇ ਕੀਰਤਨ ਹੋਣ ਲੱਗ ਪਿਆ , ਜਿਵੇਂ ਹਰ ਘਰ ਵਿਸਾਖੀ ਦੀ ਖ਼ੁਸ਼ੀ ਵਿੱਚ ਕੀਰਤਨ ਹੋ ਰਿਹਾ ਹੋਵੇ। ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ , ਨੌਂ ਖੰਡਾਂ ਵਿੱਚ ਸੱਚ ਦਾ ਪ੍ਰਕਾਸ਼ ਫੈਲ ਗਿਆ। ਕਲਯੁੱਗ ਦੇ ਭਿਆਨਕ ਸਮੇਂ ਵਿੱਚ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦਾ ਭਲਾ ਕਰ ਦਿੱਤਾ।

••• ਕੇਂਦਰੀ ਭਾਵ •••

      ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ਼ ਸੰਸਾਰ ਵਿੱਚ ਪਸਰਿਆ ਅਗਿਆਨਤਾ ਦਾ ਹਨੇਰਾ ਅਤੇ ਪਾਪਾਂ ਦਾ ਨਾਸ ਹੋ ਗਿਆ। ਗੁਰੂ ਜੀ ਨੇ ਥਾਂ-ਥਾਂ ਜਾ ਕੇ ਸੱਚ ਤੇ ਧਰਮ ਦਾ ਪ੍ਰਚਾਰ ਕੀਤਾ। ਇਸ ਪ੍ਰਕਾਰ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਅਤੇ ਨੌ ਖੰਡ ਪ੍ਰਿਥਵੀ ਨੂੰ ਤਾਰ ਦਿੱਤਾ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰ 1. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਜਨਮ ਲੈਣ ਨਾਲ਼ ਕੀ ਮਿਟ ਗਿਆ?

ਉ – ਅਗਿਆਨਤਾ ਦਾ ਹਨੇਰਾ।

ਪ੍ਰ 2. ਸ਼ੇਰ ਦੇ ਬੁੱਕਣ ਨਾਲ਼ ਕਿਸ ਦਾ ਧੀਰਜ ਟੁੱਟ ਜਾਂਦਾ ਹੈ?

ਉ – ਹਿਰਨਾਂ ਦਾ।

ਪ੍ਰ 3. ਜਿਸ ਥਾਂ ਗੁਰੂ ਨਾਨਕ ਦੇਵ ਜੀ ਨੇ ਪੈਰ ਧਰਿਆ,ਉਹ ਥਾਂਵਾਂ ਕੀ ਬਣ ਗਈਆਂ?   

ਉ – ਪੂਜਣਯੋਗ।

ਪ੍ਰ 4. ਚਾਰੇ ਦਿਸ਼ਾਵਾਂ ਤੇ ਨੌ ਖੰਡਾਂ ਨੂੰ ਕਿਸ ਨੇ ਤਾਰਿਆ?

ਉ – ਗੁਰੂ ਨਾਨਕ ਦੇਵ ਜੀ ਨੇ।

ਪ੍ਰ 5. ਗੁਰੂ ਜੀ ਦੇ ਪ੍ਰਭਾਵ ਨਾਲ਼ ਸਿੱਧਾਂ ਦੇ ਆਸਣ ਕਿਹੋ ਜਿਹੇ ਬਣ ਗਏ?

ਉ – ਗੁਰੂ ਨਾਨਕ ਦੇ ਆਸਣ।

ਪ੍ਰ 6. ਥਾਂ-ਥਾਂ , ਘਰ-ਘਰ ਵਿੱਚ ਕੀ ਹੋਣ ਲੱਗਾ?

ਉ – ਕੀਰਤਨ।

ਪ੍ਰ 7. ਗੁਰੂ ਨਾਨਕ ਦੇਵ ਜੀ ਕਿਸ ਯੁਗ ਵਿੱਚ ਪ੍ਰਗਟ ਹੋਏ?

ਉ – ਕਲਯੁੱਗ ਵਿੱਚ।

ਪ੍ਰ 8. ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ਼ ਕਾਹਦਾ ਪ੍ਰਕਾਸ਼ ਹੋ ਗਿਆ?

