ਸ.ਸ.ਮੀਸ਼ਾ
ਪਾਠ-ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਜੀ ਕਹਿੰਦਾ ਏ
ਕਹਿ ਦਿਆਂ ਇਸ ਦੇ ਕੰਨੀਂ,
ਤੇਰੇ ਹੱਥ ਵਿੱਚ ਇੱਜ਼ਤ ਸਾਡੀ
ਬੀਬੀ ਬਣ ਕੇ ਉਮਰ ਗੁਜ਼ਾਰੀਂ
ਵੇਖੀਂ ਦਿਲ ਦੀ ਗੱਲ ਨਾ ਮੰਨੀਂ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸ. ਸ. ਮੀਸ਼ਾ’ ਦੀ ਕਵਿਤਾ ‘ਪ੍ਰਾਹੁਣੀ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨਵ-ਜੰਮੀ ਧੀ ਨੂੰ ਬਾਕੀ ਜੀਆਂ ਵਾਂਗ ਆਪਣੇ ਵੱਲ਼ੋਂ ਜ਼ੁੰਮੇਵਾਰੀ ਸੌਂਪਦਾ ਹੈ ਕਿ ਉਹ ਆਪਣੇ ਬਾਪ ਦੀ ਇੱਜ਼ਤ ਦੀ ਰਾਖੀ ਬਣੇ।
ਵਿਆਖਿਆ: ਕਵੀ ਕਹਿੰਦਾ ਹੈ ਕਿ ਨਵ-ਜੰਮੀ ਧੀ ਦਾ ਪਿਤਾ ਕਹਿੰਦਾ ਹੈ ਕਿ ਉਸਦਾ ਦਿਲ ਕਰਦਾ ਹੈ ਕਿ ਉਹ ਆਪਣੀ ਦੇ ਕੰਨ ਵਿੱਚ ਜਾ ਕੇ ਕਹੇ ਕਿ ਉਹ ਆਪਣੇ ਬਾਪ ਦੀ ਇੱਜ਼ਤ ਦੀ ਰਖਵਾਲੀ ਹੈ। ਉਸਦਾ ਇਹ ਫਰਜ਼ ਬਣਦਾ ਹੈ ਕਿ ਉਹ ਬੀਬੀ ਧੀ ਰਾਣੀ ਬਣ ਕੇ ਆਪਣਾ ਜੀਵਨ ਬਸਰ ਕਰੇ। ਕਿਤੇ ਅਜਿਹਾ ਨਾ ਹੋਵੇ ਕਿ ਉਹ ਆਪਣੇ ਦਿਲ ਦੀ ਗੱਲ ਸੁਣਨ ਲੱਗ ਜਾਵੇ।
2. ‘ਪਰਾਹੁਣੀ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਕੇਂਦਰੀ ਭਾਵ: ਸਾਡੇ ਅਖੌਤੀ ਸਮਾਜ ਵਿੱਚ ਕੁੜੀ ਦੇ ਜਨਮ ਨੂੰ ਉੱਤਮ ਨਹੀਂ ਸਮਝਿਆ ਜਾਂਦਾ। ਕੁੜੀ ਨੂੰ ਜਨਮ ਦੇਣ ਵਾਲ਼ੀ ਉਸਦੀ ਮਾਂ ਇਸ ਨੂੰ ਜੰਮ ਕੇ ਸ਼ਰਮਿੰਦਗੀ ਮਹਿਸੂਸ ਕਰਦੀ ਹੈ। ਦਾਦੀ ਉਸਨੂੰ ਪਰਾਇਆ ਧਨ ਕਹਿੰਦੀ ਹੈ ਅਤੇ ਬਾਪ ਉਸ ਤੋਂ ਆਸ ਕਰਦਾ ਹੈ ਕਿ ਉਹ ਵੱਡੀ ਹੋ ਕੇ ਆਪਣੇ ਮਨ ਦੀ ਸੁਣਨ ਦੀ ਬਜਾਏ ਪਰਿਵਾਰ ਦੀ ਇੱਜ਼ਤ ਦੀ ਸੰਭਾਲ ਕਰੇ।
3. ਵਸਤੂਨਿਸ਼ਠ ਪ੍ਰਸ਼ਨ:
(ੳ) ਕਵਿਤਾ ਵਿੱਚ ‘ਪਰਾਹੁਣੀ’ ਕਿਸ ਨੂੰ ਕਿਹਾ ਗਿਆ ਹੈ?
ਉੱਤਰ: ਨਵ-ਜੰਮੀ ਧੀ ਨੂੰ।
(ਅ) ਨਵ-ਜੰਮੀ ਧੀ ਨੂੰ ਪਰਾਇਆ ਧਨ ਕੌਣ ਕਹਿੰਦਾ ਹੈ?
ਉੱਤਰ: ਦਾਦੀ।
(ੲ) ਨਵ-ਜੰਮੀ ਧੀ ਕਿਉਂ ਘਬਰਾਈ ਜਾਪਦੀ ਹੈ?
ਉੱਤਰ: ਘਰ ਦੀਆਂ ਰਸਮਾਂ ਦੇਖ ਕੇ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784