6. ਮਹਾਂਕਵੀ ਕਾਲੀਦਾਸ – ਪ੍ਰੋ. ਪਿਆਰਾ ਸਿੰਘ ਪਦਮ
••• ਸਾਰ •••
ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ। ਇਹਨਾਂ ਦੋਹਾਂ ਦੀ ਅਜਿਹੀ ਸੁੰਦਰ ਜੋੜੀ ਬਣੀ ਕਿ ਦੋਵੇਂ ਅਮਰ ਹੋ ਗਏ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕ੍ਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ। ਕਾਲੀਦਾਸ ਦੇ ਜਨਮ ਸਮੇਂ ਤੇ ਸਥਾਨ, ਮਾਤਾ-ਪਿਤਾ, ਜੀਵਨ ਪਿਛੋਕੜ, ਖ਼ਾਨਦਾਨ ਅਤੇ ਪੜ੍ਹਾਈ ਲਿਖਾਈ ਬਾਰੇ ਕੋਈ ਕੁਝ ਨਹੀਂ ਜਾਣਦਾ। ਭਾਵੇਂ ਕਵਿਤਾ ਆਪਣੇ ਪ੍ਰੀਤਮ ਕਾਲੀਦਾਸ ਬਾਰੇ ਕਾਫੀ ਕੁਝ ਦੱਸਦੀ ਹੈ ਪਰ ਹੁਣ ਲੋਕ ਉਸ ਬਾਰੇ ਅਨੁਮਾਨ ਲਾ ਕੇ ਦੱਸਦੇ ਹਨ ਕਿ ਕਾਲੀਦਾਸ ਹਿੰਦੁਸਤਾਨ ਦੇ ਪ੍ਰਤਾਪੀ ਬਾਦਸ਼ਾਹ ਬਿਕ੍ਰਮਾਜੀਤ ਜੀ ਦੇ ਨੌਂ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਇਤਿਹਾਸਕਾਰ ਕੱਲ੍ਹਣ ਆਪਣੀ ਪੁਸਤਕ ‘ਰਾਜ ਤ੍ਰੰਗਣੀ’ ਵਿੱਚ ਤਿੰਨ ਬਿਕ੍ਰਮਾਦਿਤਾਂ ਦਾ ਜ਼ਿਕਰ ਕਰਦਾ ਹੈ। ਇੱਕ ਗਿਆਰਵੀਂ ਸਦੀ ਵਿੱਚ, ਇੱਕ ਚੌਥੀ ਸਦੀ ਵਿੱਚ ਅਤੇ ਇੱਕ ਪਹਿਲੀ ਸਦੀ ਤੋਂ ਪਹਿਲਾਂ ਹੋਇਆ। ਬਿਕ੍ਰਮੀ ਸੰਮਤ ਪਹਿਲੇ ਬਿਕ੍ਰਮਾਦਿਤ ਦੇ ਨਾਂ ’ਤੇ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਸ਼ੁਰੂ ਹੋਇਆ। ਇਹ ਬਿਕ੍ਰਮਾਦਿਤ ਉਜੈਨ ਦਾ ਬਾਦਸ਼ਾਹ ਸੀ ਅਤੇ ਕਾਲੀਦਾਸ ਇਸ ਦੇ ਦਰਬਾਰ ਦਾ ਸ਼ਿੰਗਾਰ ਸੀ। ਕਾਲੀਦਾਸ ਨੇ ਆਪਣੀਆਂ ਪੁਸਤਕਾਂ ਵਿੱਚ ਉਜੈਨ ਨਗਰੀ ਨੂੰ ਗੂੜ੍ਹੇ ਸਨੇਹ ਨਾਲ਼ ਬਿਆਨ ਕੀਤਾ ਹੈ। ਕਾਲੀਦਾਸ ਦੀਆਂ ਸੱਤ ਪੁਸਤਕਾਂ ਵਿੱਚੋਂ ਚਾਰ ਕਾਵਿ ‘ਰਘੁਵੰਸ਼’, ‘ਕੁਮਾਰ ਸੰਭਵ’, ‘ਰਿਤੂ ਸੰਹਾਰ’ ਤੇ ‘ਮੇਘ ਦੂਤ’ ਅਤੇ ਤਿੰਨ ਨਾਟਕ ‘ਅਭਿਗਿਆਨ ਸ਼ਕੁੰਤਲਾ’, ‘ਵਿਕ੍ਰਮੋਰਵਸ਼ੀ’ ਤੇ ‘ਮਾਲਵਿਕਾਗਨਿਮਿਤ੍ਰ’ ਪ੍ਰਸਿੱਧ ਹਨ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਨਾਲ਼ 10-15 ਪੁਸਤਕਾਂ ਮਨਸੂਬ ਕੀਤੀਆਂ ਜਾਂਦੀਆਂ ਹਨ। ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜੋ ਅੰਤ ਵਿੱਚ ਖ਼ੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਮੂਰਤੀਮਾਨ ਕਰਦੇ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ, ਕਿਤੇ ਪਤਲੀ ਲੱਸੀ ਨਹੀਂ ਜੋ ਚਮਤਕਾਰਾਂ, ਉਪਮਾਵਾਂ ਤੇ ਸੁੰਦਰ ਸ਼ਬਦਾਵਲੀ ਨਾਲ਼ ਭਰਪੂਰ ਹੈ। ਪੂਰਬ ਦੇ ਲੋਕ ਕਾਲੀਦਾਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ। ਇੱਕ ਵਿਦਵਾਨ ਨੇ ਕਵੀਆਂ ਦੀ ਗਿਣਤੀ ਕਰਦਿਆਂ ਚੀਚੀ ਲਾਗਲੀ ਉਂਗਲੀ ਨੂੰ ‘ਅਨਾਮਿਕਾ’ ਦਾ ਨਾਮ ਦੇ ਗਿਆ। ਜਿਸ ਦਾ ਅਰਥ ਹੈ ਕੋਈ ਨਾਂ ਥਾਂ ਨਹੀਂ ਜਾਂ ਉਹ ਹੈ ਹੀ ਨਹੀਂ। ਪੱਛਮ ਦੇ ਲੋਕ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਹਿੰਦੇ ਹਨ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਕਾਲੀਦਾਸ ਕੌਣ ਸੀ? ਉਸ ਨੂੰ ਏਨੀ ਪ੍ਰਸਿੱਧੀ ਕਿਉਂ ਮਿਲ਼ੀ?
ਉੱਤਰ – ਕਾਲੀਦਾਸ ਇੱਕ ਪ੍ਰਸਿੱਧ ਕਵੀ ਸੀ। ਉਸ ਦੇ ਜਨਮ ਸਮੇਂ ਤੇ ਸਥਾਨ ਅਤੇ ਮਾਤਾ-ਪਿਤਾ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ। ਉਸ ਦੀਆਂ ਰਚਨਾਵਾਂ ਤੋਂ ਲਾਏ ਅਨੁਮਾਨਾਂ ਅਨੁਸਾਰ ਉਹ ਈਸਵੀ ਤੋਂ 56 ਵਰ੍ਹੇ ਪਹਿਲਾਂ ਹੋਏ ਬਾਦਸ਼ਾਹ ਬਿਕ੍ਰਮਾਦਿਤ ਦੇ ਨੌਂ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਉਸ ਨੂੰ ਏਨੀ ਪ੍ਰਸਿੱਧੀ ਆਪਣੀ ਅਮਰ ਕਾਵਿ-ਰਚਨਾ ਕਰਕੇ ਪ੍ਰਾਪਤ ਹੋਈ।
ਪ੍ਰਸ਼ਨ 2. ਬਿਕ੍ਰਮੀ ਸੰਮਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਂ ਤੋਂ ਸ਼ੁਰੂ ਹੋਇਆ?