ਉ – ਗਿਆਨ ਦਾ।

2. ਦੇਖਿ ਪਰਾਈਆ ਚੰਗੀਆ

       ਦੇਖਿ ਪਰਾਈਆ ਚੰਗੀਆ ਮਾਵਾ ਭੈਣਾ ਧੀਆ ਜਾਣੈ।

       ਉਸੁ ਸੂਅਰੁ ਉਸ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ।

       ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ।

       ਉਸਤਿਤ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ।

       ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ।

       ਗੁਰਮੁਖਿ ਸੁਖ ਫਲੁ ਪਾਇਆ ਰਾਜ ਜੋਗੁ ਰਸ ਰਲੀਆ ਮਾਣੈ।

ਸਾਧ ਸੰਗਤਿ ਵਿਟਹੁ ਕੁਰਬਾਣੈ।

ਪ੍ਰਸੰਗ – ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ, ਗੁਰਬਾਣੀ ਦੀ ਕੁੰਜੀ ਅਖਵਾਉਂਦੀਆਂ ‘ਵਾਰਾਂ ਭਾਈ ਗੁਰਦਾਸ’ ਦਾ ਅੰਸ਼ ਹੈ ਅਤੇ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਗੁਰਮਤਿ-ਕਾਵਿ ਭਾਗ ਅਧੀਨ ‘ਦੇਖਿ ਪਰਾਈਆ ਚੰਗੀਆ ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੁਆਰਾ ਇੱਕ ਗੁਰਸਿੱਖ ਨੂੰ ਨੇਕ ਆਚਰਨ ਦੇ ਕੁੱਝ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ ਹੈ।

ਵਿਆਖਿਆ – ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰਸਿੱਖ ਦਾ ਫ਼ਰਜ਼ ਹੈ ਕਿ ਉਹ ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਮਰ ਵਿੱਚ ਵੱਡੀਆਂ ਨੂੰ ਮਾਂਵਾਂ , ਬਰਾਬਰ ਦੀਆਂ ਨੂੰ ਭੈਣਾਂ ਅਤੇ ਛੋਟੀਆਂ ਨੂੰ ਆਪਣੀਆਂ ਧੀਆਂ ਸਮਝੇ। ਉਹ ਪਰਾਏ ਧਨ ਨੂੰ ਹੜੱਪ ਨਹੀਂ ਕਰ ਸਕਦਾ ਕਿਉਂਕਿ ਪਰਾਇਆ ਧਨ ਹਿੰਦੂ ਲਈ ਗਊ ਦਾ ਅਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਗੁਰਸਿੱਖ ਨੂੰ ਪੁੱਤਰ , ਇਸਤਰੀ ਅਤੇ ਹੋਰ ਪਰਿਵਾਰ ਦੇ ਮੋਹ ਪਿਆਰ ਵਿੱਚ ਆ ਕੇ , ਉਹਨਾਂ ਦੀ ਖ਼ਾਤਰ ਕਿਸੇ ਨਾਲ਼ ਧੱਕਾ ਨਹੀਂ ਕਰਨਾ ਚਾਹੀਦਾ। ਉਹ ਪਰਾਈ ਉਸਤਤ ਅਤੇ ਨਿੰਦਿਆ ਆਪਣੇ ਕੰਨਾਂ ਨਾਲ਼ ਭਾਵੇ ਸੁਣ ਲਵੇ , ਪਰ ਆਪਣੇ ਮੂੰਹ ਨਾਲ਼ ਕਿਸੇ ਦੀ ਝੂਠੀ ਵਡਿਆਈ ਅਤੇ ਬੁਰਾਈ ਨਹੀਂ ਕਰੇਗਾ। ਉਹ ਆਪਣੇ ਆਪ ਨੂੰ ਵੱਡੇ ਪ੍ਰਤਾਪ ਵਾਲ਼ਾ ਨਾ ਸਮਝੇ ਅਤੇ ਨਾ ਹੀ ਹੰਕਾਰ ਵਿੱਚ ਆ ਕੇ ਕਿਸੇ ਨੂੰ ਦੁੱਖ ਦੇਵੇ। ਆਜਿਹੀ ਸ਼ਖ਼ਸੀਅਤ ਵਾਲ਼ੇ ਮਨੁੱਖਾਂ ਨੂੰ ਸਹਿਜ-ਅਨੰਦ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਸੰਸਾਰ ਵਿੱਚ ਜੋਗ ਕਮਾਉਣ ਦੇ ਆਨੰਦ ਨੂੰ ਮਾਣਦੇ ਹਨ। ਅਜਿਹੀ ਸਾਧ-ਸੰਗਤ ਤੋਂ ਮੈਂ ਕੁਰਬਾਨ ਜਾਂਦਾ ਹਾਂ ਜੋ ਗੁਰਸਿੱਖ ਨੂੰ ਅਜਿਹੇ ਉੱਚੇ ਨੈਤਿਕ ਗੁਣਾਂ ਦੀ ਬਖ਼ਸ਼ਿਸ ਕਰਦੀ ਹੈ।

••• ਕੇਂਦਰੀ ਭਾਵ •••

ਉੱਚੇ ਨੈਤਿਕ ਗੁਣਾਂ ਦਾ ਮਾਲਕ ਗੁਰਸਿੱਖ ਜੋ ਗੁਣ ਉਸ ਨੂੰ ਸਾਧ-ਸੰਗਤ ਤੋਂ ਪ੍ਰਾਪਤ ਹੁੰਦੇ ਹਨ, ਜਿਹਨਾਂ ਨੈਤਿਕ ਗੁਣਾਂ ਕਾਰਨ ਉਹ ਪਰਾਈਆਂ ਇਸਤਰੀਆਂ ਨੂੰ ਮਾਵਾਂ, ਧੀਆਂ ਅਤੇ ਭੈਣਾਂ ਸਮਝਦਾ ਹੈ ਅਤੇ ਪਰਾਏ ਹੱਕ, ਪਰਿਵਾਰਿਕ ਮੋਹ, ਹੰਕਾਰ ਤੇ ਉਸਤਤ ਨਿੰਦਿਆ ਤੋਂ ਬਚਦਾ ਹੈ। ਉਹ ਸੁੱਖ-ਫਲ ਨੂੰ ਪ੍ਰਾਪਤ ਕਰਦਾ ਹੈ ਤੇ ਰਾਜ-ਜੋਗ ਦਾ ਆਨੰਦ ਮਾਣਦਾ ਹੈ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰ 1. ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਹੈ?

ਉ – ਮਾਂਵਾਂ, ਧੀਆਂ ਅਤੇ ਭੈਣਾਂ।

ਪ੍ਰ 2. ਹਿੰਦੂ ਲਈ ਪਰਾਇਆ ਧਨ ਖਾਣਾ ਕਿਸ ਦੇ ਬਰਾਬਰ ਹੈ?

ਉ – ਗਊ ਦਾ ਮਾਸ ਖਾਣ ਦੇ ਬਰਾਬਰ।

ਪ੍ਰ 3. ਮੁਸਲਮਾਨ ਲਈ ਪਰਾਇਆ ਧਨ ਖਾਣਾ ਕਿਸ ਦੇ ਬਰਾਬਰ ਹੈ?

ਉ – ਸੂਰ ਦਾ ਮਾਸ ਖਾਣ ਦੇ ਬਰਾਬਰ।

ਪ੍ਰ 4. ਕੌਣ ਸੁਖ ਫਲ ਪ੍ਰਾਪਤ ਕਰਦਾ ਹੈ ਤੇ ਰਾਜ-ਯੋਗ ਦਾ ਰਸ ਮਾਣਦਾ ਹੈ?

ਉ – ਗੁਰਮੁਖ।

ਪ੍ਰ 5. ਗੁਰਮੁਖ ਕਿਸ ਤੋਂ ਕੁਰਬਾਨ ਜਾਂਦਾ ਹੈ?

ਉ – ਸਾਧ-ਸੰਗਤ ਤੋਂ।

ਪ੍ਰ 6 ਭਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ?

ਉ – 1559 ਈ: ਨੂੰ।

ਪ੍ਰ 7. ਭਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਕਿੰਨੀਆਂ ਵਾਰਾਂ ਲਿਖੀਆਂ?

ਉ – ਚਾਲੀ।

ਪ੍ਰ 8. ਭਾਈ ਗੁਰਦਾਸ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?

ਉ – ਗੁਰਮਤਿ ਕਾਵਿ-ਧਾਰਾ ਦੇ।

ਪ੍ਰ 9. ਗੁਰਬਾਣੀ ਦੀ ਕੁੰਜੀ ਕਿਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ?