ਉੱਤਰ – ਬਿਕ੍ਰਮੀ ਸੰਮਤ ਉਜੈਨ ਦੇ ਪ੍ਰਤਾਪੀ ਬਾਦਸ਼ਾਹ ਪਹਿਲੇ ਬਿਕ੍ਰਮਾਦਿਤ ਦੇ ਨਾਮ ’ਤੇ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਸ਼ੁਰੂ ਹੋਇਆ।
ਪ੍ਰਸ਼ਨ 3. ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ?
ਉੱਤਰ – ਕਾਲੀਦਾਸ ਅਤਿ ਸੁੰਦਰ ਰਤਨ ਸੀ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕ੍ਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ। ਉਹ ਆਪਣੀ ਕਾਵਿ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲਗਦਾ। ਇਸ ਲਈ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਉਸ ਨੂੰ ਆਪਣਾ ਦੱਸਦੇ ਹਨ।
ਪ੍ਰਸ਼ਨ 4. ਮਹਾਂਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ – ਕਾਲੀਦਾਸ ਦੀਆਂ ਸੱਤ ਪੁਸਤਕਾਂ ਵਿੱਚੋਂ ਚਾਰ ਕਾਵਿ ‘ਰਘੁਵੰਸ਼’, ‘ਕੁਮਾਰ ਸੰਭਵ’, ‘ਰਿਤੂ ਸੰਹਾਰ’ ਤੇ ‘ਮੇਘ ਦੂਤ’ ਅਤੇ ਤਿੰਨ ਨਾਟਕ ‘ਅਭਿਗਿਆਨ ਸ਼ਕੁੰਤਲਾ’, ‘ਵਿਕ੍ਰਮੋਰਵਸ਼ੀ’ ਤੇ ‘ਮਾਲਵਿਕਾਗਨਿਮਿਤ੍ਰ’ ਪ੍ਰਸਿੱਧ ਹਨ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਨਾਲ਼ 10-15 ਪੁਸਤਕਾਂ ਮਨਸੂਬ ਕੀਤੀਆਂ ਜਾਂਦੀਆਂ ਹਨ। ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜੋ ਅੰਤ ਵਿੱਚ ਖ਼ੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਮੂਰਤੀਮਾਨ ਕਰਦੇ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ, ਕਿਤੇ ਪਤਲੀ ਲੱਸੀ ਨਹੀਂ ਜੋ ਚਮਤਕਾਰਾਂ, ਉਪਮਾਵਾਂ ਤੇ ਸੁੰਦਰ ਸ਼ਬਦਾਵਲੀ ਨਾਲ਼ ਭਰਪੂਰ ਹੈ।
ਪ੍ਰਸ਼ਨ 5. ਕਵੀ ਨੇ ‘ਮੇਘਦੂਤ’ ਰਚਨਾ ’ਚ ਮੇਘ ਨੂੰ ਕੀ ਤਾਕੀਦ ਕੀਤੀ?
ਉੱਤਰ – ਕਵੀ ਨੇ ਕਲਪਨਾ ਰਾਹੀਂ ਮੇਘ ਨੂੰ ਸੁਨੇਹਾ ਦੇ ਕੇ ਅਕਾਲਪੁਰੀ ਵੱਲ ਤੋਰਦਿਆਂ ਤਾਕੀਦ ਕੀਤੀ ਹੈ, “ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ, ਜਾਂਦਾ-ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ ਪਹੁੰਚਣਾ, ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਂਣਨ ਲਈ ਉਡੀਕ ਵਿੱਚ ਖਲੇਤੀ ਹੋਵੇਗੀ।”
ਪ੍ਰਸ਼ਨ 6. ਸ਼ਕੁੰਤਲਾ ਕੌਣ ਸੀ, ਉਸ ਦਾ ਦੁਸ਼ਯੰਤ ਨਾਲ਼ ਦੁਬਾਰਾ ਮਿਲ਼ਾਪ ਕਿਵੇਂ ਹੋਇਆ?
ਉੱਤਰ – ਸ਼ਕੁੰਤਲਾ ਬਣ ਵਿੱਚ ਰਹਿਣ ਵਾਲ਼ੇ ਰਿਸ਼ੀਆਂ ਦੀ ਧੀ ਸੀ। ਦੁਰਬਾਸਾ ਦੇ ਸਰਾਪ ਕਾਰਨ ਉਸ ਦਾ ਪ੍ਰੀਤਮ ਦੁਸ਼ਯੰਤ ਉਸ ਨੂੰ ਭੁੱਲ ਜਾਂਦਾ ਹੈ। ਸ਼ੰਕੁਤਲਾ ਦੁਸ਼ਯੰਤ ਦੀ ਦਿੱਤੀ ਪ੍ਰੀਤ-ਨਿਸ਼ਾਨੀ ਮੁੰਦਰੀ ਦਿਖਾਉਣ ਲੱਗਦੀ ਹੈ ਜੋ ਰਸਤੇ ਵਿੱਚ ਪਾਣੀ ਵਿੱਚ ਡਿੱਗ ਪੈਂਦੀ ਹੈ। ਮੁੰਦਰੀ ਨੂੰ ਮੱਛੀ ਨਿਗਲ਼ ਜਾਂਦੀ ਹੈ। ਉਸ ਮੱਛੀ ਨੂੰ ਮਾਛੀ ਫੜ ਕੇ ਲੈ ਜਾਂਦਾ ਅਤੇ ਮੁੰਦਰੀ ਦੁਸ਼ਯੰਤ ਕੋਲ਼ ਪੁੱਜ ਜਾਂਦੀ ਹੈ। ਮੁੰਦਰੀ ਨੂੰ ਦੇਖਦਿਆਂ ਦੁਸ਼ਯੰਤ ਨੂੰ ਸ਼ੰਕੁਤਲਾ ਦੀ ਯਾਦ ਆ ਜਾਂਦੀ ਹੈ ਅਤੇ ਉਹਨਾਂ ਦਾ ਦੁਬਾਰਾ ਮਿਲ਼ਾਪ ਹੋ ਜਾਂਦਾ ਹੈ।
ਪ੍ਰਸ਼ਨ 7. ਅਨਾਮਿਕਾ ਤੋਂ ਕੀ ਭਾਵ ਹੈ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ?
ਉੱਤਰ – ਅਨਾਮਿਕਾ ਤੋਂ ਭਾਵ ਹੈ, ਕੋਈ ਨਾਂ-ਥਾਂ ਨਹੀਂ ਜਾਂ ਉਹ ਹੈ ਹੀ ਨਹੀਂ। ਇਕ ਵਿਦਵਾਨ ਸਮਾਲੋਚਕ ਦੱਸਦਾ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗੇ ਤਾਂ ਪਹਿਲੀ ਉਂਗਲ਼ੀ ਚੀਚੀ ’ਤੇ ਕਾਲੀਦਾਸ ਦਾ ਨਾਂ ਗਿਣਿਆ, ਉਸ ਤੋਂ ਬਾਅਦ ਅਜਿਹਾ ਹੋਰ ਕੋਈ ਨਹੀਂ ਹੋਇਆ। ਇਸ ਲਈ ਅਗਲੀ ਉਂਗਲ਼ੀ ਲਈ ‘ਅਨਾਮਿਕਾ’ ਦਾ ਨਾਮ ਸਾਰਥਕ ਹੋ ਗਿਆ ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ।
ਪ੍ਰਸ਼ਨ 8. ਪੂਰਬ ਤੇ ਪੱਛਮ ਵਾਲ਼ੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ?