ਉ – ਭਾਈ ਗੁਰਦਾਸ ਜੀ ਦੀਆਂ।

ਪ੍ਰ 10. ਭਾਈ ਗੁਰਦਾਸ ਜੀ ਦੀਆਂ ਪਾਠਕ੍ਰਮ ਵਿੱਚ ਦਰਜ਼ ਰਚਨਾਵਾਂ ਦੇ ਨਾਂ ਲਿਖੋ।

ਉ – 1. ਸਤਿਗੁਰ ਨਾਨਕ ਪ੍ਰਗਟਿਆ

2. ਦੇਖਿ ਪਰਾਈਆ ਚੰਗੀਆ 

3. ਆਪਿ ਭਲਾ ਸਭੁ ਜਗੁ ਭਲਾ 

4. ਅਕਿਰਤਘਣ

3. ਆਪਿ ਭਲਾ ਸਭੁ ਜਗੁ ਭਲਾ

       ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ।

       ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ।

       ਕਿਸਨੁ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ।

ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ।

ਭਲਾ ਬੁਰਾ ਪਰਵੰਨਿਆ ਭਾਲਣ ਗਏ  ਦਿਸਟਿ ਸਰੇਖੈ।

ਬੁਰਾ ਨਾ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਦੇਖੈ।

       ਕਰਵੈ ਹੋਇ ਸੁ ਟੋਟੀ ਰੇਖੈ।

ਪ੍ਰਸੰਗ – ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ, ਗੁਰਬਾਣੀ ਦੀ ਕੁੰਜੀ ਕਹੀਆਂ ਜਾਣ ਵਾਲ਼ੀਆਂ ‘ਵਾਰਾਂ ਭਾਈ ਗੁਰਦਾਸ’ ਦਾ ਅੰਸ਼ ਹੈ ਅਤੇ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਗੁਰਮਤਿ-ਕਾਵਿ ਭਾਗ ਅਧੀਨ ‘ਆਪਿ ਭਲਾ ਸਭੁ ਜਗੁ ਭਲਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਹਰੇਕ ਮਨੁੱਖ ਨੂੰ ਉਸ ਦੀ ਆਪਣੀ ਭਾਵਨਾ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਚੰਗੇ ਨੂੰ ਸਾਰੇ ਚੰਗੇ ਲੱਗਦੇ ਹਨ ਅਤੇ ਬੁਰੇ ਵਿਅਕਤੀ ਨੂੰ ਸਾਰੇ ਬੁਰੇ ਲੱਗਦੇ ਹਨ।

ਵਿਆਖਿਆ – ਭਾਈ ਗੁਰਦਾਸ ਜੀ ਲਿਖਦੇ ਹਨ ਕਿ ਭਲਾ ਕਰਨ ਵਾਲ਼ੇ ਨੂੰ ਸਾਰਾ ਸੰਸਾਰ ਹੀ ਭਲਾ ਕਰਨ ਵਾਲ਼ਾ ਦਿਸਦਾ ਹੈ। ਉਹ ਸਾਰਿਆਂ ਨੂੰ ਭਲਾ ਮਨੁੱਖ ਕਰਕੇ ਹੀ ਦੇਖਦਾ ਹੈ। ਜਿਹੜਾ ਆਪ ਬੁਰਾ ਹੈ, ਉਸ ਨੂੰ ਸਾਰਾ ਸੰਸਾਰ ਹੀ ਬੁਰਾ ਦਿਖਾਈ ਦਿੰਦਾ ਹੈ। ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਇਸ ਲਈ ਕੀਤੀ, ਕਿਉਂਕਿ ਉਨ੍ਹਾਂ ਵਿੱਚ ਭਗਤੀ ਭਾਵ ਦੀ ਭਾਵਨਾ ਬਹੁਤੀ ਸੀ। ਕੌਰਵਾਂ ਦੇ ਦਿਲ ਵਿੱਚ ਵੈਰ ਭਾਵ ਸੀ। ਉਹ ਦਿਲ ਵਿੱਚ ਵੈਰਾਂ ਦੀ ਹੀ ਗਿਣਤੀ ਕਰਦੇ ਰਹਿੰਦੇ ਸਨ। ਅੰਤ ਉਨ੍ਹਾਂ ਨੂੰ ਕਾਲਖ ਦਾ ਹੀ ਟਿੱਕਾ ਮਿਲ਼ਿਆ। ਦੋ ਮਿਥਿਹਾਸਿਕ ਰਾਜਿਆਂ ਵਿੱਚ ਭਲਾ ਅਤੇ ਬੁਰਾ ਲੱਭਣ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ। ਯੁਧਿਸ਼ਟਰ ਨੂੰ ਕੋਈ ਬੁਰਾ ਅਤੇ ਦੁਰਜੋਧਨ ਨੂੰ ਕੋਈ ਚੰਗਾ ਨਹੀਂ ਲੱਭਿਆ। ਅਸਲ ਵਿੱਚ ਜੋ ਕੁਝ ਲੋਟੇ ਵਿੱਚ ਹੁੰਦਾ ਹੈ, ਉਹ ਉਸ ਦੀ ਟੂਟੀ ਦੀ ਧਾਰ ਵਿੱਚੋਂ ਬਾਹਰ ਵਹਿ ਤੁਰਦਾ ਹੈ, ਭਾਵ ਭਲੇ ਨੂੰ ਸਾਰੇ ਹੀ ਭਲੇ ਦਿਖਾਈ ਦਿੰਦੇ ਹਨ ਅਤੇ ਬੁਰੇ ਨੂੰ ਬੁਰੇ।