ਉੱਤਰ – ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਕਾਲੀਦਾਸ ਦੇ ਮੁਕਾਬਲੇ ਦਾ ਕੋਈ ਹੋਰ ਕਵੀ ਨਹੀਂ ਮੰਨਦੇ। ਪੱਛਮ ਵਾਲ਼ੇ ਉਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਹਿੰਦੇ ਹਨ ਕਿਉਂਕਿ ਉਹਨਾਂ ਕੋਲ਼ ਸਭ ਤੋਂ ਚੰਗਾ ਕਵੀ ਸ਼ੈਕਸਪੀਅਰ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮਹਾਂਕਵੀ ਕਾਲੀਦਾਸ’ ਲੇਖ ਕਿਸ ਦਾ ਲਿਖਿਆ ਹੋਇਆ ਹੈ?
ਉੱਤਰ – ਪਿਆਰਾ ਸਿੰਘ ਪਦਮ ਦਾ।
ਪ੍ਰਸ਼ਨ 2. ਕਾਲੀਦਾਸ ਦੀ ਜੋਬਨਵੰਤੀ ਪ੍ਰੀਤਮਾ ਦਾ ਨਾਂ ਕੀ ਹੈ?
ਉੱਤਰ – ਕਵਿਤਾ।
ਪ੍ਰਸ਼ਨ 3. ਕਾਲੀਦਾਸ ਰਾਜਾ ਸੀ ਤਾਂ ਕਵਿਤਾ ਉਸ ਦੀ ਕੀ ਸੀ?
ਉੱਤਰ – ਪਟਰਾਣੀ।
ਪ੍ਰਸ਼ਨ 4. ਕਾਲੀਦਾਸ ਕਿਸ ਦੇ ਨੌਂ ਰਤਨਾਂ ਵਿੱਚੋਂ ਇੱਕ ਸੀ?
ਉੱਤਰ – ਉਜੈਨ ਦੇ ਪ੍ਰਤਾਪੀ ਬਾਦਸ਼ਾਹ ਬਿਕ੍ਰਮਾਦਿਤ ਦੇ।
ਪ੍ਰਸ਼ਨ 5. ‘ਰਾਜ ਤ੍ਰੰਗਣੀ’ ਪੁਸਤਕ ਦਾ ਲੇਖਕ ਕੌਣ ਹੈ?
ਉੱਤਰ – ਕੱਲ੍ਹਣ।
ਪ੍ਰਸ਼ਨ 6. ਕਾਲੀਦਾਸ ਦੀਆਂ ਕਿੰਨੀਆਂ ਪੁਸਤਕਾਂ ਪ੍ਰਸਿੱਧ ਹਨ?
ਉੱਤਰ – ਸੱਤ ਪੁਸਤਕਾਂ – ਚਾਰ ਕਾਵਿ ਤੇ ਤਿੰਨ ਨਾਟਕ।
ਪ੍ਰਸ਼ਨ 7. ਕਾਲੀਦਾਸ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਦੇ ਨਾਂ ਲਿਖੋ।
ਉੱਤਰ – ‘ਰਘੁਵੰਸ਼’, ‘ਕੁਮਾਰ ਸੰਭਵ’, ‘ਰਿਤੂ ਸੰਹਾਰ’ ਤੇ ‘ਮੇਘ ਦੂਤ’।
ਪ੍ਰਸ਼ਨ 8. ਕਾਲੀਦਾਸ ਦੀਆਂ ਪ੍ਰਸਿੱਧ ਨਾਟਕ ਪੁਸਤਕਾਂ ਦੇ ਨਾਂ ਲਿਖੋ।
ਉੱਤਰ – ‘ਅਭਿਗਿਆਨ ਸ਼ਕੁੰਤਲਾ’, ‘ਵਿਕ੍ਰਮੋਰਵਸ਼ੀ’ ਤੇ ‘ਮਾਲਵਿਕਾਗਨਿਮਿਤ੍ਰ’।
ਪ੍ਰਸ਼ਨ 9. ਪੱਛਮ ਵਾਲ਼ੇ ਕਾਲੀਦਾਸ ਨੂੰ ਕੀ ਆਖਦੇ ਸਨ?