••• ਕੇਂਦਰੀ ਭਾਵ •••

ਭਲੇ ਮਨੁੱਖ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਹੀ ਭਲਾ, ਪਰ ਬੁਰੇ ਮਨੁੱਖ ਨੂੰ ਦੁਰਯੋਧਨ ਵਾਂਗ ਸਾਰਾ ਸੰਸਾਰ ਹੀ ਬੁਰਾ ਦਿਸਦਾ ਹੈ। ਹਰ ਇੱਕ ਮਨੁੱਖੀ ਜੀਵ ਨੂੰ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਪਾਂਡਵ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵ ਉਨ੍ਹਾਂ ਦੇ ਤ੍ਰਿਸਕਾਰ ਦੇ ਪਾਤਰ ਬਣੇ ਸਨ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰ 1. ਜਿਹੜਾ ਆਪ ਭਲਾ ਹੁੰਦਾ ਹੈ, ਉਸ ਨੂੰ ਸਾਰਾ ਸੰਸਾਰ ਕਿਹੋ ਜਿਹਾ ਲੱਗਦਾ ਹੈ?

ਉ – ਭਲਾ।

ਪ੍ਰ 2. ਸਾਰਾ ਸੰਸਾਰ ਕਿਸ ਨੂੰ ਬੁਰਾ ਦਿਸਦਾ ਹੈ?

ਉ – ਬੁਰੇ ਨੂੰ।

ਪ੍ਰ 3. ਕ੍ਰਿਸ਼ਨ ਨੇ ਪਾਂਡਵਾਂ ਦੀ ਮਦਦ ਉਨ੍ਹਾਂ ਦੇ ਕਿਸ ਗੁਣ ਕਰਕੇ ਕੀਤੀ?

ਉ – ਭਗਤੀ ਭਾਵ ਕਰਕੇ।

ਪ੍ਰ 4. ਕੌਰਵਾਂ ਦੇ ਦਿਲ ਵਿੱਚ ਕੀ ਸੀ?

ਉ – ਵੈਰ ਭਾਵ।

ਪ੍ਰ 5. ਲੋਟੇ ਦੀ ਟੂਟੀ ਵਿੱਚੋਂ ਕੀ ਬਾਹਰ ਨਿਕਲਦਾ ਹੈ?

ਉ – ਜੋ ਲੋਟੇ ਦੇ ਅੰਦਰ ਹੁੰਦਾ ਹੈ।

4. ਅਕਿਰਤਘਣ

ਨਾ ਤਿਸੁ ਭਾਰੇ ਪਰਬਤਾ ਅਸਮਾਨ ਖਹੰਦੇ।

ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ।

ਨਾ ਤਿਸੁ ਭਾਰੇ ਸਾਇਰਾ ਨਦ ਵਾਹ ਵਹੰਦੇ।

ਨਾ ਤਿਸੁ ਭਾਰੇ ਤਰੁਵਰਾ ਫਲ ਸੁਫਲ ਫਲੰਦੇ।

ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ।

ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ।

ਪ੍ਰਸੰਗ – ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ, ਗੁਰਬਾਣੀ ਦੀ ਕੁੰਜੀ ਕਹੀਆਂ ਜਾਣ ਵਾਲ਼ੀਆਂ ‘ਵਾਰਾਂ ਭਾਈ ਗੁਰਦਾਸ’ ਦਾ ਅੰਸ਼ ਹੈ ਅਤੇ ਦਸਵੀਂ ਜਮਾਤ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਗੁਰਮਤਿ-ਕਾਵਿ ਭਾਗ ਅਧੀਨ ‘ਅਕਿਰਤਘਣ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲ਼ੇ ਮਨੁੱਖ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ।