ਉੱਤਰ – ਹਿੰਦੁਸਤਾਨ ਦਾ ਸ਼ੈਕਸਪੀਅਰ।
ਪ੍ਰਸ਼ਨ 10. ਅਨਾਮਿਕਾ ਦਾ ਕੀ ਅਰਥ ਹੈ?
ਉੱਤਰ – ਕੋਈ ਨਾਂ-ਥਾਂ ਨਹੀਂ।
ਪ੍ਰਸ਼ਨ 11. ਕਿਹੜੀ ਉਂਗਲ਼ੀ ਨੂੰ ਅਨਾਮਿਕਾ ਦਾ ਨਾਂ ਦਿੱਤਾ ਗਿਆ?
ਉੱਤਰ – ਚੀਚੀ ਲਾਗਲੀ ਨੂੰ।
ਪ੍ਰਸ਼ਨ 12. ਲੇਖ ਅਨੁਸਾਰ ਕੱਚਾ ਦੁੱਧ ਕੀ ਹੈ?
ਉੱਤਰ – ਕਾਲੀਦਾਸ ਦੀ ਕਵਿਤਾ।
ਪ੍ਰਸ਼ਨ 13. ਸ਼ੰਕੁਤਲਾ ਕੌਣ ਸੀ?
ਉੱਤਰ – ਰਿਸ਼ੀਆਂ ਦੀ ਧੀ।
ਪ੍ਰਸ਼ਨ 14. ਕਵੀ ਮੇਘ ਨੂੰ ਸੁਨੇਹਾ ਦੇ ਕੇ ਕਿੱਥੇ ਭੇਜਦਾ ਹੈ?
ਉੱਤਰ – ਅਲਕਾਪੁਰੀ ਵੱਲ।
ਪ੍ਰਸ਼ਨ 15. ਬਿਕ੍ਰਮੀ ਸੰਮਤ ਕਦੋਂ ਸ਼ੁਰੂ ਹੋਇਆ?
ਉੱਤਰ – ਪਹਿਲੀ ਈਸਵੀ ਤੋਂ 56 ਸਾਲ ਪਹਿਲਾਂ।
ਪ੍ਰਸ਼ਨ 16 ਅਭਿਗਿਯਾਨ ਸ਼ਾਕੁੰਤਲਾ ਨਾਟਕ ਦੇ ਕਿੰਨੇ ਅੰਕ ਹਨ?
ਉੱਤਰ – ਪੰਜ।
ਪ੍ਰਸ਼ਨ 17. ਕਿਸ ਮਹਾਂਕਾਵਿ ਦੀ ਕਥਾ-ਕਹਾਣੀ ਦੀ ਉਸਾਰੀ ਬਾਲਮੀਕੀ ਰਮਾਇਣ ਤੇ ਅਧਾਰਿਤ ਹੈ?
ਉੱਤਰ – ਰਘੂਵੰਸ਼ ਮਹਾਂਕਾਵਿ ਦੀ।
ਪ੍ਰਸ਼ਨ 18. ਰਘੂਵੰਸ਼ ਮਹਾਂਕਾਵਿ ਦੇ ਕੁੱਲ ਕਿੰਨੇ ਸਰਗ ਹਨ?
ਉੱਤਰ – 19.
ਪ੍ਰਸ਼ਨ 19. ਕਿਸ ਨਾਟਕ ਵਿੱਚ ਸਿਆਣਾ ਨਾਟਕਕਾਰ ਸੁਰਗ ਤੇ ਧਰਤੀ ਦਾ ਵਿਆਹ ਕਰ ਦਿੰਦਾ ਹੈ?
ਉੱਤਰ – ਮਾਲਵਿਕਾਗਨਿਮਿਤ੍ਰ ਵਿੱਚ।
ਪ੍ਰਸ਼ਨ 20. ਰੁੱਤਾਂ ਦੇ ਬਿਆਨ ਦਾ ਨਿੱਕਾ ਕਾਵਿ ਕਿਹੜਾ ਹੈ?
ਉੱਤਰ – ਰਿਤੂ ਸੰਹਾਰ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037