ਵਿਆਖਿਆ – ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਅਸਮਾਨ ਨਾਲ਼ ਖਹਿੰਦੇ ਹੋਏ ਉੱਚੇ ਪਹਾੜ ਭਾਰੇ ਨਹੀਂ ਲੱਗਦੇ ਉਸ ਨੂੰ ਕੋਟ,ਗੜ੍ਹ ਤੇ ਘਰ-ਬਾਰ ਜੋ ਸਾਨੂੰ ਦਿਸਦੇ ਹਨ, ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਸਮੁੰਦਰ ਅਤੇ ਵਗਦੇ ਹੋਏ ਨਦੀਆਂ ਤੇ ਦਰਿਆ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਚੰਗੇ ਫਲਾਂ ਨਾਲ਼ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਇਧਰ-ਉਧਰ ਘੁੰਮ ਰਹੇ ਅਣਗਿਣਤ ਜੀਵ-ਜੰਤੂ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਅਕਿਰਤਘਣ ਮਨੁੱਖ ਭਾਰੇ ਲੱਗਦੇ ਹਨ, ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ।

••• ਕੇਂਦਰੀ ਭਾਵ •••

ਧਰਤੀ ਨੂੰ ਉੱਚੇ-ਉੱਚੇ ਪਹਾੜ, ਸਮੁੰਦਰ, ਨਦੀਆਂ, ਦਰਿਆ, ਕੋਟ-ਗੜ੍ਹ, ਘਰ-ਬਾਰ, ਫਲਾਂ ਨਾਲ਼ ਭਰੇ ਹੋਏ ਰੁੱਖ ਅਤੇ ਅਣਗਿਣਤ ਜੀਵ-ਜੰਤੂ ਭਾਰੇ ਨਹੀਂ ਲੱਗਦੇ, ਉਸ ਨੂੰ ਤਾਂ ਕੇਵਲ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲ਼ੇ ਅਕ੍ਰਿਤਘਣ ਮਨੁੱਖ ਹੀ ਭਾਰੇ ਲੱਗਦੇ ਹਨ, ਜੋ ਕਿ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰ 1. ‘ਅਕਿਰਤਘਣ’ ਕਵਿਤਾ ਵਿੱਚ ਕਿਸ ਨੂੰ ਮੰਦਾ ਕਿਹਾ ਗਿਆ ਹੈ?

ਉ – ਅਕ੍ਰਿਤਘਣਾਂ ਨੂੰ।

ਪ੍ਰ 2. ਧਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ?

ਉ – ਅਕ੍ਰਿਤਘਣਾਂ ਦਾ।

ਪ੍ਰ 3. ਅਕਿਰਤਘਣ ਕੌਣ ਹੁੰਦੇ ਹਨ?

ਉ – ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ।

ਪ੍ਰ 4. ਧਰਤੀ ਨੂੰ ਕਿਸ ਦਾ ਭਾਰ ਨਹੀਂ ਲੱਗਦਾ ਹੈ?

ਉ – ਅਕ੍ਰਿਤਘਣਾਂ ਤੋਂ ਬਿਨਾਂ ਹੋਰ ਕਿਸੇ ਵੀ ਭਾਰੀ ਤੋਂ ਭਾਰੀ ਚੀਜ਼ ਦਾ ਨਹੀਂ।

ਪ੍ਰ 5. ਮੰਦਿਆਂ ਤੋਂ ਵੀ ਮੰਦੇ ਕੌਣ ਹੁੰਦੇ ਹਨ?

ਉ – ਅਕ੍ਰਿਤਘਣ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

TAGGED:
Share This Article
Leave a Comment

Leave a Reply

Your email address will not be published. Required fields are marked *